ਖੌਰੇ ਕਿਹੜੀ ਗੱਲੋਂ ਸੱਜਣਾ ਨੇ ਬੰਦ ਕੀਤੇ ਰਾਬਤੇ,
ਸਾਡੀਆਂ ਦਲੀਲਾਂ ਉੱਤੇ ਲਾ ਦਿੱਤੇ ਗਏ ਜਾਬਤੇ।
ਰਾਤੀਂ ਮੈਨੂੰ ਲਟਕਾਇਆ ਸੱਜਣਾ ਨੇ ਸੂਲੀ ਉੱਤੇ,
ਸੁਬਹ ਉਠਿਆ ਯਕੀਨ ਆਇਆ ਨਹੀਓ ਖਾਬ ਤੇ।
ਚਿੱਠੀਆਂ ਵਿੱਚ ਜੀਹਨੂੰ ਮੋਹ ਦੀਆਂ ਗ਼ਜ਼ਲਾਂ ਮੈਂ ਭੇਜੀਆਂ,
ਉਹਨੇ ਮੌਤ ਮੇਰੀ ਦਾ ਗੀਤ ਗਾਇਆ ਹੈ ਰਬਾਬ ਤੇ।
ਜਾਨਵਰ ਵੀ ਦੇਹ ਨੂੰ ਖਾਂਦਾ ਹੁੰਦਾ ਹੌਲੀ ਹੌਲੀ,
ਇਹ ਗਮ ਹੈ ਕਿ ਐਸਾ ਬੰਦੇ ਖਾ ਜਾਂਦਾ ਸਾਬਤੇ।
ਓਹਦੇ ਹੱਥ ਛੁਡਾਉਣ ਉੱਤੇ ਐਸਾ ਮੁਰਝਾਏ ਸੀ,
ਅਰਸਾ ਹੋਇਆ ਸ਼ਰੀਰ ਆਇਆ ਨਹੀਓ ਤਾਬ ਤੇ।
ਦਿਲ ਹੈ ਕਿ ਮੇਰੇ ਹੁਣ ਕਹਿਣੇ ਵਿੱਚ ਰਿਹਾ ਨਹੀਓ,
ਹੈਰਾਨ ਹਾਂ ਮੈਂ ਅੱਖਾਂ ਚ ਆਏ ਅੱਥਰੂਆਂ ਦੇ ਸੈਲਾਬ ਤੇ।
ਕੰਡੇ ਵੱਜੇ ਅਹਿਸਾਸ ਮੈਨੂੰ ਹੋਇਆ ਤੇਰੇ ਇਸ਼ਕ ਦਾ,
ਭੁਲੇਖੇ ਨਾਲ ਜਦੋ ਹੱਥ ਧਰ ਬੈਠਿਆ ਗੁਲਾਬ ਤੇ।
ਪੀ ਲੈਂਦਾ ਤੇਰੀ ਯਾਦ ਫੇਰ ਤੋਂ ਸੋਫੀ ਕਰ ਦਿੰਦੀ,
ਤੇਰੇ ਵਾਂਗੂ ਯਕੀਨ ਮੈਨੂੰ ਰਿਹਾ ਨਾ ਸ਼ਰਾਬ ਤੇ।
ਛੱਡਿਆ ਕਿਓਂ ਵਜ੍ਹਾ ਜਾਨਣ ਲਈ ਚਿੱਠੀ ਲਿਖੀ, ਸਦੀ ਹੋਈ,
ਉਡੀਕਦੇ ਮਰ ਜਾਣਾ 'ਮਨਜਿੰਦਰ' ਨੇ ਜਵਾਬ ਤੇ।
'ਮਨਜਿੰਦਰ'