ਮੈਂ ਇਕੱਲਾ ਬੈਠ ਕਰਦਾ ਜਦ ਉਡੀਕਾਂ ਤੇਰੀਆਂ।
ਕੋਲ ਮੇਰੇ ਆਉਣ ਤਦ-ਤਦ ਫੇਰ ਯਾਦਾਂ ਤੇਰੀਆਂ।
ਲੋਕ ਸੋਚਣ ਇਹ ਇਕੱਲਾ ਕਿਹੜੀ ਗੱਲੋਂ ਹੱਸ ਰਿਹਾ
ਉਹ ਕੀ ਜਾਨਣ ਜ਼ਹਿਨ ਵਿੱਚ ਨੇ ਮੇਰੇ ਬਾਤਾਂ ਤੇਰੀਆਂ।
ਮਰ ਗਿਆ ਹੁੰਦਾ ਕਦੋਂ ਦਾ ਪਰ ਅਜੇ ਵੀ ਜਿਉਂ ਰਿਹਾ
ਬੱਸ ਬਚਾਈ ਫਿਰਦੀਆਂ ਮੈਨੂੰ ਦੁਆਵਾਂ ਤੇਰੀਆਂ।
ਕੁਝ ਨਾ ਰਹਿਣਾ ਏਸ ਜਗ ਤੇ ਇੱਕ ਮੁਹੱਬਤ ਦੇ ਸਿਵਾ
ਗੂੰਜ ਦੀਆਂ ਹੁਣ ਵੀ ਕੰਨਾਂ ਵਿੱਚ ਆਵਾਜ਼ਾਂ ਤੇਰੀਆਂ।
ਇਹ ਜੋ ਦਿੰਦੇ ਨੇ ਸਲਾਮੀ ਬਿਨ ਵਜ੍ਹਾ ਹੀ ਰਾਤ ਦਿਨ
ਬੱਸ ਬਹਾਨੇ ਨਾਲ ਤੱਕ ਦੇ ਇਹ ਨੇ ਅੱਖਾਂ ਤੇਰੀਆਂ।
ਤਾਰਿਆਂ ਨੂੰ ਗਿਣ ਕਦੇ ਜਾਂ ਅੰਬਰਾਂ ਨਾਲ਼ ਬਾਤ ਪਾ
ਕਿਸ ਤਰ੍ਹਾਂ ਹੁਣ ਲੰਘਦੀਆਂ ਨੇ ਦੱਸ ਤਾਂ ਰਾਤਾਂ ਤੇਰੀਆਂ।
ਹਰਦੀਪ ਬਿਰਦੀ
9041600900