ਚੰਡੀਗੜ੍ਹ: ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਗਠਨਕ ਪੱਧਰ 'ਤੇ ਵੱਡਾ ਬਦਲਾਅ ਕੀਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ ਰਾਜ ਵਿੱਚ 27 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਇਹ ਨਵੇਂ ਚਿਹਰੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਗਤੀਸ਼ੀਲਤਾ ਵਧਾਉਣ ਲਈ ਚੁਣੇ ਗਏ ਹਨ। ਇਹ ਪ੍ਰਕਿਰਿਆ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਸੀ, ਕਿਉਂਕਿ ਮੌਜੂਦਾ ਜ਼ਿਲ੍ਹਾ ਪ੍ਰਧਾਨਾਂ ਦਾ ਤਿੰਨ ਸਾਲਾਂ ਦਾ ਕਾਰਜਕਾਲ ਨਵੰਬਰ ਵਿੱਚ ਸਮਾਪਤ ਹੋ ਰਿਹਾ ਸੀ। ਇਸ ਮੌਕੇ ਸੂਰਜ ਠਾਕੁਰ ਅਤੇ ਹੀਨਾ ਕਾਵਰੇ ਨੂੰ ਪੰਜਾਬ ਕਾਂਗਰਸ ਦਾ ਸਕੱਤਰ ਨਿਯੁਕਤ ਕੀਤਾ ਗਿਆ। ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨਵੀਆਂ ਨਿਯੁਕਤੀਆਂ ਨਾਲ ਪਾਰਟੀ ਨੂੰ ਨਵੀਂ ਤਾਕਤ ਮਿਲੇਗੀ ਅਤੇ ਇਹ ਟੀਮ 2027 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਮਜ਼ਬੂਤ ਪਦਰ 'ਤੇ ਲਿਆਂਦੀਆਂ ਵਿੱਚ ਅਹਿਮ ਭੂਮਿਕਾ ਨਿਭਾਏਗੀ। ਅੰਮ੍ਰਿਤਸਰ ਸ਼ਹਿਰੀ ਕਾਂਗਰਸ ਦਾ ਨਵਾਂ ਪ੍ਰਧਾਨ ਸੌਰਭ ਮਿੱਠੂ ਮਦਾਨ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਨੌਜਵਾਨ ਆਗੂ ਸੌਰਭ ਮਿੱਠੂ ਮਦਾਨ ਨੂੰ ਅੰਮ੍ਰਿਤਸਰ ਸ਼ਹਿਰੀ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਵਾਗਤ ਕਰਦੇ ਹੋਏ ਪਾਰਟੀ ਲਈ ਨਵੀਂ ਸ਼ੁਰੂਆਤ ਦੱਸਿਆ ਹੈ। ਮਿੱਠੂ ਮਦਾਨ ਪਹਿਲਾਂ ਵੀ ਕਈ ਸਮਾਜਿਕ ਗਤੀਵਿਧੀਆਂ ਨਾਲ ਜੁੜੇ ਰਹੇ ਹਨ ਅਤੇ ਪਾਰਟੀ ਦੇ ਨੌਜਵਾਨ ਚਿਹਰੇ ਵਜੋਂ ਜਾਣੇ ਜਾਂਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ, “ਇਹ ਟੀਮ ਪਾਰਟੀ ਦੇ ਹਰ ਪੱਧਰ 'ਤੇ ਜੋਸ਼ ਪੈਦਾ ਕਰੇਗੀ ਅਤੇ ਪੰਜਾਬ ਵਿੱਚ ਕਾਂਗਰਸ ਨੂੰ ਮੁੜ ਮਜ਼ਬੂਤ ਬਣਾਉਣ ਲਈ ਸਮਰਪਿਤ ਤੌਰ 'ਤੇ ਕੰਮ ਕਰੇਗੀ।”