ਇਹ ਲਾਜ਼ਮੀ ਸਾਨੂੰ ਨਿਗਲ ਜਾਣਗੇ,
ਜਿਓਂ ਜੰਗਾਲ ਲੋਹੇ ਨੂੰ ਖਾ ਜਾਂਦੀ।
ਸਾਥੋਂ ਚਾਅ ਨੀ ਚੱਕਿਆ ਜਾਂਦਾ ਜਦੋ,
ਘਰੇ ਲੀਡਰ ਦੀ ਗੱਡੀ ਆ ਜਾਂਦੀ।
ਪੁੱਠੇ ਸਿੱਧੇ ਹੋਕੇ ਕੇਰਾਂ ਲੈਕੇ ਵੋਟਾਂ,
ਸਰਕਾਰ ਪੈ ਆਪਣੇ ਰਾਹ ਜਾਂਦੀ।
ਕਿ ਆਪਣੀ ਬੁੱਕਲ ਵਿੱਚ ਬਿਠਾਕੇ ਹੀ,
ਇਹ ਸਰਾਲ ਪੀ ਲੋਕਾਂ ਦੇ ਸਾਹ ਜਾਂਦੀ।
ਪੰਜ ਸਾਲ ਲਈ ਗ਼ਲਾਂ ਤੇ ਬੈਠ ਜਾਂਦੇ,
ਫੇਰ ਜਨਤਾ ਦੀ ਨਾ ਵਾਹ ਜਾਂਦੀ।
ਜਨਤਾ ਦਾ ਹਾਲ ਜਿਵੇਂ ਹਿਰਨੀ ਦੀ,
ਸ਼ੇਰਾਂ ਦੇ ਝੁੰਡ ਚ ਹੋ ਭਿਆਂ ਜਾਂਦੀ।
ਭੁੱਖੇ ਦੇ ਹਲਕ ਚੋਂ ਖਿੱਚ ਗਰਾਹੀ,
ਸਰਕਾਰ ਰੱਜਿਆਂ ਦੇ ਮੂੰਹੀਂ ਪਾ ਜਾਂਦੀ।
ਜਿੱਤ ਕੇ ਹੰਕਾਰੀ ਸੱਪਣੀ ਵਾਂਗੂ,
ਵਾਅਦਿਆਂ ਦੀ ਕੰਜ ਹੈ ਲਾਹ ਜਾਂਦੀ।
ਵੋਟਾਂ ਵੇਲੇ ਸਰਕਾਰਾਂ ਨੂੰ ਲੋਕ ਔਡ਼ਦੇ,
ਉਂਝ ਗੱਡੀ ਨਾ ਕਿਸੇ ਗਰਾਂ ਜਾਂਦੀ।
ਲੋਕ ਜੁੱਤੀਆਂ ਚੱਟਣ ਨੂੰ ਟੌਹਰ ਸਮਝਦੇ,
ਮਨਜਿੰਦਰ ਖੂਹ ਵਿੱਚ ਤੇਰੀ ਸਲਾਹ ਜਾਂਦੀ।
ਮਨਜਿੰਦਰ ਸਿੰਘ ਕਾਲਾ