Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਗ਼ਜ਼ਲ - ਬਲਵਿੰਦਰ ਬਾਲਮ ਗੁਰਦਾਸਪੁਰ

May 03, 2022 10:16 PM

ਗ਼ਜ਼ਲ

ਸਾਡੀਆਂ ਤੂੰ ਤਕਦੀਰਾਂ ਖਿੱਚ ਕੇ ਕਿੱਥੇ ਚੱਲਿਆ ਏਂ?
ਪਾਣੀ ਉਪਰ ਲਕੀਰਾਂ ਖਿੱਚ ਕੇ ਕਿੱਥੇ ਚੱਲਿਆ ਏਂ?
ਨਜ਼ਰਾਂ-ਨਜ਼ਰਾਂ ਦੇ ਨਾਲ ਨਜ਼ਰਾਂ-ਨਜ਼ਰਾਂ ਦੇ ਵਿਚੋਂ,
ਨਜ਼ਰਾਂ ਨਾਲ ਤਸਵੀਰਾਂ ਖਿੱਚ ਕੇ ਕਿੱਥੇ ਚੱਲਿਆ ਏਂ?
ਅੱਧੀ ਰਾਤੀਂ ਸੂਰਜ ਅੰਬਰ ਦੇ ਵਿਚ ਆ ਚੜ੍ਹਿਆ,
ਸੁਰਮੇਂ ਦੀਆਂ ਜ਼ੰਜੀਰਾਂ ਖਿੱਚ ਕੇ ਕਿੱਥੇ ਚੱਲਿਆ ਏਂ?
ਯਾਦਾਂ ਫ਼ਿਰ ਤੋਂ ਪਰਤ ਪਈਆਂ ਨੇ ਸਮਿਆਂ ਵਿਚੋਂ,
ਖਿੱਦੋ ਵਿਚਲੀਆਂ ਲੀਰਾਂ ਖਿੱਚ ਕੇ ਕਿੱਥੇ ਚੱਲਿਆ ਏਂ?
ਸੁਹਣੇ ਮੁਖੜੇ ਉਤੇ ਤਿਉੜੀ ਬਿਲਕੁਲ ਜਚਦੀ ਨਈਂ,
ਮਿਆਨਾਂ 'ਚੋਂ ਸ਼ਮਸ਼ੀਰਾਂ ਖਿੱਚ ਕੇ ਕਿੱਥੇ ਚੱਲਿਆ ਏਂ?
ਮੁਰਦਾ ਜਿਸਮ ਗਵਾਚੀ ਰੂਹ ਨੂੰ ਕੀ ਹੁਣ ਕਰਨਾ ਏਂ?,
ਬੇਮਤਲਬ ਤਦਬੀਰਾਂ ਖਿੱਚ ਕੇ ਕਿੱਥੇ ਚੱਲਿਆ ਏਂ?
'ਬਾਲਮ' ਅਪਣੀ ਕਵਿਤਾ ਵਿਚ ਸ਼ੋਖ਼ ਅਦਾਵਾਂ ਵਾਂਗੂ,
ਬਿੰਬਾ ਵਿਚ ਤਕਰੀਰਾਂ ਖਿੱਚ ਕੇ ਕਿੱਥੇ ਚੱਲਿਆ ਏਂ?
ਬਲਵਿੰਦਰ ਬਾਲਮ ਗੁਰਦਾਸਪੁਰ

Have something to say? Post your comment