Wednesday, May 08, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਕੈਸਾ ਗਣਤੰਤਰ ਹੈ! ~ ਪ੍ਰੋ. ਨਵ ਸੰਗੀਤ ਸਿੰਘ

January 26, 2022 12:44 AM
                      ਕੈਸਾ ਗਣਤੰਤਰ ਹੈ!
                                                   ~ ਪ੍ਰੋ. ਨਵ ਸੰਗੀਤ ਸਿੰਘ 
 
ਪੱਤ ਔਰਤ ਦੀ ਲਾਈ ਦਾਅ ਉੱਤੇ 
ਅਸੀਂ ਲੰਮੀਆਂ ਤਾਣ ਕੇ ਹਾਂ ਸੁੱਤੇ। 
ਬਾਜ਼ੀ ਲੈ ਗਏ ਸਾਥੋਂ ਕੁੱਤੇ 
ਉਂਜ ਸਾਡਾ ਦੇਸ਼ ਸੁਤੰਤਰ ਹੈ।
  
ਸੁਣ ਹੁਸਨਾਂ-ਇਸ਼ਕਾਂ ਦੇ ਕਿੱਸੇ 
ਜੁੱਸੇ ਹੋ ਗਏ ਸਾਡੇ ਲਿੱਸੇ। 
ਘਟਦੀ ਮਹਿੰਗਾਈ ਨਾ ਦਿੱਸੇ 
ਵਧਦੀ ਇਹ ਨਿੱਤ ਨਿਰੰਤਰ ਹੈ। 
 
ਨਾ ਕੁੱਲੀ, ਗੁੱਲੀ, ਨਾ ਜੁੱਲੀ 
ਝੂਠਿਆਂ ਦੀ ਵੇਖੋ ਪੋਲ ਖੁੱਲ੍ਹੀ। 
ਮਾਨਸ ਦੀ ਇੱਕੋ ਜ਼ਾਤ ਭੁੱਲੀ 
ਭੁੱਲਿਆ ਸਾਨੂੰ ਗੁਰ-ਮੰਤਰ ਹੈ।
 
ਲਾਰਿਆਂ ਦੀ ਆਈ ਹਨ੍ਹੇਰੀ ਹੈ 
ਉੱਠੀਏ ਕਿਉਂ ਢਾਹੀ ਢੇਰੀ ਹੈ। 
ਰਿਸ਼ਵਤ ਹੈ, ਹੇਰਾ-ਫੇਰੀ ਹੈ 
ਮੇਰੇ ਦੇਸ਼ ਦੀ ਉਲਝੀ ਬਣਤਰ ਹੈ। 
 
ਵੱਢ ਦਿੱਤੇ ਸਾਰੇ ਰੁੱਖ ਅਸੀਂ 
ਹੁਣ ਸਹਿੰਦੇ ਪਏ ਹਨ ਦੁੱਖ ਅਸੀਂ। 
ਧੀਆਂ ਨੂੰ ਮਾਰਿਆ ਕੁੱਖ ਅਸੀਂ
ਕੈਸਾ ਇਹ ਵੈਦ ਧਨੰਤਰ ਹੈ। 
 
ਕੀਤੇ ਲੋਕਾਂ ਕੁਕਰਮ ਕਈ 
ਵਿੱੱਚ ਡੇਰਿਆਂ ਜਾ ਕੇ ਸ਼ਰਨ ਲਈ। 
ਨਾ ਧਰਮ ਰਿਹਾ, ਨਾ ਸ਼ਰਮ ਰਹੀ 
ਹੋਇਆ ਈਮਾਨ ਉਡੰਤਰ ਹੈ। 
 
ਨਸ਼ਿਆਂ ਕੀਤੇ ਕੰਗਾਲ ਅਸੀਂ 
ਹਾਲੋਂ ਹੋਏ ਬੇਹਾਲ ਅਸੀਂ। 
ਹਨ ਕਿੰਜ ਬਿਤਾਏ ਸਾਲ ਅਸੀਂ 
ਕਿਸ ਰਚਿਆ ਇਹ ਛੜਯੰਤਰ ਹੈ।
 
ਜੋ ਦੇਸ਼ ਮੇਰੇ ਦੀ ਸ਼ਾਨ ਲੋਕੋ 
ਰੁਲਦਾ ਹੈ ਉਹ ਕਿਰਸਾਨ ਲੋਕੋ। 
ਡੋਰ ਦੇਸ਼ ਦੀ ਹੱਥ ਧਨਵਾਨ ਲੋਕੋ 
ਬੰਦੇ-ਬੰਦੇ ਵਿੱਚ ਅੰਤਰ ਹੈ।  
  
ਕਹਿੰਦੇ ਨੇ ਲੋਕੀਂ, ਲੋਕਾਂ ਦਾ 
'ਰੂਹੀ' ਨੂੰ ਜਾਪੇ, ਜੋਕਾਂ ਦਾ। 
ਪੈਸਾ ਖਾਧਾ ਹੈ ਤੋਪਾਂ ਦਾ 
ਦੱਸੋ, ਕੈਸਾ ਗਣਤੰਤਰ ਹੈ। 

Have something to say? Post your comment