ਡਾਕਟਰਾਂ ਦੀ  ਕਵਿਤਾ ਦਾ ਪੋਸਮਾਰਟਮ:--
 
" ਮੇਰੇ ਕੋਲ ਏਂ ਤੂੰ
ਮੇਰੇ ਬਦਨ ਦੀ ਖੁਸ਼ਬੂ ਵਾਂਗ
ਕੋਈ ਹਲਚਲ ਹੈ ਮੇਰੇ ਅੰਦਰ
ਹਵਾ ਦੀ ਕੰਬਣੀ.......
ਤੜਫ਼ ਰਹੇ ਨੇ ਜਜ਼ਬਾਤ
 
ਕਿਸ ਤਰ੍ਹਾਂ ਦੀ ਹੈ 
ਜਜ਼ਵਿਆਂ ਦੇ ਤੜਫ਼ਣ ਦੀ 
ਖੁਸ਼ਬੂ
ਜੋ ਹਵਾ ਦੇ ਨਾਲ਼ ਨਾਲ਼ ਰੁਮਕਦੀ ਨਹੀਂ
ਨਜ਼ਰ ਦੇ ਨਾਲ਼ ਨਾਲ਼ 
ਸੀਨੇ ਵਿਚ ਉਤਰਦੀ ਹੈ ਸਿਰਫ਼
ਇਹ ਨਟਖਟ ਖੁਸ਼ਬੂ 
ਕਦੇ ਮੇਰੇ ਅੰਦਰ-ਕਦੇ ਮੇਰੇ ਬਾਹਰ
ਕਦੇ ਏਥੇ-ਕਦੇ ਓਥੇ
ਕੋਲ ਕੋਲ ਹੋਣਾ 
ਤੇ.....ਵਿਖਾਈ ਵੀ ਨਾ ਦੇਣਾ
ਸ਼ਾਇਦ ਏਸੇ ਨੂੰ ਕਹਿੰਦੇ ਹੋਣਗੇ 
ਵਿਯੋਗ ......?
ਮੈਂ ਤੈਨੂੰ ਛੋਹ ਨਹੀਂ ਸਕਦਾ
ਮੈਂ ਤੈਨੂੰ ਵੇਖ ਨਹੀਂ ਸਕਦਾ
ਪਰ ਤੂੰ ਹੈਂ ?....
ਮੇਰੇ ਕੋਲ
ਮੇਰੇ ਬਦਨ ਦੋ ਖੁਸ਼ਬੂ ਵਾਂਗ ...।
   (ਲੇਖਕ--ਡਾ. ਲਖਵਿੰਦਰ ਜੌਹਲ)
 
( 1. ) ਬਦਨ-- ਸ਼ਬਦ ਜੌਹਲ ਸਾਹਿਬ ਹਿੰਦੀ ਭਾਸ਼ਾ ਦਾ ਹੈ ਜੀ, ਪੰਜਾਬੀ ਦਾ ਨਹੀਂ, ਪੰਜਾਬ ਕਲਾ  ਪਰਿਸ਼ਦ ਪੰਜਾਬੀ ਭਾਸ਼ਾ, ਪੰਜਾਬ ਦੀਆਂ ਕਲਾ, ਹੁਨਰ, ਪੰਜਾਬੀ ਸ਼ਬਦਾਂ ਦੀ ਰੱਖਿਆ ਲਈ, ਪੰਜਾਬੀ ਬੋਲੀ ਲਈ ਹੋਂਦ ਵਿੱਚ ਆਈ ਪਰ ਸੰਸਥਾ ਦੇ ਸਕੱਤਰ ਸਾਹਿਬ ਹਿੰਦੀ ਸ਼ਬਦਾਂ ਦੀ ਨਾਲ਼ ਖਿੱਚੜੀ ਕਿਉਂ ਰਿੰਨੀ ਜਾ ਰਹੇ ਹੋਂ।
(2.) 
ਆਪਣੇ ਤਨ ਦੀ ਖੁਸ਼ਬੋ ਆਪ ਨੂੰ ਹੀ ਕਿਵੇਂ ਮਹਿਸੂਸ ਹੁੰਦੀ ਹੈ, ਆਪਣੀ ਖੁਸ਼ਬੋ ਆਪ ਹੀ ਲੈ ਰਹੇ ਹੋਂ, ਆਪਣੇ ਆਪ ਨੂੰ ਤਾਂ  ਮੁੜੵਕੇ ਦੀ ਦੁਰਗੰਧ ਹੀ ਆ ਸਕਦੀ ਹੈ, ਸ਼ਰਾਬੀ ਨੂੰ ਸ਼ਰਾਬ ਦੀ ਬੁਦਬੋ ਵੀ ਨਹੀ ਆਉਂਦੀ, ਹਾਂ ਔਰਤ ਪਾਤਰ ਤੁਹਾਡੇ ਲਈ ਇਹ ਸ਼ਬਦ ਵਰਤ ਸਕਦੀ ਹੈ, ਪਰ ਤੁਸੀਂ ਆਪਣੇ ਲਈ ਆਪ-ਖੁਦ ਨਹੀਂ ਵਰਤ ਸਕਦੇ।
(3.) ਹਵਾ ਦੀ ਕੰਬਣੀ---
      ਤੜਫ਼ ਰਹੇ ਨੇ ਜਜ਼ਬਾਤ--
ਇਹ ਦੋਵੇਂ ਸਤਰਾਂ ਕੋਈ ਭਾਵ ਅਰਥ ਨਹੀਂ ਰੱਖਦੀਆਂ।
ਹਵਾ ਦੀ ਕੰਬਣੀ ਦਾ ਕੀ ਅਰਥ ? , ਕਿਸ ਮਨੋਦਸ਼ਾ ਜਾਂ ਅਹਿਸਾਸ ਦਾ ਪ੍ਤੀਕ ਹੈ ? ਕਾਮ ਦਾ ਵੇਗ਼ ਵੀ ਕੰਬਣੀ ਨਹੀਂ ਛੇੜ ਸਕਦਾ, ਹਾਂ ਡਰ ਕੰਬਣੀ ਛੇੜ ਸਕਦਾ ਹੈ, ਹਵਾ ਦਾ ਅਹਿਸਾਸ ਨਹੀਂ।
ਤੜਫ਼ ਰਹੇ ਨੇ ਜਜ਼ਬਾਤ---  ਫ਼ ਦੇ ਪੈਰ ਬਿੰਦੀ ਵੀ ਲੱਗਣੀ।
 
4.. ਜੌਹਲ ਸਾਹਿਬ ਜਜ਼ਬਾਤ  ਤੜਫਦੇ ਨਹੀਂ, ਜਜ਼ਬਾਤ ਤਾਂ ਇਕ ਮਨ ਦੀ ਕਲਪਨਾ ਹੈ। ਤੜਫਣ ਵਾਲੀ ਖੁਸ਼ਬੋ ਨਹੀਂ ਹੁੰਦੀ, ਹਮਕ ਹੋ ਜਾਂਦੀ ਹੈ, ਸੜਨ ਦੀ ਬੁਦਬੋ ਕਹੀ ਜਾਂਦੀ ਹੈ।
 
5 ਨਜ਼ਮ ਦਾ ਅਖੀਰੀ ਬੰਦ ਦੀਆਂ ਸਤਰਾਂ ਪ੍ਮੇਸ਼ਵਰ ਦੀ ਹੋਂਦ ਲਈ ਢੁਕਵੀਆਂ ਹੋ ਸਕਦੀਆਂ ਹਨ, ਕਿਸੇ ਪ੍ਰੇਮਿਕਾ ਲਈ ਨਹੀਂ। ਸਿਰਫ਼ ਇੱਕ ਈਸ਼ਵਰ ਹੀ ਹੈ ਜੋ ਛੂਹ ਤੋਂ ਪਰੇ ਹੈ ਅਤੇ ਅਦਿੱਖ ਹੈ।
ਸ਼ਬਦ - ਛੋਹ  --- ਨਹੀਂ ਹੁੰਦਾ ਬਲਿਕ ਛੂਹ ਹੁੰਦਾ ਹੈ ਡਾ.          ਸਾਹਿਬ
:--   ਪਰ ਤੂੰ ਹੈ ?.....
ਇਹ ?....ਸਵਾਲੀਆ ਨਿਸ਼ਾਨ  ਕਿਸ ਲਈ ਲਾ ਰਹੇ ਹੋਂ ਜਨਾਬ ਲਖਵਿੰਦਰ ਜੌਹਲ ਸਾਹਿਬ, ਲਾਉਣਾ ਹੀ ਹੈ ਤਾਂ...! ਇਹ ਵਿਸਮਿਕ ਲਾ ਸਕਦੇ ਹੋਂ।
ਉਮੀਦ ਹੈ, ਕਾਵਿ ਸਤਰਾਂ ਵੱਲ ਧਿਆਨ ਜਰੂਰ ਦੇਵੋਂਗੇ, ਨਹੀਂ ਤਾਂ ਤੁਹਾਡੇ ਪਦ ਚਿੰਨ੍ਹਾਂ ਤੇ ਚੱਲਣ ਵਾਲੇ ਮੇਰੇ ਜਿਹੇ ਮਹਾਂ ਮੂਰਖ ਕਵੀ ਇੱਟਾਂ ਉਪਰ ਹੀ ਬੈਠੇ ਨੇ, ਕਿਤੋਂ ਤਲਾਸ਼ਣ ਦੀ ਜਰੂਰਤ ਵੀ ਨਹੀਂ ਪਵੇਗੀ। ਗੁਸਤਾਖ਼ੀ ਲਈ ਮੁਆਫ਼ੀ ਚਾਹੁੰਦਾ ਹਾਂ ਜਨਾਬ।
 
ਤੁਹਾਡਾ ਸ਼ੁਭ ਚਿੰਤਕ---' ਬਲਜਿੰਦਰ ਸਿੰਘ "ਬਾਲੀ ਰੇਤਗੜੵ"