ਛੜੇ ਬੰਦੇ ਦਾ ਦੁੱਖ (ਗੀਤ)
ਦੋ ਟਾਈਮ ਰੋਟੀ ਵੀ ਨਾ ਮਿਲੇ ਚੱਜ ਦੀ
ਜਿੰਦ ਏ ਨਿਮਾਣੀ ਲੀੜੇ ਲੱਤੇ ਆਪਣੇ ਆਪ ਹੀ ਧੋਵੇ ।
ਮੈਂ ਪਿੰਡ ਦੀ ਫਿਰਨੀ ਤੇ ਅੱਜ ਦੇਖਿਆਂ
ਛੜਾ ਬੈਠਾ ਛੜੇ ਕੋਲੇ ਦੁੱਖ ਰੋਵੇ,,,
ਆਪਣੇ ਹੱਥੀ ਆਪ ਹੱਥ ਮੈਂ ਵਢਾ ਲਏ ਮਿੱਤਰਾਂ
ਦੋ ਸਿਆੜ ਸੀ ਸਰੀਕ ਦੇ ਨਾ ਲਵਾ ਕੇ
ਸਾਰਾ ਟੱਬਰ ਸੀ ਮਿੱਠੇ ਪੋਚੇ ਰਹਿੰਦਾ ਮਾਰਦਾ
ਕਸੂਤਾ ਫਸਿਆ ਗੱਲਾਂ ਮਿੱਠੀਆਂ ਵਿੱਚ ਆ ਕੇ
ਛੜਾ ਬੰਦਾ ਜੇ ਸਿਆਣਾ ਹੋਵੇ ਮਿੱਤਰੋ
ਆਪਣੀ ਜ਼ਮੀਨ ਨਾ ਹੱਥੋਂ ਖੋਹਵੇ।
ਮੈਂ ਪਿੰਡ ਦੀ ਫਿਰਨੀ ਤੇ ਅੱਜ ਦੇਖਿਆਂ
ਛੜਾ ਬੈਠਾ ਛੜੇ ਕੋਲੇ ਦੁੱਖ ਰੋਵੇ,,,
ਸਾਰਾ ਲਾਣਾ ਬਾਣਾ ਤੇ ਭਰਜਾਈ ਕੱਢੇ ਨੱਕ ਬੁੱਲ੍ਹ
ਸਕੇ ਭਾਈਆ ਨੇ ਹੀ ਮੁੱਖ ਫੇਰਿਆਂ
ਕਿੰਝ ਝਾੜ ਪੂੰਝ ਚੁੱਕ ਲਈਏ ਮਿੱਤਰਾਂ
ਚਿੱਕੜ ਦੇ ਵਿੱਚ ਡੁੱਲ ਗਏ ਬੇਰ ਆ
ਟੁੱਟ ਗਏ ਆਂਡੇ ਤੇ ਮਰ ਗਈ ਕੁੱਕੜੀ
ਮੰਜੇ ਦੀ ਬਾਹੀ ਫੜ ਨੀਰ ਨੈਣਾਂ ਵਿੱਚੋਂ ਚੋਵੇ।
ਮੈਂ ਪਿੰਡ ਦੀ ਫਿਰਨੀ ਤੇ ਅੱਜ ਦੇਖਿਆਂ
ਛੜਾ ਬੈਠਾ ਛੜੇ ਕੋਲੇ ਦੁੱਖ ਰੋਵੇ,,,
ਪਾਟ ਗਈ ਜੁੱਲੀ ਮੇਰੀ ਤੇ ਕੁੜਤੇ ਦੇ ਬਟਨ ਗਏ ਟੁੱਟ ਨੇ
ਸੁਣੇ ਪੁਕਾਰ ਕੋਈ ਮੇਰੀ ਮੈਂ ਅਵਾਜ਼ ਪਿਆ ਮਾਰਦਾ
ਬੁੱਢੇ ਵਾਰੇ ਦੇ ਪਿੱਠ ਵਿੱਚ ਲੱਤ ਵੱਜ ਗਈ ਏ
ਬਲਤੇਜ ਸੰਧੂ ਇਹ ਸਰੀਰ ਹੁਣ ਹੋਰ ਦੁੱਖ ਨਾ ਸਹਾਰਦਾ
ਜਿੰਦ ਮੇਰੀ ਲੱਧੇ ਪਿੰਡ ਵਿੱਚ ਮਿੱਤਰਾਂ
ਦੁੱਖਾਂ ਦੀਆਂ ਪੰਡਾਂ ਢੋਵੇ।
ਮੈਂ ਪਿੰਡ ਦੀ ਫਿਰਨੀ ਤੇ ਅੱਜ ਦੇਖਿਆਂ
ਛੜਾ ਬੈਠਾ ਛੜੇ ਕੋਲੇ ਦੁੱਖ ਰੋਵੇ,,,
ਬਲਤੇਜ ਸੰਧੂ ਬੁਰਜ ਲੱਧਾ