ਹੜ੍ਹ ਧਰਤੀ ਦੇ ਸਭ ਤੋਂ ਆਮ ਅਤੇ ਵਿਨਾਸ਼ਕਾਰੀ ਕੁਦਰਤੀ ਵਰਤਾਰਿਆਂ ਵਿੱਚੋਂ ਇੱਕ ਹੈ, ਜੋ ਹਰ ਸਾਲ ਵੱਡੇ ਪੱਧਰ 'ਤੇ ਮਨੁੱਖੀ ਸਭਿਅਤਾ ਦੇ ਆਰਥਿਕ ਅਤੇ ਸਮਾਜਿਕ ਢਾਂਚੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਵਿਗਿਆਨਕ ਰੂਪ ਵਿੱਚ ਹੜ੍ਹ ਉਸ ਸਥਿਤੀ ਨੂੰ ਕਹਿੰਦੇ ਹਨ ਜਦੋਂ ਪਾਣੀ ਆਪਣੀ ਕੁਦਰਤੀ ਸੀਮਾ ਤੋਂ ਵੱਧ ਕੇ ਉਸ ਜ਼ਮੀਨ 'ਤੇ ਫੈਲ ਜਾਂਦਾ ਹੈ ਜੋ ਆਮ ਤੌਰ 'ਤੇ ਸੁੱਕੀ ਰਹਿੰਦੀ ਹੈ। ਇਹ ਅਕਸਰ ਤੇਜ਼ ਮੀਂਹ, ਗਲੇਸ਼ੀਅਰਾਂ ਦੇ ਪਿਘਲਣ, ਦਰਿਆਵਾਂ ਦੇ ਉਫਾਨ, ਸਮੁੰਦਰੀ ਤੂਫ਼ਾਨਾਂ ਦੇ ਜਵਾਰ ਬਾਟੇ ਜਾਂ ਬੰਨ੍ਹ ਵਰਗੇ ਢਾਂਚਾਗਤ ਪ੍ਰਣਾਲੀਆਂ ਦੀ ਨਾਕਾਮੀ ਕਾਰਨ ਆਉਂਦੇ ਹਨ।
ਹੜ੍ਹ ਆਉਣ ਦੇ ਕਾਰਣ
ਹੜ੍ਹ ਕੁਦਰਤੀ ਅਤੇ ਮਨੁੱਖ-ਨਿਰਮਿਤ ਦੋਵੇਂ ਕਾਰਣਾਂ ਨਾਲ ਉਤਪੰਨ ਹੋ ਸਕਦੇ ਹਨ।
ਹੜ੍ਹ ਆਉਣ ਦੇ ਮੁੱਖ ਕਾਰਣ ਨਿਮਨਲਿਖਤ ਹਨ:
1. ਤੇਜ਼ ਮੀਂਹ – ਲਗਾਤਾਰ ਜਾਂ ਬਹੁਤ ਤੇਜ਼ ਮੀਂਹ ਕਾਰਨ ਦਰਿਆ ਅਤੇ ਨਾਲੇ ਆਪਣੀ ਸਮਰੱਥਾ ਤੋਂ ਵੱਧ ਭਰ ਜਾਂਦੇ ਹਨ। ਜਦੋਂ ਇਹਨਾਂ ਦੇ ਕੰਢੇ ਟੁੱਟ ਜਾਂਦੇ ਹਨ ਤਾਂ ਹੜ੍ਹ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ।
2. ਦਰਿਆਵਾਂ ਦਾ ਉਫਾਨ – ਪਹਾੜੀ ਇਲਾਕਿਆਂ ਵਿੱਚ ਵੱਧ ਮੀਂਹ ਜਾਂ ਬਰਫ਼ ਪਿਘਲਣ ਨਾਲ ਦਰਿਆਵਾਂ ਦੇ ਕੰਢੇ ਟੁੱਟਣ ਨਾਲ ਨਜ਼ਦੀਕੀ ਅਤੇ ਹੇਠਲੇ ਇਲਾਕਿਆਂ ਦੇ ਖੇਤਰ ਪਾਣੀ ਵਿੱਚ ਡੁੱਬ ਜਾਂਦੇ ਹਨ।
3. ਗਲੇਸ਼ੀਅਰ ਦਾ ਪਿਘਲਣਾ – ਗਲੇਸ਼ੀਅਰਾਂ ਦੇ ਪਿਘਲਣ ਨਾਲ ਬਣੀਆਂ ਝੀਲਾਂ ਅਚਾਨਕ ਟੁੱਟਣ ਕਾਰਨ ਵੱਡੇ ਪੱਧਰ 'ਤੇ ਪਾਣੀ ਨਦੀਆਂ ਅਤੇ ਦਰਿਆਵਾਂ ਰਾਹੀਂ ਹੇਠਾਂ ਵਗਦਾ ਹੈ।ਇਸ ਨਾਲ ਹੜ੍ਹ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ।
4. ਚਕ੍ਰਵਾਤੀ ਅਤੇ ਸਮੁੰਦਰੀ ਜਵਾਰ ਭਾਟੇ – ਸਮੁੰਦਰ ਕੰਢੇ ਵਸੇ ਇਲਾਕਿਆਂ ਵਿੱਚ ਤੂਫ਼ਾਨੀ ਹਵਾਵਾਂ ਸਮੁੰਦਰੀ ਪਾਣੀ ਨੂੰ ਅੰਦਰ ਧੱਕ ਦਿੰਦੀਆਂ ਹਨ।
5. ਸ਼ਹਿਰੀਕਰਨ – ਬੇਤਹਾਸ਼ਾ ਨਿਰਮਾਣ, ਬੇਲੋੜੀ ਦਰਖਤਾਂ ਦੀ ਕਟਾਈ ਅਤੇ ਪਾਣੀ ਦੀ ਗ਼ਲਤ ਨਿਕਾਸੀ ਪ੍ਰਣਾਲੀ ਕਾਰਨ ਸ਼ਹਿਰੀ ਖੇਤਰਾਂ ਵਿੱਚ ਪਾਣੀ ਦੀ ਮਾਤਰਾ ਵੱਧ ਸਕਦੀ ਹੈ।
6. ਵਣਨਾਸ਼ – ਜੰਗਲਾਂ ਦੀ ਕਟਾਈ ਕਾਰਨ ਮਿੱਟੀ ਦੀ ਪਾਣੀ ਜ਼ਜ਼ਬ ਕਰਨ ਦੀ ਸਮਰੱਥਾ ਘਟਦੀ ਹੈ, ਜਿਸ ਨਾਲ ਪਾਣੀ ਦਾ ਵਹਾਅ ਵੱਧਦਾ ਹੈ।
7. ਬੰਨ੍ਹ ਦੀ ਨਾਕਾਮੀ – ਜਦੋਂ ਬੰਨ੍ਹ ਦੀ ਦੇਖਭਾਲ ਠੀਕ ਤਰ੍ਹਾਂ ਨਾ ਹੋਵੇ ਜਾਂ ਪਾਣੀ ਦਾ ਬੇਹਿਸਾਬ ਦਬਾਅ ਬਣ ਜਾਵੇ ਤਾਂ ਇਹ ਟੁੱਟ ਕੇ ਵੱਡੇ ਪੱਧਰ ਤੇ ਹੜ੍ਹ ਦਾ ਕਾਰਣ ਬਣਦੇ ਹਨ।
ਹੜ੍ਹ ਦੇ ਪ੍ਰਭਾਵ
ਮਨੁੱਖੀ ਪ੍ਰਭਾਵ – ਜਾਨੀ ਅਤੇ ਮਾਲੀ ਨੁਕਸਾਨ, ਲੋਕਾਂ ਦਾ ਬੇਘਰ ਹੋਣਾ, ਪਾਣੀ ਨਾਲ ਜੁੜੀਆਂ ਬਿਮਾਰੀਆਂ ਦਾ ਵੱਡੇ ਪੱਧਰ ਤੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ।
ਆਰਥਿਕ ਪ੍ਰਭਾਵ – ਖੇਤਾਂ, ਪਸ਼ੂ-ਧਨ, ਸੜਕਾਂ, ਪੁਲਾਂ, ਰੇਲਵੇ ਅਤੇ ਉਦਯੋਗਾਂ ਦਾ ਨਾਸ਼।
ਵਾਤਾਵਰਨ ਤੇ ਮਾਰੂ ਪ੍ਰਭਾਵ – ਮਿੱਟੀ ਦੀ ਕੱਟਾਈ, ਪਾਣੀ ਦਾ ਪ੍ਰਦੂਸ਼ਣ, ਜੈਵਿਕ ਵਿਵਿਧਤਾ ਦਾ ਨੁਕਸਾਨ ਅਤੇ ਦਰਿਆਈ ਭੂਗੋਲ ਵਿੱਚ ਤਬਦੀਲੀਆਂ।
ਸਮਾਜਿਕ ਅਤੇ ਮਨੋਵਿਗਿਆਨਕ ਪ੍ਰਭਾਵ – ਲੋਕਾਂ ਨੂੰ ਮਨੋਵਿਗਿਆਨਕ ਸਦਮਾ, ਹਿਜ਼ਰਤ, ਗਰੀਬੀ ਅਤੇ ਸਮਾਜਿਕ ਪੱਧਰ ਤੇ ਵੱਡਾ ਸਦਮਾ।
ਹੜ੍ਹ ਪੈਦਾ ਕਰਨ ਵਿੱਚ ਬੰਨ੍ਹ ਦੀ ਭੂਮਿਕਾ
ਬੰਨ੍ਹ ਆਮ ਤੌਰ 'ਤੇ ਪਾਣੀ ਸਾਂਭਣ, ਸਿੰਚਾਈ, ਬਿਜਲੀ ਉਤਪਾਦਨ ਅਤੇ ਹੜ੍ਹ-ਨਿਯੰਤਰਣ ਲਈ ਬਣਾਏ ਜਾਂਦੇ ਹਨ। ਪਰ ਕਈ ਵਾਰ ਇਹ ਖੁਦ ਹੜ੍ਹ ਨੂੰ ਹੋਰ ਭਿਆਨਕ ਬਣਾ ਦਿੰਦੇ ਹਨ:
1. ਅਚਾਨਕ ਪਾਣੀ ਛੱਡਣਾ – ਮੀਂਹ ਦੌਰਾਨ ਜਦੋਂ ਬੰਨ੍ਹ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਜਾਂਦਾ ਹੈ, ਤਾਂ ਹੇਠਲੇ ਇਲਾਕੇ ਡੁੱਬ ਜਾਂਦੇ ਹਨ।
2. ਬੰਨ੍ਹ ਟੁੱਟਣਾ – ਰਖ-ਰਖਾਵ ਦੀ ਕਮੀ ਜਾਂ ਭੂਚਾਲ ਕਾਰਨ ਬੰਨ੍ਹ ਦੇ ਟੁੱਟ ਜਾਣ ਕਾਰਨ ਭਾਰੀ ਹੜ੍ਹ ਆ ਸਕਦੇ ਹਨ ।
3. ਗਾਰ ਜਮ੍ਹਾਵੜਾ – ਲੰਬੇ ਸਮੇਂ ਤੱਕ ਗਾਰ ਜਮ੍ਹਣ ਨਾਲ ਬੰਨ੍ਹ ਦੀ ਪਾਣੀ ਸੰਭਾਲਣ ਸਮਰੱਥਾ ਘੱਟ ਜਾਂਦੀ ਹੈ।
4. ਗ਼ਲਤ ਪ੍ਰਬੰਧਨ – ਪਾਣੀ ਛੱਡਣ ਦੇ ਸਮੇਂ 'ਤੇ ਗ਼ਲਤ ਫ਼ੈਸਲੇ ਵੀ ਹੜ੍ਹ ਨੂੰ ਭਿਆਨਕ ਬਣਾ ਸਕਦੇ ਹਨ।
ਹੜ੍ਹ-ਨਿਯੰਤਰਣ ਲਈ ਸੁਝਾਅ
ਢਾਂਚਾਗਤ ਉਪਾਅ
1.ਬੰਨ੍ਹ, ਛੋਟੇ ਬੰਨ੍ਹ ਅਤੇ ਮਜ਼ਬੂਤ ਕੰਧਾਂ ਦਾ ਨਿਰਮਾਣ।
2.ਸ਼ਹਿਰਾਂ ਵਿੱਚ ਆਧੁਨਿਕ ਵਰਖਾ-ਪਾਣੀ ਨਿਕਾਸੀ ਪ੍ਰਣਾਲੀ।
3.ਦਰਿਆਵਾਂ ਦੀ ਗਾਰ-ਸਫ਼ਾਈ ਅਤੇ ਚੌੜਾਈ ਵਧਾਉਣਾ।
4.ਬੰਨ੍ਹ ਵਿੱਚ ਵਿਗਿਆਨਕ ਪੱਧਰ 'ਤੇ ਪਾਣੀ ਦਾ ਨਿਯੰਤਰਣ।
5.ਪਹਾੜੀ ਖੇਤਰਾਂ ਵਿੱਚ ਵਣਰੋਪਣ।
ਗੈਰ-ਢਾਂਚਾਗਤ ਉਪਾਅ
1.ਉਪਗ੍ਰਹਿ ਅਤੇ ਰੇਡਾਰ ਅਧਾਰਤ ਜਲਦੀ ਚੇਤਾਵਨੀ ਪ੍ਰਣਾਲੀ।
2.ਭੂ-ਉਪਯੋਗ ਯੋਜਨਾ ਤਹਿਤ ਹੜ੍ਹ-ਸੰਵੇਦਨਸ਼ੀਲ ਖੇਤਰਾਂ ਵਿੱਚ ਵਸੇਬੇ ਤੋਂ ਰੋਕ।
3.ਸਮੁਦਾਇਕ ਸਿਖਲਾਈ ਅਤੇ ਜਾਗਰੂਕਤਾ ਮੁਹਿੰਮਾਂ।
4.ਬੀਮਾ ਯੋਜਨਾਵਾਂ ਕਿਸਾਨਾਂ ਅਤੇ ਸ਼ਹਿਰੀ ਆਬਾਦੀ ਲਈ।
5.ਸਰਹੱਦ-ਪਾਰ ਦਰਿਆ ਪ੍ਰਬੰਧਨ ਲਈ ਅੰਤਰਰਾਸ਼ਟਰੀ ਸਹਿਯੋਗ।
ਹੜ੍ਹ ਕੁਦਰਤੀ ਵਰਤਾਰਿਆਂ ਅਨੁਸਾਰ ਵਾਪਰਣ ਵਾਲੀ ਘਟਨਾ ਹੈ, ਪਰ ਮਨੁੱਖੀ ਦਖਲਅੰਦਾਜ਼ੀ ਜਿਵੇਂ ਕਿ ਜੰਗਲਾਂ ਦੀ ਕਟਾਈ, ਅਨਿਯੰਤਰਿਤ ਸ਼ਹਿਰੀਕਰਨ ਅਤੇ ਪਾਣੀ ਦੇ ਗਲਤ ਪ੍ਰਬੰਧਨ ਕਾਰਨ ਇਸ ਦੀ ਵਿਨਾਸ਼ਕਾਰੀ ਸ਼ਕਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਬੰਨ੍ਹ ਇੱਕ ਪਾਸੇ ਹੜ੍ਹ ਨੂੰ ਰੋਕ ਸਕਦੇ ਹਨ ਪਰ ਗ਼ਲਤ ਪ੍ਰਬੰਧਨ ਕਾਰਨ ਇਹਨਾਂ ਨਾਲ ਹੜ੍ਹ ਹੋਰ ਘਾਤਕ ਵੀ ਬਣ ਸਕਦੇ ਹਨ। ਇਸ ਲਈ ਆਧੁਨਿਕ ਤਕਨੀਕ, ਟਿਕਾਊ ਬੁਨਿਆਦੀ ਢਾਂਚਾ ਅਤੇ ਲੋਕ-ਸਹਿਭਾਗ ਨਾਲ ਸੁਸ਼ੋਭਿਤ ਇਕ ਸੰਪੂਰਨ ਪ੍ਰਣਾਲੀ ਦੀ ਲੋੜ ਹੈ ਜੋ ਹੜ੍ਹ ਦੇ ਖ਼ਤਰੇ ਨੂੰ ਘਟਾ ਸਕੇ ਅਤੇ ਪ੍ਰਕਿਰਤੀ ਨਾਲ ਸੰਤੁਲਨ ਬਣਾਈ ਰੱਖੇ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।