ਆਧੁਨਿਕ ਯੁੱਗ ਵਿੱਚ ਇਨਸਾਨੀ ਤਰੱਕੀ ਦਾ ਮਾਪ ਭੌਤਿਕ ਸੁੱਖ-ਸਹੂਲਤਾਂ ਨਾਲ ਕੀਤਾ ਜਾਂਦਾ ਹੈ। ਪਰ ਇਹੀ ਭੌਤਿਕਵਾਦ ਮਾਂ ਧਰਤੀ ਨੂੰ ਹੌਲੇ-ਹੌਲੇ ਮਾਰ ਰਿਹਾ ਹੈ। ਨਿਰੰਤਰ ਖਪਤ, ਮਨੁੱਖੀ ਮਨ ਦੇ ਬੇਅੰਤ ਲਾਲਚ ਅਤੇ ਕੁਦਰਤੀ ਸੰਸਾਧਨਾਂ ਦੀ ਬੇਰਹਿਮੀ ਨਾਲ ਕੀਤੀ ਜਾ ਰਹੀ ਲੁੱਟ ਖਸੁੱਟ ਮਾਂ ਧਰਤੀ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਰਹੀ ਹੈ।
ਏਸ਼ੀਆ ਵਿੱਚ ਚੀਨ ਤੇ ਭਾਰਤ ਦੀ ਉਦਯੋਗੀ ਤਰੱਕੀ ਹਵਾ, ਪਾਣੀ ਅਤੇ ਜੰਗਲਾਂ ਲਈ ਵੱਡਾ ਖਤਰਾ ਬਣੀ ਹੋਈਹੈ। ਗੰਗਾ ਤੇ ਯਮੁਨਾ ਦਰਿਆ ਉਦਯੋਗਿਕ ਕੂੜੇ ਕਾਰਣ ਹੱਦੋਂ ਵੱਧ ਪ੍ਰਦੂਸ਼ਿਤ ਹੋ ਚੁੱਕੇ ਹਨ। ਅਮੇਜ਼ੋਨ ਦਾ ਜੰਗਲ, ਜਿਸਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ, ਗਲੋਬਲ ਖਪਤ ਕਾਰਨ ਰੋਜ਼ ਸੜ ਰਿਹਾ ਹੈ। ਅਫ਼ਰੀਕਾ ਵਿੱਚ ਖਾਨਾਂ ਦੀ ਖੋਜ ਮਿੱਟੀ ਤੇ ਜੰਗਲ ਨੂੰ ਬਰਬਾਦ ਕਰ ਰਹੀ ਹੈ। ਅਮਰੀਕਾ ਅਤੇ ਯੂਰਪ ਦੀ ਆਰਾਮਪਸੰਦ ਜ਼ਿੰਦਗੀ ਦੁਨੀਆ ਵਿੱਚ ਸਭ ਤੋਂ ਵੱਧ ਕਾਰਬਨ ਨਿਸ਼ਾਨ ਛੱਡ ਰਹੀ ਹੈ।
ਇਸ ਭੌਤਿਕ ਦੌੜ ਦਾ ਨਤੀਜਾ ਹੈ—ਜਲਵਾਯੂ ਪਰਿਵਰਤਨ। ਆਰਕਟਿਕ ਵਿੱਚ ਬਰਫ਼ ਪਿਘਲ ਰਹੀ ਹੈ, ਪੈਸਿਫਿਕ ਦੇ ਟਾਪੂ ਡੁੱਬਣ ਦੇ ਕੰਢੇ 'ਤੇ ਹਨ, ਆਸਟ੍ਰੇਲੀਆ ਵਿੱਚ ਭਿਆਨਕ ਅੱਗਾਂ ਲੱਗ ਰਹੀਆਂ ਹਨ। ਇਹ ਸਭ ਕੁਝ ਦਰਸਾਉਂਦਾ ਹੈ ਕਿ ਮਾਂ ਧਰਤੀ ਕਿਵੇਂ ਕਰਾਹ ਰਹੀ ਹੈ।
ਅਸਲ ਵਿੱਚ ਸਾਡੀ ਤਰੱਕੀ ਦੀ ਪਰਿਭਾਸ਼ਾ ਹੀ ਗਲਤ ਸਾਬਤ ਹੋ ਗਈ ਹੈ। ਤਰੱਕੀ ਦਾ ਮਤਲਬ ਅਸਲ ਵਿੱਚ ਕੁਦਰਤ ਨਾਲ ਸਾਂਝ, ਟਿਕਾਊ ਵਿਕਾਸ ਤੇ ਸੰਤੁਲਨ ਹੋਣਾ ਚਾਹੀਦਾ ਹੈ। ਨਵਿਆਉਣਯੋਗ ਊਰਜਾ, ਰੁੱਖ ਲਗਾਉਣ ਤੇ ਪੁਰਾਤਨ ਸੰਸਕਾਰਾਂ ਤੋਂ ਸਿਖਣ ਨਾਲ ਹੀ ਅਸੀਂ ਧਰਤੀ ਨੂੰ ਬਚਾ ਸਕਦੇ ਹਾਂ।
ਜੇਕਰ ਭੌਤਿਕਵਾਦ ਦੇ ਪਿੱਛੇ ਅੰਨ੍ਹੇ ਭੱਜਦੇ ਰਹੇ ਤਾਂ ਧਰਤੀ ਦਾ ਪਤਨ ਹੋ ਜਾਵੇਗਾ। ਮਾਂ ਧਰਤੀ ਦਾ ਕਰਾਹਟਾਂ ਭਰਿਆ ਰੋਲਾ ਕੱਲ੍ਹ ਸਾਡੇ ਵਾਰਸਾਂ ਲਈ ਕਲੇਸ਼ ਦਾ ਰੂਪ ਧਾਰ ਲਵੇਗਾ। ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਤਰੱਕੀ ਦੀ ਦਿਸ਼ਾ ਨੂੰ ਬਦਲਈਏ—ਨਹੀਂ ਤਾਂ ਮਾਂ ਧਰਤੀ ਸਾਡੇ ਲਈ ਜੀਵਨ ਨਹੀਂ ਸਿਰਫ਼ ਸਜ਼ਾ ਛੱਡੇਗੀ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।