ਫਾਜ਼ਿਲਕਾ, 30 ਅਗਸਤ:
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਦੇਖਰੇਖ ਹੇਠ ਜ਼ਿਲ੍ਹੇ ਵਿੱਚ ਰਾਹਤ ਕਾਰਜ ਤੇਜ਼ੀ ਨਾਲ ਜਾਰੀ ਹਨ। ਡੀ.ਸੀ. ਖੁਦ ਲਗਾਤਾਰ ਦੌਰੇ ਕਰਕੇ ਹਰੇਕ ਸਥਿਤੀ 'ਤੇ ਨੇੜਿਓ ਨਿਗਰਾਨੀ ਕਰ ਰਹੇ ਹਨ। ਬੀਤੀ ਰਾਤ ਉਨ੍ਹਾਂ ਨੇ ਲਾਧੂਕਾ ਦੇ ਰਾਹਤ ਕੈਂਪ ਦਾ ਦੌਰਾ ਕਰਕੇ ਇੱਥੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਯਕੀਨੀ ਬਣਾਇਆ ਕਿ ਉਹਨਾਂ ਨੂੰ ਖਾਣ-ਪੀਣ, ਲੰਗਰ, ਸੁੱਕਾ ਰਾਸ਼ਨ, ਕੈਟਲ ਫੀਡ, ਹਰਾ ਚਾਰਾ ਅਤੇ ਹੋਰ ਸਹੂਲਤਾਂ ਪੂਰੀਆਂ ਮਿਲ ਰਹੀਆਂ ਹਨ।
ਜ਼ਿਲ੍ਹੇ ਦੇ 7 ਰਾਹਤ ਕੈਂਪਾਂ ਲਈ ਹਰ ਇੱਕ ਨੂੰ ਸੀਨੀਅਰ ਅਧਿਕਾਰੀ ਇੰਚਾਰਜ ਲਗਾਇਆ ਗਿਆ ਹੈ। ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਲਗਾਤਾਰ ਤਾਇਨਾਤ ਹਨ। ਇਸ ਦੌਰੇ ਦੌਰਾਨ ਐਸ.ਡੀ.ਐਮ. ਵੀਰਪਾਲ ਕੌਰ ਅਤੇ ਐਸ.ਡੀ.ਓ. ਮਨਪ੍ਰੀਤ ਕੰਬੋਜ ਵੀ ਡਿਪਟੀ ਕਮਿਸ਼ਨਰ ਨਾਲ ਸਨ।
ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹੇ ਦੀ 21,562 ਅਬਾਦੀ ਹੜ੍ਹ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ। ਹੁਣ ਤੱਕ 2,049 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 1,201 ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਇਸ ਤੋਂ ਇਲਾਵਾ ਹੁਣ ਤੱਕ 4,558 ਰਾਸ਼ਨ ਕਿੱਟਾਂ, 2,017 ਕੈਟਲ ਫੀਡ ਦੇ ਥੈਲੇ ਅਤੇ 968 ਕੁਇੰਟਲ ਹਰਾ ਚਾਰਾ ਵੰਡਿਆ ਜਾ ਚੁੱਕਿਆ ਹੈ। ਐਨ.ਡੀ.ਆਰ.ਐਫ. ਦੀਆਂ 2 ਅਤੇ ਆਰਮੀ ਦੀ 1 ਟੀਮ ਵੀ ਰਾਹਤ ਕਾਰਜਾਂ ਵਿੱਚ ਸਰਗਰਮ ਹੈ।
ਪ੍ਰਸ਼ਾਸਨ ਦੀਆਂ ਟੀਮਾਂ ਰਾਤ-ਦਿਨ ਕੰਮ ਕਰ ਰਹੀਆਂ ਹਨ। ਬੀਤੀ ਰਾਤ 2 ਵਜੇ ਪਿੰਡ ਮੁਹਾਰ ਜਮਸ਼ੇਰ ਤੋਂ ਇੱਕ ਮਹਿਲਾ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜੋ ਹੁਣ ਠੀਕ ਹੈ।
ਦੂਜੇ ਪਾਸੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ ਨੇ ਵੀ ਮੌਜ਼ਮ ਅਤੇ ਰਾਹਤ ਕੈਂਪ ਦਾ ਰਾਤ ਸਮੇਂ ਦੌਰਾ ਕਰਕੇ ਲੋਕਾਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਉਨ੍ਹਾਂ ਦੇ ਨਾਲ ਸਨ।