ਗੁਰਮੀਤ ਸਿੰਘ ਪਲਾਹੀ ਸਮਰੱਥ ਲੇਖਕ ਤੇ ਕਾਲਮ ਨਵੀਸ ਹੈ। ਉਸ ਦੀਆਂ ਇੱਕ ਦਰਜਨ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਗੁਰਮੀਤ ਸਿੰਘ ਪਲਾਹੀ ਦੇ ਚੋਣਵੇਂ ਲੇਖਾਂ ਨੂੰ ਇਕੱਤਰ ਕਰਕੇ ਪਰਵਿੰਦਰਜੀਤ ਸਿੰਘ ਨੇ ਸੰਪਾਦਿਤ ਕੀਤੀ ਹੈ। ਇਸ ਪੁਸਤਕ ਵਿੱਚ ਗੁਰਮੀਤ ਸਿੰਘ ਪਲਾਹੀ ਦੇ ਲਿਖੇ 56 ਲੇਖ ਸ਼ਾਮਲ ਹਨ। ਇਹ ਲੇਖ ਪੰਜਾਬੀ ਦੇ ਦੇਸ਼/ਪ੍ਰਦੇਸ਼ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਗਾਹੇ-ਵਗਾਹੇ ਪ੍ਰਕਾਸ਼ਤ ਹੋ ਚੁੱਕੇ ਹਨ। ਪਰਵਿੰਦਰਜੀਤ ਸਿੰਘ ਨੇ ਇਨ੍ਹਾਂ ਲੇਖਾਂ ਦੀ ਚੋਣ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ। ਇਸ ਪੁਸਤਕ ਦਾ ਨਾਮ ‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਦੇ ਵਿਸ਼ੇ ਤੇ ਲੇਖਕ ਦੀ ਸਮਾਜ ਪ੍ਰਤੀ ਸੰਜੀਦਗੀ ਦੀ ਗਵਾਹੀ ਭਰਦਾ ਹੈ, ਭਾਵ ਸਰਕਾਰਾਂ ਦੇ ਕੀਤੇ ਵਾਅਦਿਆਂ ਦੇ ਵਫ਼ਾ ਨਾ ਹੋਣ ਦੀ ਪੋਲ ਖੋਲ੍ਹਦੀ ਹੈ। ਇਸ ਸਿਰਲੇਖ ਤੋਂ ਗੁਰਮੀਤ ਸਿੰਘ ਪਲਾਹੀ ਦੀ ਵਿਚਾਰਧਾਰਾ ਦਾ ਵੀ ਪ੍ਰਗਟਾਵਾ ਹੁੰਦਾ ਹੈ। ਇਹ ਲੇਖ ਮੁੱਢਲੇ ਤੌਰ ‘ਤੇ ਲੋਕਾਈ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਹਨ, ਖਾਸ ਤੌਰ ‘ਤੇ ਮਨੁੱਖੀ ਹੱਕਾਂ ਦੀ ਰੱਖਵਾਲੀ ਕਰਨ ਵਾਲੇ ਹਨ। ਪੰਜਾਬ ਵਿੱਚ ਬਹੁਤ ਸਾਰੇ ਚਿੰਤਕ/ਵਿਦਵਾਨ/ਬੁੱਧੀਜੀਵੀ/ਕਾਬਲ ਕਾਲਮ ਨਵੀਸ ਹਨ, ਜਿਹੜੇ ਸਮਾਜਿਕ ਵਿਸੰਗਤੀਆਂ ਬਾਰੇ ਲਿਖਦੇ ਰਹਿੰਦੇ ਹਨ ਪ੍ਰੰਤੂ ਇਨ੍ਹਾਂ ਵਿੱਚੋਂ ਆਟੇ ਵਿੱਚ ਲੂਣ ਦੀ ਤਰ੍ਹਾਂ ਬਹੁਤ ਥੋੜ੍ਹੇ ਹਨ, ਜਿਹੜੇ ਬੇਬਾਕੀ ਨਾਲ ਮਨੁੱਖੀ ਹੱਕਾਂ ਤੇ ਹੋ ਰਹੇ ਹਮਲਿਆਂ ਬਾਰੇ ਲਿਖਣ ਦਾ ਹੌਸਲਾ ਕਰਦੇ ਹਨ। ਗੁਰਮੀਤ ਸਿੰਘ ਪਲਾਹੀ ਉਨ੍ਹਾਂ ਵਿੱਚੋਂ ਇੱਕ ਅਜਿਹਾ ਚਿੰਤਕ ਹੈ, ਜਿਸਦੇ ਲੇਖ ਹਰ ਮਸਲੇ ‘ਤੇ ਲਗਪਗ ਹਰ ਰੋਜ਼ ਕਿਸੇ ਨਾ ਕਿਸੇ ਅਖ਼ਬਾਰ ਦਾ ਸ਼ਿੰਗਾਰ ਬਣਦੇ ਹਨ। ਉਹ ਬੜੀ ਦਲੇਰੀ ਨਾਲ ਸਰਕਾਰਾਂ ਦੀਆਂ ਕੁਰੀਤੀਆਂ, ਜੋਰ ਜ਼ੁਬਰਦਸਤੀਆਂ, ਅਣਗਹਿਲੀਆਂ ਤੇ ਲਾਪ੍ਰਵਾਹੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਰੱਖ ਦਿੰਦੇ ਹਨ। ਇਸ ਪੁਸਤਕ ਵਿੱਚ ਉਸਦੇ ਲਗਪਗ 20 ਲੇਖ ਕਿਸਾਨਾ/ਮਜ਼ਦੂਰਾਂ/ਮੁਲਾਜ਼ਮਾ ਦੀਆਂ ਸਮੱਸਿਆਵਾਂ ਅਤੇ ਸਰਕਾਰਾਂ ਵੱਲੋਂ ਉਨ੍ਹਾਂ ਦੇ ਹਿਤਾਂ ਦੀ ਕੀਤੀ ਜਾ ਰਹੀ ਅਣਵੇਖੀ ਨਾਲ ਸੰਬੰਧਤ ਹਨ। ਉਹ ਇਕੱਲੇ ਪੰਜਾਬ ਦੇ ਕਿਸਾਨਾ/ਮਜ਼ਦੂਰਾਂ/ਮੁਲਾਜ਼ਮਾ ਬਾਰੇ ਹੀ ਚਿੰਤਤ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਕਿਸਾਨ/ਮਜ਼ਦੂਰਾਂ/ਮੁਲਾਜ਼ਮਾ ਨਾਲ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦਾ ਪਰਦਾ ਫ਼ਾਸ਼ ਕਰਦੇ ਹੋਏ, ਉਨ੍ਹਾਂ ਨੂੰ ਆਪਣੇ ਹੱਕਾਂ ਦੀ ਹਿਫ਼ਾਜ਼ਤ ਲਈ ਇੱਕਮੁੱਠ ਹੋ ਕੇ ਲੜਾਈ ਲੜ੍ਹਨ ਦੀ ਪ੍ਰੇਰਨਾ ਦਿੰਦੇ ਹਨ। ਸਰਕਾਰਾਂ ਨਾਲ ਰਲਕੇ ਵੱਡੇ ਕਾਰੋਬਾਰੀ ਕਿਸਾਨਾ ਦੇ ਜ਼ਮਹੂਰੀ ਹੱਕਾਂ ‘ਤੇ ਮਾਰੂ ਕਾਰਵਾਈਆਂ ਕਰ ਰਹੇ ਹਨ ਪ੍ਰੰਤੂ ਗੁਰਮੀਤ ਸਿੰਘ ਪਲਾਹੀ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਦੇ ਆਪਣੇ ਲੇਖਾਂ ਰਾਹੀਂ ਪਾਜ ਉਘੇੜਦੇ ਹਨ। ਇਸ ਪੁਸਤਕ ਵਿੱਚ ਕੋਈ ਅਜਿਹਾ ਭਖਦਾ/ਚਲੰਤ ਮਸਲਾ ਨਹੀਂ ਜਿਸ ਬਾਰੇ ਉਸਦਾ ਲੇਖ ਪ੍ਰਕਾਸ਼ਤ ਨਾ ਹੋਇਆ ਹੋਵੇ। ਉਹ ਭਖਦੇ/ਚਲੰਤ ਮਸਲਿਆਂ ਬਾਰੇ ਲਿਖਣ ਵਾਲਾ ਬੁੱਧੀਜੀਵੀ ਹੈ। ਖਾਸ ਤੌਰ ’ਤੇ ਬੇਰੋਜ਼ਗਾਰੀ, ਭ੍ਰਿਸ਼ਿਟਾਚਾਰ, ਵਾਤਾਵਰਨ, ਅਮਨ ਕਾਨੂੰਨ, ਪ੍ਰਦੂਸ਼ਣ, ਸਿਧਾਂਤਹੀਣ ਸਿਆਸਤਦਾਨ ਅਤੇ ਆਰਥਿਕ/ਸਮਾਜਿਕ/ਸਭਿਅਚਾਰਕ/ਮਾਨਸਿਕ ਸ਼ੋਸ਼ਣ ਉਸ ਦੇ ਲੇਖਾਂ ਦਾ ਵਿਸ਼ਾ ਬਣਦੇ ਰਹਿੰਦੇ ਹਨ। ਉਪਰੋਕਤ ਵਿਸ਼ਿਆਂ ’ਤੇ ਵੀ ਉਸਦੇ ਲਗਪਗ 25 ਲੇਖ ਹਨ। ਇਹ ਅਜਿਹੇ ਵਿਸ਼ੇ ਹਨ, ਜਿਨ੍ਹਾਂ ਦਾ ਮਾਨਵਤਾ ਦੀ ਸਿਹਤ ’ਤੇ ਖ਼ਤਰਨਾਕ ਅਸਰ ਪੈਂਦਾ ਹੈ। ਇਨ੍ਹਾਂ ਮੁੱਦਿਆਂ ਕਰਕੇ ਬਹੁਤ ਸਾਰੇ ਲੋਕ ਖੁਦਕਸ਼ੀਆਂ ਕਰ ਜਾਂਦੇ ਹਨ। ਗੁਰਮੀਤ ਸਿੰਘ ਪਲਾਹੀ ਇੱਕ ਸੰਜੀਦਾ ਕਾਲਮ ਨਵੀਸ ਹੈ, ਇਸ ਕਰਕੇ ਜਦੋਂ ਕੋਈ ਇਨ੍ਹਾਂ ਵਿਸ਼ਿਆਂ ਨਾਲ ਸੰਬੰਧਤ ਕਾਰਵਾਈ/ਘਟਨਾ ਵਾਪਰਦੀ ਹੈ ਤਾਂ ਗੁਰਮੀਤ ਸਿੰਘ ਪਲਾਹੀ ਦਾ ਮਨ ਉਸਨੂੰ ਇਨ੍ਹਾਂ ਲੋਕਾਂ ਦੇ ਹਿੱਤਾਂ ਦੀ ਰਖਵਾਲੀ ਲਈ ਲੇਖ ਲਿਖਣ ਲਈ ਤਾਕੀਦ ਕਰਦਾ ਹੈ, ਫਿਰ ਉਹ ਸਖ਼ਤ ਸ਼ਬਦਾਵਲੀ ਵਿੱਚ ਲੋਕਾਈ ਦੀ ਪ੍ਰਤੀਨਿਧਤਾ ਕਰਨ ਵਾਲੇ ਲੇਖ ਲਿਖਦਾ ਹੈ। ਸਮੁੱਚੇ ਸੰਸਾਰ ਵਿੱਚ ਹਰ ਰੋਜ਼ ਨਵੀਂਆਂ ਘਟਨਾਵਾਂ ਅਤੇ ਚਲੰਤ ਮਸਲਿਆਂ ਤੇ ਕਿੰਤੂ ਪ੍ਰੰਤੂ ਹੁੰਦਾ ਰਹਿੰਦਾ ਹੈ। ਗੁਰਮੀਤ ਸਿੰਘ ਪਲਾਹੀ ਦੀ ਖ਼ੂਬੀ ਹੈ ਕਿ ਉਹ ਹਰ ਘਟਨਾ ਬਾਰੇ ਆਪਣਾ ਪ੍ਰਤੀਕਮ ਲੇਖਾਂ ਰਾਹੀਂ ਦਿੰਦਾ ਹੈ। ਉਹ ਆਪਣਾ ਪ੍ਰਤੀਕਰਮ ਦੇਣ ਵਿੱਚ ਦੇਰੀ ਵੀ ਨਹੀਂ ਕਰਦਾ ਸਗੋਂ ਤੁਰੰਤ ਹੀ ਅਗਲੇ ਦਿਨ ਕਿਸੇ ਨਾ ਕਿਸੇ ਅਖ਼ਬਾਰ ਵਿੱਚ ਉਸਦਾ ਲੇਖ ਪ੍ਰਕਾਸ਼ਤ ਹੋਇਆ ਹੁੰਦਾ ਹੈ। ਉਸਦੀ ਜਾਣਕਾਰੀ ਦਾ ਦਾਇਰਾ ਵੀ ਵਿਸ਼ਾਲ ਹੈ, ਜੇ ਇਉਂ ਕਹਿ ਲਿਆ ਜਾਵੇ ਕਿ ਉਹ ਇੱਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਿਹਾ ਹੈ ਤਾਂ ਵੀ ਕੋਈ ਅਤਕਥਨੀ ਨਹੀਂ। ਇਹ ਪੁਸਤਕ ਪੜ੍ਹਦਿਆਂ ਉਸਦੇ ਗਿਆਨ, ਸਿਆਣਪ, ਵਿਚਾਰਧਾਰਾ ਅਤੇ ਸੂਝ ਦਾ ਪਤਾ ਲੱਗਦਾ ਹੈ। ਸਿਖਿਆ ਸ਼ਾਸਤਰੀ ਹੋਣ ਕਰਕੇ ਉਸ ਕੋਲ ਗਿਆਨ ਅਤੇ ਸ਼ਬਦਾਂ ਦਾ ਭੰਡਾਰ ਹੈ। ਉਸਨੂੰ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾ ਸਕਦਾ ਹੈ। ਧਰਤੀ ਦੀ ਕੁੱਖ ਨੂੰ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਵਧੇਰੇ ਮਾਤਰਾ ਵਿੱਚ ਵਰਤੋਂ ਪਲੀਤ ਕਰ ਰਹੀਆਂ ਹਨ। ਜ਼ਮੀਨ ਵਿੱਚੋਂ ਪਾਣੀ ਦੀ ਵਧੇਰੇ ਵਰਤੋਂ ਵੀ ਚਿੰਤਾ ਦਾ ਵਿਸ਼ਾ ਹੈ। ਜ਼ਮੀਨਦੋਜ਼ ਪਾਣੀ ਵੀ ਪ੍ਰਦੂਸ਼ਤ ਹੋ ਰਿਹਾ ਹੈ। ਭਾਵ ਕੁਦਰਤੀ ਵਸੀਲਿਆਂ ‘ਤੇ ਮਾਰੂ ਅਸਰ ਪੈ ਰਿਹਾ ਹੈ। ਗੁਰਮੀਤ ਸਿੰਘ ਪਲਾਹੀ ਦੇ ਲਗਪਗ 10 ਲੇਖਾਂ ਵਿੱਚ ਇਨ੍ਹਾਂ ਪਲੀਤ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਲਈ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ, ਕਿਉਂਕਿ ਇਨ੍ਹਾਂ ਨਾਲ ਇਨਸਾਨੀ ਜੀਵਨ ‘ਤੇ ਬੀਮਾਰੀਆਂ ਦਾ ਪ੍ਰਕੋਪ ਵੱਧ ਸਕਦਾ ਹੈ। ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਵੱਧ ਰਹੀਆਂ ਹਨ। ਜੇ ਇਉਂ ਕਹਿ ਲਿਆ ਜਾਵੇ ਕਿ ਗੁਰਮੀਤ ਸਿੰਘ ਪਲਾਹੀ ਲੋਕਾਈ ਦਾ ਪ੍ਰਤੀਨਿਧ ਬਣਕੇ ਵਿਚਰ ਰਿਹਾ ਹੈ ਤਾਂ ਵੀ ਕੋਈ ਗ਼ਲਤ ਗੱਲ ਨਹੀਂ, ਉਸਦੇ ਲੇਖਾਂ ਦੀ ਕੋਸ਼ਿਸ਼ ਲੋਕਾਈ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਦੀ ਹੁੰਦੀ ਹੈ। Çਲੰਗਕ ਨਾਬਰਾਬਰੀ, ਬੇਇਨਸਾਫ਼ੀ, ਹਿੰਸਾ ਵਰਗੀਆਂ ਘਿਨਾਉਣੀਆਂ ਹਰਕਤਾਂ ਬਾਰੇ ਵੀ ਗੁਰਮੀਤ ਸਿੰਘ ਪਲਾਹੀ ਲੇਖ ਲਿਖਦਾ ਹੈ, ਇਸ ਪੁਸਤਕ ਵਿੱਚ ਵੀ ਇਨ੍ਹਾਂ ਵਿਸ਼ਿਆਂ ਬਾਰੇ ਲੇਖ ਸ਼ਾਮਲ ਕੀਤੇ ਗਏ ਹਨ। ਮਨੀਪੁਰ ਵਿੱਚ ਲਗਾਤਾਰ ਹਿੰਸਾ ਹੋਣਾ ਤੇ ਦੋ ਸਮੁੱਦਾਇ ਦੀ ਖਾਨਾਜੰਗੀ ਨੂੰ ਰੋਕ ਨਾ ਸਕਣਾ ਮਾਨਵਤਾ ਦਾ ਘਾਣ ਕਰ ਹੋ ਰਿਹਾ ਹੈ ਪ੍ਰੰਤੂ ਕੇਂਦਰ ਸਰਕਾਰ ਘੂਕ ਸੁੱਤੀ ਪਈ ਹੈ। ਲੇਖਕ ਸਰਕਾਰ ਦੀ ਬੇਪ੍ਰਵਾਹੀ ਦਾ ਪੋਲ ਖੋਲ੍ਹਦਾ ਹੈ।
ਬੇਸ਼ੱਕ ਇਸ ਪੁਸਤਕ ਵਿੱਚ ਸਮੁੱਚੇ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਚਲੰਤ ਮਸਲਿਆਂ ਬਾਰੇ ਲਿਖਿਆ ਗਿਆ ਹੈ ਪ੍ਰੰਤੂ ਲੇਖਕ ਪੰਜਾਬ ਬਾਰੇ ਥੋੜ੍ਹਾ ਜ਼ਿਆਦਾ ਹੀ ਚਿੰਤਤ ਲੱਗਦਾ ਹੈ। ਪੰਜਾਬ ਦੇ ਜਿਹੜੇ ਮੁੱਦਿਆਂ ਬਾਰੇ ਇਸ ਪੁਸਤਕ ਵਿੱਚ ਲੇਖ ਲਿਖੇ ਗਏ ਹਨ, ਉਨ੍ਹਾਂ ਵਿੱਚ ਮੁੱਖ ਤੌਰ ‘ਤੇ ਬੇਰੋਜ਼ਗਾਰੀ, ਗੈਂਗਸਟਰਵਾਦ, ਧਰਨੇ, ਅੰਦੋਲਨ, ਸਥਾਨਕ ਸਰਕਾਰਾਂ, ਲੋਕਤੰਤਰ, ਘੱਟ ਗਿਣਤੀਆਂ ਨਾਲ ਜ਼ਿਆਦਤੀਆਂ, ਚੋਣਾਂ ਵਿੱਚ ਧਾਂਦਲੀਆਂ, ਦਲ ਬਦਲੀਆਂ ਦੀ ਪਰੰਪਰਾ, ਪਰਿਵਾਰਵਾਦ, ਮੁਫ਼ਤਖ਼ੋਰੀ, ਨਸ਼ੇ ਅਤੇ ਕਿਸਾਨੀ ਦੀ ਦੁਰਦਸ਼ਾ ਸ਼ਾਮਲ ਹਨ। ਇਹ ਸਾਰੇ ਵਿਸ਼ੇ ਪੰਜਾਬ ਦੀ ਆਰਥਿਕਤਾ ਅਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਰਹੇ ਹਨ। ਪੰਜਾਬ ਆਰਥਿਕ ਤੌਰ ‘ਤੇ ਖੋਖਲਾ ਹੋ ਗਿਆ ਹੈ। ਦਿਨ ਬਦਿਨ ਕਰਜ਼ੇ ਦੀ ਪੰਡ ਭਾਰੀ ਹੋ ਗਈ ਹੈ ਪ੍ਰੰਤੂ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਆਪੋ ਆਪਣੀ ਸਿਆਸਤ ਤਾਂ ਕਰ ਰਹੇ ਹਨ ਪ੍ਰੰਤੂ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ, ਇਸ ਚਿੰਤਾ ਦਾ ਪ੍ਰਗਟਾਵਾ ਲੇਖਕ ਦੇ ਲੇਖ ਕਰ ਰਹੇ ਹਨ। ਸਿਆਸਤਦਾਨ ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਕਰ ਰਹੇ ਹਨ, ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾ ਵਿੱਚ ਬੇਚੈਨੀ ਦਫ਼ਤਰੀ ਕੰਮ ਕਾਜ਼ ਵਿੱਚ ਰੁਕਾਵਟ ਪਾ ਰਹੀ ਹੈ। ਪੰਚਾਇਤੀ ਚੋਣਾ ਵਿੱਚ ਲੋਕਤੰਤਰ ਦੀ ਭਾਵਨਾ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ। ਵਿਦਿਆਰਥੀਆਂ ਵਿਚਲੇ ਅਸੰਤੋਸ਼ ਬੇਰੋਜ਼ਗਾਰੀ ਕਾਰਨ ਹੈ। ਬੇਰੋਜ਼ਗਾਰੀ ਦੂਰ ਕਰਨ ਦੇ ਉਪਰਾਲੇ ਨਹੀਂ ਹੋ ਰਹੇ। ਪੰਜਾਬੀ ਪ੍ਰਵਾਸ ਕਰ ਰਹੇ ਹਨ। ਨਰਿੰਦਰ ਮੋਦੀ ਦੇ ਦਸ ਸਾਲਾਂ ਦੇ ਰਾਜ ਵਿੱਚ ਕੀਤੀਆਂ ਮਨਮਾਨੀਆਂ, ਆਰ.ਐਸ.ਐਸ. ਦੀਆਂ ਸਰਗਰਮੀਆਂ, ਚੋਣਾਂ ਤੋਂ ਪਹਿਲਾਂ ਅਫਲਾਤੂਨੀ ਫ਼ੈਸਲੇ, ਲੋਕਤੰਤਰ, ਸੰਘੀ ਢਾਂਚੇ ਨੂੰ ਖ਼ਤਰਾ, ਸਿਖਿਆ ਪ੍ਰਣਾਲੀ ਦੇ ਵਾਦਵਿਵਾਦ ਆਦਿ ਸ਼ਾਮਲ ਹਨ। ਮੁੱਖ ਤੌਰ ‘ਤੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕਰਨਾ ਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾਉਣਾ ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਸੰਕਲਪ ਨੂੰ ਠੇਸ ਪਹੁਚਾਉਣਾ ਤੇ ਸੰਘੀ ਢਾਂਚੇ ਦੇ ਵਿਰੁੱਧ ਹੈ। ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੇ ਲੇਖ ਇਸ ਪੁਸਤਕ ਵਿੱਚ ਸ਼ਾਮਲ ਕੀਤੇ ਗਏ ਹਨ।
256 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਪੰਜਾਬੀ ਵਿਰਸਾ ਟਰੱਸਟ ਪਿੰਡ ਪਲਾਹੀ, ਡਾਕਘਰ ਫਗਵਾੜਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਗੁਰਮੀਤ ਸਿੰਘ ਪਲਾਹੀ : 9815802070
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com