Monday, August 25, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਅਲਵਿਦਾ! ਵਿਅੰਗ ਦੇ ਬਾਦਸ਼ਾਹ : ਜਸਵਿੰਦਰ ਸਿੰਘ ਭੱਲਾ -- ਉਜਾਗਰ ਸਿੰਘ  

August 24, 2025 09:11 PM

ਮਿਹਰ ਮਿੱਤਲ ਤੋਂ ਬਾਅਦ ਮਜ਼ਾਹੀਆ ਕਲਾਕਾਰ ਦੇ ਤੌਰ ‘ਤੇ ਪੰਜਾਬੀਆਂ ਦੇ ਦਿਲਾਂ ਨੂੰ ਮੋਹ ਲੈਣ ਵਾਲਾ ਜਸਵਿੰਦਰ ਸਿੰਘ ਭੱਲਾ 65 ਸਾਲ ਸਾਢੇ ਤਿੰਨ ਮਹੀਨੇ ਦੀ ਉਮਰ ਭੋਗਕੇ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਉਹ ਬਹੁ-ਪੱਖੀ, ਬਹੁ-ਪਰਤੀ, ਬਹੁ-ਵਿਧਾਵੀ, ਕਲਾਕਾਰ, ਅਦਾਕਾਰ ਅਤੇ ਡਾਇਰੈਕਟਰ ਸੀ। 1985 ਤੋਂ 2025 ਤੱਕ 40 ਸਾਲ ਉਹ ਪੰਜਾਬੀ ਫ਼ਿਲਮੀ, ਅਦਾਕਾਰੀ ਤੇ ਸੰਗੀਤ ਜਗਤ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਰਿਹਾ ਹੈ। ਭਾਵੇਂ ਜਸਵਿੰਦਰ ਸਿੰਘ ਭੱਲਾ ਇਸ ਸੰਸਾਰ ਵਿੱਚ ਸਰੀਰਕ ਤੌਰ ‘ਤੇ ਨਹੀਂ ਰਿਹਾ, ਪ੍ਰੰਤੂ ਉਸਦੇ ਵਿਅੰਗ ਤੇ ਹਾਸਿਆਂ ਦੇ ਫ਼ੁਹਾਰੇ ਰਹਿੰਦੀ ਦੁਨੀਆਂ ਤੱਕ ਪੰਜਾਬੀਆਂ ਨੂੰ ਜਸਵਿੰਦਰ ਭੱਲਾ ਦੀ ਯਾਦ ਤਾਜ਼ਾ ਕਰਵਾਉਂਦੇ ਰਹਿਣਗੇ। ਲੋਕਾਂ ਨੂੰ ਖ਼ੁਸ਼ੀਆਂ ਤੇ ਹਾਸੇ ਵੰਡਣ ਵਾਲਾ ਜਸਵਿੰਦਰ ਸਿੰਘ ਭੱਲਾ ਪੰਜਾਬੀ ਸੰਸਾਰ ਨੂੰ ਉਦਾਸੀ ਦੇ ਮੰਜਰ ਵਿੱਚ ਪਾ ਗਿਆ। ਪੰਜਾਬੀ ਵਿੱਚ ਵਿਅੰਗ ਦੇ ਮਜ਼ਾਹੀਆ ਕਲਾਕਾਰ ਦੇ ਤੌਰ ’ਤੇ ਪੰਜਾਬੀ ਸੰਸਾਰ ਵਿੱਚ ਪ੍ਰਸਿੱਧ ਜਸਵਿੰਦਰ ਸਿੰਘ ਭੱਲਾ ਦਾ ਅਜੇ ਤੱਕ ਕੋਈ ਸਾਨੀ ਪੈਦਾ ਨਹੀਂ ਹੋ ਸਕਿਆ। ਲੁਧਿਆਣਾ ਜ਼ਿਲ੍ਹੇ ਦੀ ਪਿੰਡ ਕੱਦੋਂ ਦੀ ਜ਼ਰਖ਼ੇਜ ਸਾਹਿਤਕ ਤੇ ਸੰਗੀਤਕ ਧਰਤੀ ਦਾ ਧਰਤੀ ਪੁੱਤਰ ਜਸਵਿੰਦਰ ਸਿੰਘ ਭੱਲਾ ਦੇ ਸਮਾਜਿਕ ਕੁਰੀਤੀਆਂ ਜਿਨ੍ਹਾਂ ਵਿੱਚ ਭਰੂਣ ਹੱਤਿਆ, ਨਸ਼ੇ ਅਤੇ ਬੇਰੋਜ਼ਗਾਰੀ ਬਾਰੇ ਤਿੱਖੇ ਵਿਅੰਗ ਦੀ ਮਾਰ ਨੂੰ ਸਹਿਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੁੰਦਾ ਸੀ। ਉਸਦੇ ਵਿਅੰਗ ਦੇ ਤੀਰ ਢਿੱਡੀਂ ਪੀੜਾਂ ਪਾ ਦਿੰਦੇ ਸਨ। ਵਿਅੰਗ ਦੇ ਖੇਤਰ ਵਿੱਚ ਜਸਵਿੰਦਰ ਭੱਲਾ ਦਾ ਅੰਦਾਜ਼ ਵੱਖਰਾ ਸੀ। ਉਸਦਾ ਤਕੀਆ ਕਲਾਮ ਅਤੇ ਡਾਇਲਾਗ ਜਿਵੇਂ ‘ਮੈਂ ਤਾਂ ਭੰਨ ਦਊਂ ਬੁਲਾਂ ਨਾਲ ਅਖ਼ਰੋਟ’, ‘ਜੇ ਚੰਡੀਗੜ੍ਹ ਢਹਿ ਜਾਊ ਤਾਂ ਪਿੰਡਾਂ ਵਰਗਾ ਤਾਂ ਰਹਿ ਜਾਊ’ ਅਤੇ ‘ਢਿਲੋਂ ਨੇ ਐਵੇਂ ਕਾਲਾ ਕੋਟ ਨਹੀਂ ਪਾਇਆ’ ਆਦਿ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੇ ਸਨ। ਉਸ ਦੀਆਂ ਛਣਕਾਟਾ ਸੀਰੀਜ਼ ਦੀਆਂ ਹੁਣ ਤੱਕ 29 ਆਡੀਓਜ਼, ਵੀਡੀਓਜ਼ ਅਤੇ ਐਲਬਮਾਂ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਉਹ 50 ਦੇ ਲਗਪਗ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕਰ ਚੁੱਕੇ ਹਨ। ਚਾਚਾ ਚਤਰ ਸਿੰਘ ਜਸਵਿੰਦਰ ਭੱਲਾ ਦਾ ਕ੍ਰੈਕਟਰ ਬਹੁਤ ਹਰਮਨ ਪਿਆਰਾ ਹੋਇਆ ਸੀ। ਚਾਚਾ ਚਤਰ ਸਿੰਘ ਦੇ ਕ੍ਰੈਕਟਰ ਨੇ ਉਸਨੂੰ ਸੰਸਾਰ ਵਿੱਚ ਹਰਮਨ ਪਿਆਰਾ ਕਰ ਦਿੱਤਾ। ਉਸ ਤੋਂ ਬਾਅਦ ਜਸਵਿੰਦਰ ਸਿੰਘ ਭੱਲਾ ਦਾ ਸਿਤਾਰਾ ਚੜ੍ਹਦਾ ਹੀ ਗਿਆ। ਜਸਵਿੰਦਰ ਸਿੰਘ ਭੱਲਾ ਸਰਲ ਸ਼ਬਦਾਵਲੀ ਵਿੱਚ ਡੂੰਘਾ ਵਿਅੰਗ ਕਰਨ ਦੇ ਮਾਹਿਰ ਤੇ ਤੌਰ ’ਤੇ ਜਾਣੇ ਜਾਂਦੇ ਹਨ। ਸਹਿਜ ਸੁਭਾਅ ਹੀ ਉਹ ਵਿਅੰਗ ਦੇ ਅਜਿਹੇ ਤਿੱਖੇ ਤੀਰ ਮਾਰਦਾ ਸੀ ਕਿ ਹਾਸਿਆਂ ਦਾ ਫੁਹਾਰਾ ਵਗਣ ਲੱਗ ਜਾਂਦਾ ਸੀ।

1975 ਵਿੱਚ ਜਸਵਿੰਦਰ ਸਿੰਘ ਭੱਲਾ ਦੀ ਆਪਣੇ ਦੋ ਸਹਿਯੋਗੀ ਕਲਾਕਾਰਾਂ ਦੇ ਨਾਲ ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮਾਂ ਲਈ ਚੋਣ ਹੋ ਗਈ। ਸਾਹਿਤਕ, ਗਾਇਕੀ ਅਤੇ ਸੰਗੀਤਕ ਰੁਚੀਆਂ ਦੇ ਬਾਦਸ਼ਾਹ ਜਗਦੇਵ ਸਿੰਘ ਜੱਸੋਵਾਲ ਨੇ ਲੁਧਿਆਣਾ ਵਿੱਚ ਪ੍ਰੋ. ਮੋਹਨ ਸਿੰਘ ਮੇਲੇ ਆਯੋਜਿਤ ਕਰਨੇ ਸ਼ੁਰੂ ਕੀਤੇ ਤਾਂ ਉਨ੍ਹਾਂ ਨੇ ਜਸਵਿੰਦਰ ਸਿੰਘ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਨੂੰ ਵੀ ਉਥੇ ਆਪਣਾ ਪ੍ਰੋਗਰਾਮ ਕਰਨ ਲਈ ਬੁਲਾਇਆ ਸੀ। ਇਸ ਮੌਕੇ ਤੇ ਦੂਰ ਦਰਸ਼ਨ ਜਲੰਧਰ ਦੇ ਅਧਿਕਾਰੀ ਆਏ ਹੋਏ ਸਨ, ਜਿਹੜੇ ਜਸਵਿੰਦਰ ਸਿੰਘ ਭੱਲਾ ਅਤੇ ਬਾਲ ਮੁਕੰਦ ਦੀ ਅਦਾਕਾਰੀ ਤੋਂ ਫਿਦਾ ਹੋ ਗਏ। ਫਿਰ ਉਨ੍ਹਾਂ ਦੇ ਪ੍ਰੋਗਰਾਮ ਦੂਰ ਦਰਸ਼ਨ ਜਲੰਧਰ ਤੋਂ ਟੈਲੀਕਾਸਟ ਹੋਣ ਲੱਗੇ। ਉਨ੍ਹਾਂ ਦੀ ਪਹਿਲੀ ਆਡੀਓ ਛਣਕਾਟਾ-88, 1988 ਵਿੱਚ ਮਾਰਕੀਟ ਵਿੱਚ ਆਈ ਸੀ। ਇਸ ਤੋਂ ਬਾਅਦ ਤਾਂ ਚੱਲ ਸੋ ਚੱਲ ਹਾਸੇ ਦੀਆਂ ਪਟਾਰੀਆਂ ਦਾ ਪ੍ਰਵਾਹ ਲਗਾਤਾਰ ਜਾਰੀ ਰਿਹਾ ਹੈ। ਦੁੱਲਾ ਭੱਟੀ ਜਸਵਿੰਦਰ ਸਿੰਘ ਭੱਲਾ ਦੀ ਪਹਿਲੀ ਫ਼ਿਲਮ ਨੇ ਹੀ ਉਸਦੀ ਫ਼ਿਲਮ ਜਗਤ ਵਿੱਚ ਪਛਾਣ ਬਣਾ ਦਿੱਤੀ ਸੀ। ਉਸਤੋਂ ਬਾਅਦ ਜ਼ਰਾ ਸੱਜੇ ਖੱਬੇ, ਡੁਗ ਡੁਗੀ ਵਜਦੀ, ਝੁਮਕੇ, ਨਾਟੀ ਬਾਬਾ ਇਨ ਟਾਊਨ, ਮਾਹੌਲ ਠੀਕ ਹੈ, ਜਿਹਨੇ ਮੇਰਾ ਦਿਲ ਲੁੱਟਿਆ, ਜੀਜਾ ਜੀ, ਪਾਵਰ ਕੱਟ, ਕਬੱਡੀ ਵਨਸ ਅਗੇਨ, ਆਪਾਂ ਫਿਰ ਮਿਲਾਂਗੇ, ਮੇਲ ਕਰਾਦੇ ਰੱਬਾ ਅਤੇ ਜੱਟ ਏਅਰਵੇਜ਼, ਕੈਰੀ ਆਨ ਜੱਟਾ-2012, ਵਧਾਈਆਂ ਜੀ-2018, ਕੈਰੀ ਆਨ ਜੱਟਾ-2, 2018, ਮਿਸਟਰ 420, 2014, ਜੱਟ ਤੇ ਜੂਲੀਅਟ 1, 2, 3, ਜਿਨ  ਡੈਡੀ ਕੂਲ ਮੁੰਡੇ ਆਦਿ ਵਰਣਨਯੋਗ ਫਿਲਮਾਂ ਵਿੱਚੋਂ ਹਨ। ਇਸ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਜਸਵਿੰਦਰ ਸਿੰਘ ਭੱਲਾ ਦੀ ਮੰਗ ਵੱਧ ਗਈ। ਉਸਨੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜੀਲੈਂਡ ਦੇਸ਼ ਵਿਦੇਸ਼ ਵਿੱਚ ਅਣਗਿਣਤ ਸ਼ੋ ਕੀਤੇ, ਹਮੇਸ਼ਾ ਹਰ ਸ਼ੋ ਵਿੱਚ ਲੋਕਾਂ ਨੇ ਉਸਦੀ ਅਦਾਕਾਰੀ ਨੂੰ ਹੱਥਾਂ ‘ਤੇ ਚੁੱਕ ਕੇ ਮਾਣ ਸਨਮਾਨ ਦਿੱਤਾ। ਪੰਜਾਬੀ ਅਦਾਕਾਰੀ ਦੇ ਖੇਤਰ ਵਿੱਚ ਸਭ ਤੋਂ ਵੱਧ ਮਾਣ ਸਨਮਾਨ ਜਸਵਿੰਦਰ ਭੱਲਾ ਨੂੰ ਮਿਲੇ ਸਨ। ਇਤਨੀਆਂ ਬੁਲੰਦੀਆਂ ‘ਤੇ ਪਹੁੰਚਣ ਤੋਂ ਬਾਅਦ ਵੀ ਉਹ ਜ਼ਮੀਨ ਨਾਲ ਜੁੜਿਆ ਕਲਾਕਾਰ ਤੇ ਅਦਾਕਾਰ ਸੀ। ਨਮਰਤਾ ਉਸਦਾ ਗਹਿਣਾ ਸੀ। ਅਦਾਕਾਰੀ ਦੇ ਖੇਤਰ ਵਿੱਚ ਜਸਵਿੰਦਰ ਸਿੰਘ ਭੱਲਾ ਇੱਕ ਅਮੀਰ ਵਿਰਾਸਤ ਛੱਡ ਕੇ ਗਿਆ ਹੈ। ਉਸਦੇ ਲੜਕਾ ਪੁਖਰਾਜ ਜਸਵਿੰਦਰ ਭੱਲਾ ਦੀ ਵਿਰਾਸਤ ਦਾ ਪਹਿਰੇਦਾਰ ਬਣ ਰਿਹਾ ਹੈ। ਇਤਨੀ ਪ੍ਰਸਿੱਧੀ ਤੋਂ ਬਾਅਦ ਉਸਨੂੰ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਨੇ ਸਨਮਾਨ ਦਿੱਤੇ ਹਨ, ਜਿਨ੍ਹਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਅਵਾਰਡ 1986-87, ਮੁਹੰਮਦ ਰਫੀ ਅਵਾਰਡ ਪੰਜਾਬ ਬੈਸਟ ਕਾਮੇਡੀਅਨ 1990-91, ਬੈਸਟ ਕਾਮੇਡੀਅਨ ਅਵਾਰਡ ਏਸ਼ੀਅਨ ਮੂਵੀ 1991, ਪੰਜਾਬੀ ਕਾਮੇਡਅਨ ਅਵਾਰਡ ਕੈਨੇਡਾ 1993, ਗੁਰਨਾਮ ਸਿੰਘ ਤੀਰ ਹਾਸ ਵਿਅੰਗ ਪੁਰਸਕਾਰ 1996, ਪੰਜਾਬੀ ਸਾਹਿਤ ਅਤੇ ਕਲਾ ਕੇਂਦਰ ਫ਼ਗਵਾੜਾ ਵੱਲੋਂ ਸਰਵੋਤਮ ਕਾਮੇਡੀ ਅਵਾਰਡ 1998, ਨਿਊਯਾਰਕ ਵਿਖੇ ਸ਼ਾਨਦਾਰ ਕਾਮੇਡੀਅਨ ਅਵਾਰਡ 1999,  ਅਜੀਤ ਅਖ਼ਬਾਰ ਵੱਲੋਂ ਬੈਸਟ ਕਾਮੇਡੀ ਪੁਰਸਕਾਰ 2000, ਪੀ.ਟੀ.ਸੀ.ਵੱਲੋਂ 2012, 2013, 2014 ਅਤੇ 2015 ਵਿੱਚ ਚਾਰ ਵਾਰ ਫ਼ਿਲਮ ਅਵਾਰਡ ਅਤੇ ਪੀ.ਏ.ਯੂ.ਅਲੂਮਨੀ ਵੱਲੋਂ ਸਭਿਆਚਾਰ ਅਤੇ ਅਕਾਦਮਿਕ ਪ੍ਰਾਪਤੀਆਂ ਲਈ ਪੁਰਸਕਾਰ ਦਿੱਤਾ ਗਿਆ, ਆਦਿ ਸ਼ਾਮਲ ਹਨ।

 ਜਸਵਿੰਦਰ ਸਿੰਘ ਭੱਲਾ ਦਾ ਜਨਮ ਪਿਤਾ ਬਹਾਦਰ ਸਿੰਘ ਭੱਲਾ ਦੇ ਘਰ ਮਾਤਾ ਸਤਵੰਤ ਕੌਰ ਦੀ ਕੁੱਖੋਂ 4 ਮਈ, 1960 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੱਦੋਂ ਵਿਖੇ ਹੋਇਆ ਸੀ। ਉਸ ਦਾ ਵਿਆਹ ਪ੍ਰਮਿੰਦਰ ਕੌਰ (ਪਰਮਦੀਪ ਭੱਲਾ)ਨਾਲ ਹੋਇਆ। ਪ੍ਰਮਿੰਦਰ ਕੌਰ ਫ਼ਾਈਨ ਆਰਟਸ ਟੀਚਰ ਹਨ। ਉਨ੍ਹਾਂ ਦੇ ਦੋ ਬੱਚੇ ਲੜਕਾ ਪੁਖਰਾਜ ਸਿੰਘ ਭੱਲਾ ਅਤੇ ਲੜਕੀ ਅਰਸ਼ਪ੍ਰੀਤ ਕੌਰ ਭੱਲਾ ਹਨ।  ਅਰਸ਼ਦੀਪ ਕੌਰ ਨਾਰਵੇ ਵਿੱਚ ਸੈਟਲ ਹਨ। ਜਸਵਿੰਦਰ ਸਿੰਘ ਭੱਲਾ ਦੇ ਪਿਤਾ ਬਹਾਦਰ ਸਿੰਘ ਭੱਲਾ ਅਧਿਆਪਕ ਸਨ, ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪਿੰਡ ਕੱਦੋਂ ਤੋਂ ਦੋਰਾਹਾ ਵਿਖੇ ਆ ਕੇ ਰਹਿਣ ਲੱਗ ਪਏ ਸਨ। ਉਸਦਾ ਦਾਦਾ  ਰਲਾ ਸਿੰਘ ਪਿੰਡ ਕੱਦੋਂ ਤੋਂ ਹਰ ਰੋਜ ਦੋਰਾਹਾ ਵਿਖੇ ਆਪਣੀ ਦੁਕਾਨ ‘ਤੇ ਜਾਂਦਾ ਸੀ। ਜਸਵਿੰਦਰ ਭੱਲਾ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਕੱਦੋਂ ਦੇ ਨਾਲ ਹੀ ਬਰਮਾਲੀਪੁਰ ਪਿੰਡ ਵਿੱਚ ਕੀਤੀ, ਕਿਉਂਕਿ ਉਸਦੇ ਪਿਤਾ ਬਹਾਦਰ ਸਿੰਘ ਉਸ ਸਮੇਂ ਬਰਮਾਲੀਪੁਰ ਸਕੂਲ ਵਿੱਚ ਪੜ੍ਹਾਉਂਦੇ ਸਨ। ਫਿਰ ਉਸਨੇ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਪ੍ਰਾਪਤ ਕੀਤੀ। ਦੋਰਾਹਾ ਸਕੂਲ ਵਿੱਚ ਪੜ੍ਹਦਿਆਂ ਹੀ ਜਸਵਿੰਦਰ ਸਿੰਘ ਭੱਲਾ ਮੋਨੋ ਐਕਟਿੰਗ ਅਤੇ ਨਾਟਕਾਂ ਵਿੱਚ ਅਦਾਕਾਰੀ ਕਰਨ ਲੱਗ ਗਿਆ ਸੀ। ਉਸ ਸਮੇਂ ਉਹ ਬਹੁਤ ਸ਼ਰਮੀਲਾ ਹੁੰਦਾ ਸੀ। ਇਹ ਜਾਣਕਾਰੀ ਉਸਦੇ ਪਰਿਵਾਰ ਦੇ ਨਜ਼ਦੀਕੀ ਦੋਰਾਹੇ ਤੋਂ ਜੋਗਿੰਦਰ ਸਿੰਘ ਓਬਰਾਏ ਨੇ ਦਿੱਤੀ ਹੈ। ਉਸ ਤੋਂ ਬਾਅਦ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀ.ਐਸ.ਸੀ.ਖੇਤੀਬਾੜੀ ਆਨਰਜ਼ ਦੀ ਡਿਗਰੀ 1982 ਵਿੱਚ ਪ੍ਰਾਪਤ ਕੀਤੀ। ਇਸੇ ਯੂਨੀਵਰਸਿਟੀ ਵਿੱਚੋਂ ਐਮ.ਐਸ.ਸੀ. ਐਕਸਟੈਨਸ਼ਨ ਐਜੂਕੇਸ਼ਨ ਦੀ ਡਿਗਰੀ 1985 ਵਿੱਚ ਪ੍ਰਾਪਤ ਕੀਤੀ। ਫਿਰ ਉਸਨੇ ਖੇਤੀਬਾੜੀ ਵਿਭਾਗ ਵਿੱਚ ਏ.ਆਈ/ਏ.ਡੀ.ਓ. ਦੀ ਅਸਾਮੀ ‘ਤੇ ਪੰਜ ਸਾਲ ਨੌਕਰੀ ਕੀਤੀ। 1989 ਵਿੱਚ ਉਸਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਪਾਸਾਰ ਵਿਭਾਗ ਵਿੱਚ ਲੈਕਚਰਾਰ ਦੀ ਨੌਕਰੀ ਜਾਇਨ ਕਰ ਲਈ। ਇਥੇ ਹੀ ਉਹ  ਪਹਿਲਾਂ ਐਸੋਸੀਏਟ ਪ੍ਰੋਫ਼ੈਸਰ ਅਤੇ 2020 ਵਿੱਚ ਪ੍ਰੋਫ਼ੈਸਰ ਅਤੇ ਵਿਭਾਗ ਦੇ ਮੁੱਖ ਬਣ ਗਏ। ਨੌਕਰੀ ਕਰਦਿਆਂ ਹੀ ਜਸਵਿੰਦਰ ਸਿੰਘ ਭੱਲਾ ਨੇ ਸਾਲ 2000 ਵਿੱਚ ਡਾ.ਦਵਿੰਦਰ ਸਿੰਘ ਦੀ ਅਗਵਾਈ ਵਿੱਚ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਸ਼ਨ ਕਾਲਜ ਮੇਰਠ ਤੋਂ ਐਗਰੀਕਲਚਰ ਐਕਸਟੈਨਸ਼ਨ ਵਿਸ਼ੇ ‘ਤੇ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। 31 ਮਈ, 2020 ਨੂੰ ਸੇਵਾ ਮੁਕਤ ਹੋਏ ਹਨ। ਆਪਣੀ ਨੌਕਰੀ ਦੌਰਾਨ ਉਹ ਆਪਣੀ ਕਲਾ ਦਾ ਪ੍ਰਗਟਾਵਾ ਲਗਾਤਾਰ ਕਰਦੇ ਰਹੇ। 20 ਅਗਸਤ ਨੂੰ ਜਸਵਿੰਦਰ ਭੱਲਾ ਨੂੰ ਬ੍ਰੇਨ ਹੈਮਰੇਜ ਹੋਇਆ। ਉਸਤੋਂ ਤੁਰੰਤ ਬਾਅਦ ਉਸਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪ੍ਰੰਤੂ ਇਹ ਬ੍ਰੇਨ ਹੈਮਰੇਜ ਘਾਤਕ ਸਿੱਧ ਹੋਇਆ ਤੇ ਉਹ 22 ਅਗਸਤ ਨੂੰ ਸਵਰਗਵਾਸ ਹੋ ਗਏ।  ਉਨ੍ਹਾਂ ਦੇ ਜੱਦੀ ਪਿੰਡ ਕੱਦੋਂ ਅਤੇ ਦੋਰਾਹਾ ਵਿਖੇ ਉਦਾਸੀ ਦੀ ਲਹਿਰ ਛਾ ਗਈ। ਪੰਜਾਬੀ ਜਗਤ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਰੌਸ਼ਨੀ ਦੇਣ ਵਾਲਾ ਸੰਗੀਤਕ ਦੀਵਾ ਬੁੱਝ ਗਿਆ ਹੈ।

 

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

 

 

 

Have something to say? Post your comment

More From Article

ਜਿੱਥੇ ਸਮਾਂ ਰੁੱਕ ਗਿਆ - ਦੁਨੀਆ ਦੀ ਸਭ ਤੋਂ ਅਲੱਗ ਥਲੱਗ ਰਹੱਸਮਈ ਸੈਂਟੀਨਲੀਜ਼(Sentinels Tribe) ਜਨਜਾਤੀ

ਜਿੱਥੇ ਸਮਾਂ ਰੁੱਕ ਗਿਆ - ਦੁਨੀਆ ਦੀ ਸਭ ਤੋਂ ਅਲੱਗ ਥਲੱਗ ਰਹੱਸਮਈ ਸੈਂਟੀਨਲੀਜ਼(Sentinels Tribe) ਜਨਜਾਤੀ

ਮਨਜੀਤ ਬੋਪਾਰਾਏ ਦੀ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਪੁਸਤਕ ਵਿਗਿਆਨਕ ਸੋਚ ਦੀ ਲਖਾਇਕ  --  ਉਜਾਗਰ ਸਿੰਘ   

ਮਨਜੀਤ ਬੋਪਾਰਾਏ ਦੀ ‘ਕਾਫ਼ਿਰ ਹੀ ਪਵਿੱਤਰ ਮਨੁੱਖ’ ਪੁਸਤਕ ਵਿਗਿਆਨਕ ਸੋਚ ਦੀ ਲਖਾਇਕ --  ਉਜਾਗਰ ਸਿੰਘ  

ਮੀਡੀਆ ਅਦਾਰਿਆਂ ਨਾਲ ਬੇ-ਇਨਸਾਫੀ ਦਾ ਮਾਮਲਾ

ਮੀਡੀਆ ਅਦਾਰਿਆਂ ਨਾਲ ਬੇ-ਇਨਸਾਫੀ ਦਾ ਮਾਮਲਾ

ਬੱਚਿਆਂ ਦੇ ਵਿਉਹਾਰ ਵਿੱਚ ਗੁੱਸੇਖੋਰੀ ਦਾ ਵਾਧਾ

ਬੱਚਿਆਂ ਦੇ ਵਿਉਹਾਰ ਵਿੱਚ ਗੁੱਸੇਖੋਰੀ ਦਾ ਵਾਧਾ

ਸਚ ਦੀ ਅਦੁੱਤੀ ਸੱਤਾ : ਸ੍ਰੀ ਗੁਰ ਗ੍ਰੰਥ ਸਾਹਿਬ                                                                      ਡਾ. ਸਤਿੰਦਰ ਪਾਲ ਸਿੰਘ 

ਸਚ ਦੀ ਅਦੁੱਤੀ ਸੱਤਾ : ਸ੍ਰੀ ਗੁਰ ਗ੍ਰੰਥ ਸਾਹਿਬ                                                                     ਡਾ. ਸਤਿੰਦਰ ਪਾਲ ਸਿੰਘ 

“ਕੁਦਰਤ ਨਾਲ ਖਿਲਵਾੜ: ਮਨੁੱਖਤਾ ਲਈ ਕਾਲ ਦਾ ਸੰਦੇਸ਼”

“ਕੁਦਰਤ ਨਾਲ ਖਿਲਵਾੜ: ਮਨੁੱਖਤਾ ਲਈ ਕਾਲ ਦਾ ਸੰਦੇਸ਼”

"1947 ਦੀ ਵੰਡ– ਇੱਕ ਇਤਿਹਾਸਕ ਵਿਸ਼ਲੇਸ਼ਣ"

ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ

ਪੰਜਾਬੀਆਂ ਦੇ ਸੁਭਾਅ ਨੂੰ ਸਮਝ ਨਹੀ ਸਕੀ ਦਿੱਲੀ ਦੀ ਨਵੀਂ ਸਿਆਸਤ

         ਆਤਮ ਨਿਰਭਰ ਭਾਰਤ ਅਤੇ ਨੌਜਵਾਨ ਸ਼ਕਤੀ 

         ਆਤਮ ਨਿਰਭਰ ਭਾਰਤ ਅਤੇ ਨੌਜਵਾਨ ਸ਼ਕਤੀ 

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ -- ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ -- ਬਲਵਿੰਦਰ ਪਾਲ ਸਿੰਘ ਪ੍ਰੋਫੈਸਰ