Monday, August 25, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਸਚ ਦੀ ਅਦੁੱਤੀ ਸੱਤਾ : ਸ੍ਰੀ ਗੁਰ ਗ੍ਰੰਥ ਸਾਹਿਬ                                                                     ਡਾ. ਸਤਿੰਦਰ ਪਾਲ ਸਿੰਘ 

August 20, 2025 10:59 PM

 

ਗੁਰੂ ਨਾਨਕ ਸਾਹਿਬ ਨੇ ਲੋਕਾਈ ਦਾ ਉੱਧਾਰ ਕਰਨ ਲਈ ਸ਼ਬਦ ਨੂੰ ਆਧਾਰ ਬਣਾਇਆ I ਗੁਰੂ ਸਾਹਿਬ ਲਈ ਸ਼ਬਦ ਕੇਵਲ ਭਾਸ਼ਾ ਜਾਂ ਵਿਦਵਤਾ ਪ੍ਰਦਰਸ਼ਨ ਦਾ ਮਾਧਿਅਮ ਨਹੀਂ ਸੀ , ਆਪ ਨੇ ਸ਼ਬਦ ਅੰਦਰ ਪਰਮਾਤਮਾ ਦੇ ਦਰਸ਼ਨ ਕਰਾਏ । ਗੁਰ ਸ਼ਬਦ ਦਾ ਵਿਸਮਾਦੀ ਵਰਤਾਰਾ ਅਗੰਮ, ਅਲੱਖ ਪਰਮਾਤਮਾ ਨੂੰ ਮਨੁੱਖ ਦੇ ਨੇੜੇ ਤੋਂ ਨੇੜੇ ਲਿਆਉਣ ਵਾਲਾ ਸੀ । ਇਹ ਰਿਵਾਇਤ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਾਰੀ ਰਹੀ I ਗੁਰੂ ਸਾਹਿਬਾਨ ਕੋਲ ਸ਼ਬਦ ਦੇ ਬਲ ਦਾ  ਅਤੁੱਟ ਭੰਡਾਰ ਸੀ I ਇੱਕ ਸ਼ਬਦ ਦੀ ਹੀ ਅਮੁੱਲ ਦਾਤ ਸੀ ਜੋ ਗੁਰੂ ਸਾਹਿਬਾਨ ਨੇ ਸੰਸਾਰ ਅੰਦਰ ਖੁੱਲੇ ਹੱਥੀਂ ਵੰਡੀ I ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਗੁਰਬਾਣੀ ਨੂੰ ਗ੍ਰੰਥ ਦਾ ਅਵਿਨਾਸ਼ੀ ਸਵਰੂਪ ਬਖਸ਼ਿਆ I ਆਪ ਨੇ ਜਿਸ ਅਦੁੱਤੀ ਮਰਿਆਦਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਵਿੱਚ ਕਰਾਇਆ ਉਹ ਧਰਮ ਜਗਤ ਵਿੱਚ ਬਾਣੀ ਦੇ ਸਤਿਕਾਰ ਨੂੰ ਸਿਖਰ ਪ੍ਰਦਾਨ ਕਰਨ ਵਾਲਾ ਸੀ । ਜਗਤ ਸ਼ਖਸੀਅਤ ਤੋਂ ਸ਼ਬਦ ਦੀ ਰਾਹ ਵੱਲ ਤੁਰ ਪਿਆ । ਮਨੁੱਖ ਨਹੀਂ ਮਨ ਅਧਿਆਤਮ ਦੇ ਕੇਂਦਰ ਵਿੱਚ ਆ ਗਿਆ । ਪੋਥੀ ਵਿੱਚ ਪਰਮਾਤਮਾ ਵੱਸ ਗਿਆ I ਗੁਰੂ ਅਰਜਨ ਸਾਹਿਬ ਨੇ ਨੰਗੇ ਪੈਰੀਂ ਚੰਵਰ ਕਰਦੇ ਹੋਏ ਚੱਲ ਕੇ ਸਵਰੂਪ ਨੂੰ ਸ੍ਰੀ ਦਰਬਾਰ ਸਹਿਬ ਤੱਕ ਲਿਆਂਦਾ । ਬਾਬਾ ਬੁੱਢਾ ਜੀ ਗੁਰੂ ਸਾਹਿਬ ਦੇ ਅੱਗੇ ਅੱਗੇ ਚਲ ਰਹੇ ਸਨ ਕਿੰਉਕਿ ਉਨ੍ਹਾਂ ਦੇ ਸਿਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਸਨ । ਇਸ ਮਰਿਆਦਾ ਨੇ ਹੀ ਭਵਿੱਖ ਤੈ ਕਰ ਦਿੱਤਾ ਕਿ ਸ਼ਬਦ ਤੇ ਸ਼ਬਦ ਨਾਲ ਜੁੜਿਆ ਹੀ ਪ੍ਰਧਾਨ ਹੋਵੇਗਾ । ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗ੍ਰੰਥ ਨੂੰ ਸੰਪੂਰਣ ਕਰ  ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ‘ਚ ਗੁਰਗੱਦੀ ਤੇ ਵਿਰਾਜਮਾਨ ਕਰ ਸਚ ਦੀ ਸ਼ਹਨਸ਼ਾਹੀ ਦਾ ਬਾਕਾਇਦਾ ਐਲਾਨ ਕੀਤਾ I ਦੁਨਿਆ ਅੰਦਰ ਸਭ ਤੋਂ ਵੱਡਾ ਭਰਮ ਸਚ ਨੂੰ ਲੈ ਕੇ ਸੀ I ਮਾਇਆ ਦਾ ਅਜਿਹਾ ਪਸਾਰਾ ਹਰ ਥਾਂ , ਹਰ ਦਿਸ਼ਾ ‘ਚ ਵਿਦਮਾਨ ਸੀ ਕਿ ਖੋਟੇ ਤੇ ਖਰੇ ਦਾ ਭੇਦ ਕਠਿਨ ਸੀ I ਜੋਗ ਤੇ ਅਜੋਗ ਦੀ ਪਛਾਣ ਅਲੋਪ ਹੋ ਗਈ ਸੀ I ਲੋਗ ਕੌੜੇ ਨੂੰ ਮਿੱਠਾ ਮੰਨ ਕੇ ਖਾਈ ਜਾ ਰਹੇ ਸਨ I ਸੰਸਾਰ ਅੰਦਰ ਧਰਮ ਦੀ ਚਰਚਾ ਸੀ ਪਰ ਧਰਮ ਦੀ  ਦ੍ਰਿਸ਼ਟੀ ਨਹੀਂ ਸੀ I ਸਚ ਦਾ ਗੁਣਗਾਨ ਸੀ ਪਰ ਸਚ ਦੀ ਕਦਰ ਨਹੀਂ ਸੀ I ਲੋਕਾਈ  ਦਾ ਹਾਲ  ਸੀ ਜਿਵੇਂ ਨੇਤਰਹੀਨ ਰਤਨ – ਜਵਾਹਰ ਦੀ ਪਰਖ ਕਰ ਰਿਹਾ ਹੋਵੇ “ ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ “ I ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸ਼ਾਮਲ ਬਾਣੀ ਮਨੁੱਖਤਾ ਦੀ ਨੇਤਰਹੀਨਤਾ ਨੂੰ ਦੂਰ ਕਰ ਸਚ ਨੂੰ ਵੇਖਣ ਦੀ ਦ੍ਰਿਸ਼ਟੀ ਦੇਣ ਵਾਲੀ ਤੇ ਉਸ ਅਟਲ , ਸਦੀਵੀ ਸਚ ਨੂੰ ਮਨ ਅੰਦਰ ਧਾਰਨ ਕਰਨ ਜੋਗ ਬਣਾਉਣ ਵਾਲੀ ਸਾਬਤ ਹੋਈ I 

 

ਮਨੁੱਖ ਦਾ ਸਭ ਤੋਂ ਵੱਡਾ ਭਰਮ ਆਪਣੇ ਜੀਵਨ ਨੂੰ ਲੈ ਕੇ ਸੀ I ਉਸ ਦੇ ਜਨਮ ਦਾ ਕੀ ਮਨੋਰਥ ਹੈ ਤੇ ਉਸ ਨੂੰ ਕਿਵੇਂ ਪ੍ਰਾਪਤ ਕਰਨਾ ਹੈ ,  ਇਹ ਸਵਾਲ ਸ੍ਰਿਸ਼ਟੀ  ਦੀ ਸਿਰਜਨਾ ਤੋਂ ਹੀ ਇੱਕ ਗੁੜ੍ਹ ਬੁਝਾਰਤ ਬਣਿਆ ਹੋਇਆ ਸੀ I ਵੱਖ – ਵੱਖ ਵਿਚਾਰ ਸਮੇਂ ਸਮੇਂ ਤੇ ਉਸ ਦੇ ਸਾਹਮਣੇ ਆਉਂਦੇ ਰਹੇ I ਵਿਚਾਰਾਂ ਦਾ ਆਪਸੀ ਟਕਰਾਵ ਇੱਕ ਭਿੰਨ ਕਿਸਮ ਦੀ ਸਮੱਸਿਆ ਬਣ ਗਿਆ . ਸਮਾਜ ਟੁੱਕੜੇਆਂ ਵਿੱਚ ਵੰਡ ਗਿਆ ਤੇ ਜੀਵਨ ਦਸ਼ਾ ਬਦ ਤੋਂ ਬਦਤਰ ਹੁੰਦੀ ਚਲੀ ਗਈ  I ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਰੇ ਭਰਮ ਦੂਰ ਕਰ ਜਿੱਥੇ ਜੀਵਨ ਦੀ ਸੇਧ ਪ੍ਰਦਾਨ ਕੀਤੀ ,  ਸਮਾਜ ਨੂੰ ਜੋੜਨ ਦਾ ਵੀ ਮਹਾਨ ਉਪਕਾਰ ਕੀਤਾ “ ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ “ I ਕਿਸੇ ਨੇ ਆਪਨੇ ਰਾਜ ਪਾਟ ਨੂੰ ,  ਕਿਸੇ ਨੇ ਆਪਣੇ ਗਿਆਨ ਨੂੰ , ਕਿਸੇ ਨੇ ਆਪਨੀ ਦੌਲਤ ਤੇ ਕਿਸੇ ਆਪਣੇ ਕੁਲ , ਵੰਸ਼ ਨੂੰ ਸਚ ਮੰਨ ਲਿਆ ਸੀ I ਗੁਰੂ ਨਾਨਕ ਸਾਹਿਬ ਨੇ ਸੁਚੇਤ ਕਰਦਿਆਂ ਕਿਹਾ ਕਿ ਸਚ ਤਾਂ ਬਸ ਇੱਕੋ ਇੱਕ ਪਰਮਾਤਮਾ ਹੈ ਜੋ ਆਦਿ ਕਾਲ ਤੋਂ ਹੈ ਤੇ ਸਦਾ ਹੀ ਰਹਿਣ ਵਾਲਾ ਹੈ “ ਆਦਿ ਸਚੁ ਜੁਗਾਦਿ ਸਚੁ , ਹੈ ਭੀ ਸਚੁ ਨਾਨਕ ਹੋਸੀ ਭੀ ਸਚੁ “  I ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਨੂੰ ਮਾਤਰ ਹੋਂਦ ਦੇ ਆਧਾਰ ਤੇ ਹੀ ਸਚ ਨਹੀਂ ਕਿਹਾ , ਇਸ ਨਾਲ ਉਸ ਦੇ ਸਦਾ ਕਾਇਮ ਰਹਿਣ ਵਾਲੇ ਗੁਣ ਵੀ ਜੋੜੇ I ਗੁਰੂ ਸਾਹਿਬ ਨੇ ਕਿਹਾ ਕਿ ਉਹ ਕਰਤਾ - ਉਪਕਾਰੀ ਹੈ , ਕਿਸੇ ਵੀ ਭੈ ਅੰਦਰ ਨਹੀਂ - ਅਚਿੰਤ ਹੈ , ਨਿਰਮਲ ਬਿਰਤੀ ਵਾਲਾ ਹੈ ਤੇ ਅਵਿਨਾਸ਼ੀ ਹੈ I ਗੁਰੂ ਸਾਹਿਬਾਨ ਨੇ ਜਿਸ ਸਚ ਤੋਂ ਲੋਕਾਈ ਨੂੰ ਰੂਬਰੂ ਕਰਾਇਆ ਉਹ ਗੁਣੀ ਤੇ ਕਲਿਆਣਕਾਰੀ ਸੀ I ਗੁਰਬਾਣੀ ਨੇ ਸੇਧ ਦਿੱਤੀ ਕਿ ਜਿਸ ਸੁਖ ਦੀ ਆਸ ‘ਚ ਮਨੁੱਖ ਭਟਕ ਰਿਹਾ ਹੈ ਉਹ ਸਚ ਸਵਰੂਪ ਪਰਮਾਤਮਾ ਕੋਲੋਂ ਹੀ ਮਿਲਣਾ ਹੈ “ ਏਕੁ ਅਰਾਧਹੁ ਸਚਾ ਸੋਇ , ਜਾ ਕੀ ਸਰਨਿ ਸਦਾ ਸੁਖੁ ਹੋਇ “ I ਗੁਰਬਾਣੀ ਨੇ ਉਸ ਸਚ ਨਾਲ ਜੋੜਨ ਦੀ ਗੱਲ ਕੀਤੀ ਜਿੱਥੇ ਮਨੁੱਖੀ ਦੁੱਖਾਂ ਦਾ ਪੂਰਨ ਨਿਦਾਨ ਹੈ I ਗੁਰਬਾਣੀ ਨੇ ਮਨੁੱਖੀ ਹੰਕਾਰ ਨੂੰ ਤੋੜਨ ਤੇ ਵਿਕਾਰਾਂ ਤੋਂ ਦੂਰ ਕਰਨ ਲਈ ਸਚ ਡਾ ਦੂਜਾ ਪੱਖ ਵੀ ਸਾਹਮਣੇ ਰੱਖਿਆ I ਇਹ ਦੂਜਾ ਪੱਖ ਸੀ ਮਨੁੱਖ ਦੀ ਹੋਂਦ ਦਾ ਇੱਕ ਦਮ , ਪਲ ਦਾ ਹੋਣਾ , ਅਗਲੇ ਸਵਾਸ ਦਾ ਯਕੀਨੀ ਨਾ ਹੋਣਾ I ਮਨੁੱਖ ਕੋਲ ਜੀਵਨ ਦੇ ਕਿੰਨੇ ਪਲ ਹਨ ਇਹ ਨਹੀਂ ਜਾਣਿਆ ਜਾ ਸਕਦਾ “ ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ “ I ਮਨੁੱਖ ਨੇ ਜੀਵਨ ਨੂੰ ਸਚ ਮੰਨ ਕੇ ਜੀਉਣਾ ਆਰੰਭ ਕਰ ਦਿੱਤਾ ਜੋ ਉਸ ਦੀ ਵੱਡੀ ਅਗਿਆਨਤਾ ਸੀ I ਮਨੁੱਖ ਦੇ ਜੀਵਨ ਦਾ ਸਚ ਉਸ ਮਿਹਮਾਨ ਵਰਗਾ ਹੈ ਜੋ ਰਾਤ ਬਿਤਾਉਣ ਲਈ ਆਇਆ ਹੈ I ਉਸ ਨੂੰ ਪਤਾ ਹੈ ਕਿ ਸਵੇਰ ਹੁੰਦੀਆਂ ਹੀ ਉਸ ਨੇ ਇੱਥੋਂ ਕੂਚ ਕਰ ਜਾਣਾ ਹੈ ਕਿਸੇ ਨਵੇਂ ਟਿਕਾਨੇ ਲਈ I 




ਮਨੁੱਖ ਨੇ ਇਸ ਸਚ ਨੂੰ ਵਿਸਾਰ ਦਿੱਤਾ ਤੇ ਜੁਗਾਂ ਤੱਕ ਜੀਉਣ ਦੇ ਵਸੀਲੇ ਬਣਾਉਣ ਦੇ ਫੇਰ ‘ਚ ਪੈ ਗਿਆ “ ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ “ I ਗੁਰੂ ਸਾਹਿਬਾਨ ਨੇ ਵਚਨ ਕੀਤੇ ਕਿ ਜੀਵਨ ਦੇ ਸਚ ਨੂੰ ਨਾ ਸਮਝਣ ਕਾਰਨ ਉਸ ਦਾ ਜੀਵਨ  ਮਾਇਆ ਦੇ ਫੇਰ ਵਿੱਚ ਪਾਪ ਕਰਦਿਆਂ ਨਿਹਫਲ ਚਲਾ ਜਾਂਦਾ ਹੈ “ ਦੇਖੈ ਸੁਣੇ ਨ ਜਾਣਈ ਮਾਇਆ ਮੋਹਿਆ ਅੰਧੁ ਜੀਉ , ਕਾਚੀ ਦੇਹਾ ਵਿਣਸਣੀ ਕੂੜੁ ਕਮਾਵੈ ਧੰਧੁ ਜੀਉ “ I ਮਾਇਆ ਦੇ ਅਸਰ ਹੇਠ ਮਨੁੱਖ ਜੋ ਕੁਝ ਵੀ ਕਰਦਾ ਹੈ ਗੁਰਬਾਣੀ ਨੇ ਉਸ ਨੂੰ ਕੂੜ੍ਹ  ਮੰਨਿਆ I ਗੁਰਬਾਣੀ ਨੇ ਮਾਇਆ ਦੇ ਛਲ ਬਲ ਦੀ ਤਾਕਤ ਨੂੰ ਸਵੀਕਾਰ ਕੀਤਾ ਜੋ ਲਗਭਗ ਸਾਰੀ ਲੋਕਾਈ ਦਾ ਜੀਵਨ ਨਾਸ਼ ਕਰ ਰਹੀ ਸੀ “ ਮਾਇਆ ਐਸੀ ਮੋਹਨੀ ਭਾਈ , ਜੇਤੇ ਜੀਅ ਤੇਤੇ ਡਹਕਾਈ “ I ਗੁਰਬਾਣੀ ਨੇ ਮੋਹ ਮਾਇਆ ਦੇ ਸਾਰੇ ਫੰਧ ਤੋੜਦਿਆਂ ਸੁਚੇਤ ਕੀਤਾ ਕਿ “ ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ “ I ਗੁਰੂ ਨਾਨਕ ਸਾਹਿਬ ਨੇ ਮਨੁੱਖ ਦਾ ਜੀਵਨ ਕਿੰਨਾ ਹੀ ਲੰਬਾ ਹੋਵੇ , ਕਿੰਨੇ ਹੀ ਸੁਖ ਸਾਧਨ ਜੁਟਾ ਲਵੇ , ਸਭ ਕੁਝ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ “ ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ , ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ “ I ਘੜੀ ਵੀ ਨਹੀਂ ਲੱਗਦੀ ਸਭ ਕੁਝ ਪਰਾਇਆ ਹੋ ਜਾਂਦਾ ਹੈ I ਗੁਰਬਾਣੀ ਨੇ ਅਜਿਹੇ ਮਨੁੱਖੀ ਜੀਵਨ ਦੀ ਕਲਪਨਾ ਨੂੰ ਹਕੀਕਤ ਬਣਾਇਆ ਜੋ ਅਚਿੰਤ ਹੋਵੇ , ਨਿਰਭਉ ਹੋਵੇ ਤੇ ਸਿਦਕ ਨਾਲ ਭਰਪੂਰ ਹੋਵੇ I  ਚਿੰਤਾ ਮਾਇਆ ਦੇ ਮੋਹ ਤੋਂ ਜਨਮ ਲੈ ਰਹੀ ਸੀ , ਡਰ ਆਪਨੇ ਵਿਕਾਰਾਂ ਤੋਂ ਪੈਦਾ ਹੋ ਰਹੇ ਸਨ . ਗੁਰਬਾਣੀ ਨੇ ਮੋਹ ਤੇ ਵਿਕਾਰਾਂ ਤੋਂ ਮੁਕਤ ਕਰ ਪਰਮਾਤਮਾ ਨਾਲ ਮਨ ਤ੍ਰਿਪਤ ਕਰ ਦੇਣ ਵਾਲ ਸਬੰਧ ਕਾਇਮ ਕੀਤਾ “ ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ “ I ਇਹ ਮਾਰਗ  ਭਰਮਾਂ ਦੇ ਹਨੇਰੇ ਤੋਂ ਉਬਾਰਨ ਵਾਲਾ ਸੀ “ ਅੰਧ ਕੂਪ ਤੇ ਕਰੁ ਗਹਿ ਲੀਨਾ “ I 

 

ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਚ ਨੂੰ ਪ੍ਰਾਪਤ ਕਰਨ ਲਈ ਸਚ ਧਾਰਨ ਕਰਨ ਦੀ ਪ੍ਰੇਰਨਾ ਕੀਤੀ I ਸੰਸਾਰ ਅੰਦਰ ਕੋਈ ਕਰਾਮਾਤ ਨਹੀਂ I ਸਚ ਦੀ ਹਕੂਮਤ ਹੈ ਤੇ ਸਚ ਦੀ ਹੀ ਸਦਾ ਵਡਿਆਈ ਹੈ I ਪਰਮਾਤਮਾ ਮਨੁੱਖ ਦੇ ਕੇਵਲ ਗੁਣਾਂ ਦੀ ਕੀਮਤ  ਪਾਉਂਦਾ ਹੈ “ ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ “ I ਭਾਈ ਮਰਦਾਨਾ ਜੀ , ਬਾਬਾ ਬੁੱਢਾ ਜੀ , ਭਾਈ ਗੁਰਦਾਸ ਜੀ ਜਿਹੇ ਗੁਰਸਿੱਖਾਂ ਦੀ ਇਕ ਵੱਡੀ ਜਮਾਤ ਤਿਆਰ ਹੋਈ ਜੋ ਸਚ ਦੇ ਧਾਰਨੀ ਹੋਣ ਕਾਰਣ ਇਤਿਹਾਸ ਦੇ ਸਤਿਕਾਰਤ ਨਾਇਕ ਬਣ ਗਏ I ਸਚ ਦੀ ਵਡਿਆਈ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ,  ਬਾਬਾ ਅਮਰਦਾਸ ਜੀ ਤੋਂ ਗੁਰੂ ਅਮਰਦਾਸ ਸਾਹਿਬ ਤੇ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਸਾਹਿਬ ਬਣਾਉਣ ਵਾਲੀ ਸਿੱਧ ਹੋਈ I ਗੁਰਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦਾ ਸ਼ਬਦਾਂ ਤੋਂ ਨਿਕਲ ਅਸਲ ਜੀਵਨ ‘ਚ ਪਰਗਟ ਹੋਈ “ ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ “ I ਗੁਰ ਸ਼ਬਦ ਨੇ  ਮਨੁੱਖੀ ਸਮਾਜ ਤੇ ਵਿਆਪਕ ਤੇ ਗਹਿਰਾ ਅਸਰ ਪਾਇਆ I  ਸ਼ਬਦ ਨੂੰ ਗੁਰੂ ਮੰਨਨ ਦਾ ਵੀਚਾਰ ਹੀ ਆਪਨੇ ਆਪ ਵਿੱਚ ਅਦੁੱਤੀ ਤੇ ਲਾਸਾਨੀ ਸੀ  I ਦੁਨਿਆ ਦੀ ਹਰ ਨਿੱਕੀ – ਵੱਡੀ ਤਾਕਤ ਨੂੰ ਦਰਕਿਨਾਰ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣਾ ਸਚ ਦੀ ਸੱਤਾ ਨੂੰ ਸਵੀਕਾਰ ਕਰਣਾ ਸੀ I ਪਰਮਾਤਮਾ ਨੇ ਗੁਰ ਸ਼ਬਦ ਰਾਹੀਂ ਸੰਸਾਰ ਅੰਦਰ ਸਚ ਵਰਤਾਇਆ ਤੇ ਸ਼ਬਦ ਅੰਦਰ ਆਪਣੀ ਹੋਂਦ ਨੂੰ ਸਮੋ ਕੇ ਲੋਕਾਈ ਦੇ ਕਲਿਆਣ ਦਾ ਮਾਰਗ  ਬਣਾਇਆ “ ਆਪੇ ਸਚਾ ਸਚੁ ਵਰਤਾਏ , ਇਕਿ ਜਨ ਸਾਚੈ ਆਪੇ ਲਾਏ , ਸਾਚੋ  ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ “ I ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਨਿਰਮਲ ਪੰਥ ਦਾ ਧਾਰਣੀ ਹੋਣਾ ਹੈ “ ਪ੍ਰਭੁ ਆਰਾਧਨ ਨਿਰਮਲ ਰੀਤਿ “  I ਗੁਣਾਂ ਦੀ ਮਹੱਤਾ ਨੂੰ ਜਾਨਣਾ ਤੇ ਗੁਣਾਂ ਨੂੰ ਜੀਵਨ ਦਾ ਆਧਾਰ ਬਣਾਉਣਾ ਸੱਚੀ ਸੇਵਾ ਹੈ “ ਸਿਮਰਤ ਨਾਮ ਪੂਰਨ ਆਚਾਰ “ I 








ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੀ ਇਕੱਲੀ ਤੇ ਨਿਵੇਕਲੀ ਸ਼ਬਦ ਸ਼ਕਤੀ ਹੈ ਜਿਸ ਅੱਗੇ ਕਰੋੜਾਂ ਸਿਰ ਨਿਤ ਨਿਉਂਦੇ ਹਨ ਤੇ ਜੀਵਨ ਲਈ ਹੁਕਮ ਪ੍ਰਾਪਤ ਕਰਦੇ ਹਨ I ਇਹ ਹੁਕਮ ਕਿਸੇ ਨਿਜੀ ਲੋੜ ਨੂੰ ਪ੍ਰ੍ਰਨ ਕਰਨ ਲਈ ਨਹੀਂ ਸਹਿਜ I ਸੰਤੋਖ , ਪ੍ਰੇਮ , ਸੇਵਾ ਤੇ ਸਿਮਰਨ ਲਈ ਹੁੰਦੇ ਹਨ I 

                                          ਗੁਰ ਕੇ ਚਰਨ ਕਮਲ ਨਮਸਕਾਰਿ II 

                                          ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ II 

                                          ਹੋਇ ਰਹੀਐ ਸਗਲ ਕੀ ਰੀਨਾ II 

                                          ਘਟਿ ਘਟਿ ਰਮਈਆ ਸਭ ਮਹਿ ਚੀਨਾ II 

                                                          ( ਪੰਨਾ ੮੬੬ ) 

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨ ਕਰਣਾ ਵਿਕਾਰਾਂ ਨੂੰ ਤਿਆਗਣਾ , ਗੁਣਾਂ ਨੂੰ ਧਾਰਣ ਕਰਣਾ ਤੇ ਹਰ ਜੀਵ ਅੰਦਰ ਪਰਮਾਤਮਾ ਦਾ ਰੂਪ ਵੇਖਣਾ ਹੈ I ਅੱਜ ਭੌਤਿਕਤਾਵਾਦੀ ਤੇ ਵੈਸ਼ਵਿਕ ਦਬਾਅ ਹੇਠ ਕਰਾਹ ਰਹੇ ਸੰਸਾਰ ਨੂੰ ਇਸ ਕਰਿਸ਼ਮੇ ਦੀ ਲੋੜ ਹੈ I 

 

--- 

 

  ਡਾ. ਸਤਿੰਦਰ ਪਾਲ ਸਿੰਘ

   ਦਿ ਪਾਂਡਸ 

ਸਿਡਨੀ ਆਸਟ੍ਰੇਲੀਆ      

ਈ ਮੇਲ - akaalpurkh.7@gmail.com                                                             

                                                                                 

   

Have something to say? Post your comment