ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੋਏ ਗੁਰਮਤਿਆਂ ਦੀ ਰੌਸ਼ਨੀ ਵਿੱਚ ਕੁੱਝ ਵਿਚਾਰਾਂ ਕਰਨੀਆਂ ਇਸ ਲਈ ਜ਼ਰੂਰੀ ਬਣਦੀਆਂ ਹਨ ਕਿਉਂਕਿ ਜਦੋ ਇਹ ਲਿਖਤ ਛਪ ਰਹੀ ਹੈ,ਉਸ ਸਮੇ ਸ੍ਰੀ ਅਕਾਲ ਤਖਤ ਸਾਹਿਬ ਤੋ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਲਈ ਬਣਾਈ ਗਈ ਭਰਤੀ ਕਮੇਟੀ, ਸ੍ਰੋਮਣੀ ਅਕਾਲੀ ਦਾ ਨਵਾਂ ਪ੍ਰਧਾਨ ਚੁਣਨ ਜਾ ਰਹੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਪੰਜ ਮੈਂਬਰੀ ਭਰਤੀ ਕਮੇਟੀ ਨੇ ਬੜੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਅਕਾਲੀ ਦਲ ਦੀ ਭਰਤੀ ਕੀਤੀ ਹੈ।ਇਸ ਭਰਤੀ ਕਮੇਟੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਵੀ ਮਿਲਦਾ ਰਿਹਾ ਹੈ।ਪਰ ਇਸ ਦੇ ਬਾਵਜੂਦ ਹੁਣ ਜਦੋ ਪ੍ਰਧਾਨਗੀ ਦੀ ਵਾਰੀ ਆਈ ਹੈ,ਤਾਂ ਉਕਤ ਕਮੇਟੀ ਸਮੇਤ ਮੂਹਰਲੀ ਕਤਾਰ ਦੀ ਲੀਡਰਸ਼ਿੱਪ ਵੱਲੋਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਨੂੰ ਪਾਰਦਰਸੀ ਢੰਗ ਨਾਲ ਨੇਪਰੇ ਚੜ੍ਹਨ ਦੀ ਬਜਾਏ ਮਹਿਜ਼ ਵੋਟ ਪਰਾਪਤੀ ਦਾ ਲਾਹਾ ਲੈਣ ਵਾਲੀ ਸੋਚ ਨੂੰ ਹੀ ਅਪਣਾਏ ਜਾਣ ਦੀ ਚਰਚਾ ਚੱਲ ਪਈ ਹੈ,ਜੇਕਰ ਅਜਿਹਾ ਹੁੰਦਾ ਹੈ ਤਾਂ ਨਵੇਂ ਬਣਨ ਵਾਲੇ ਅਕਾਲੀ ਦਲ ਨੂੰ ਪੁਰਾਣੇ ਧੜਿਆਂ ਤੋ ਵੱਖ ਕਰਕੇ ਨਹੀ ਦੇਖਿਆ ਜਾ ਸਕੇਗਾ।ਜਦੋਕਿ ਚਾਹੀਦਾ ਇਹ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਚੰਗੇ ਸੱਚੇ ਸੁੱਚੇ ਗੁਰਸਿੱਖ ਤੁਜਰਬੇਕਾਰ ਅਤੇ ਨਵੇਂ ਅਤੇ ਪੁਰਾਣੇ ਚਿਹਰਿਆਂ ਦੀ ਸਨਾਖਤ ਕਰਕੇ ਉਹਨਾਂ ਵਿੱਚੋਂ ਉਹਨਾਂ ਵਿਅਕਤੀਆਂ ਨੂੰ ਪਰਧਾਨਗੀ ਲਈ ਅੱਗੇ ਲੈ ਕੇ ਆਉਣ ਚਾਹੀਦਾ ਸੀ,ਜਿਹੜੇ ਪੰਥਕ ਹਿਤਾਂ ਦੇ ਹਾਮੀ,ਸਿਧਾਂਤ ਦੇ ਰਾਖੇ ਅਤੇ ਦ੍ਰਿੜ-ਵਿਸਵਾਸ਼ੀ ਹੋਣ।ਪੰਥ ਵਿੱਚ ਅਜਿਹੇ ਵਿਅਕਤੀ ਇੱਕ ਨਹੀ ਬਲਕਿ ਅਨੇਕਾਂ ਮਿਲ ਸਕਦੇ ਸਨ,ਪਰ ਜੋ ਨਾਮ ਪ੍ਰਧਾਨਗੀ ਲਈ ਸੁਝਾਏ ਜਾ ਰਹੇ ਹਨ,ਉਹਨਾਂ ਤੋ ਜਾਪਦਾ ਹੈ ਕਿ ਸੁਧਾਰਵਾਦੀ ਨੇਤਾ ਵੀ ਸੱਤਾ ਪਰਾਪਤੀ ਤੋਂ ਅੱਗੇ ਕੁੱਝ ਵੀ ਸੋਚਣਾ ਨਹੀ ਚਾਹੁੰਦੇ,ਸਗੋਂ ਇੱਕੋ ਇੱਕ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਆਪਣੇ ਪੱਖੀ ਕਿਸੇ ਅਜਿਹੇ ਵਿਅਕਤੀ ਨੂੰ ਅਕਾਲੀ ਦਲ ਦੀ ਵਾਗਡੋਰ ਸੰਭਾਲਣ ਦਾ ਹੀ ਰਹਿ ਗਿਆ ਜਾਪਦਾ ਹੈ,ਜਿਸਦਾ ਕੱਦ ਬੁੱਤ ਪੰਥ ਦੇ ਵਿਹੜੇ ਵਿੱਚ ਪਰਵਾਨ ਚੜ ਸਕੇ।ਇਹਦੇ ਵਿੱਚ ਵੀ ਕੋਈ ਝੂਠ ਜਾ ਸ਼ੱਕ ਦੀ ਗੁੰਜਾਇਸ਼ ਨਹੀ ਕਿ ਉਕਤ ਸੁਧਾਰਵਾਦੀਆਂ ਵਿੱਚ ਵੀ ਬਹੁ ਗਿਣਤੀ ਵਿੱਚ ਉਹ ਲੋਕ ਹੀ ਅੱਗੇ ਹਨ ਜਿਹੜੇ ਕੇਂਦਰੀ ਸੱਤਾ ਤੇ ਕਾਬਜ ਧਿਰ ਨਾਲ ਮੁੜ ਤੋ ਗੈਰ ਸਿਧਾਂਤਕ ਗੱਠਜੋੜ ਕਰਕੇ ਸੱਤਾ ਪਰਾਪਤੀ ਦੇ ਇੱਛਕ ਹਨ ਅਤੇ ਇਹ ਵੀ ਸੱਚ ਹੈ ਕਿ ਸਾਬਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਨੂੰ ਛੱਡ ਕੇ ਬਾਕੀ ਬਹੁ ਗਿਣਤੀ ਉਹਨਾਂ ਆਗੂਆਂ ਦੀ ਹੈ,ਜਿਹੜੇ ਪਹਿਲਾਂ ਹੀ ਲੋਕਾਂ ਵੱਲੋਂ ਨਕਾਰੇ ਹੋਏ ਹਨ,ਜਿੰਨਾਂ ਨੂੰ ਅੱਜ ਵੀ ਸਿੱਖ ਓਨਾ ਹੀ ਕਸੂਰਵਾਰ ਮੰਨਦੇ ਹਨ,ਜਿੰਨਾ ਸੁਖਬੀਰ ਸਿੰਘ ਬਾਦਲ ਨੂੰ ਮੰਨਦੇ ਹਨ,ਕਿਉਂਕਿ ਸੁਧਾਰ ਲਹਿਰ ਦਾ ਕੋਈ ਇੱਕ ਵੀ ਨੇਤਾ ਅਜਿਹਾ ਨਹੀ ਹੈ,ਜਿਸਨੇ ਅਕਾਲੀ ਦਲ ਦੇ ਸੱਤਾ ਵਿੱਚ ਹੁੰਦਿਆਂ ਪਾਰਟੀ ਦੇ ਪੰਥ ਵਿਰੋਧੀ ਫੈਸਲਿਆਂ ਦਾ ਵਿਰੋਧ ਕੀਤਾ ਹੋਵੇ,ਕਿਸੇ ਇੱਕ ਨੇ ਵੀ ਬਾਦਲ ਸਰਕਾਰ ਦੀਆਂ ,ਮਨਮਾਨੀਆਂ, ਪੰਜਾਬ ਅਤੇ ਪੰਥ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਅਸਤੀਫਾ ਦਿੱਤਾ ਹੋਵੇ,ਬਲਕਿ ਬਾਦਲ ਪਰਿਵਾਰ ਦੇ ਗਲਤ ਫੈਸਲਿਆਂ ਤੇ ਸਹੀ ਪਾਉਂਦੇ ਰਹੇ ਹਨ।ਇੱਥੋਂ ਤੱਕ ਕਿ ਕਿਸੇ ਇੱਕ ਵੀ ਨੇਤਾ ਨੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਵਿਰੋਧ ਵਿੱਚ ਵੀ ਕਦੇ ਬੋਲਣ ਦੀ ਹਿੰਮਤ ਨਹੀ ਸੀ ਕੀਤੀ। ਹਾਂ ਇਹ ਜਰੂਰ ਕੀਤਾ ਕਿ ਜਦੋ ਤਤਕਾਲੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋ ਡੇਰਾ ਸਿਰਸਾ ਮੁਖੀ ਨੂੰ ਬਿਨਾ ਮੰਗੇ ਮੁਆਫੀ ਦੇਣ ਦਾ ਗੁਰਮਤਾ ਪਾਸ ਕੀਤਾ ਗਿਆ ਤਾਂ ਉਹਦੇ ਪ੍ਰਤੀਕਰਮ ਵਿੱਚ ਮੌਜੂਦਾ ਸੁਧਾਰ ਲਹਿਰ ਦੇ ਆਗੂਆਂ ਨੇ ਵੀ ਉਕਤ ਫੈਸਲੇ ਦੀ ਸਲਾਘਾ ਕੀਤੀ ਸੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਫੈਸਲਾ ਡੇਰਾ ਸੱਚਾ ਸੌਦਾ ਅਤੇ ਸਿੱਖਾਂ ਦਰਮਿਆਨ ਪਿਛਲੇ ਲੰਮੇ ਸਮੇ ਤੋ ਚੱਲ ਰਹੇ ਆਪਸੀ ਤਣਾਅ ਨੂੰ ਘਟਾਉਣ ਵਿੱਚ ਮਦਦ ਕਰੇਗਾ।ਪਰੰਤੂ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਪੰਜ ਸਿੰਘ ਸਾਹਿਬਾਨ ਵੱਲੋਂ ਪੁੱਛੇ ਸਵਾਲ ਤੇ ਚੰਦੂਮਾਜਰਾ ਆਪਣੇ ਉਸ ਬਿਆਨ ਤੋ ਸਾਫ ਤੌਰ ਤੇ ਮੁਕਰ ਗਏ ਸਨ।ਸੋ ਕਹਿਣ ਦਾ ਭਾਵ ਇਹ ਹੈ ਕਿ ਉਕਤ ਸਾਰੇ ਅਕਾਲੀ ਨੇਤਾਵਾਂ ਨੇ ਅਕਾਲੀ ਦਲ ਤੋ ਕਿਨਾਰਾ ਉਦੋਂ ਨਹੀ ਸੀ ਕੀਤਾ ਜਦੋਂ ਉਹ ਸੱਤਾ ਦੇ ਹੰਕਾਰ ਵਿੱਚ ਪੰਥ ਨੂੰ ਵਿਸਾਰ ਚੁੱਕਾ ਸੀ,ਬਲਕਿ ਉਦੋਂ ਕੀਤਾ ਹੈ,ਜਦੋ ਅਕਾਲੀ ਦਲ ਦੀ ਹੋਂਦ ਹੀ ਖਤਮ ਹੋਣ ਦੀ ਕਾਗਾਰ ਤੇ ਆ ਖੜੀ ਸੀ,ਇਸ ਲਈ ਉਕਤ ਆਗੂਆਂ ਤੇ ਸਿੱਖਾਂ ਦਾ ਵਿਸਵਾਸ਼ ਬੱਝਣਾ ਬੇਹੱਦ ਮੁਸ਼ਕਲ ਜਾਪਦਾ ਹੈ।ਭਾਂਵੇਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਦੋਵੇਂ ਹੀ ਚਿਹਰੇ ਪੰਥਕ ਸਫਾਂ ਵਿੱਚ ਸਤਿਕਾਰਿਤ ਹਨ,ਪਰ ਇਸ ਦੇ ਬਾਵਜੂਦ ਵੀ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਨੂੰ ਮੁੜ ਤੋ ਤਕੜਾ ਕਰਨ ਲਈ ਬਹੁਤ ਸਾਰੇ ਪਹਿਲੂਆਂ ਨੂੰ ਵਿਚਾਰਨਾ ਬਣਦਾ ਹੈ।ਜੇਕਰ ਬੀਬੀ ਸਤਵੰਤ ਕੌ੍ਰ ਦੀ ਗੱਲ ਕੀਤੀ ਜਾਵੇ,ਤਾਂ ਬਿਨਾ ਸ਼ੱਕ ਉਹ ਬਹੁਤ ਹੀ ਸਤਿਕਾਰਿਤ ਸ਼ਹੀਦੀ ਪਰਿਵਾਰ ਦੇ ਵਿੱਚੋਂ ਹਨ,ਜਿੰਨਾਂ ਨੂੰ ਪੰਥ ਦਿਲ ਜਾਨ ਤੋ ਵੱਧ ਸਤਿਕਾਰ ਦਿੰਦਾ ਹੈ,ਪ੍ਰੰਤੂ ਨਾਲ ਹੀ ਇਹ ਵਿਚਾਰ ਵੀ ਬੜੀ ਸ਼ਿੱਦਤ ਨਾਲ ਸਾਹਮਣੇ ਆ ਰਿਹਾ ਹੈ ਕਿ ਬੀਬੀ ਸਤਵੰਤ ਕੌਰ ਦਾ ਕੌਂਮੀ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੋਣਾ ਹੀ ਪ੍ਰਧਾਨਗੀ ਲਈ ਸਹੀ ਪੈਮਾਨਾ ਨਹੀ ਹੋ ਸਕਦਾ,ਕਿਉਂਕਿ ਇਸ ਤੋ ਪਹਿਲਾਂ ਸ਼ਹੀਦ ਭਾਈ ਅਮਰੀਕ ਸਿੰਘ ਦੇ ਛੋਟੇ ਭਰਾਤਾ ਭਾਈ ਮਨਜੀਤ ਸਿੰਘ ਨੂੰ ਵੀ ਸਿੱਖ ਪੰਥ ਨੇ ਬਹੁਤ ਸਤਿਕਾਰ ਦਿੱਤਾ ਸੀ ਅਤੇ ਦੇ ਵੀ ਰਿਹਾ ਹੈ,ਪਰ ਉਹਨਾਂ ਨੇ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਦੀ ਬਜਾਏ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਰਲਕੇ ਸੱਤਾ ਸੁਖ ਭੋਗਣ ਨੂੰ ਪਹਿਲ ਦਿੱਤੀ। ਇਸ ਦਾ ਮਤਲਬ ਇਹ ਵੀ ਨਹੀ ਕੱਢਣਾ ਚਾਹੀਦਾ ਕਿ ਬੀਬੀ ਸਤਵੰਤ ਕੌਰ ਯੋਗ ਨਹੀ ਹਨ,ਪਰ ਕਹਿਣ ਦਾ ਮਤਲਬ ਇਹ ਹੈ ਕਿ ਭਾਵੇਂ ਪ੍ਰਧਾਨ ਬੀਬੀ ਸਤਵੰਤ ਕੌਰ ਹੀ ਬਣ ਜਾਣ ਪਰ ਬਣਾਏ ਜਾਣ ਦੀ ਪ੍ਰਕਿਰਿਆ ਦਰੁਸਤ ਹੋਣਿ ਚਾਹੀਦੀ ਹੈ।ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਬੇਸ਼ੱਕ ਚੰਗੇ ਬੁਲਾਰੇ,ਇਤਿਹਾਸ ਦੇ ਗਿਆਤਾ ਅਤੇ ਦੁਨਿਆਵੀ ਵਿੱਦਿਆ ਵਿੱਚ ਵੀ ਉੱਚਾ ਮੁਕਾਮ ਹਾਸਲ ਕਰਨ ਵਾਲੇ ਸਤਿਕਾਰਿਤ ਆਗੂ ਹਨ,ਪਰ ਉਹ ਪਹਿਲਾਂ ਹੀ ਐਨੇ ਸਤਿਕਾਰਿਤ ਅਤੇ ਸਰਬ ਉੱਚ ਰੁਤਬੇ ‘ਤੇ (ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਵਿਰਾਜਮਾਨ ਰਹਿ ਚੁੱਕੇ ਹਨ,ਜਿੰਨਾਂ ਦੇ ਸਾਹਮਣੇ ਕਿਸੇ ਵੀ ਸਿਆਸੀ ਪਾਰਟੀ ਦੀ ਪ੍ਰਧਾਨਗੀ ਵਰਗੇ ਆਹੁਦੇ ਬੌਨੇ ਰਹਿ ਜਾਂਦੇ ਹਨ,ਇਸ ਲਈ ਉਹਨਾਂ ਨੂੰ ਇਸ ਦੌੜ ਵਿੱਚ ਇਸ ਲਈ ਘਸੀਟਣਾ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਟੱਕਰ ਦੇ ਸਕਦੇ ਹਨ,ਚੰਗੀ ਸੋਚ ਦਾ ਫੈਸਲਾ ਨਹੀ ਸਮਝਿਆ ਜਾ ਸਕਦਾ ਹੈ।ਜਿਸਤਰਾਂ ਉਪਰ ਲਿਖਿਆ ਜਾ ਚੁੱਕਾ ਹੈ ਕਿ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪਾਰਟੀ ਦਾ ਪ੍ਰਧਾਨ ਪੰਥਕ ਹਿਤਾਂ ਨੂੰ ਪਰਨਾਇਆ ਹੋਇਆ ਬੇਦਾਗ,ਗੁਰਸਿੱਖ,ਨਿਰ ਸੁਆਰਥ ਅਤੇ ਸਿੱਖ ਜਜ਼ਬੇ ਵਾਲਾ ਅਡੋਲ ਅਤੇ ਨਿੱਡਰ ਆਗੂ ਹੋਣਾ ਚਾਹੀਦਾ ਹੈ,ਜਿਸਨੂੰ ਪੂ੍ਰੀ ਪਾਰਦਰਸ਼ੀ ਪ੍ਰਕਿਰਿਆ ਨਾਲ ਪਰ ਸਰਬ ਸੰਮਤੀ ਨਾਲ ਹੀ ਚੁਣਿਆ ਜਾਣਾ ਚਾਹੀਦਾ ਹੈ।ਭਾਵਨਾਵਾਂ ਚ ਬਹਿ ਕੇ ਲਏ ਗਏ ਫੈਸਲੇ ਕਦੇ ਵੀ ਦੂਰ ਅੰਦੇਸੀ ਵਾਲੇ ਨਹੀ ਹੋ ਸਕਦੇ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਮਹਿਜ਼ ਭਾਵਨਾਵਾਂ ਦਾ ਬਹਿਣ ਨਹੀ ਹੈ,ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਦੀ ਸਖਤ ਜ਼ਰੂਰਤ ਹੈ। ਸੋ ਅਖੀਰ ਵਿੱਚ ਇਹ ਆਸ ਅਤੇ ਅਰਦਾਸ ਕੀਤੀ ਜਾਣੀ ਬਣਦੀ ਹੈ ਕਿ ਵਾਹਿਗੁਰੂ ਸਮੁੱਚੀ ਲੀਡਰਸ਼ਿੱਪ ਅਤੇ ਪੰਥ ਨੂੰ ਸੁਮੱਤ ਬਖਸ਼ੇ ਤਾਂ ਕਿ ਬੁਰੀ ਤਰਾਂ ਖਿੰਡ ਪੁੰਡ ਚੁੱਕੀ ਪੰਥਕ ਸੋਚ ਮੁੜ ਤਾਕਤਵਰ ਸਿਆਸੀ ਧਿਰ ਵਿੱਚ ਬਦਲ ਜਾਵੇ,ਜਿਸ ਨਾਲ ਪੰਥ ਦੀ ਮੰਝਧਾਰ ਵਿੱਚ ਫਸੀ ਬੇੜੀ ਨੂੰ ਕਿਨਾਰਾ ਮਿਲ ਸਕੇ।
ਬਘੇਲ ਸਿੰਘ ਧਾਲੀਵਾਲ
99142-58142