Saturday, August 16, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਸ਼ਹੀਦੀ ਦਿਵਸ ‘ਤੇ ਵਿਸ਼ੇਸ਼ -ਬਰਤਾਨੀਆ ਵਿੱਚ  ਫ਼ਾਂਸੀ ਦੇ ਤਖ਼ਤੇ ‘ਤੇ ਚੜ੍ਹਣ ਵਾਲਾ ਪਹਿਲਾ ਸ਼ਹੀਦ,ਮਹਾਨ ਇਨਕਲਾਬੀ : ਸ਼ਹੀਦ ਮਦਨ ਲਾਲ ਢੀਂਗਰਾ

August 15, 2025 08:13 PM

     “ਮੇਰਾ ਯਕੀਨ ਹੈ ਕਿ ਇਕ ਕੌਮ ਜਿਸ ਨੂੰ ਬੰਦੂਕ ਦੀ ਨੋਕ ‘ਤੇ ਦਬਾ ਕੇ ਰਖਿਆ ਜਾਵੇ, ਉਹ ਨਿਰੰਤਰ ਲੜਾਈ ਦੀ ਅਵਸਥਾ ਵਿੱਚ ਹੁੰਦੀ ਹੈ, ਕਿਉਂਕਿ ਇਕ ਬਿਨਾਂ ਹਥਿਆਰ ਦੇ ਕੌਮ ਲਈ ਆਹਮੋ-ਸਾਹਮਣੇ ਲੜਾਈ ਲੜਨੀ ਨਾ ਮੁਮਕਿਨ ਹੁੰਦੀ ਹੈ, ਇਸ ਲਈ ਮੈਂ ਬਿਨਾਂ ਦੱਸਿਆਂ ਹਮਲਾ ਕੀਤਾ। ਕਿਉਂਕਿ ਮੈਨੂੰ ਬੰਦੂਕਾਂ ਨਹੀਂ ਦਿੱਤੀਆਂ ਗਈਆਂ ਇਸ ਲਈ ਮੈਂ ਆਪਣਾ ਪਿਸਤੌਲ ਕੱਢਿਆ ਤੇ ਫਾਇਰ ਕਰ ਦਿੱਤਾ। ਸਰੀਰਕ ਤੇ ਬੌਧਿਕ ਪੱਖੋਂ ਕਮਜ਼ੋਰ ਹੋਣ ਕਰਕੇ ਮੇਰੇ ਵਰਗਾ ਪੁੱਤਰ ਆਪਣੀ  ਮਾਂ ਨੂੰ ਸਿਵਾਏ ਆਪਣੇ ਖ਼ੂਨ ਦੇ ਹੋਰ ਦੇ ਵੀ ਕੀ ਸਕਦਾ ਹੈ। ਇਸ ਲਈ ਮੈਂ ਉਸ ਦੀ ਹਾਲਤ ਬਦਲਣ ਲਈ ਆਪਣਾ ਖ਼ੂਨ ਕੁਰਬਾਨ ਕਰ ਦਿੱਤਾ। ਇਸ ਸਮੇਂ ਭਾਰਤੀਆਂ ਨੂੰ ਇਕੋ ਸਬਕ ਸਿੱਖ਼ਣਾ ਚਾਹੀਦਾ ਹੈ ਕਿ ਕਿਵੇਂ ਮਰਿਆ ਜਾਵੇ ਅਤੇ ਸਾਨੂੰ ਮਰ ਕੇ ਹੀ ਅਜਿਹਾ ਪਾਠ ਦੂਜਿਆਂ ਨੂੰ ਪੜ੍ਹਾਇਆ ਜਾਵੇ। ਮੇਰੀ ਰੱਬ ਅੱਗੇ ਪ੍ਰਾਰਥਨਾ ਹੈ ਕਿ ਮੈਂ ਉਸੇ ਮਾਂ ਦੀ ਕੁੱਖੋਂ ਮੁੜ ਜਨਮ ਲਵਾਂ ਅਤੇ ਮੁੜ ਇਸੇ ਪਵਿੱਤਰ ਕਾਰਜ ਲਈ ਮੁੜ ਮਰਾਂ ਤੇ ਇਹ ਪ੍ਰਕਿਰਿਆ ਉਸ ਸਮੇਂ ਤੀਕ ਜਾਰੀ ਰਹੇ ਜਦ ਤੀਕ ਮੇਰਾ ਪਵਿੱਤਰ ਕਾਰਜ਼ ਸਫ਼ਲ ਨਹੀਂ ਹੋ ਜਾਂਦਾ।ਬੰਦੇ ਮਾਤਰਮ!”, ਇਹ ਸ਼ਬਦ  22 ਸਾਲ ਦੇ ਮਦਨ ਲਾਲ ਢੀਂਗਰਾ ਨੇ 17 ਅਗਸਤ 1909 ਈ. ਨੂੰ ਲੰਡਨ ਦੀ ਪੈਂਟੋਵਿਲੇ ਜੇਲ ਵਿੱਚ ਫ਼ਾਂਸੀ ਦੇ ਤਖ਼ਤ ‘ਤੇ ਚੜ੍ਹਣ ਤੋਂ ਪਹਿਲਾਂ ਕਹੇ।” ਉਹ ਬਰਤਾਨੀਆ ਵਿੱਚ  ਫ਼ਾਂਸੀ ਦੇ ਤਖ਼ਤੇ ‘ਤੇ ਚੜ੍ਹਣ ਵਾਲਾ ਪਹਿਲਾ ਸ਼ਹੀਦ ਸੀ।                                                                

           ਮਦਨ ਲਾਲ ਢੀਂਗਰਾ ਦਾ ਜਨਮ 18 ਫ਼ਰਵਰੀ 1883 ਈ. ਦਿਨ ਐਤਵਾਰ ਨੂੰ ਸਵੇਰੇ 3 ਵੱਜ ਕੇ 15 ਮਿੰਟ ‘ਤੇ ਅੰਮ੍ਰਿਤਸਰ ਦੇ ਅਮੀਰ ਪ੍ਰਵਾਰ ਵਿੱਚ ਹੋਇਆ ਜੋ 1850 ਈ. ਵਿੱਚ ਸਾਹੀਵਾਲ ਤੋਂ ਅੰਮ੍ਰਿਤਸਰ ਆਇਆ ਸੀ। ਉਸ ਦੇ ਪਿਤਾ ਸਾਹਿਬ ਦਿੱਤਾ ਮਲ ਅੱਖਾਂ ਦੇ ਮਸ਼ਹੂਰ ਡਾਕਟਰ ਸਨ ਜੋ ਕਿ ਸਿਵਲ ਹਸਪਤਾਲ ਗੁਰਦਾਸਪੁਰ, ਹਿਸਾਰ ਤੇ ਅੰਮ੍ਰਿਤਸਰ ਸਿਵਲ ਸਰਜਨ ਰਹੇ। ਕਿਹਾ ਜਾਂਦਾ ਹੈ ਕਿ ਉਹ ਪਹਿਲੇ ਭਾਰਤੀ ਸਨ ਜੋ ਇਸ ਉੱਚੀ ਪਦਵੀ ‘ਤੇ ਬਿਰਾਜਮਾਨ ਹੋਏ। ਉਨ੍ਹਾਂ ਨੂੰ ਅੰਗਰੇਜ਼ਾਂ ਦੇ ਚੰਗੇ ਮਿੱਤਰ ਹੋਣ ਕਰਕੇ ਅੰਗਰੇਜ਼ਾਂ ਨੇ ਰਾਇ ਸਾਹਿਬ ਦੇ ਖ਼ਿਤਾਬ ਨਾਲ ਨਿਵਾਜ਼ਿਆ ਹੋਇਆ ਸੀ।ਇਹ ਪਰਵਾਰ ਬਹੁਤ ਹੀ ਅਮੀਰ ਅਤੇ ਪੜ੍ਹਿਆਂ ਲਿਖਿਆਂ ਦਾ ਪ੍ਰਵਾਰ ਸੀ। ਇਨ੍ਹਾਂ ਦੀ ਅੰਮ੍ਰਿਤਸਰ ਵਿੱਚ ਕਟੜਾ ਸ਼ੇਰ ਸਿੰਘ ਵਿੱਚ ਬਹੁਤ ਜਾਇਦਾਦ ਸੀ ਅਤੇ ਇਹ ਪ੍ਰਵਾਰ ਅੰਗਰੇਜ਼ੀ ਹਕੂਮਤ ਦਾ ਵਫ਼ਾਦਾਰ ਸੀ।

            ਮਦਨ ਲਾਲ ਨੇ ਮਿਉਂਸਿਪਲ ਕਾਲਜ ਲਾਹੌਰ ਵਿੱਚ ਕੁਝ ਸਮਾਂ  ਪੜ੍ਹਾਈ ਕੀਤੀ । ਉਸ ਦੇ ਪਿਤਾ ਉਸ ਨੂੰ ਆਪਣੇ ਕਾਰੋਬਾਰ ਵਿਚ ਲਾਉਣਾ ਚਾਹੁੰਦੇ ਸਨ ਪਰ ਉਹ ੳੁੱਥੋਂ ਉਹ ਆਪਣੇ ਵੱਡੇ ਭਰਾ ਦੀ ਸਲਾਹ ਨਾਲ ਉਚੇਰੀ ਪੜਾਈ ਲਈ 1906 ਵਿੱਚ ਇੰਗਲੈਂਡ ਆ ਗਿਆ ਤੇ ਯੂਨੀਵਰਸਿਟੀ ਕਾਲਜ ਲੰਡਨ ਵਿੱਚ  ਦਾਖ਼ਲਾ ਲੈ ਲਿਆ।ਇੱਥੇ  ਇੰਡੀਆ ਹਾਊਸ ਵਿਚ ਉਸ ਦਾ ਮੇਲ ਪ੍ਰਸਿੱਧ ਇਨਕਲਾਬੀ ਵਿਨਾਇਕ ਦਮੋਦਰ ਸਾਵਰਕਰ ਨਾਲ ਹੋਇਆ ਤੇ ਉਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਦਿਨਾਂ ਵਿਚ ਇੰਡੀਆ ਹਾਊਸ ਦੀ ਵਰਤੋਂ ਵਿਦਿਆਰਥੀਆਂ ਦੇ ਹੋਸਟਲ ਵਜੋਂ ਹੁੰਦੀ ਸੀ।ਪਰ ਇਹ  ਭਾਰਤੀ ਸਿਆਸਤਦਾਨਾਂ ਦਾ ਅੱਡਾ  ਵੀ ਸੀ, ਜਿਸ ਨੂੰ ਕਿ 1905 ਈ. ਵਿੱਚ ਸ਼ਿਆਮ ਜੀ ਕ੍ਰਿਸ਼ਨਾ ਵਰਮਾ ਨੇ ਖ੍ਰੀਦ ਲਿਆ ਸੀ।ਉਹ ਬੰਗਾਲੀ ਇਨਕਲਾਬੀਆਂ  ਖ਼ੁਦੀ ਰਾਮ ਬੋਸ,ਕਨਹਾਲੀ ਲਾਲ. ਨਰੇਂਦਰ ਅਤੇ ਹੋਰ ਇਨਕਲਾਬੀਆਂ ਦੇ ਕਾਰਨਾਮਿਆਂ ਤੋਂ ਬਹੁਤ ਪ੍ਰਭਾਵਿਤ ਸੀ।ਉਸ ਨੇ ਦੂਜੇ ਇਨਕਲਾਬੀਆਂ ਨਾਲ ਵੀ ਸੰਬੰਧ ਸਥਾਪਤ ਕਰ ਲਏ ਜਿੰਨ੍ਹਾਂ ਵਿੱਚ ਸ਼ਿਆਮ ਜੀ ਕ੍ਰਿਸ਼ਨਾ ਵਰਮਾ,ਲਾਲਾ ਹਰਦਿਆਲ, ਗਿਆਨ ਚੰਦ ਅਤੇ ਕੋਰੇ ਗਾਕਰ ਆਦਿ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦਾ ਸੰਬੰਧ ਇੰਡੀਆ ਹਾਊਸ ਨਾਲ ਸੀ। ਉਸ ਨੇ ਇੰਡੀਅਨ ਹੂਮ ਰੂਲ ਸੋਸਾਇਟੀ ਅਤੇ ਅਭਿਵਨਵ ਭਾਰਤ ਸੋਸਾਇਟੀ ਜਿਸ ਦੇ ਕਿ ਸੰਸਥਾਪਕ ਸਾਵਰਕਰ ਸਨ, ਨਾਲ ਗੂੜੇ ਸੰਬੰਧ ਬਣਾ ਲਏ। ਸਾਵਰਕਾਰ ਨੇ ਢੀਂਗਰਾ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਦਿਨਾਂ ਵਿੱਚ ਦੇਸ਼ ਭਗਤ ਖ਼ੁਦੀ ਰਾਮ ਬੋਸ, ਸਤਿੰਦਰ ਪਾਲ, ਕਾਂਸ਼ੀ ਰਾਮ ਅਤੇ ਕਨਈ ਦੱਤ ਨੂੰ ਫਾਂਸੀ ਲਾਉਣ ‘ਤੇ 8 ਜੂਨ 1909 ਨੂੰ ਵੀਰ ਸਾਰਵਰਕਰ  ਦੇ ਵਡੇ ਭਰਾ  ਗਣੇਸ਼ ਦਮੋਦਰ ਸਾਰਵਰਕਰ ਨੂੰ ਕਾਲੇ ਪਾਣੀ  ਦੀ ਸਜ਼ਾ ਦਿੱਤੀ ਗਈ ।ਮਦਨ ਲਾਲ ਢੀਂਗਰਾ, ਸਾਵਰਕਰ ਤੇ ਇੰਗਲੈਂਡ ਵਿਚਲੇ ਹੋਰ ਇਨਕਲਾਬੀ ਭਾਰਤੀਆਂ ਨੂੰ ਬਹੁਤ ਗ਼ੁੱਸਾ ਸੀ ਤੇ ਉਹ ਇਸ ਦਾ ਬਦਲਾ ਲੈਣਾ ਚਾੁਹੰਦੇ ਸਨ।

              ਲੰਡਨ ਵਿੱਚ ਰਹਿੰਦੇ ਭਾਰਤੀਆਂ ਨੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਲਈ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਬਣਾਈ ਹੋਈ ਸੀ। ਮਿਸ  ਐਮਾ ਜੋਸਫੀਨ  ਬੈਕ ਇਸ ਦੀ ਸੈਕਟਰੀ ਸੀ। ਢੀਂਗਰਾ ਮਾਰਚ 1909 ਵਿੱਚ ਇਸ ਦਫ਼ਤਰ ਗਿਆ ਤੇ ਇਸ ਦੇ ਮੈਂਬਰ ਬਣਨ ਦੀ ਇੱਛਾ ਪ੍ਰਗਟ ਕੀਤੀ। ਉਸ ਨੂੰ ਅਪ੍ਰੈਲ 1909 ਵਿੱਚ ਮੈਂਬਰ ਬਣਾ ਲਿਆ ਗਿਆ। ਉਸ ਨੇ ਇਕ ਰਿਵਾਲਵਰ ਤੇ  ਦੋ ਪਿਸਤੌਲ ਇਕ ਵਿਅਕਤੀ ਪਾਸੋਂ ਖ੍ਰੀਦੇ ਅਤੇ ਇਨ੍ਹਾਂ ਦੀ ਵਰਤੋਂ ਕਰਨ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ।

            1 ਜੁਲਾਈ 1909 ਨੂੰ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦਾ ਸਾਲਾਨਾ ਦਿਵਸ ਸੀ। ਇਮਪੀਅਰਲ ਇਨਸਟੀਚਿਊਟ ਦੇ ਜਹਾਂਗੀਰ ਹਾਲ ਨੂੰ ਇਸ ਸਮਾਗਮ ਲਈ ਚੁਣਿਆ ਗਿਆ। ਢੀਂਗਰਾ ਨੇ ਐਮਾ ਬੈਕ ਪਾਸੋਂ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਸਾਵਰਕਰ ਨਾਲ ਆਪਣੀ ਯੋਜਨਾ ਤਿਆਰ ਕੀਤੀ। ਉਸ ਪੰਜਾਬੀ ਅੰਦਾਜ਼ ਵਿੱਚ ਅਸਮਾਨੀ ਰੰਗ ਦੀ ਪਗੜੀ ਬੰਨੀ ਤੇ ਟਾਈ ਸਮੇਤ ਇਕ ਸ਼ਾਨਦਾਰ ਸੂਟ ਪਹਿਨਿਆ। ਉਸ ਨੇ ਕੋਟ ਦੀਆਂ ਜ਼ੇਬਾਂ ਵਿੱਚ ਇਕ ਰਿਵਾਲਵਰ, ਦੋ ਪਸਤੌਲ ਅਤੇ ਦੋ ਚਾਕੂ ਰੱਖੇ। ਢੀਂਗਰਾ ਪਾਰਟੀ ਵਿੱਚ ਸ਼ਾਮ 8 ਵਜੇ ਪੁੱਜਾ। ਰਾਤ ਦੇ ਸਵਾ ਦਸ ਵੱਜੇ ਭਾਰਤ ਵਿਚਲੇ ਸੈਕਟਰੀ ਆਫ ਸਟੇਟ ਦੇ ਰਾਜਸੀ ਸਹਾਇਕ ਸਰ ਵਿਲੀਅਮ ਹਟ ਕਰਜਨ ਵਾਇਲੀ ਅਤੇ ਉਸ ਦੀ ਪਤਨੀ ਪੁੱਜੇ। ਵਾਇਲੀ  ਭਾਰਤੀ ਵਿਦਿਆਰਥੀਆਂ ਦੀ ਖ਼ੁਫ਼ੀਆ ਨਿਗਰਾਨੀ ਕਰਦਾ ਸੀ।ਉਹ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ ।ਇਸ ਲਈ ਭਾਰਤੀ ਵਿਦਿਆਰਥੀ ਉਸ ਤੋਂ ਦੁੱਖ਼ੀ ਸਨ ।ਇਸ ਲਈ ਮਦਨ ਲਾਲ ਨੇ ਉਸ ਨੂੰ ਮਾਰਨ ਦਾ ਮਨ ਬਣਾਇਆ ਸੀ ।ਉਨਾਂ ਨੂੰ ਵੇਖ ਕੇ ਉਸ ਨੂੰ ਜੋਸ਼ ਚੜ੍ਹ ਗਿਆ। ਗਿਆਰਾਂ ਵਜੇ ਦੇ ਕਰੀਬ ਸਾਰੀ ਕਾਰਵਾਈ ਮੁਕੰਮਲ ਹੋਈ। ਵਾਇਲੀ ਸਟੇਜ ਤੋਂ ਉਤਰ ਲੋਕਾਂ ਨੂੰ ਗ਼ੈਰ-ਰਸਮੀ ਮਿਲਣ ਲੱਗਾ। ਢੀਂਗਰਾ ਨੇ ਉਸ ਦੇ ਮੂੰਹ ‘ਤੇ 5 ਗੋਲੀਆਂ ਦਾਗ਼ੀਆਂ ਜਿੰਨ੍ਹਾਂ ਵਿੱਚੋਂ 4 ਆਪਣੇ ਨਿਸ਼ਾਨੇ ‘ਤੇ ਲੱਗੀਆਂ।ਇਕ ਪਾਰਸੀ ਡਾਕਟਰ ਕੋਵਾਸਜੀ ਲਲਕਾਰਾ ਜਿਸ ਨੇ ਕਿ ਵਾਇਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਨੂੰ  6ਵੀਂ ਤੇ 7ਵੀਂ ਗੋਲੀ ਦਾ ਨਿਸ਼ਾਨਾ ਬਣਿਆ। ਮਦਨ ਲਾਲ ਨੇ ਇਸ ਸਬੰਧੀ ਅਦਾਲਤ ਨੂੰ ਵੀ ਦੱਸਿਆ ਕਿ ਲਲਕਾਰਾ ਨੂੰ ਮਾਰਨ ਦਾ ੳਸ ਦਾ ਕੋਈ ਇਰਾਦਾ ਨਹੀਂ ਸੀ ਤੇ ਇਹ ਦੁਰਘਟਨਾ ਵੱਸ ਹੋ ਗਿਆ। ਜਦ ਭੀੜ ਵਿਚੋਂ ਕਿਸੇ ਨੇ ਉਸ ਨੂੰ ਕਾਤਲ ਕਿਹਾ ਤਾਂ ਉਸ ਨੇ ਕਿਹਾ ਕਿ ਮੈਂ ਦੇਸ਼ ਭਗਤ ਹਾਂ ਤੇ ਆਪਣੀ ਮਾਤ ਭੂਮੀ ਨੂੰ ਗ਼ੁਲਾਮੀ ਦੀ ਪੰਜਾਲੀ ਵਿਚੋਂ ਬਾਹਰ ਕੱਢਣਾ ਚਾਹੁੰਦਾ ਹਾਂ। ਬਿਨਾਂ ਕਿਸੇ ਡਰ ਅਤੇ ਖ਼ੌਫ਼ ਦੇ ਉਸ ਨੇ ਕਿਹਾ, “ਜੋ ਮੈਂ ਕੀਤਾ ਹੈ, ਉਸ ਲਈ ਮੈਂ ਹੱਕਦਾਰ ਹਾਂ। ਜੇ ਜਰਮਨੀਆਂ ਨੇ ਇੰਗਲੈਂਡ ‘ਤੇ ਕਬਜ਼ਾ ਕੀਤਾ ਹੁੰਦਾ ਤਾਂ ਇੰਗਲੈਂਡ ਵਾਸੀ ਨੇ ਵੀ ਇਹੋ ਕੁਝ ਕਰਨਾ ਸੀ”।

            ਮਦਨ ਲਾਲ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਨੇ ਖ਼ੁਦ ਗ੍ਰਿਫਤਾਰੀ ਦਿੱਤੀ। ਉਸ ਨੂੰ 7 ਦਿਨਾਂ ਲਈ ਪੁਲਿਸ ਹਵਾਲੇ ਕੀਤਾ ਗਿਆ। ਉਹ ਇਨ੍ਹਾਂ ਦਿਨਾਂ ਵਿੱਚ ਉਸ ਬਿਆਨ ਨੂੰ ਤਿਆਰ ਕਰਨ ਵਿੱਚ ਰੁਝਾ ਰਿਹਾ ਜੋ ਕਿ ਉਸ ਨੇ ਅਦਾਲਤ ਵਿੱਚ ਦੇਣਾ ਸੀ। 10 ਜੁਲਾਈ ਨੂੰ ਜਦ ਉਸ ਨੂੰ ਮੈਜਿਸਟਰੇਟ ਅਗੇ ਪੇਸ਼ ਕੀਤਾ ਗਿਆ ਤਾਂ ਉਸ ਨੇ ਇਹ ਬਿਆਨ ਉੱਚੀ ਪੜ੍ਹ ਕੇ ਸੁਣਾਇਆ ਜਿਸ ਵਿੱਚ ਉਸ ਨੇ ਕਿਹਾ, “ਮੈਂ ਆਪਣੇ ਕੀਤੇ ਕੰਮ ਦੀ ਸੁਰੱਖਿਆ ਲਈ  ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਨਹੀਂ ਸਮਝਦਾ ਹਾਂ ਕਿ ਇੰਗਲੈਂਡ ਦੀ ਅਦਾਲਤ ਨੂੰ ਮੈਨੂੰ ਸਜ਼ਾ ਦੇਣ ਜਾਂ ਜੇਲ ਵਿੱਚ ਬੰਦੀ ਰੱਖਣ ਦਾ ਕੋਈ ਅਧਿਕਾਰ ਹੈ  ਅਤੇ ਮੇਰਾ ਇਹ ਕਹਿਣਾ ਹੈ ਕਿ ਜੇ ਇਸ ਦੇਸ਼ ਨੂੰ ਜਰਮਨਾਂ ਨੇ ਆਪਣੇ ਕਬਜ਼ੇ ਵਿੱਚ ਕੀਤਾ ਹੁੰਦਾ ਤੇ ਇੰਗਲੈਸ਼ਮੈਨ ਦਾ ਜਰਮਨੀਆਂ ਖ਼ਿਲਾਫ਼ ਲੜਨਾ ਦੇਸ਼ ਭਗਤੀ ਹੁੰਦੀ ਤਾਂ ਮੇਰੇ ਇਸ ਕੇਸ ਵਿੱਚ ਅੰਗਰੇਜ਼ਾਂ ਖ਼ਿਲਾਫ਼ ਲੜਨਾ ਉਸ ਨਾਲੋਂ ਵੀ ਜ਼ਿਆਦਾ ਹੱਕੀ ਅਤੇ ਦੇਸ਼ ਭਗਤੀ ਵਾਲਾ ਕਾਰਜ ਹੈ। ਮੈਂ 50 ਸਾਲਾਂ ਵਿੱਚ ਆਪਣੇ ਦੇਸ਼ ਵਾਸੀਆਂ ਦੇ 80 ਲੱਖ ਕਤਲਾਂ ਲਈ ਅੰਗਰੇਜ਼ਾਂ ਨੂੰ ਜ਼ੁੰਮੇਵਾਰ ਮੰਨਦਾ ਹਾਂ। ਉਹ ਹਰ ਸਾਲ 10 ਕਰੋੜ ਪੌਂਡ ਭਾਰਤ ਤੋਂ ਇਥੇ ਲਿਆਉਣ ਲਈ ਜ਼ੁੰਮੇਵਾਰ ਹਨ। ਮੈਂ ਉਨ੍ਹਾਂ ਨੂੰ ਹਜ਼ਾਰਾਂ ਦੇਸ਼ਵਾਸੀਆਂ ਨੂੰ ਫਾਂਸੀ ਲਾਉਣ ਅਤੇ ਜਲਾਵਤਨੀ ਲਈ ਜ਼ੁੰਮੇਵਾਰ ਸਮਝਦਾ ਹਾਂ”।

            23 ਜੁਲਾਈ ਨੂੰ ਓਲਡ ਬੈਲੇ ਕੋਰਟ,ਲੰਡਨ ਵਿੱਚ ਮੁਕੱਦਮੇ ਦੀ ਕਾਰਵਾਈ ਹੋਈ। 20 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਅਦਾਲਤ ਨੇ 17 ਅਗਸਤ 1909 ਨੂੰ ਫਾਂਸੀ ਲਾਉਣ ਦਾ ਫੈਸਲਾ ਦੇ ਦਿੱਤਾ। ਜਦ ਜੱਜ ਨੇ ਸਜ਼ਾ ਸੁਣਾਈ ਤਾਂ ਉਸ ਨੇ ਗਰਜਵੀਂ ਆਵਾਜ਼ ਵਿੱਚ ਕਿਹਾ, “ਮੈਨੂੰ ਮਾਣ ਹੈ ਕਿ ਮੈਂ ਆਪਣੇ ਦੇਸ਼ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਹੈ। ਪਰ ਯਾਦ ਰੱਖੋ ਆਉਂਦੇ ਦਿਨਾਂ ਵਿੱਚ ਸਮਾਂ ਸਾਡਾ ਹੋਵੇਗਾ”।ਉਸ ਨੇ ਆਪਣੀ ਸਹਾਇਤਾ ਲਈ ਕੋਈ ਵਕੀਲ ਨਹੀਂ ਕੀਤਾ ਤੇ ਅੰਤ ਉਸ ਨੂੰ 17 ਅਗਸਤ 1909 ਨੂੰ ਲੰਦਨ ਦੀ ਪੈਂਟੋਨਵਿਲੇ ਜੇਲ੍ਹ ਵਿੱਚ ਫਾਂਸੀ ’ਤੇ ਚੜ੍ਹਾ ਦਿੱਤਾ ਗਿਆ ।

ਉਸ ਨੂੰ ਲਾਵਾਰਸ ਕੈਦੀ ਘੋਸ਼ਿਤ ਕਰਕੇ  ਜੇਲ ਵਿੱਚ ਹੀ ਇਕ ਆਮ ਵਿਅਕਤੀ ਦੀ ਤਰ੍ਹਾਂ ਦਫ਼ਨਾ ਦਿੱਤਾ ਗਿਆ ਤੇ ਇਕ ਇੱਟ ਲਾ ਦਿੱਤੀ ਗਈ ਜਿਸ ‘ਤੇ ਲਿਖਿਆ ਸੀ ਐਮ ਐਲ ਡੀ ।ਇਸ ਦਾ ਪਤਾ ਵੀ ਉਸ ਸਮੇਂ ਲੱਗਾ ਜਦ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆਉਣੀਆਂ ਸਨ ਤਾਂ ਉਸ ਦੀ ਕਬਰ ਲਭਦਿਆਂ ਲਭਦਿਆਂ ਇਹ ਇੱਟ ਨਜ਼ਰ ਪਈ ਤਾਂ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਇਹ ਮਦਨ ਲਾਲ ਢੀਂਗਰਾ ਦੀ ਕਬਰ ਹੈ।

            ਬਰਤਾਨੀਆ ਅਤੇ ਭਾਰਤ ਦੀ ਜ਼ਿਆਦਾਤਰ ਪ੍ਰੈਸ ਨੇ ਢੀਂਗਰਾ ਦੀ ਕਾਰਵਾਈ ਦੀ ਨਿੰਦਿਆ ਕੀਤੀ। ਮਹਾਤਮਾ ਗਾਂਧੀ ਨੇ ਵੀ ਵਾਇਲੀ ਦੇ ਕਤਲ ਦੀ ਨਿਖੇਧੀ ਕੀਤੀ। ਇੰਗਲੈਂਡ ਦੇ ਇੰਡੀਅਨ ਸੋਸੀਆਲੋਜੀ ਪਰਚੇ ਨੇ ਢੀਂਗਰਾ ਦੀ ਹਮਦਰਦੀ ਵਿੱਚ ਲੇਖ ਲਿਖਿਆ। ਇਸ ਲੇਖ ਲਿਖਣ ਬਦਲੇ ਇਸ ਦੇ ਪ੍ਰਿੰਟਰ ਗਾਈ ਅਲਡਰੈਡ ਨੂੰ 12 ਮਹੀਨੇ ਦੀ ਕੈਦ ਹੋਈ।

ਢੀਂਗਰਾ ਫ਼ਾਂਸੀ ਚੜਨ ਤੋਂ ਪਹਿਲਾਂ ਇਕ ਬਿਆਨ ਅਖ਼ਬਾਰਾਂ  ਨੂੰ ਦੇਣਾ ਚਾਹੁੰਦਾ ਸੀ ਪਰ ਉਸ ਦੀ ਇਹ ਇੱਛਾ ਪੂਰੀ ਨਾ ਕੀਤੀ ਗਈ।ਪਰ ਉਹ ਇਕ ਵਿਦੇਸ਼ੀ ਮਹਿਲਾ ਪੱਤਰਕਾਰ ਦੀ ਸਹਇਤਾ ਨਾਲ ਦੇਸ਼ ਵਾਸੀਆਂ ਦੇ ਨਾਂ ਸੰਦੇਸ਼ ਦੇਣ ਵਿਚ ਕਾਮਯਾਬ ਹੋ ਗਿਆ ।ਉਸ ਦਾ ਇਹ ਬਿਆਨ ਫ਼ਰਾਂਸੀਸੀ ਅਖ਼ਬਾਰਾਂ ਵਿਚ ਫ਼ਾਂਸੀ ਵਾਲੇ ਦਿਨ ਪ੍ਰਕਾਸ਼ਿਤ ਹੋਇਆ ।

ਢੀਂਗਰਾ ਦੀ ਇਸ ਦਲੇਰਾਨਾ ਕਾਰਵਾਈ ਅਤੇ ਸ਼ਹਾਦਤ ਨੇ ਭਾਰਤੀ ਨੌਜੁਆਨਾਂ ਨੂੰ ਹਥਿਆਰਬੰਦ ਸੰਘਰਸ਼ ਲਈ ਇਕ ਚਿੰਗਿਆੜੀ ਦਾ ਕੰਮ ਕੀਤਾ, ਕਿਉਂਕਿ ਉਹ ਉਨ੍ਹਾਂ ਲਈ ਪਹਿਲਾ ਰੋਲ ਮਾਡਲ ਬਣਿਆ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਚੰਦਰ ਸ਼ੇਖਰ ਆਦਿ ਨੌਜੁਆਨਾਂ ਦਾ ਉਹ ਪ੍ਰੇਰਨਾ ਸ੍ਰੋਤ ਸੀ।ਡਾ.ਸੈਫ਼ੁਲ ਦੀਨ ਕਿਚਲੂ ਵੀ ਉਸ ਸਮਾਗਮ ਵਿਚ ਸ਼ਾਮਲ ਸੀ,ਜਿਸ ਵਿਚ ਢੀਂਗਰਾ ਨੇ  ਵਾਇਲੀ ਦਾ ਕਤਲ ਕੀਤਾ ਸੀ ਤੇ ਸ਼ਾਇਦ ਇਹੋ ਹੀ ਕਾਰਨ ਸੀ ਕਿ ਉਸ ਨੇ ਅੰਮ੍ਰਿਤਸਰ ਆ ਕੇ ਆਜ਼ਾਦੀ ਦੀ ਲਹਿਰ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੇ ਸਾਰੀ ਉਮਰ ਹਿੰਦੂ ਮੁਸਲਮ ਏਕਤਾ ਤੇ ਦੇਸ਼ ਦੀ ਆਜ਼ਾਦੀ ਵਿਚ ਲਾ ਦਿੱਤੀ ਸੀ। ਅਮਰੀਕਾ ਵਿੱਚ ਗਦਰ ਪਾਰਟੀ ਦੇ ਬਾਨੀ ਲਾਲਾ ਹਰਦਿਆਲ ਨੇ ਉਸ ਦੀ ਸ਼ਹਾਦਤ ਬਾਰੇ ਲਿਖਿਆ ਸੀ, “ਢੀਂਗਰਾ ਨੇ ਮੈਨੂੰ ਮੱਧਕਾਲ ਦੇ ਰਾਜਪੂਤਾਂ ਅਤੇ ਸਿੱਖਾਂ ਦੀ ਯਾਦ ਮੁੜ ਤਾਜ਼ਾ ਕਰਵਾ ਦਿੱਤੀ ਹੈ ਜੋ ਮੌਤ ਦੀ ਲਾੜੀ ਨੂੰ ਵਿਆਹੁਣ ਲਈ ਬੜੇ ਚਾਵਾਂ ਨਾਲ ਘੋੜੀ ‘ਤੇ ਬੈਠ ਕਿ ਜੰਗ ਨੂੰ ਜਾਂਦੇ ਸਨ। ਇੰਗਲੈਂਡ ਸੋਚਦਾ ਹੈ ਕਿ ਉਨ੍ਹਾਂ ਨੇ ਢੀਂਗਰਾ ਨੂੰ ਮਾਰ ਦਿੱਤਾ ਹੈ ਪਰ ਉਹ ਹਮੇਸ਼ਾਂ ਲਈ ਅਮਰ ਹੈ।”

  ਜਰਮਨੀ ਦੀ ਲੇਖਕ ਐਗਨਸ ਸਮੈਡਲੀ ਆਪਣੀ ਪੁਸਤਕ ਵਿੱਚ ਲਿਖਦੀ ਹੈ, ‘‘ਮਾਂ ਨਾਲ ਇਤਨਾ ਪਿਆਰ। ਫਾਂਸੀ ਦੇ ਤਖ਼ਤੇ ’ਤੇ ਖਲੋਤੇ ਹੋਇਆਂ ਨੂੰ ਪੁੱਛਿਆ ਜਾਂਦਾ ਹੈ ਕਿ ਕੁਝ ਕਹਿਣਾ ਚਾਹੁੰਦੇ ਹੋ ਤਾਂ ਜਵਾਬ ਦਿੱਤਾ, ‘‘ਵੰਦੇ ਮਾਤਰਮ, ਮਾਂ … ਭਾਰਤ ਮਾਂ … ਤੈਨੂੰ ਨਮਸਕਾਰ।’’ ਉਹ ਹੱਸਦਾ ਹੋਇਆ ਫਾਂਸੀ ਦੇ ਤਖ਼ਤੇ ’ਤੇ ਲਟਕ ਗਿਆ ਤੇ ਉਸ ਦੀ ਲਾਸ਼ ਜੇਲ੍ਹ ਦੇ ਅੰਦਰ ਹੀ ਦਫ਼ਨਾ ਦਿੱਤੀ ਗਈ ਤੇ ਹਿੰਦੁਸਤਾਨੀਆਂ ਨੂੰ ਉਸ ਦੀ ਦੇਹ ਕਿਰਿਆ ਆਦਿ ਦੀ ਆਗਿਆ ਨਾ ਦਿੱਤੀ ਗਈ। ਧੰਨ ਸੀ ਉਹ ਵੀਰ। ਧੰਨ ਹੈ ਉਸ ਦੀ ਯਾਦ। ਐਸੇ ਦੇਸ਼ ਦੇ ਅਮੋਲਕ ਹੀਰੇ ਨੂੰ ਵਾਰ-ਵਾਰ ਨਮਸਕਾਰ।’’

13 ਦਸੰਬਰ 1976 ਨੂੰ ਵੱਡੀ ਜੱਦੋ-ਜਹਿਦ ਪਿੱਛੋਂ ਲੰਦਨ ਤੋਂ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਭਾਰਤ ਮੰਗਵਾਈਆਂ ਗਈਆਂ। ਸ਼ਰਧਾਂਜਲੀ ਭੇਟ ਕਰਨ ਹਿਤ ਸ਼ਹੀਦ ਦੀਆਂ ਅਸਥੀਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀਆਂ ਹੋਈਆਂ 20 ਦਸੰਬਰ ਨੂੰ ਸ਼ਹੀਦ ਦੀ ਜਨਮ ਭੂਮੀ ਅੰਮ੍ਰਿਤਸਰ ਪੁੱਜੀਆਂ। ਸ਼ਹਿਰ ਦੀ ਮਾਲ ਮੰਡੀ ਨੇੜੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਉਸੇ ਦੌਰਾਨ ਸਸਕਾਰ ਵਾਲੇ ਸਥਾਨ ’ਤੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵੱਲੋਂ ਸ਼ਹੀਦ ਢੀਂਗਰਾ ਦੀ ਸਮਾਧ ਤੇ ਸਮਾਰਕ ਦਾ ਨੀਂਹ ਪਥੱਰ ਰੱਖਿਆ ਗਿਆ ।ਅਫ਼ਸੋਸ ਦੀ ਗੱਲ ਹੈ ਕਿ ਉਸ ਦੇ ਜੱਦੀ ਘਰ ਨੂੰ ਅਸੀਂ ਸੰਭਾਲ ਨਹੀਂ ਸਕੇ। ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਇਹ ਘਰ ਖੰਡਰ ਬਣਿਆ ਪਿਆ ਹੈ।ਲੋੜ ਹੈ ਕਿ ਇਸ ਥਾਂ ‘ਤੇ ਯਾਦਗਾਰ ਬਣਾਈ ਜਾਵੇ ਤੇ ਲੰਡਨ ਤੋਂ ਉਸ ਦਾ ਪਿਸਤੌਲ ਤੇ ਹੋਰ ਨਿਸ਼ਾਨੀਆਂ ਲਿਆ ਕੇ ਏਥੇ ਰਖੀਆਂ ਜਾਣ।

ਡਾ.ਚਰਨਜੀਤ ਸਿੰਘ ਗੁਮਟਾਲਾ ,0019375739812 ( ਅਮਰੀਕਾ)ਵਟਸਐਪ 91 9417533060     ,gumtalacs@gmail.com                                                                           

 

Have something to say? Post your comment

More From Article

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ -- ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਗਿਆਨੀ ਜੀ ਨਿੰਦਾ ਛਡੋ,ਪੰਜਾਬ ਪੰਥ ਦੇ ਮੁਦੇ ਫੜੋ ਤੇ ਗੁਰੂ ਦੀ ਨੀਤੀ ਅਪਨਾਉ -- ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਸਮਾਰਟਫੋਨ ਅਤੇ ਸਮਾਰਟ ਟੈਬਲਟਸ ਦੇ ਯੁੱਗ ਵਿੱਚ ਜਿੱਥੇ 24/7 ਇੰਟਰਨੈੱਟ ਕਨੈਕਟਿਵਿਟੀ ਅਤੇ ਸੋਸ਼ਲ ਮੀਡੀਆ ਦੀ ਭਰਮਾਰ ਹੈ।

ਸਮਾਰਟਫੋਨ ਅਤੇ ਸਮਾਰਟ ਟੈਬਲਟਸ ਦੇ ਯੁੱਗ ਵਿੱਚ ਜਿੱਥੇ 24/7 ਇੰਟਰਨੈੱਟ ਕਨੈਕਟਿਵਿਟੀ ਅਤੇ ਸੋਸ਼ਲ ਮੀਡੀਆ ਦੀ ਭਰਮਾਰ ਹੈ।

ਇਕ ਤਰਫਾ ਟੈਰਿਫ਼ ਵਾਧਾ  ਅਮਰੀਕਾ ਦਾ ਸੰਸਾਰ ਬਾਜ਼ਾਰ ‘ਤੇ ਹਮਲਾ  ਜਗਦੀਸ਼  ਸਿੰਘ ਚੋਹਕਾ

ਇਕ ਤਰਫਾ ਟੈਰਿਫ਼ ਵਾਧਾ ਅਮਰੀਕਾ ਦਾ ਸੰਸਾਰ ਬਾਜ਼ਾਰ ‘ਤੇ ਹਮਲਾ ਜਗਦੀਸ਼  ਸਿੰਘ ਚੋਹਕਾ

ਸ਼੍ਰੋ ਅ ਦ ਦੇ ਪ੍ਰਧਾਨ ਦੀ ਚੋਣ ਭਾਵਨਾਵਾਂ ਦਾ ਬਹਿਣ ਨਹੀ,ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਜਰੂਰੀ ਹੈ

ਸ਼੍ਰੋ ਅ ਦ ਦੇ ਪ੍ਰਧਾਨ ਦੀ ਚੋਣ ਭਾਵਨਾਵਾਂ ਦਾ ਬਹਿਣ ਨਹੀ,ਇਹਦੇ ਲਈ ਦੂਰ-ਅੰਦੇਸ਼ੀ ਅਤੇ ਇਮਾਨਦਾਰੀ ਜਰੂਰੀ ਹੈ

ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ--  ਡਾ  ਸਤਿੰਦਰ ਪਾਲ ਸਿੰਘ 

ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ--  ਡਾ  ਸਤਿੰਦਰ ਪਾਲ ਸਿੰਘ 

ਸਾਡੀ ਜ਼ੁਬਾਨ ਵਿੱਚੋਂ ਝਲਕਦੇ ਹਨ ਸਾਡੇ ਸੰਸਕਾਰ

ਸਾਡੀ ਜ਼ੁਬਾਨ ਵਿੱਚੋਂ ਝਲਕਦੇ ਹਨ ਸਾਡੇ ਸੰਸਕਾਰ

ਦਵਿੰਦਰ ਬਾਂਸਲ ਟਰਾਂਟੋ ਦਾ ਕਾਵਿ ਸੰਗ੍ਰਹਿ ‘ਦੀਦ’ ਔਰਤ ਦੀ ਪੀੜਾ ਤੇ ਰੁਮਾਂਸਵਾਦ ਦਾ ਪ੍ਰਤੀਬਿੰਬ --- ਉਜਾਗਰ ਸਿੰਘ

ਦਵਿੰਦਰ ਬਾਂਸਲ ਟਰਾਂਟੋ ਦਾ ਕਾਵਿ ਸੰਗ੍ਰਹਿ ‘ਦੀਦ’ ਔਰਤ ਦੀ ਪੀੜਾ ਤੇ ਰੁਮਾਂਸਵਾਦ ਦਾ ਪ੍ਰਤੀਬਿੰਬ --- ਉਜਾਗਰ ਸਿੰਘ

165 ਟੈਲੀ ਫਿਲਮਾਂ ਕਰਨ ਤੋ ਬਾਅਦ ਫੀਚਰ ਫਿਲਮਾਂ ਵੱਲ ਮੁੜੇ :- 'ਅਦਾਕਾਰ ਅੰਗਰੇਜ ਮੰਨਨ '

165 ਟੈਲੀ ਫਿਲਮਾਂ ਕਰਨ ਤੋ ਬਾਅਦ ਫੀਚਰ ਫਿਲਮਾਂ ਵੱਲ ਮੁੜੇ :- 'ਅਦਾਕਾਰ ਅੰਗਰੇਜ ਮੰਨਨ '

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥  ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ

ਧੀਆਂ ਦਾ ਮਨੋਬਲ ਵਧਾਉਂਦੀ ਫ਼ਿਲਮ “ਕੁੜੀਆਂ ਜਵਾਨ-ਬਾਪੂ ਪਰੇਸ਼ਾਨ-2”

ਧੀਆਂ ਦਾ ਮਨੋਬਲ ਵਧਾਉਂਦੀ ਫ਼ਿਲਮ “ਕੁੜੀਆਂ ਜਵਾਨ-ਬਾਪੂ ਪਰੇਸ਼ਾਨ-2”