ਕੀ ਇਹ ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੰਜਾਬ ਦੀ ਸਿਆਸੀ ਧਰਤੀ ਤੇ ਮਜ਼ਬੂਤ ਪੈਰ ਜਮਾ ਸਕੇਗਾ? ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹੜੀ ਨੀਤੀ ਅਪਣਾਉਣੀ ਚਾਹੀਦੀ ਹੈ, ਜਿਸ ਨਾਲ ਪੰਥ ਅਤੇ ਪੰਜਾਬ ਦੋਹਾਂ ਦਾ ਭਲਾ ਹੋਵੇ ਤੇ ਅਕਾਲੀ ਦਲ ਮਜਬੂਤ ਲੀਹਾਂ ਉਪਰ ਖੜਾ ਹੋ ਸਕੇ?
ਸੁਹਿਰਦ ਪੰਥਕ ਲੋਕ ਸਮਝਦੇ ਹਨ ਕਿ ਅਕਾਲੀ ਦਲ ਦੀ ਵੰਡ ਨਾਲ ਸਿਖ ਪੰਥ ਦਾ ਰਾਜਨੀਤਕ ਤੇ ਪੰਥਕ ਤੌਰ ਉਪਰ ਨੁਕਸਾਨ ਹੋਵੇਗਾ।ਸਿਆਸੀ ਮਾਹਿਰ ਇਹ ਵੀ ਆਖਦੇ ਹਨ ਕਿ ਨਵਾਂ ਅਕਾਲੀ ਦਲ ਸਿਆਸੀ ਤੌਰ ਉਪਰ ਕੁਝ ਪ੍ਰਾਪਤੀ ਕਰੇ ਜਾਂ ਨਾ ਕਰੇ ,ਪਰ ਬਾਦਲ ਦਲ ਦਾ ਵਡਾ ਸਿਆਸੀ ਨੁਕਸਾਨ ਕਰਨ ਦੇ ਸਮਰਥ ਹੈ।ਬਾਦਲ ਦਲ ਦੇ ਆਗੂਆਂ ਨੇ ਅਜੇ ਤਕ ਪੰਜਾਬ ਤੇ ਪੰਥਕ ਹਿਤੂ ਨੀਤੀ ਨਹੀਂ ਅਪਨਾਈ ਜਿਸ ਨਾਲ ਲੋਕ ਉਨ੍ਹਾਂ ਨਾਲ ਦੁਬਾਰਾ ਜੁੜ ਸਕਣ।
ਗਿਆਨੀ ਹਰਪ੍ਰੀਤ ਸਿੰਘ ਦੇ ਮੋਹਰੀ ਹੋਣ ਨਾਲ ਨਵਾਂ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਦੋ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰੇਗਾ—ਤਰਨਤਾਰਨ ਵਿਧਾਨ ਸਭਾ ਸੀਟ ਦੀ ਉਪ-ਚੋਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ।
ਹੂਣੇ ਜਿਹੇ ਸੁਖਬੀਰ ਸਿੰਘ ਬਾਦਲ ਵਾਲੇ ਸ੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਤੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਨਾਲ ਬਾਦਲ ਨੂੰ ਚੋਣ ਮੈਦਾਨ ਵਿੱਚ ਹੋਰਨਾਂ ਨਾਲੋਂ ਅੱਗੇ ਨਿਕਲਣ ਦੀ ਉਮੀਦ ਹੈ। ਪਰ, ਬਾਗੀ ਧੜੇ ਦੇ ਵੋਟਾਂ ਵੰਡਣ ਦੀ ਸੰਭਾਵਨਾ ਹੈ, ਖਾਸਕਰ ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਹੋਣ ਕਾਰਨ। ਵੋਟਾਂ ਦੀ ਵੰਡ ਨਾਲ ਬਾਦਲ ਦੀ ਅਗਵਾਈ ਵਾਲੇ ਬਾਦਲ ਦਲ ਲਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਧੜਾ ਪੰਥਕ ਹਲਕਿਆਂ ਵਿੱਚ ਮਜ਼ਬੂਤ ਸਥਿਤੀ ਕਾਰਨ ਫਾਇਦਾ ਲੈ ਸਕਦਾ ਹੈ।"
ਨਵੇਂ ਅਕਾਲੀ ਧੜੇ ਨੇ ਹਾਲੇ ਤੱਕ ਉਪ-ਚੋਣ ਲੜਨ ਬਾਰੇ ਕੋਈ ਐਲਾਨ ਨਹੀਂ ਕੀਤਾ। ਸਾਬਕਾ ਸ੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਜੋ ਬਾਗੀ ਧੜੇ ਦੀ ਅਹਿਮ ਸ਼ਖਸੀਅਤ ਹਨ, ਨੇ ਕਿਹਾ, "ਪਾਰਟੀ ਪ੍ਰਧਾਨ ਹੀ ਅੰਤਿਮ ਫੈਸਲਾ ਲਵੇਗਾ।"
ਹੋ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਵਾਲਾ ਅਕਾਲੀ ਦਲ ਇਹਨਾਂ ਨਾਲ ਮਿਲਕੇ ਸਾਂਝਾ ਉਮੀਦਵਾਰ ਖੜਾ ਕਰੇ।ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਅਕਾਲੀ ਦਲ ਤੇ ਬਾਕੀ ਸਿਆਸੀ ਧਿਰਾਂ ਲਈ ਵਡੀ ਚੁਣੌਤੀ ਹੋਵੇਗਾ। ਪਤਾ ਲਗਾ ਕਿ ਕੁਝ ਪੰਥਕ ਧਿਰਾਂ ਬੀਬੀ ਗੁਰਪ੍ਰੀਤ ਕੌਰ ਨੂੰ ਸਾਂਝਾ ਪੰਥਕ ਉਮੀਦਵਾਰ ਬਣਾਉਣ ਲਈ ਸਰਗਰਮ ਹਨ।
ਬੀਬੀ ਗੁਰਪ੍ਰੀਤ ਕੌਰ ਉਹੀ ਹੈ ਜਿਸਨੇ ਰਾਜਿਸਥਾਨ ਵਿਖੇ ਜੱਜ ਦੇ ਕੰਪੀਟੀਸ਼ਨ ਇਮਤਿਹਾਨ ਦਾ ਬਾਈਕਾਟ ਕੀਤਾ ਸੀ,ਕਿਉਂਕਿ ਉਥੇ ਕਕਾਰਾਂ ਉਪਰ ਪਾਬੰਦੀ ਸੀ।ਇਹ ਮੁਹਿੰਮ ਸ਼ੋਸ਼ਲ ਮੀਡੀਆ ਉਪਰ ਬਹੁਤ ਭੱਖੀ ਸੀ।
ਸ੍ਰੋਮਣੀ ਕਮੇਟੀ ਚੋਣਾਂ ਜਿਸ ਦੀ ਅਜੇ ਜਲਦੀ ਹੋਣ ਦੀ ਸੰਭਾਵਨਾ ਨਹੀਂ।ਪਰ ਇਹ ਬਾਗੀ ਧੜੇ ਲਈ ਅਸਲ ਇਮਤਿਹਾਨ ਹੋਣਗੀਆਂ। ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਜਸਟਿਸ ਐਸ.ਐਸ. ਸਰੋਂ (ਰਿਟਾਇਰਡ) ਦੀ ਮਿਆਦ ਨਾ ਵਧਾਉਣ ਦਾ ਫੈਸਲਾ ਕੀਤਾ। ਸ੍ਰੋਮਣੀ ਕਮੇਟੀ ਚੋਣਾਂ ਦੀ ਘੋਸ਼ਣਾ ਵਿੱਚ ਦੇਰੀ ਨੂੰ ਕਈ ਲੋਕ ਕੇਂਦਰ ਸਰਕਾਰ ਦਾ ਰਣਨੀਤਕ ਕਦਮ ਮੰਨਦੇ ਹਨ, ਖਾਸਕਰ ਅੰਮ੍ਰਿਤਪਾਲ ਸਿੰਘ ਵਰਗੇ ਰੈਡੀਕਲ ਸਿੱਖ ਆਗੂਆਂ ਦੇ ਵਧਦੇ ਪ੍ਰਭਾਵ ਕਾਰਨ। ਅੰਮ੍ਰਿਤਪਾਲ ਦੇ ਉਭਾਰ ਤੋਂ ਬਾਅਦ ਇਹ ਡਰ ਸੀ ਕਿ ਖਾਲਿਸਤਾਨੀ ਝੁਕਾਅ ਵਾਲੇ ਲੋਕ ਸ੍ਰੋਮਣੀ ਕਮੇਟੀ 'ਤੇ ਕਬਜ਼ਾ ਕਰ ਸਕਦੇ ਹਨ।
ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਸ਼ਾਇਦ ਬਾਗੀ ਧੜੇ ਦੀ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਪਕੜ ਨੂੰ ਜਾਚਣ ਦੀ ਉਡੀਕ ਕਰ ਰਹੀ ਹੈ। ਜੇ ਸਥਿਤੀ ਸਪੱਸ਼ਟ ਹੋ ਜਾਵੇ, ਤਾਂ ਕੇਂਦਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੋਮਣੀ ਕਮੇਟੀ ਚੋਣਾਂ ਕਰਵਾ ਸਕਦਾ।
ਹੁਣ ਸਵਾਲ ਇਹ ਹੈ ਕਿ ਕੀ ਇਹ ਨਵਾਂ ਅਕਾਲੀ ਦਲ ਸਫਲ ਹੋ ਸਕੇਗਾ? ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਨਵੇਂ ਅਕਾਲੀ ਧੜੇ ਨੂੰ ਸਿਆਸੀ ਜ਼ਮੀਨ ਹਾਸਲ ਕਰਨ ਲਈ ਲੋਕਾਂ ਵਿੱਚ ਜਾਣਾ ਪਵੇਗਾ।ਬਾਦਲਾਂ ਦੀ ਨਿੰਦਾ ਨਾਲ ਹੁਣ ਗੁਜ਼ਾਰਾ ਨਹੀਂ ਹੋਵੇਗਾ, ਬਲਕਿ ਪੰਜਾਬ ਦੇ ਮੁੱਦਿਆਂ – ਕਿਸਾਨਾਂ ਦੀ ਆਮਦਨ,ਬਦਲ ਰਹੀ ਡੈਮੋਗਰਾਫੀ, ਨੌਜਵਾਨਾਂ ਦੇ ਰੁਜ਼ਗਾਰ, ਨਸ਼ਿਆਂ ਦੀ ਮਹਾਂਮਾਰੀ – ਤੇ ਜੂਝਣਾ ਪਵੇਗਾ। ਨਿੰਦਾ ਤਾਂ ਜ਼ਹਿਰ ਵਾਂਗ ਹੈ, ਜੋ ਤੁਹਾਡਾ ਨੁਕਸਾਨ ਕਰਦੀ ਹੈ, ਪਰ ਲੋਕ ਮੁੱਦੇ ਫੁੱਲ ਵਾਂਗ ਹਨ, ਜੋ ਮਹਿਕ ਫੈਲਾਉਂਦੇ ਹਨ।ਤੁਹਾਡੀ ਤਾਕਤ ਵਧਾਉਂਦੇ ਹਨ। ਗਿਆਨੀ ਜੀ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਬਾਦਲਾਂ ਨੂੰ ਨਿੰਦ ਕੇ ਇਤਿਹਾਸਕ ਸਮਾਂ ਗਵਾਇਆ ਹੈ ,ਆਪਣੀ ਧਾਰਮਿਕ ਹਸਤੀ ਨੂੰ ਘਟਾਇਆ ਹੈ, ਇਸ ਦਾ ਸਿੱਖ ਸੰਗਤ ਤੇ ਚੰਗਾ ਪ੍ਰਭਾਵ ਨਹੀਂ ਪਿਆ। ਉਨ੍ਹਾਂ ਨੂੰ ਪੰਥ ਅਤੇ ਪੰਜਾਬ ਲਈ ਵਿਜ਼ਨ ਬਣਾਉਣਾ ਚਾਹੀਦਾ ਹੈ, ਜਿਵੇਂ ਮਾਸਟਰ ਤਾਰਾ ਸਿੰਘ ਨੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਸੀ।
ਕਾਸ਼ੀ ਰਾਮ ਜੀ ਦੀ ਸੰਗਤ ਮੈਂ ਖੁਦ ਮਾਣੀ ਹੈ ਉਹਨਾਂ ਪੰਜਾਬ ਵਿਚ ਦਲਿਤ ਤੇ ਜੱਟ ,ਸਿੱਖ ਤੇ ਦਲਿਤ ਸਾਂਝ ਦਾ ਸਫਲ ਤਜਰਬਾ ਕੀਤਾ ਸੀ।ਦਲਿਤ ਜੱਟ ਵਿਚਾਲੇ ਨਫਰਤਾਂ ਵੀ ਘਟਾਈਆਂ।ਉਹਨਾਂ ਦਾ ਬਹੂਤ ਵਿਸ਼ਾਲ ਹਿਰਦਾ ਸੀ।ਉਹ ਬਾਦਲਾਂ ਵਾਂਗ ਫਾਈਵ ਸਟਾਰ ਹੋਟਲਾਂ ਵਿਚ ਠਹਿਰਣ ਦੀ ਥਾਂ ਕਿਰਤੀ ਲੋਕਾਂ ਦੇ ਘਰਾਂ ਜਾਂ ਸਰਕਟ ਹਾਊਸ ਵਿਚ ਠਹਿਰਦੇ ਸਨ।ਉਹਨਾਂ ਨੇ ਆਪਣੀ ਅਣਖ ਤੋਂ ਗਰਕ ਹੋ ਕੇ ਬਾਦਲ ਦਲ ਵਾਂਗ ਕੇਂਦਰ ਨਾਲ ਸਮਝੌਤੇ ਨਹੀਂ ਕੀਤੇ ਸਨ।ਨਾ ਹੀ ਕਿਸੇ ਪਾਰਟੀ ਨਾਲ ਪਤੀ- ਪਤਨੀ ਦਾ ਰਿਸ਼ਤਾ ਨਿਭਾਇਆ।ਉਨ੍ਹਾਂ ਨੇ ਆਪਣੇ ਭਾਈਚਾਰੇ ਦੀ ਅਣਖ ਕਾਇਮ ਰਖੀ,ਬਹੁਜਨ ਦੇ ਹਿੱਤਾਂ ਉਪਰ ਪਹਿਰਾ ਦਿੱਤਾ।ਸੰਤ ਲੌਗੋਵਾਲ ਨੇ ਲੰਮਾ ਸਮਾਂ ਕੇਂਦਰ ਵਿਰੁਧ ਮੋਰਚਾ ਲਗਾਕੇ ਸੁਕਣੇ ਪਾਈ ਰਖਿਆ।ਅਣਖ ਰਖੇ ਬਿਨਾਂ ਪੰਜਾਬ ਹਿਤੂ ਪਾਰਟੀ ਨਹੀਂ ਚਲਾਈ ਜਾ ਸਕਦੀ।ਕਾਂਸ਼ੀ ਰਾਮ ,ਸੰਤ ਲੌਗੋਵਾਲ, ਮਾਸਟਰ ਤਾਰਾ ਸਿੰਘ ਵਾਂਗ ਲੋਕਾਂ ਵਿਚ ਜਾਣਾ ਪਵੇਗਾ।ਲੋਕ ਆਪ ਤੁਹਾਡੀ ਪਾਰਟੀ ਚਲਾਉਣਗੇ।ਆਪ ਪੈਸਾ ਦੇਣਗੇ।
ਇਕ ਵਾਰ ਕਾਂਸ਼ੀਰਾਮ ਜੀ ਨੇ ਮੈਨੂੰ ਆਪਣੇ ਨਾਲ ਫਿਰੋਜਪੁਰ ਰੈਲੀ ਵਿਚ ਚਲਣ ਨੂੰ ਕਿਹਾ ਸੀ ਜੋ ਬਹੁਜਨ ਦੇ ਨੇਤਾ ਲਾਲ ਸਿੰਘ ਸੁਲਹਾਨੀ ਨੇ ਰਖਵਾਈ ਸੀ।ਮੈਂ ਕਾਂਸ਼ੀ ਰਾਮ ਜੀ ਤੋਂ ਪੁਛਿਆ ਕਿ ਤੁਹਾਡੇ ਕੋਲ ਮੀਡੀਆ ਨਹੀਂ ,ਪੈਸੇ ਨਹੀਂ, ਕਿਵੇਂ ਵਡਾ ਇਕਠ ਕਰ ਜਾਂਦੇ ਹੋ।ਉਹ ਕਹਿਣ ਲਗੇ ਕਿ ਇਹ ਗਰੀਬ ਲੋਕ ਜੋ ਮੇਰੇ ਉਪਰ ਵਿਸ਼ਵਾਸ ਕਰਦੇ ਹਨ।ਇਹ ਮੈਨੂੰ ਪੰਜ ਪੰਜ ਰੁਪਏ ਦਿੰਦੇ ਹਨ।ਆਪਣੀ ਵੋਟ ਤੇ ਸਮਰਥਨ ਵੀ।ਇਹੀ ਮੇਰੀ ਤਾਕਤ ਹੈ।ਇਹੀ ਮੇਰਾ ਮੀਡੀਆ ਹੈ।ਝੂਠੇ ਮੀਡੀਆ ਦੀ ਮੈਨੂੰ ਲੋੜ ਨਹੀਂ।
ਗਿਆਨੀ ਜੀ ਨੂੰ ਕਿਰਤੀਆਂ, ਕਿਸਾਨਾਂ ਨੂੰ ਆਪਣੀ ਤਾਕਤ ਬਣਾਉਣਾ ਚਾਹੀਦਾ ਹੈ, ਡੇਰਿਆਂ ਦੇ ਬਾਬੇ ਉਹਨਾਂ ਦਾ ਕੁਝ ਵੀ ਸੰਵਾਰ ਨਹੀਂ ਸਕਣਗੇ। ਆਮ ਲੋਕ ਹੀ ਤਾਕਤ ਹੁੰਦੇ ਹਨ, ਜਿਵੇਂ ਗੁਰੂ ਸਾਹਿਬਾਨ ਨੇ ਇਤਿਹਾਸ ਸਿਰਜਕੇ ਦਿਖਾਇਆ ਸੀ।ਬਿਬਰ ਵਰਗੇ ਉਹਨਾਂ ਝੁਕਾ ਦਿਤੇ ਸਨ।ਉਹ ਤਾਕਤ ਸੱਚ ਦੀ ਵੀ ਹੈ ਤੇ ਲੋਕਾਂ ਦੀ ਵੀ।
ਗਿਆਨੀ ਜੀ ਨੂੰ ਬਾਦਲਾਂ ਦੇ ਦੋਸ਼ਾਂ ਦੀ ਪਰਵਾਹ ਨਾ ਕਰਨੀ ਚਾਹੀਦੀ, ਬਲਕਿ ਪੰਥ ਅਤੇ ਪੰਜਾਬੀਆਂ ਦੀ ਇੱਛਾ ਨੂੰ ਦੇਖਣਾ ਚਾਹੀਦਾ ਹੈ ਕਿ ਲੋਕ ਕੀ ਚਾਹੂੰਦੇ ਹਨ। ਪੰਥ ਤੇ ਪੰਜਾਬ ਦੇ ਸੰਕਟ ਕੀ ਹਨ?ਇਹ ਹਲ ਕਿਵੇਂ ਹੋਣ?ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਵਿਰੁੱਧ ਆਵਾਜ਼ ਉਠਾਉਣ ਦੀ ਲੋੜ ਹੈ, ਫਿਰਕੂਵਾਦ ਦਾ ਵਿਰੋਧ ਕਰੋ ਨਿਤਾਣਿਆਂ ਤੇ ਮਨੁੱਖੀ ਅਧਿਕਾਰਾਂ ਲਈ ਖਲੋਵੋ ਅਤੇ ਸਰਬੱਤ ਦਾ ਭਲੋ ਦੀ ਰਾਜਨੀਤੀ ਦਾ ਅਗਾਜ਼ ਕਰੋ। ਇਹੀ ਗੁਰੂ ਸਾਹਿਬਾਨ ਦੀ ਨੀਤੀ ਸੀ।
ਇਸ ਨਾਲ ਹੀ ਨਵਾਂ ਅਕਾਲੀ ਦਲ ਸਫਲ ਹੋਵੇਗਾ, ਅਤੇ ਪੰਜਾਬ ਦੀ ਧਰਤੀ ਫਿਰ ਮਹਿਕੇਗੀ ਗੁਰੂ ਦੇ ਨਾਮ ਨਾਲ।