ਦਵਿੰਦਰ ਬਾਂਸਲ ਪੰਜਾਬੀ ਦੀ ਸਥਾਪਤ ਕਵਿਤਰੀ ਹੈ। ਪਰਵਾਸ ਵਿੱਚ ਰਹਿੰਦੀ ਹੋਈ ਵੀ ਉਹ ਆਪਣੀ ਪੰਜਾਬੀ ਵਿਰਾਸਤ ਨਾਲ ਇਕੱਮਿੱਕ ਹੈ। ਉਸ ਦੇ ਹੁਣ ਤੱਕ ਤਿੰਨ ਕਾਵਿ ਸੰਗ੍ਰਹਿ ‘ਮੇਰੀਆਂ ਝਾਂਜਰਾਂ ਦੀ ਛਨ-ਛਨ’ (1998 ), ‘ਜੀਵਨ ਰੁੱਤ ਦੀ ਮਾਲਾ’ (2023) ਅਤੇ ‘ਸਵੈ ਦੀ ਪਰਕਰਮਾ’ (2023) ਪ੍ਰਕਾਸ਼ਤ ਹੋ ਚੁੱਕੇ ਹਨ। ‘ਮੇਰੀਆਂ ਝਾਂਜਰਾਂ ਦੀ ਛਨ-ਛਨ’ ਕਾਵਿ ਸੰਗ੍ਰਹਿ ਦੇ ਤਿੰਨ ਐਡੀਸ਼ਨ ਛਪ ਚੁੱਕੇ ਹਨ। ਇਨ੍ਹਾਂ ਕਾਵਿ ਸੰਗ੍ਰਹਿਾਂ ਦੀ ਪ੍ਰਕਾਸ਼ਨਾ ਤੋਂ ਬਾਅਦ ਦਵਿੰਦਰ ਬਾਂਸਲ ਦੀ ਕਵਿਤਾ ਸਾਹਿਤਕ ਖੇਤਰ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੜਚੋਲ ਅਧੀਨ ‘ਦੀਦ’ ਉਸਦਾ ਚੌਥਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ ਉਸਦੀਆਂ 56 ਛੋਟੀਆਂ-ਵੱਡੀਆਂ, ਖੁਲ੍ਹੀਆਂ ਕਵਿਤਾਵਾਂ ਹਨ। ਇਹ ਸਾਰੀਆਂ ਕਵਿਤਾਵਾਂ ਉਸਦੇ ਅੰਤਰੀਵ ਦੀ ਆਵਾਜ਼, ਇੱਕ ਕਿਸਮ ਨਾਲ ਦਵਿੰਦਰ ਬਾਂਸਲ ਦੀ ਰੂਹ ਦੀ ਖੁਰਾਕ ਹਨ, ਉਸਨੇ ਹਰ ਕਵਿਤਾ ਰੂਹ ਵਿੱਚ ਭਿੱਜਕੇ ਲਿਖੀ ਹੈ। ਉਸਨੇ ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਦਿਆਂ ਜੋ ਪ੍ਰਭਾਵ ਗ੍ਰਹਿਣ ਕੀਤੇ ਹਨ, ਉਨ੍ਹਾਂ ਨੂੰ ਕਵਿਤਾਵਾਂ ਦਾ ਰੂਪ ਦਿੱਤਾ ਹੈ। ਇਹ ਕਵਿਤਾਵਾਂ ਕਾਵਿਕ ਮਾਪ ਦੰਡਾਂ ਵਿੱਚ ਬੱਝਕੇ ਨਹੀਂ ਲਿਖੀਆਂ ਗਈਆਂ, ਸਗੋਂ ਕਵਿਤਰੀ ਦੇ ਮਨ ਮਸਤਕ ਵਿੱਚੋਂ ਆਪ ਮੁਹਾਰੇ ਨਿਕਲੀਆਂ ਹੋਈਆਂ ਵੱਖਰੇ ਰੰਗ ਵਿਖੇਰਦੀਆਂ ਹਨ। ਕਵਿਤਰੀ ਨੇ ਇਨ੍ਹਾਂ ਕਵਿਤਾਵਾਂ ਰਾਹੀਂ ਨਵੇਂ ਨਕਸ ਸਿਰਜੇ ਹਨ। ਦਵਿੰਦਰ ਬਾਂਸਲ ਦੀਆਂ ਕਵਿਤਾਵਾਂ ਬਹੁ-ਰੰਗੀ, ਬਹੁ-ਪਰਤੀ ਅਤੇ ਵਿਲੱਖਣ ਕਿਸਮ ਦੀਆਂ ਹਨ, ਜੋ ਦਰਿਆ ਦੇ ਵਹਿਣਾਂ ਦੇ ਵਹਾਅ ਦੀਆਂ ਤਰੰਗਾਂ ਭਾਸਦੀਆਂ ਹਨ। ਇਨ੍ਹਾਂ ਕਵਿਤਾਵਾਂ ਦੀ ਰਵਾਨਗੀ ਵੀ ਦਰਿਆ ਦੀਆਂ ਛੱਲਾਂ ਵਰਗੀ ਹੈ, ਜੋ ਰੰਗ ਵਿਰੰਗੀਆਂ ਲਹਿਰਾਂ ਦਾ ਰੂਪ ਧਰਨ ਕਰ ਲੈਂਦੀਆਂ ਹਨ। ਕਵਿਤਰੀ ਨੇ ਕਵਿਤਾਵਾਂ ਨੂੰ ਨਿਵੇਕਲੇ ਅੰਦਾਜ਼ ਵਿੱਚ ਪ੍ਰਗਟ ਕੀਤਾ ਹੈ, ਜੋ ਨਵੇਂ ਰੰਗ ਪੇਸ਼ ਕਰਦੀਆਂ ਹਨ। ਉਸਦੀਆਂ ਕਵਿਤਾਵਾਂ ਵਿੱਚ ਵਿਸਮਾਦੀ ਰੰਗ ਵੀ ਵੇਖਣ ਨੂੰ ਮਿਲਦਾ ਹੈ। ਕਵਿਤਾਵਾਂ ਲਿਖਦੀ ਉਹ ਖੁਦ ਕਵਿਤਾ ਬਣਕੇ ਕਵਿਤਾ ਵਿੱਚ ਵਿਲੀਨ ਹੋ ਜਾਂਦੀ ਹੈ ਤੇ ਸੁੱਧ- ਬੁੱਧ ਖੋ ਬੈਠਦੀ ਹੈ। ਉਹ ਲਿਖਦੀ ਹੈ ਕਿ ਔਰਤ ਹੋਣਾ ਹੀ ਬਦਕਿਸਮਤੀ ਹੈ, ਬ੍ਰਿਹਾ, ਪੀੜਾਂ, ਦੁੱਖ-ਦਰਦ ਅਤੇ ਉਲਝਣਾਂ ਉਸਦੀ ਜ਼ਿੰਦਗੀ ਦਾ ਅਨਿਖੜਵਾਂ ਅੰਗ ਬਣੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਬਾਹਰ ਨਿਕਲਣ ਲਈ ਔਰਤ ਜਦੋਜਹਿਦ ਕਰਦੀ ਰਹਿੰਦੀ ਹੈ। ਪਹਿਲਾਂ ਮਾਪਿਆਂ ਦੇ ਘਰ ਦੀ ਕੈਦੀ ਬਣਕੇ ਉਨ੍ਹਾਂ ਦੇ ਘਰ ਦੀ ਉਸਾਰੀ ਕਰਦੀ ਹੈ ਤੇ ਫਿਰ ਪਤੀ ਦਾ ਘਰ ਸੰਵਾਰਦੀ, ਬਣਾਉਂਦੀ ਤੇ ਉਸਾਰਦੀ ਹੈ। ਬੁਢਾਪੇ ਵਿੱਚ ਪਹੁੰਚਦਿਆਂ ਉਹ ਬੱਚਿਆਂ ਦੇ ਤਿੜਕੇ ਘਰਾਂ ਨੂੰ ਸੰਭਾਲਦੀ ਹੋਈ, ਇਸ ਸੰਸਾਰ ਨੂੰ ਅਲਵਿਦਾ ਕਹਿੰਦੀ ਹੈ। ਉਸਦੀ ਜ਼ਿੰਦਗੀ ਵਿੱਚ ਟਿਕਾਅ ਨਹੀਂ ਹੁੰਦਾ, ਭਟਕਦੀ ਰਹਿੰਦੀ ਹੈ। ਬੱਚੇ ਪਦਾਰਥਵਾਦੀ ਹੋ ਕੇ ਮਾਪਿਆਂ ਦੀ ਜਾਇਦਾਦ ਵਲ ਨਿਗਾਹ ਰੱਖਦੇ ਹਨ। ਔਰਤਾਂ ਨੂੰ ਤਿਤਲੀਆਂ ਕਿਹਾ ਜਾਂਦਾ ਹੈ, ਪ੍ਰੰਤੂ ਉਨ੍ਹਾਂ ਉਪਰ ਭੌਰੇ ਤਿਲਮਾਲਉਂਦੇ ਹੋਏ ਰਸ ਚੂਸਕੇ ਆਨੰਦ ਮਾਣਦੇ ਹਨ ਤੇ ਔਰਤ ਦਾ ਸਰੀਰ ਬਿਨਾ ਆਤਮਾ ਬਚ ਜਾਂਦਾ ਹੈ। ਔਰਤ ਆਪ ਹੀ ਮੋਹ ਮੁਹੱਬਤ ਦੀ ਲਾਲਸਾ ਵਿੱਚ ਫਸਦੀ ਹੋਈ ਬਰਬਾਦ ਹੋ ਜਾਂਦੀ ਹੈ। ਇਹ ਕੁਝ ਦਵਿੰਦਰ ਬਾਂਸਲ ਦੀਆਂ ਕਵਿਤਾਵਾਂ ਦਾ ਸਾਰੰਸ਼ ਹੈ। ਮੁੱਢਲੇ ਤੌਰ ‘ਤੇ ਉਹ ਇਸਤਰੀਆਂ ਦੇ ਭਾਵਨਾਵਾਂ ਵਿੱਚ ਵਹਿਣ ਅਤੇ ਮਰਦਾਂ ਵੱਲੋਂ ਉਨ੍ਹਾਂ ਨੂੰ ਲਲਚਾਈਆਂ ਨਜ਼ਰਾਂ ਨਾਲ ਵੇਖਣ ਉਪਰ ਤਿੱਖੇ ਟਕੋਰੇ ਮਾਰਦੀ ਹੈ। ਉਨ੍ਹਾਂ ਦਾ ਮਾਸ ਨੋਚਕੇ ਦਰਿੰਦਗੀ ਦਾ ਜ਼ਿੰਦਾ ਨਾਚ ਕੀਤਾ ਜਾਂਦਾ ਹੈ, ਔਰਤ ਨਿਰਜਿੰਦ ਲਾਸ਼ ਬਣਕੇ ਵੀ ਬਰਦਾਸ਼ਤ ਕਰਦੀ ਰਹਿੰਦੀ ਹੈ। ਵਿਆਹ ਤੋਂ ਪਹਿਲਾਂ ਦੇ ਸਬਜਬਾਗ ਤੇ ਵਾਅਦੇ ਵਫ਼ਾ ਨਹੀਂ ਹੁੰਦੇ। ਭਲੇ ਸਮੇਂ ਹੁੰਦੇ ਸੀ, ਜਦੋਂ ਹਸਦੇ ਰਹਿੰਦੇ ਸੀ। ਅਸਲ ਵਿੱਚ ਉਦੋਂ ਸਮਝ ਹੀ ਨਹੀਂ ਹੁੰਦੀ ਸੀ। ਸਮਝ ਆਉਣ ਤੋਂ ਬਾਅਦ ਹਟਕੋਰੇ ਪੱਲੇ ਪੈ ਗਏ ਤੇ ਸਮਝ ਦੁਸ਼ਮਣ ਬਣ ਗਈ। ਕਵਿਤਰੀ ਕਹਿੰਦੀ ਹੈ ਕਿ ਭਲੇ ਵੇਲੇ ਆਉਣਗੇ, ਪ੍ਰੰਤੂ ਉਸਨੇ ਭਲੇ ਵੇਲੇ ਨਹੀਂ ਵੇਖੇ, ਉਹ ਆਪਣੀ ‘ਤਨ ਅਗਨ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ:
ਹੱਡੀਆਂ ਦਾ ਬਾਲਣ
ਖ਼ੂਨ ਦਾ ਤੇਲ
ਬਲਦੇ ਤਾਂ ਭਾਂਬੜ ਬਲੇ
ਵੇਖੇ ਨਾ ਵੇਲੇ ਭਲੇ. . . .।
‘ਬੇਸਮਝੇ ਸਾਂ ਹੱਸਦੇ’ ਸਿਰਲੇਖ ਵਾਲੀ ਕਵਿਤਾ ਵਿੱਚ ਕਵਿਤਰੀ ਲਿਖਦੀ ਹੈ:
ਬੇਮਝੇ ਸਾਂ ਹੱਸਦੇ
ਸਮਝਦਾਰ ਹਾਂ ਤੰਗ
ਮੁੜ ਮੁੜ ਚੇਤੇ ਆਂਵਦੇ
ਬਾਲ ਉਮਰ ਦੇ ਰੰਗ
ਭੋਲੇ ਸਾਦੇ ਲੋਕ ਪਰ
ਦਿਲ ਦੇ ਸਨ ਅਮੀਰ
ਇੱਕ ਦਰ ਸੀ ਝੁਕਦੇ
ਰਾਜਾ ਰੰਕ ਫ਼ਕੀਰ…….. ..
ਔਰਤ ਆਜ਼ਾਦੀ ਭਾਲਦੀ ਹੈ, ਮਾਨਸਿਕ ਆਜ਼ਾਦੀ, ਪ੍ਰੰਤੂ ਕਈ ਇਸਤਰੀਆਂ ਨੂੰ ਖ਼ੁਸ਼ਾਮਦ ਰਾਹੀਂ ਵਰਗਲਾ ਲਿਆ ਜਾਂਦਾਂ ਹੈ, ਦਵਿੰਦਰ ਬਾਂਸਲ ਉਨ੍ਹਾਂ ਨੂੰ ਦ੍ਰਿੜ੍ਹਤਾ ਨਾਲ ਵਿਚਰਣ, ਹੌਸਲਾ ਰੱਖਣ ਅਤੇ ਆਪਣੇ ਵਿਅਤਿਤਵ ਨੂੰ ਸਮਤੁਲ ਰੱਖਕੇ ਗੁੰਝਲਦਾਰ ਉਲਝਣਾ ਨੂੰ ਸਾਫ਼ ਸੁਥਰੀ ਪਾਕਿ ਪਵਿਤਰ ਮੁਹੱਬਤ ਨਾਲ ਸੁਰ ਵਿੱਚ ਲਿਆਉਣ ਦੀ ਨਸੀਹਤ ਦਿੰਦੀ ਹੋਈ ਕਹਿੰਦੀ ਹੈ ਕਿ ਮੁੱਹੱਬਤ ਨਿਰ-ਸਵਾਰਥ, ਨਿਰ-ਉਚੇਚ ਅਤੇ ਨਿਰ-ਵਿਰੋਧ ਹੋਣੀ ਚਾਹੀਦੀ ਹੈ। ਆਧੁਨਿਕ ਜ਼ਮਾਨਾ ਆ ਗਿਆ, ਕੁਝ ਔਰਤਾਂ ਆਜ਼ਾਦੀ ਦਾ ਨਜ਼ਾਇਜ ਲਾਭ ਉਠਾਉਂਦੀਆਂ ਹਨ। ਚਾਰੇ ਪਾਸੇ ਝੂਠ ਦੇ ਪਸਾਰੇ ਨਾਲ ਮਾਰਕੀਟ ਦੀ ਵਸਤੂ ਬਣਨ ਦੀ ਥਾਂ ਸਿਆਣਪ ਦਾ ਮੁਜੱਸਮਾ ਬਣਕੇ ਵਿਚਰਨ ਨੂੰ ਤਰਜ਼ੀਹ ਦੇਣ ਦੀ ਤਾਕੀਦ ਕਰਦੀ ਹੈ। ਜ਼ਮਾਨੇ ਨਾਲ ਲੜਨ ਦੀ ਸਮਰੱਥਾ ਬਣਾਉਣ ਦੀ ਲੋੜ ਹੈ। ਕਵਿਤਰੀ ‘ਮਾਨਸਿਕ ਪੀੜ’ ਸਿਰਲੇਖ ਵਾਲੀ ਕਵਿਤਾ ਵਿੱਚ ਨਿਰਦਈ ਮਰਦ ਦੀ ਮਾਨਸਿਕਤਾ ਦਾ ਵਰਣਨ ਕਰਦੀ ਹੋਈ ਇਸਤਰੀਆਂ ਉਪਰ ਮਰਦਾਂ ਵੱਲੋਂ ਕੀਤੇ ਅਤਿਆਚਾਰਾਂ ਨੂੰ ਬਹੁਤ ਹੀ ਭਾਵਕਤਾ ਨਾਲ ਇਸਤਰੀਆਂ ਨੂੰ ਬਰਦਾਸ਼ਤ ਕਰਦਿਆਂ ਦਰਸਾਇਆ ਹੈ। ਇਸ ਕਵਿਤਾ ਦਾ ਭਾਵ ਹੈ ਕਿ ਇਸਤਰੀਆਂ ਨੂੰ ਇਨ੍ਹਾਂ ਜ਼ੁਲਮਾਂ ਨੂੰ ਹਰ ਰੋਜ਼ ਬਰਦਾਸ਼ਤ ਨਹੀਂ ਕਰਨਾ ਚਾਹੀਦਾ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਕਵਿਤਰੀ ਕਾਵਿ ਸੰਗ੍ਰਹਿ ਦੇ ਨਾਮ ਵਾਲੀ ‘ਦੀਦ’ ਕਵਿਤਾ ਵਿੱਚ ਲਿਖਦੀ ਹੈ ਕਿ ਔਰਤ ਭਾਵਨਾਵਾਂ ਵਿੱਚ ਵਹਿਣ ਵਾਲੀ ਮੋਮ ਦੀ ਮੂਰਤ ਹੈ, ਜਿਸ ਨਾਲ ਉਸਨੂੰ ਮੁਹੱਬਤ ਹੋ ਜਾਂਦੀ ਹੈ, ਉਸਦੀਆਂ ਤਲੀਆਂ ਥੱਲੇ ਹੱਥ ਦਿੰਦੀ ਹੋਈ ਪਿਆਰ ਦੀਆਂ ਪੀਂਘਾਂ ਝੂਟਣ ਸਮੇਂ ਆਪਾ ਖੋ ਬਹਿੰਦੀ ਹੈ। ਇਸ ਕਵਿਤਾ ਦੇ ਦੋ ਬੰਦ ਔਰਤ ਦੀ ਮੁਹੱਬਤ ਵਾਲੀ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ ਕਿ ਔਰਤ ਮਰਦ ‘ਤੇ ਕਿਵੇਂ ਲੱਟੂ ਹੋ ਜਾਂਦੀ ਹੈ:
ਤੇਰੇ ਮੁੱਖ ਦਾ ਪਿਆ ਝਲਕਾਰਾ
ਚੰਨਾ ਵੇ ਸਾਡੀ ਹਉਂ ਟੁੱਟ ਗਈ।
ਮੱਥੇ ਲੱਗਿਐਂ ਬੰਦੇ ਦੀ ਜੂਨੀ
ਤੂੰ ਅਸਲੋਂ ਫ਼ਕੀਰ ਮਹਿਰਮਾ।
ਉਹ ਮਰਦ ਨੂੰ ਧੋਖੇ ਦੀ ਪੁਤਲੀ ਕਹਿੰਦੀ ਹੈ, ਪ੍ਰੰਤੂ ਬੇਇਖ਼ਲਾਕੀ ਸਭ ਤੋਂ ਭੈੜੀ ਚੀਜ਼ ਹੈ। ਮਰਦ ਨੂੰ ਬੇਇਖ਼ਲਾਕ ਨਹੀਂ ਹੋਣਾ ਚਾਹੀਦਾ, ਕਿਉਂਕਿ ਔਰਤ ਆਪਣਾ ਘਰ ਬਾਰ ਛੱਡਕੇ ਨਵੀਂ ਦੁਨੀਆਂ ਵਸਾਉਣ ਲਈ ਆਉਂਦੀ ਹੈ, ਉਸਦੀਆਂ ਭਾਵਨਾਵਾਂ ਦੀ ਕਦਰ ਕਰਨੀ ਬਣਦੀ ਹੈ, ਮਰਦ ਸਿਰਫ ਸਰੀਰਕ ਭੁੱਖ ਮਿਟਾਉਣ ਦੀ ਕਰਦਾ ਹੈ, ਉਸਦਾ ਨਿਰਾਦਰ ਨਹੀਂ ਕਰਨਾ ਚਾਹੀਦਾ, ਉਹ ਵਸਲ ਚਾਹੁੰਦੀ ਹੈ, ਮਰਦ ਔਰਤ ਦੀ ਰੂਹ ਦਾ ਕਤਲ ਕਰਦੈ, ਉਹ ਆਪਣਿਆਂ ਨਾਲ ਯੁੱਧ ਨਹੀਂ ਕਰ ਸਕਦੀ। ਮਰਦ ਤੇ ਔਰਤ ਦੋਹਾਂ ਨੂੰ ਹਓਮੈ ਦੀ ਤਿਲਾਂਜ਼ਲੀ ਦੇ ਕੇ ਇੱਕਮਿੱਕ ਹੋਣਾ ਚਾਹੀਦਾ ਹੈ, ਇੰਜ ਕਵਿਤਰੀ ਦੀਆਂ ਕਵਿਤਾਵਾਂ ਕਹਿੰਦੀਆਂ ਹਨ। ਹਾਰ ਸ਼ਿੰਗਾਰ ਨਾਲ ਔਰਤ ਸੁੰਦਰ ਵਿਖਾਈ ਤਾਂ ਦੇਵੇਗੀ, ਪ੍ਰੰਤੂ ਮਾਨਸਿਕ ਸ਼ਾਂਤੀ ਰੂਹ ਦੀ ਮੁਹੱਬਤ ਨਾਲ ਮਿਲਦੀ ਹੈ। ਪਰਵਾਸ ਵਿੱਚ ਜ਼ਾਤ ਪਾਤ ਤੋਂ ਦੂਰ ਹੋ ਕੇ ਵਿਆਹ ਹੁੰਦੇ ਹਨ, ਪ੍ਰੰਤੂ ਤਲਾਕਾਂ ਦੀ ਮਾਤਰਾ ਜ਼ਿਆਦਾ ਹੈ। ਅਲ੍ਹੜ੍ਹ ਉਮਰ ਦੀਆਂ ਪਰਵਾਸ ਵਿੱਚ ਗਈਆਂ ਕੁਝ ਕੁੜੀਆਂ ਡਾਲਰਾਂ ਦੀ ਚਕਾਚੌਂਧ ਵਿੱਚ ਆਪਣੀ ਸਲੀਕੇ ਦੀ ਵਿਰਾਸਤ ਨੂੰ ਭੁੱਲ ਜਾਂਦੀਆਂ ਹਨ ਤੇ ਫਿਰ ਖੱਜਲ ਖ਼ਰਾਬ ਹੁੰਦੀਆਂ ਰਹਿੰਦੀਆਂ ਹਨ। ਔਰਤ ਨੂੰ ਆਪੇ ਦੀ ਪਛਾਣ ਕਰਕੇ ਆਨੰਦਮਈ ਜ਼ਿੰਦਗੀ ਜਿਉਣੀ ਚਾਹੀਦੀ ਹੈ। ਉਸ ਵਿੱਚ ਅਥਾਹ ਸ਼ਕਤੀ ਹੈ, ਪ੍ਰੰਤੂ ਔਰਤ ਆਪਣੀ ਸ਼ਕਤੀ ਦੀ ਪਛਾਣ ਕਰਨ ਦੀ ਥਾਂ ਥਿੜ੍ਹਕਦੀ ਰਹਿੰਦੀ ਹੈ। ਦਵਿੰਦਰ ਬਾਂਸਲ ਦਾ ਇਹ ਕਾਵਿ ਸੰਗ੍ਰਹਿ ਰੁਮਾਂਸਵਾਦੀ ਕਵਿਤਾ ਦਾ ਮੀਲ ਪੱਥਰ ਸਾਬਤ ਹੋਵੇਗਾ।
80 ਪੰਨਿਆਂ, 150 ਰੁਪਏ, 10 ਡਾਲਰ, 5 ਪੌਂਡ ਕੀਮਤ ਵਾਲਾ ਕਾਵਿ ਸੰਗ੍ਰਹਿ ਪ੍ਰਿਥਮ ਪ੍ਰਕਾਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ : ਦਵਿੰਦਰ ਬਾਂਸਲ ਟਰਾਂਟੋ ਕੈਨੇਡਾ:4168045320
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48yahoo.com