ਦਸਵੀਂ ਨਾਨਕ ਜੋਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਤਾ ਕਾਲ ਕਈ ਅਰਥਾਂ ਵਿੱਚ ਬੇਮਿਸਾਲ ਸੀ । ਇਹ ਕਾਲ ਗੁਰੂ ਨਾਨਕ ਸਾਹਿਬ ਦੇ ਅਲੋਲ ਤੇ ਨਿਰੋਲ ਪੰਥ ਨੂੰ ਅਧਿਆਤਮਕ ਸਮਰੱਥਾ ਦਾ ਸ਼ਿਖਰ ਪ੍ਰਦਾਨ ਵਾਲਾ ਸਾਬਤ ਹੋਇਆ। ਇਹ ਅਦਭੁੱਤ ਸੀ ਕਿ ਸਿੱਖ ਪੰਥ ਵਿੱਚ ਪੈਦਾ ਹੋਈਆਂ ਸੱਭ ਤੋਂ ਵਿਕਟ ਪਰਿਸਥਿਤੀਆਂ ਨਾਲ ਜੂਝਣ ਦਾ ਸੰਕਲਪ ਨੌ ਸਾਲ ਦੀ ਆਯੂ ਵਿੱਚ ਹੀ ਗੁਰੂ ਸਾਹਿਬ ਅੰਦਰ ਭੱਖਦਾ ਸੂਰਜ ਬਣ ਕੇ ਉਦੈ ਹੋ ਚੁੱਕਿਆ ਸੀ।ਇਸ ਦੀ ਪ੍ਰਤੀਤ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਿਨਾ ਸੰਕੋਚ ਕਸ਼ਮੀਰ ਦੇ ਬ੍ਰਾਹਮਣਾਂ ਦੀ ਪੁਕਾਰ ਤੇ ਸੀਸ ਵਾਰਨ ਦਾ ਨਿਰਣਾਂ ਲੈਣ ‘ਚ ਸਹਾਈ ਹੋਈ। ਪਰ ਇਹ ਬਹੁਤ ਹੀ ਚੁਣੌਤੀ ਭਰਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸਿੱਖ ਸੰਗਤ ਨੂੰ ਅਵਾਕ ਕਰ ਦੇਣ ਵਾਲੀ ਸੀ।ਇਹ ਸਮਾਂ ਫ਼ੈਸਲਾਕੁਨ ਸੀ ਕਿ ਭਵਿੱਖ ਦੀ ਦਿਸ਼ਾ ਕੀ ਹੋਵੇਗੀ। ਸਿੱਖਾਂ ਅੰਦਰ ਇਹ ਭਰੋਸਾ ਪੈਦਾ ਕਰਨਾ ਬਹੁਤ ਜਰੂਰੀ ਸੀ ਕਿ ਸਾਕਤ ਦੇ ਵਿਰੁੱਧ ਆਪਣੇ ਸਿਧਾਂਤਾਂ ਅਤੇ ਸੱਚ ਤੇ ਡੱਟ ਕੇ ਖੜੇ ਹੋਇਆ ਜਾ ਸਕਦਾ ਹੈ ਤੇ ਫਤਿਹ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਰਾਹ ਔਂਕੜਾਂ ਭਰੀ ਸੀ। ਔਰੰਗਜੇਬ ਨੂੰ ਸਿੱਖ ਪੰਥ ਦੀ ਚੜ੍ਹਦੀਕਲਾ ਕਦੇ ਵੀ ਰਾਸ ਨਹੀਂ ਆ ਸਕਦੀ ਸੀ। ਸਗੋਂ ਉਹ ਸਿੱਖਾਂ ਦੇ ਆਤਮ ਬਲ ਨੂੰ ਸਦਾ ਲਈ ਤੋੜਨਾ ਚਾਹੁੰਦਾ ਸੀ ਤਾਂ ਜੋ ਉਸ ਦਾ ਰਾਜ ਨਿਹਕੰਟਕ ਰਹੇ। ਪੰਜਾਬ ਦੇ ਹਿੰਦੂ ਰਾਜੇ ਵੀ ਸਥਾਨਕ ਈਰਖਾ ਕਾਰਨ ਸਿੱਖਾਂ ਨੂੰ ਉਭਰਦੇ ਨਹੀਂ ਦੇਖਣਾ ਚਾਹੁੰਦੇ ਸਨ। ਨਤੀਜਤਨ ਮੁਗਲਾਂ ਤੇ ਹਿੰਦੂ ਰਾਜਿਆਂ ਦੀ ਵਿੱਚ ਨੇੜਤਾ ਤੇ ਸਾਂਝੀਵਾਲਤਾ ਬਣ ਗਈ ਸੀ। ਔਰੰਗਜੇਬ ਦੇ ਰਾਜ ਵਿੱਚ ਦੇਸ਼ ਦੇ ਧਾਰਮਕ , ਸਮਾਜਕ , ਸਿਆਸੀ ਹਾਲਾਤ ਜਿਵੇਂ ਵਿਗੜ ਰਹੇ ਸਨ , ਸਿੱਖ ਫਲਸਫੇ ਦਾ ਪ੍ਰਚਾਰ , ਪ੍ਰਸਾਰ ਅਤਿ ਕਠਿਨ ਹੋ ਗਿਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਥਿਤੀਆਂ ਨਾਲ ਨਿਪਟਨ ਲਈ ਸਹਿਜਤਾ ਨੂੰ ਆਪਣਾ ਮੁੱਖ ਅਸਤ੍ਰ ਬਣਾਇਆ “ ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ “ । ਇਹ ਗੁਰਬਾਣੀ ਦਾ ਨਿਹਾਇਤ ਹੈਰਤਅੰਗੇਜ਼ ਦ੍ਰਿਸ਼ਟੀਕੋਣ ਹੈ ਕਿ ਗਿਆਨ ਨੂੰ ਵੀ ਇੱਕ ਮਾਰਕ ਅਸਤ੍ਰ ਬਣਾਇਆ ਜਾ ਸਕਦਾ ਹੈ ਅਤੇ ਇਸ ਅਸਤ੍ਰ ਨਾਲ ਕਾਲ ਨੂੰ ਵੀ ਵੰਗਾਰ ਕੇ ਮਾਰਿਆ ਜਾ ਸਕਦਾ ਹੈ। ਗੁਰੂ ਰਾਮਦਾਸ ਸਾਹਿਬ ਦੇ ਇਸ ਵਚਨ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਖਰ ਦਰ ਅੱਖਰ ਸੱਚ ਸਿੱਧ ਕੀਤਾ।ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਹਿਜਤਾ ਆਤਮਕ ਗਿਆਨ ਤੋਂ ਹੀ ਨਿਕਲਿਆ ਅਸਤ੍ਰ ਸੀ ਜਿਸ ਨੇ ਪਾਉਂਟਾ ਸਾਹਿਬ ਵਿੱਚ ਕਲਮ ਬਣ ਕੇ ਵਿਲੱਖਣ ਸਾਹਿਤ ਸਿਰਜਿਆ , ਆਨੰਦਪੁਰ ਸਾਹਿਬ ਵਿੱਚ ਖੰਡਾ ਬਣ ਕੇ ਲੋਹੇ ਦੇ ਬਾਟੇ ਵਿੱਚੋਂ ਅੰਮ੍ਰਿਤ ਪ੍ਰਗਟ ਕੀਤਾ , ਚਮਕੌਰ ਦੀ ਗੜ੍ਹੀ ਵਿੱਚ ਤੀਰ ਬਣ ਕੇ ਵੈਰੀ ਦਾ ਦਮ ਤੋੜਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਸਮੇਂ ਸਿੱਖੀ ਦੀਆਂ ਤਿੰਨ ਧਾਰਾਵਾਂ ਪ੍ਰਗਟ ਹੋਈਆਂ ਸਨ। ਇੱਕ ਧਾਰਾ ਭਾਈ ਲੱਖੀ ਸ਼ਾਹ ਸਨ ਜਿਨ੍ਹਾਂ ਆਪਣਾ ਸੱਭ ਕੂੱਝ ਵਾਰ ਕੇ ਗੁਰੂ ਦਾ ਸਨਮਾਨ ਕੀਤਾ। ਦੂਜੀ ਧਾਰਾ ਭਾਈ ਜੈਤਾ ਜੀ ਦੀ ਸੀ ਜਿਨ੍ਹਾਂ ਬੜੀ ਸੂਝਬੂੱਝ ਤੇ ਹੌਸਲੇ ਨਾਲ ਗੁਰੂ ਸਾਹਿਬ ਦਾ ਸੀਸ ਛੇਵੇਂ ਦਿਨ ਦਿੱਲੀ ਤੋਂ ਆਨੰਦਪੁਰ ਸਾਹਿਬ ਪੁਜਾਇਆ ਸੀ। ਤੀਜੀ ਧਾਰਾ ਭਾਈ ਮਤੀ ਦਾਸ ਜੀ , ਭਾਈ ਜਤੀ ਦਾਸ ਜੀ ਤੇ ਭਾਈ ਦਿਆਲ ਦਾਸ ਜੀ ਦੀ ਸੀ ਜਿਨ੍ਹਾਂ ਸਿੱਧਾ ਟਾਕਰਾ ਲੈ ਕੇ ਸਾਕਤ ਦੇ ਜ਼ੁਲਮ ਨੂੰ ਸਹਾਰਿਆ ਤੇ ਅਡਿੱਗ ਰਹਿ ਕੇ ਜਾਨਾਂ ਵਾਰੀਆਂ । ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਚੁਣੌਤੀ ਇਨ੍ਹਾਂ ਤਿੰਨਾਂ ਧਾਰਾਵਾਂ ਦਾ ਸੰਗਮ ਕਰ ਇੱਕ ਅਜਿਹੀ ਕੌਮ ਤਿਆਰ ਕਰਨ ਦੀ ਸੀ ਜਿਸ ਅੰਦਰ ਗੁਰੂ ਲਈ ਅਥੱਕ ਸ਼ਰਧਾ ਵੀ ਹੋਵੇ , ਪੂਰਨ ਹਿੰਮਤ ਭਰੀ ਸੂਝਬੂੱਝ ਹੋਵੇ ਤੇ ਸਿਧਾਂਤਾਂ ਲਈ ਤਨ ਮਨ ਨਾਲ ਡੱਟ ਕੇ ਖੜੇ ਹੋਣ ਦਾ ਸਮਰਪਣ ਵੀ ਹੋਵੇ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਰ ਵਿਘਨ ਨੂੰ ਪਾਰ ਕਰਦਿਆਂ ਇਹ ਕਮਾਲ ਕਰ ਵਿਖਾਇਆ।
ਕਿਸੇ ਵੀ ਮਨੋਰਥ ਦੀ ਪ੍ਰਾਪਤੀ ਲਈ ਆਤਮ ਬਲ ਦੀ ਮੁੱਖ ਭੂਮਿਕਾ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਵੈਮਾਣ ਦਾ ਹਿੱਸਾ ਬਣਾਉਣ ਲਈ ਸਿੱਖਾਂ ਅੰਦਰ ਸ਼ਸਤਰ ਵਿਦਿਆ , ਘੋੜ ਸਵਾਰੀ , ਸ਼ਿਕਾਰ , ਤੈਰਾਕੀ ਆਦਿਕ ਪ੍ਰਤੀ ਰੁਚੀ ਵਧਾਈ। ਉਨ੍ਹਾਂ ਅੰਦਰ ਸੂਰਮਤਾਈ ਜਗਾਉਣ ਲਈ ਢਾਢੀ ਬੁਲਾਏ ਜੋ ਵੀਰ ਰਸ ਦੀਆਂ ਵਾਰਾਂ ਗਾਉਂਦੇ। ਸੰਨ 1682 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਵੱਡਾ ਧੌਂਸਾ ਤਿਆਰ ਕੀਤਾ ਜਿਸ ਨੂੰ ਰਣਜੀਤ ਨਗਾਰਾ ਦਾ ਨਾਮ ਦਿੱਤਾ। ਉਸ ਸਮੇਂ ਆਪ ਦੀ ਆਯੂ ਕੇਵਲ 16 ਸਾਲ ਸੀ। ਨਗਾਰਾ ਫੌਜ ਨੂੰ ਆਲਸ ਤੋਂ ਕੱਢਣ ਤੇ ਕਮਰ ਕੱਸ ਲੈਣ ਲਈ ਵਜਾਇਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੱਤ ਸਾਲ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਪੈਦਾ ਹੋਈ ਮਨੋਦਸ਼ਾ ਤੋਂ ਸਿੱਖਾਂ ਨੂੰ ਕੱਢਣ ਤੇ “ ਧਰਮ ਚਲਾਵਨ ਸੰਤ ਉਬਾਰਨ।। ਦੁਸਟ ਸਭਨ ਕੋ ਮੂਲ ਉਪਾਰਨ।। “ ਦੇ ਮਿਸ਼ਨ ਲਈ ਤਿਆਰ ਕਰਨ ‘ਚ । ਰਣਜੀਤ ਨਗਾਰਾ ਵਜਾਇਆ ਜਾਂਦਾ ਤਾਂ ਸਿੱਖਾਂ ਅੰਦਰ ਸਵੈਮਾਣ ਦੀਆਂ ਤਰੰਗਾਂ ਉੱਠਣ ਲੱਗ ਪੈਂਦੀਆਂ। ਸਿੱਖਾਂ ਅੰਦਰ ਭਾਈ ਲੱਖੀ ਸ਼ਾਹ ਜਿਹੀ ਨਿਰਭੈਤਾ ਵਿਕਸਿਤ ਹੋਣ ਲੱਗ ਪਈ। ਇਸ ਨਿਰਭੈਤਾ ਨੂੰ ਗੁਰਬਾਣੀ ਦਾ ਅਡੋਲ ਆਧਾਰ ਪ੍ਰਾਪਤ ਹੁੰਦਾ ਰਿਹਾ।ਗੁਰੂ ਨਾਨਕ ਸਾਹਿਬ ਦੀ ਥਾਪੀ ਸਵੇਰੇ ਅਤੇ ਸੰਧਿਆ ਵੇਲੇ ਦੇ ਨਿਰਨੇਮ ਤੇ ਸਤਿਸੰਗ ਦੀ ਪਰੰਪਰਾ ਨਿਰੰਤਰ ਚੱਲ ਰਹੀ ਸੀ।ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਡਿੱਗ ਨਿਤਨੇਮ ਸਿੱਖ ਸੰਗਤ ਲਈ ਪ੍ਰੇਰਨਾ ਦਾ ਸ੍ਰੋਤ ਸੀ। ਗੁਰੂ ਸਾਹਿਬ ਆਪ ਅਨੇਕ ਭਾਸ਼ਾਵਾਂ ਦੇ ਗਿਆਤਾ ਸਨ ਤੇ ਅਧਿਆਤਮਕ ਗਿਆਨ ਦਾ ਸਾਗਰ ਸਨ। ਆਪ ਨੇ ਸਿੱਖਾਂ ਨੂੰ ਗਿਆਨ ਪੱਖੋਂ ਵੀ ਅਵੇਸਲਾ ਨਾ ਹੋਣ ਦਿੱਤਾ। ਪਾਉਂਟਾ ਸਾਹਿਬ ਵਿੱਚ ਗੁਰੂ ਸਾਹਿਬ ਨੇ ਗਿਆਨ ਦਾ ਮਹਾ ਦਰਬਾਰ ਲਾਇਆ ਜਿਸ ਵਿੱਚ ਕੋਨੇ ਕੋਨੇ ਤੋਂ ਚੋਣਵੇਂ ਵਿਦਵਾਨ , ਕਵੀ ਆਏ। ਇਨ੍ਹਾਂ ਕੋਲੋਂ ਗੁਰੂ ਸਾਹਿਬ ਨੇ ਪ੍ਰੇਰਕ ਸਾਹਿਤ ਰਚਵਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾਤਮਕ ਮਹਾਨਤਾ ਬਾਰੇ ਲਿਖਣਾ ਸੂਰਜ ਨੂੰ ਦਿਵਾ ਦਿਖਾਉਣ ਜਿਹਾ ਹੈ ਪਰ ਆਪ ਨੇ ਜਿਵੇਂ ਕਵੀਆਂ , ਰਚਨਾਕਾਰਾਂ ਦਾ ਸਨਮਾਨ ਕੀਤਾ , ਉਨ੍ਹਾਂ ਦੀਆਂ ਭੌਤਿਕ ਲੋੜਾਂ ਪੂਰੀਆਂ ਕੀਤੀਆਂ ਉਹ ਅੱਜ ਦੇ ਸਮੇਂ ਵਿੱਚ ਵੀ ਆਦਰਸ਼ ਹਨ। ਸਿੱਖਾਂ ਨੂੰ ਬਨਾਰਸ ਭੇਜ ਕੇ ਸੰਸਕ੍ਰਿਤ ਭਾਸ਼ਾ ਦੀ ਸਿੱਖਾਂ ਦਿਵਾਉਣਾ ਤੇ ਉਨ੍ਹਾਂ ਕੋਲੋਂ ਗ੍ਰੰਥਾਂ ਦੇ ਅਨੁਵਾਦ ਕਰਾਉਣਾ ਗੁਰੂ ਸਾਹਿਬ ਦੀ ਸਾਹਿਤਕ ਉਦਾਰਤਾ ਤੇ ਗਿਆਨ ਦੇ ਹਰ ਪੱਖ ਨੂੰ ਸਮਝਣ , ਪਰਖਨ ਦੀ ਗੰਭੀਰ ਅਭਿਲਾਸ਼ਾ ਦਾ ਪ੍ਰਤੀਕ ਸੀ। ਗੁਰੂ ਸਾਹਿਬ ਦੀ ਮੰਸ਼ਾ ਸਿੱਖਾਂ ਨੂੰ ਗਿਆਨ ਦੀ ਪਰਿਪੱਕਤਾ ਬਖਸ਼ਣਾ ਸੀ। ਗਿਆਨ ਤੋਂ ਹੀ ਧਰਮ ਨੂੰ ਸਮਝਣ , ਭਗਤੀ ਕਰਨ ਤੇ ਸਚਿਆਰ ਜੀਵਨ ਜਿਉਣ ਯੋਗ ਗੁਣ ਪ੍ਰਾਪਤ ਹੁੰਦੇ ਹਨ। ਪਰ ਨਿਰਾ ਗਿਆਨ ਨਹੀਂ ਕਾਫੀ ਸੀ। ਗਿਆਨ ਤਾਂ ਧਰਮ ਚਲਾਵਨ ਸੰਤ ਉਬਾਰਨ ਲਈ ਸੀ ਜੋ ਭਾਈ ਲੱਖੀ ਸ਼ਾਹ ਤੇ ਭਾਈ ਜੈਤਾ ਜੀ ਵਿੱਚ ਪ੍ਰਗਟ ਹੋਇਆ ਸੀ ।ਗਿਆਨ ਨੂੰ ਖੜਗ ਬਣਾ ਕੇ ਵਰਤਣ ਵਾਲੇ ਯੋਧਾ ਵੀ ਚਾਹੀਦੇ ਸਨ ਤਾਂ ਕਿ ਗੁਰੂ ਸਾਹਿਬ ਦੇ ਮਿਸ਼ਨ ਦਾ ਅਗਲਾ ਹਿੱਸਾ ਦੁਸਟ ਸਭਨ ਕੋ ਮੂਲ ਉਪਾਰਨ ਵੀ ਪੂਰਾ ਹੋ ਸਕੇ। ਇਸ ਲਈ ਗੁਰੂ ਸਾਹਿਬ ਨੇ ਰਣਜੀਤ ਨਗਾਰਾ ਵਜਾਉਣ ਤੋਂ ਬਾਅਦ 17 ਸਾਲ ਦਾ ਲੰਮਾ ਸਮਾਂ ਲਿਆ। ਸੰਨ 1699 ਦੀ ਵਿਸਾਖੀ ਦੇ ਦਿਨ ਪੰਜ ਸੀਸ ਮੰਗ ਕੇ ਆਪ ਨੇ ਯੁੱਗ ਪਲਟਾਊ ਕਲਾ ਵਰਤਾਈ। ਗੁਰੂ ਸਾਹਿਬ ਨੇ ਲੋਹੇ ਦੇ ਬਾਟੇ ਵਿੱਚ ਤਿਆਰ ਕਰ ਪੂਰੇ ਪੰਥ ਨੂੰ ਅੰਮ੍ਰਿਤ ਦੇ ਚੁੱਲੇ ਬਖਸ਼ੇ ਖਾਲਸਾ ਸਾਜਿਆ ਨਾਲ ਹੀ ਪੰਜੋ ਸ਼ੀਸ਼ ਵੀ ਮੋੜ ਦਿੱਤੇ। ਸੀਸ ਮੰਗਣਾਂ ਤਾਂ ਕਲਾ ਸੀ ਦੇਣ ਲਈ ਕਿਉਂਕਿ ਗੁਰੂ ਤਾਂ ਆਪ ਪੂਰਾ ਦਾਤਾ ਹੈ “ ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ।। “ । ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੰਗੇ ਹੋਏ ਪੰਜ ਸੀਸ ਮੋੜੇ , ਬਿਨਾ ਕੋਈ ਮੁੱਲ ਲਿਆਂ ਸਵੈਮਾਣ ਜਾਗ੍ਰਤ ਕਰਨ ਲਈ ਅੰਮ੍ਰਿਤ ਦੀ ਸੰਜੀਵਨੀ ਬਖਸ਼ੀ ਤੇ ਬੇਅੰਤ ਗੁਣਾਂ ਦਾ ਧਾਰਨੀ ਬਣਾ ਦਿੱਤਾ । ਗੁਰੂ ਸਾਹਿਬ ਦੇ ਸਾਜੇ ਖਾਲਸਾ ਦੇ ਗੁਣਾਂ ਨੂੰ ਕਲਮਬੱਧ ਕਰਦਿਆਂ ਗੁਰੂ ਸਾਹਿਬ ਦੇ ਸਮਕਾਲੀ ਵਿਦਵਾਨ ਭਾਈ ਨੰਦ ਲਾਲ ਜੇ ਨੇ ਕਿਹਾ ਕਿ ਖਾਲਸਾ ਨਿੰਦਾ , ਵਿਵਾਦ ਤੋਂ ਪਰੇ , ਧਰਮ ਲਈ ਅੱਗੇ ਹੋ ਕੇ ਜੂਝਣ ਵਾਲਾ , ਲੋੜਵੰਦ ਨੂੰ ਦਾਨ ਦੇਣ ਵਾਲਾ , ਆਪਣੀਆਂ ਲਾਲਸਾਵਾਂ ਮਾਰਨ ਵਾਲਾ , ਵਿਕਾਰਾਂ ਨੂੰ ਵੱਸ ‘ਚ ਕਰਨ ਵਾਲਾ , ਕਰਮਕਾਂਡ ਤੋਂ ਦੂਰ , ਨਿਰਮਾਣ ਅਵਸਥਾ ਵਾਲਾ , ਇੰਦ੍ਰੀਆਂ ਦਾ ਸੰਜਮ ਰੱਖਣ ਵਾਲਾ , ਗੁਰਮਤਿ ਵਿੱਚ ਰਹਿਣ ਵਾਲਾ , ਨਾਮ ਸਿਮਰਨ ਕਰਨ ਵਾਲਾ , ਗੁਰਬਾਣੀ ਨੂੰ ਚਿੱਤ ਵਿੱਚ ਧਾਰਨ ਕਰਨ ਵਾਲਾ , ਜਤ ਰੱਖਣ ਵਾਲਾ , ਕਿਸੇ ਨੂੰ ਦੁੱਖ ਨਾ ਦੇਣ ਵਾਲਾ , ਪ੍ਰਮਾਤਮਾ ਵਿੱਚ ਦ੍ਰਿੜ੍ਹ ਭਰੋਸਾ ਰੱਖਣ ਵਾਲਾ , ਨਿਰਬਲ , ਨਿਰਧਨ ਦੀ ਮਦਦ ਕਰਨ ਵਾਲਾ , ਦੁਸ਼ਟ ਦਾ ਸੰਘਾਰ ਕਰਨ ਵਾਲਾ , ਆਪ ਭਗਤੀ ਕਰਨ ਤੇ ਹੋਰਨਾਂ ਨੂੰ ਭਗਤੀ ਦੀ ਪ੍ਰੇਰਨਾ ਦੇਣ ਵਾਲਾ , ਅਧਰਮ ਦਾ ਖੰਡਨ ਕਰਨ ਵਾਲਾ ਹੈ। ਭਾਈ ਨੰਦਲਾਲ ਜੀ ਨੇ ਅੱਗੇ ਕਿਹਾ ਕਿ ਧਰਮ ਦਾ ਪਾਲਕ , ਧਰਮ ਦੇ ਵੈਰੀ ਦਾ ਸੰਘਾਰਕ ਅਤੇ ਸੀਸ ਤਲੀ ਤੇ ਰੱਖ ਕੇ ਚੱਲਣ ਵਾਲਾ ਮਹਾਬਲੀ “ ਸਵਾ ਲਾਖ ਜਬ ਧੁਖੇ ਪਲੀਤਾ , ਤਬ ਖਾਲਸਾ ਉਦੇ ਅਸਤ ਲੌ ਜੀਤਾ “ ਤੇ ਅਜਿੱਤ ਕਿਹਾ। ਸਿੱਖ ਸੰਤ ਸਿਪਾਹੀ ਬਣ ਗਏ। ਮੁਗਲਾਂ ਤੇ ਬਾਈ ਧਾਰ ਦੇ ਹਿੰਦੂ ਰਾਜਿਆਂ ਦੀ ਸਮੂਹਕ ਤਾਕਤ ਅਥਾਹ ਹੋਏ ਕੇ ਵੀ ਖਾਲਸਾ ਦੀ ਤਾਕਤ ਜੋ ਦਰਅਸਲ “ ਸੰਤ ਸਿਪਾਹੀ ਸੰਕਲਪ “ ਦੀ ਤਾਕਤ ਸੀ , ਅੱਗੇ ਟਿਕ ਨਹੀਂ ਪਾਈ। ਗੁਰੂ ਗੋਬਿੰਦ ਸਿੰਘ ਸਾਹਿਬ ਜੇ ਗੁਰਿਆਈ ਦੇ ਆਰੰਭਿਕ ਕਾਲ ਵਿੱਚ ਗੁਣਾਂ ਦੇ ਨਾਇਕ ਵੱਜੋਂ ਵਿਖਾਈ ਦਿੱਤੇ , ਮੱਧ ਕਾਲ ਵਿੱਚ ਗਿਆਨ ਦੀ ਪਰਮ ਸੱਤਾ ਅਤੇ ਨਿਰਣਾਇਕ ਕਾਲ ਵਿੱਚ ਮਹਾਨ ਸੂਰਵੀਰ ਦੇ ਰੂਪ ਵਿੱਚ ਨਜਰ ਆਏ। ਸੰਨ 1705 ਤੋਂ ਸੰਨ 1708 ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਤਾਕਾਲ ਪੰਥ ਦਾ ਭਵਿੱਖ ਤੈ ਕਰਨ ਤੇ ਪੰਥ ਨੂੰ ਹਰ ਦੁਵਿਧਾ , ਭਰਮ ਤੋਂ ਉਬਾਰਨ ਦਾ ਕਾਲ ਸੀ। ਦਮਦਮਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ਣਾ ਅਤੇ ਹਜੂਰ ਸਾਹਿਬ ਨਾਂਦੇੜ ਵਿੱਚ ਗੁਰਤਾ ਗੱਦੀ ਤੇ ਵਿਰਾਜਮਾਨ ਕਰ ਗੁਰੂ ਸਾਹਿਬ ਨੇ ਹਰ ਜਿਗਿਆਸਾ ‘ਤੇ ਭਵਿੱਖ ਵਿੱਚ ਭਰਮ ਪੈਦਾ ਕਰਨ ਦੇ ਕਿਸੇ ਵੀ ਬਦਨੀਅਤ ਜਤਨ ਤੇ ਵਿਰਾਮ ਲਗਾ ਦਿੱਤਾ। ਦੇਹ ਗੁਰੂ ਨੂੰ ਸ਼ਬਦ ਗੁਰੂ ਵਿੱਚ ਸਥਾਪਿਤ ਕਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਅਜਿਹਾ ਮਹਾਨ ਉਪਕਾਰ ਕੀਤਾ ਜਿਸ ਦਾ ਧਰਮ ਜਗਤ ਵਿੱਚ ਕੋਈ ਸਾਨੀ ਨਹੀਂ ਹੈ। ਭਵਿੱਖ ਵਿੱਚ ਹੋਣ ਵਾਲਿਆਂ ਗੁਰਗੱਦੀ ਦੇ ਵਿਵਾਦ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਮੂਲ ਹੀ ਸਮਾਪਤ ਕੀਤਾ ਹੀ ਗੁਰੂ ਸਾਹਿਬ ਨੇ ਕਿਸੇ ਵੀ ਸਿਧਾਂਤਕ ਬਦਲ ਜਾਂ ਸੋਧ ਦੀ ਤਿਲ ਮਾਤਰ ਵੀ ਗੁੰਜਾਇਸ਼ ਨਹੀਂ ਰਹਿਣ ਦਿੱਤੀ।
ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਰਿਵਾਰ ਦੀਆਂ ਸ਼ਹੀਦੀਆਂ ਕਾਰਨ ਸਰਬੰਸ ਦਾਨੀ ਵੀ ਕਿਹਾ ਜਾਂਦਾ ਹੈ। ਇਹ ਸੀਮਤ ਦ੍ਰਿਸ਼ਟੀ ਦੀ ਸਮਝ ਹੈ। ਗੁਰੂ ਸਾਹਿਬ ਸੱਚੇ ਸਰਬੰਸ ਦਾਨੀ ਸਨ ਕਿਉਂਕਿ ਆਪਣਾ ਕੁੱਝ ਗੁਰੂ ਸਾਹਿਬ ਨੇ ਪਾਸ ਰੱਖਿਆ ਹੀ ਨਹੀਂ ਜੋ ਸਿੱਖ ਪੰਥ ਨੂੰ ਅਰਪਣ ਨਾ ਕਰ ਦਿੱਤਾ ਹੋਵੇ। ਗੁਰੂ ਸਾਹਿਬ ਨੇ ਸਿੱਖ ਵਿੱਚ ਆਪਣੀ ਹੋਂਦ ਨੂੰ ਹੀ ਰਲਾ ਦਿੱਤਾ ਤੇ “ ਖਾਲਸਾ ਮੇਰੋ ਰੂਪ ਹੈ ਖਾਸ , ਖਾਲਸੇ ਮਹਿ ਹੌ ਕਰੌ ਨਿਵਾਸ “ ਦੀ ਭਾਵਨਾ ਨੂੰ ਜੀਵੰਤ ਕਰਦਿਆਂ ਆਪਣਾ ਪ੍ਰਤਿਰੂਪ ਬਣਾ ਦਿੱਤਾ। ਇਸ ਤੋਂ ਵੱਡਾ ਦਾਨ ਹੋਰ ਕੀ ਹੋ ਸਕਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਆਪਾ ਪੰਥ ਨੂੰ ਭੇਂਟ ਕਰ ਚੁਕੇ ਸਨ ਤੇ ਪੰਥ ਵਿੱਚ ਹੀ ਆਪਣਾ ਰੂਪ ਵੇਖ ਰਹੇ ਸਨ। ਪੰਥ ਹੀ ਗੁਰੂ ਸਾਹਿਬ ਲਈ ਸੱਭ ਕੁਝ ਸੀ , ਆਪਣੇ ਦਾ ਵਿਚਾਰ ਹੀ ਨਹੀਂ ਸੀ “ ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ , ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜਾਰ “ . ਇਹ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਜਰਨ ਤੋਂ ਜਿਆਦਾ ਪੰਥ ਨੂੰ ਆਪਣਾ ਪਰਿਵਾਰ ਮੰਨਣ ਤੇ ਪੰਥ ਲਈ ਪੂਰਨ ਸਮਰਪਣ ਦਾ ਪ੍ਰਗਟਾਵਾ ਕਰਨਾ ਸੀ। ਇਹ ਹਲੀਮੀ ਤੇ ਨਿਰਮਲਤਾ ਸੀ ਜੋ ਪਰਮਾਤਮਾ ਤੁੱਲ ਬਣਾਉਂਦੀ ਸੀ। ਇਹ ਨਿਰਮਲਤਾ ਹੀ ਸੀ ਕਿ ਦਮਦਮਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਦਿਆਂ ਦਸਮ ਪਿਤਾ ਲਈ ਅਵਸਰ ਸੀ ਕਿ ਉਹ ਆਪਣੀ ਬਾਣੀ ਵੀ ਜੋੜ ਸਕਦੇ। ਪਰ ਗੁਰੂ ਸਾਹਿਬ ਨੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੀ ਹੀ ਬਾਣੀ ਜੋੜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਣਤਾ , ਸਿੱਖ ਪੰਥ ਦੀ ਸਿਧਾਂਤਕ ਸੰਪੂਰਣਤਾ ਸੀ ਜਿਸ ਨੂੰ ਸੰਨ 1708 ਵਿਚ ਗੁਰਤਾ ਗੱਦੀ ਸੌਂਪ ਕੇ ਗੁਰੂ ਸਾਹਿਬ ਨੇ ਅਧਿਕਾਰਤ ਸਥਿਤੀ ਪ੍ਰਦਾਨ ਕੀਤੀ । ਗੁਰੂ ਸਾਹਿਬ ਆਪ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੀ ਜਾਪ ਕਰਦੇ ਸਨ। ਇਹ ਬਹੁਤ ਹੀ ਮੰਦਭਾਗਾ ਹੈ ਕਿ ਅਖੌਤੀ ਸਿੱਖ ਵਿਦਵਾਨਾਂ ਦਾ ਇੱਕ ਵਰਗ ਗੁਰੂ ਸਾਹਿਬ ਦੇ ਨਾਮ ਤੇ ਬਾਣੀ ਵਿਸ਼ੇਸ਼ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਦੇ ਸਮਾਨ ਸਥਾਪਿਤ ਕਰਨ ਦਾ ਜਤਨ ਕਰਦਾ ਆਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਰਬੰਸ ਦਾਨ ਦੀ ਭਾਵਨਾ ਅਤੇ ਨਿਰਮਲਤਾ ਦਾ ਇਸ ਤੋਂ ਵੱਧ ਨਿਰਾਦਰ ਹੋਰ ਨਹੀਂ ਹੋ ਸਕਦਾ। ਕੁਤਰਕ ਬਹੁਤ ਹੋ ਸਕਦੇ ਹਨ ਪਰ ਸੰਨ 1708 ਦੀ ਹਜੂਰ ਸਾਹਿਬ , ਨੰਦੇੜ ਦੀ ਉਸ ਭਾਵਨਾ ਨਾਲ ਹਰਗਿਜ ਮੇਲ ਨਹੀਂ ਖਾਂਦੇ ਜਿਸ ਤਹਿਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਕੀਤਾ। ਜੋ ਗੁਰੂ ਦਾ ਹੈ ਉਹ ਗੁਰੂ ਦੀ ਮੰਨੇਗਾ। ਜਿਸ ਨੇ ਆਪਣੀ ਮਨਾਉਣੀ ਹੈ ਉਹ ਗੁਰੂ ਦਾ ਨਹੀਂ ਹੋ ਸਕਦਾ। ਇਹ ਦਸਮ ਪਿਤਾ ਦਾ ਫੈਸਲਾ ਸੀ ਕਿ ਪੰਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚ ਹੀ ਚੱਲਣਾ ਹੈ ਜਿਸ ਵਿੱਚ ਨਾ ਕੋਈ ਰਲੇਵਾਂ ਹੋ ਸਕਦਾ ਹੈ ਤੇ ਨਾਂ ਹੀ ਇਹ ਕਿਸੇ ਵਿੱਚ ਰਲਾਈ ਜਾ ਸਕਦੀ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਾਜਿਆ ਜੋ ਭਾਈ ਸਤੀ ਦਾਸ , ਭਾਈ ਮਤੀ ਦਾਸ , ਭਾਈ ਦਿਆਲ ਦਾਸ ਜੀ ਜਿਹਾ ਗੁਰੂ ਤੇ ਗੁਰਸਿੱਖੀ ਤੇ ਆਪਣੀ ਜਿੰਦ ਵਾਰਨ ਵਾਲਾ ਹੋਵੇ , ਜੋ ਭਾਈ ਲੱਖੀ ਸ਼ਾਹ ਜਿਹਾ ਸਨਮਾਨ ਗੁਰੂ ਨੂੰ ਦੇਣਾ ਜਾਣਦਾ ਹੋਵੇ ਤੇ ਜੋ ਭਾਈ ਜੈਤਾ ਜੀ ਜਿਹੀ ਸੂਝ ਬੂਝ ਨਾਲ ਧਰਮ ਦੇ ਕਾਰਜ ਸਿਰੇ ਚਾੜ੍ਹਨ ਦੀ ਯੋਗਤਾ ਰੱਖਦਾ ਹੋਵੇ।ਹਰ ਦੁਵਿਧਾ , ਹਰ ਭੈ ਤੋਂ ਉਬਰਨ ਤੋਂ ਬਾਅਦ ਹੀ ਇਹ ਭਾਵਨਾ ਤੇ ਗੁਣ ਧਾਰਨ ਕੀਤੇ ਜਾ ਸਕਦੇ ਹਨ। ਇਸ ਵਿੱਚ ਸਿੱਖ ਪੰਥ ਦੀ ਚੜ੍ਹਦੀਕਲਾ ਤਾਂ ਨਿਹਿਤ ਹੈ ਹੀ ਪੂਰੀ ਮਨੁੱਖਤਾ ਦਾ ਹਿੱਤ ਵੀ ਪੂਰਾ ਹੁੰਦਾ ਹੈ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਨੁੱਖਤਾ ਲਈ ਕਰ ਗਏ , ਕੌਣ ਕਰ ਸਕੇਗਾ। 23 ਨਵੰਬਰ , ਸੰਨ 2025 ਨੂੰ ਸਿੱਖ ਪੰਥ ਗੁਰੂ ਗੋਬਿੰਦ ਸਿੰਘ ਸਾਹਿਬ ਦਾ 350 ਸਾਲਾ ਗੁਰਤਾ ਗੱਦੀ ਦਿਵਸ ਮਨਾਉਣ ਜਾ ਰਿਹਾ ਹੈ। ਇਹ ਅਵਸਰ ਹੈ ਸੰਕਲਪ ਲੈਣ ਦਾ ਕਿ ਪੰਥ ਗੁਰੂ ਸਾਹਿਬ ਦੀ ਸਰਬੰਸ ਦਾਨ ਦੀ ਵਿਆਪਕ ਸੋਚ ਦਾ ਸਨਮਾਨ ਕਰਦਿਆਂ ਆਪਣੇ ਅੰਦਰ ਗੁਰੂ ਦੇ ਯੋਗ ਬਣਨ ਵੱਲ ਜਤਨਸ਼ੀਲ ਹੋਵੇ।
—
ਡਾ ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com