ਗੁਰਦਾਸਪੁਰ – ਜਿੱਥੇ ਪੂਰਾ ਦੇਸ਼ ਅੱਜ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਉੱਥੇ ਹੀ ਗੁਰਦਾਸਪੁਰ ਦੇ ਪਿੰਡ ਜੋਗੋਵਾਲਾ ਜੱਟਾਂ ਦੇ ਵਸਨੀਕਾਂ ਨੇ ਇਹ ਦਿਹਾੜਾ ਆਪਣੇ ਪਿੰਡ ਦੇ ਸੋਰਿਆ ਚੱਕਰ ਵਿਜੇਤਾ ਸ਼ਹੀਦ ਗੁਰਤੇਜ ਸਿੰਘ ਦੀ ਯਾਦ ਵਿੱਚ ਮਨਾਇਆ। ਪਿੰਡ ਵਾਸੀਆਂ ਵੱਲੋਂ ਇਸ ਮੌਕੇ ਭਾਰਤ ਮਾਤਾ ਦੀ ਜੈ ਅਤੇ ਬੰਦੇ ਮਾਤਰਮ ਦੇ ਨਾਅਰੇ ਲਗਾਉਂਦੇ ਹੋਏ ਫਲੈਗ ਮਾਰਚ ਰੂਪ ਤਿਰੰਗਾ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ ਭਾਜਪਾ ਦੇ ਮੰਡਲ ਪ੍ਰਧਾਨ ਅਮਰਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਸ਼ਹੀਦ ਦੇ ਭਰਾ ਗੁਰਜੀਤ ਸਿੰਘ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 2023 ਵਿੱਚ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਪਾਕਿਸਤਾਨੀ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਗੁਰਤੇਜ ਸਿੰਘ ਨੇ ਸ਼ਹਾਦਤ ਤੋਂ ਪਹਿਲਾਂ ਚਾਰ ਅੱਤਵਾਦੀਆਂ ਨੂੰ ਬਹਾਦਰੀ ਨਾਲ ਮਾਰ ਮੁਕਾਇਆ ਸੀ। ਉਸ ਦੀ ਇਸ ਸ਼ੂਰਵੀਰਤਾ ਲਈ ਭਾਰਤ ਸਰਕਾਰ ਵੱਲੋਂ ਉਸ ਨੂੰ ਸ਼ਹਾਦਤ ਉਪਰਾਂਤ ਸੋਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਇਸ ਸ਼ਹੀਦ 'ਤੇ ਮਾਣ ਮਹਿਸੂਸ ਕਰਦੇ ਹਨ ਅਤੇ ਪਿੰਡ ਦੇ ਨੌਜਵਾਨ ਉਸ ਦੀ ਪ੍ਰੇਰਨਾ ਨਾਲ ਫੌਜ ਵਿੱਚ ਭਰਤੀ ਹੋਣ ਦੀ ਚਾਹ ਰੱਖਦੇ ਹਨ।