ਸਾਡੇ ਸਮਾਜ ਦੀ ਇਹ ਤਰਾਸ਼ਦੀ ਹੈ ਕਿ ਮੁੰਡਿਆਂ ਨੂੰ ਕੁੜੀਆਂ ਨਾਲੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ। ਮੁੰਡਾ ਜੰਮਣ ‘ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਗੁੜ ਵੰਡਿਆ ਜਾਂਦਾ ਹੈ ਅਤੇ ਲੋਹੜੀ ਦੇ ਜਸ਼ਨ ਮਨਾਏ ਜਾਂਦੇ ਹਨ। ਜਦਕਿ ਕੁੜੀ ਦੇ ਜਨਮ ਲੈਣ ਤੇ ਪਰਿਵਾਰ ਵਿਚ ਸੋਗ ਪਸਰ ਜਾਂਦਾ ਹੈ। ਸਾਡੇ ਸਮਾਜ ਨੇ ਕੁੜੀਆਂ ਨੂੰ ਹਮੇਸ਼ਾ ਹੀ ਮੁੰਡਿਆਂ ਨਾਲੋਂ ਵੱਖਰੇ ਨਜ਼ੱਰੀਏ ਨਾਲ ਵੇਖਿਆਂ ਜਾਂਦਾ ਹੈ ਪਰ ਸੱਚਾਈ ਇਹ ਹੈ ਕਿ ਕੁੜੀਆਂ ਮੁੰਡਿਆਂ ਨਾਲੋਂ ਕਿਤੇ ਵੀ ਘੱਟ ਨਹੀਂ ਹਨ। ਮੌਜੂਦਾ ਸਮੇਂ ਦਾ ਤਾਂ ਇਹ ਵੀ ਸੱਚ ਹੈ ਕਿ ਕਿਸੇ ਵੇਲੇ ਦਾਜ ਦੇ ਲੋਭੀ ਲੋਕ ਕੁੜੀ ਵਾਲਿਆਂ ਤੋਂ ਦਾਜ ਲੈ ਕੇ ਫੇਰ ਆਪਣੇ ਮੁੰਡੇ ਦਾ ਰਿਸ਼ਤਾ ਕਰਦੇ ਸੀ। ਜਦਕਿ ਹੁਣ ਕੁੜੀਆਂ ਐਨਾਂ ਪੜ੍ਹ ਲਿਖ ਗਈਆਂ ਹਨ ਕਿ ਆਈਲੇਟਸ ਕੀਤੀਆਂ ਕੁੜੀਆਂ ਨੂੰ ਵਿਆਹੁਣ ਲਈ ਮੁੰਡੇ ਵਾਲੇ ਖੁਦ ਦਾਜ ਦੇਣ ਨੂੰ ਰਾਜੀ ਰਹਿੰਦੇ ਹਨ। ਪਰ ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਦਾਤੀ ਦੇ ਦੰਦੇ ਇੱਕ ਪਾਸੇ ਅਤੇ ਸਮਾਜ ਦੇ ਦੰਦੇ ਦੋ ਪਾਸੇ ਹੁੰਦੇ ਹਨ। ਦੋਗਲੇ ਸਮਾਜ ਦੀ ਗੱਲ ਕਰਦੀ ਨਿਰਦੇਸ਼ਕ ਅਵਤਾਰ ਸਿੰਘ ਦੀ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’ ਸਮਾਜ ਦੀ ਸੌੜੀ ਸੋਚ ਤੋਂ ਪ੍ਰੇਸ਼ਾਨ ਇਕ ਐਸੇ ਬਾਪ ਦੀ ਤਰਸ਼ਯੋਗ ਕਹਾਣੀ ਪੇਸ਼ ਕਰਦੀ ਫ਼ਿਲਮ ਹੈ ਜੋ ਪਤਨੀ ਦੀ ਮੌਤ ਤੋਂ ਬਾਅਦ ਆਪਣੀਆਂ ਚਾਰ ਧੀਆਂ ਨੂੰ ਪਾਲ ਕੇ,ਚੰਗੀ ਸਿੱਖਿਆ, ਸੰਸਕਾਰ ਦਿੰਦਾ ਹੈ ਅਤੇ ਸਮਾਜ ਨਾਲ ਲੜ੍ਹਦਿਆਂ, ਮਾਨਸਿਕ ਤੌਰ ‘ਤੇ ਬਲਵਾਨ ਬਣਾ ਕੇ ਉੱਚੇ ਮੁਕਾਮ ‘ਤੇ ਪਹੁੰਚਾਉਣ ਦਾ ਦਮ ਰੱਖਦਾ ਹੈ। ਧੀਆਂ ਦੇ ਬਾਪ ਨੂੰ ਸਮਾਜ ਵਿਚ ਰਹਿੰਦਿਆਂ ਕੀ-ਕੀ ਮੁਸ਼ਕਿਲਾਂ ਨਾਲ ਸਾਹਮਣਾ ਕਰਨਾ ਪੈਂਦਾ ਹੈ, ਧੀਆਂ ਵੱਡੀਆਂ ਹੋ ਕੇ ਆਪਣੇ ਬਾਪ ਦਾ ਕਿਵੇਂ ਸਹਾਰਾ ਬਣਦੀਆਂ ਹਨ ਅਤੇ ਸਮਾਜ ਨਾਲ ਲੜ੍ਹਣ ਦੀ ਦਲੇਰੀ ਵਿਖਾਉਂਦੀਆਂ ਹਨ, ਇਸਨੂੰ ਵੀ ਫਿਲਮ ਵਿਚ ਭਾਵਕੁਤਾ ਨਾਲ ਵਿਖਾਇਆ ਗਿਆ ਹੈ। ਇਹ ਫ਼ਿਲਮ ਜਿੱਥੇ ਦਾਜ ਦੇ ਲੋਭੀ ਸਮਾਜ ਦੇ ਮੂੰਹ ਤੇ ਕਰਾਰੀ ਚਪੇੜ ਹੋਵੇਗੀ, ਉੱਥੇ ਔਰਤ ਨੂੰ ਬੱਚੇ ਜੰਮਣ ਦੀ ਮਸ਼ੀਨ ਸਮਝਣ ਵਾਲੇ ਲੋਕਾਂ ਨੂੰ ਵੀ ਨਸੀਅਤ ਦੇਵੇਗੀ ਜੋ ਮੁੰਡੇ ਦੇ ਲਾਲਚ-ਵੱਸ ਧੀਆਂ ਦਾ ਕੁੱਖਾਂ ‘ਚ ਕਤਲ ਕਰਵਾਉਂਦੇ ਹਨ।
ਰੰਜੀਵ ਸਿੰਗਲਾ ਪ੍ਰੋਡਕਸ਼ਨ ਦੀ ਇਸ ਫ਼ਿਲਮ ਦੇ ਨਿਰਮਾਤਾ ਰੰਜੀਵ ਸਿੰਗਲਾ ਨੇ ਦੱਸਿਆ ਕਿ ਇਹ ਇੱਕ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਹੈ ਜੋ 2 ਸਾਲ ਪਹਿਲਾਂ ਆਈ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਦਾ ਦੂਜਾ ਭਾਗ ਹੈ, ਜਿਸ ਦੀ ਕਹਾਣੀ ਅਗਲੇ ਵਿਸਥਾਰ ਨੂੰ ਜੋੜਦੀ ਹੈ। ਫ਼ਿਲਮ ਵਿਚ ਕਰਮਜੀਤ ਅਨਮੋਲ, ਰਾਜ ਧਾਲੀਵਾਲ, ਸੁਖਵਿੰਦਰ ਰਾਜ, ਏਕਤਾ ਗੁਲਾਟੀ ਖੇੜ੍ਹਾ, ਗੁਨਵੀਨ ਮਨਚੰਦਾ, ਅਵਨੂਰ, ਮੰਨਤ ਸ਼ਰਮਾ, ਪੂਜਾ ਗਾਵੇ, ਐਰੀ ਗਿੱਲ ਅਤੇ ਜਗਤਾਰ ਸਿੰਘ ਬੈਨੀਪਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਅਵਤਾਰ ਸਿੰਘ ਵਲੋਂ ਲਿਖੀ ਇਸ ਫ਼ਿਲਮ ਦੀ ਕਹਾਣੀ ਦਾ ਸਕਰੀਨ ਪਲੇਅ ਤੇ ਡਾਇਲਾਗ ਅਮਨ ਸਿੱਧੂ ਨੇ ਲਿਖੇ ਹਨ। ਗੁਰਵਿੰਦਰ ਮਾਨ, ਜੱਗੀ ਜਗਸੀਰ, ਗੁਰੀ ਬਲਿੰਗ ਦੇ ਲਿਖੇ ਗੀਤਾਂ ਨੂੰ ਕਰਮਜੀਤ ਅਨਮੋਲ, ਨਛੱਤਰ ਗਿੱਲ, ਰਜਾ ਹੀਰ ਅਤੇ ਅਨਮੋਲ ਵਿਰਕ ਨੇ ਗਾਇਆ ਹੈ। ਫ਼ਿਲਮ ਦਾ ਸੰਗੀਤ ਅਮਦਾਦ ਅਲੀ ਅਤੇ ਆਰ.ਡੀ. ਬੀਟ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸਨੂੰ ਆਰ.ਆਰ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਹੈ। ਫ਼ਿਲਮ ਦੇ ਕਰੇਟਿਵ ਨਿਰਮਾਤਾ ਇੰਦਰ ਬਾਂਸਲ ਹਨ ਅਤੇ ਕਾਰਜ਼ਕਾਰੀ ਨਿਰਮਾਤਾ ਰਜਿੰਦਰ ਕੁਮਾਰ ਗਗਹੜ੍ਹ ਹਨ। 8 ਅਗਸਤ ਨੂੰ ਧੀਆਂ-ਭੈਣਾਂ ਦੇ ਰੱਖੜੀ ਤਿਉਹਾਰ ‘ਤੇ ਰਿਲੀਜ਼ ਹੋ ਰਹੀ ਇਹ ਫ਼ਿਲਮ ਦੱਸਦੀ ਹੈ ਕਿ ਕੁੜੀਆਂ ਚਿੜ੍ਹੀਆਂ ਵਰਗੀਆਂ ਹੁੰਦੀਆਂ ਨੇ, ਬਾਜਾਂ ਦੇ ਡਰ ਤੋਂ ਇਨ੍ਹਾਂ ਨੂੰ ਕੈਦ ਨਾ ਕਰੋ, ਇਨ੍ਹਾਂ ਨੂੰ ਉੱਡਣ ਵਾਸਤੇ ਖੁੱਲ੍ਹਾ ਅਸਮਾਨ ਦਿਉ। ਪਰਿਵਾਰਾਂ ਸਮੇਤ ਵੇਖੀ ਜਾਣ ਵਾਲੀ ਇਹ ਫ਼ਿਲਮ ਪੰਜਾਬੀਆਂ ਲਈ ਇੱਕ ਮਨੋਰੰਜਨ ਭਰਪੂਰ ਤੋਹਫਾ ਹੋਵੇਗੀ।
– ਸੁਰਜੀਤ ਜੱਸਲ 9814607737