15 ਅਗਸਤ ਪੈਰਿਸ (ਫਰਾਂਸ) ਸੁਖਵੀਰ ਸਿੰਘ ਕੰਗ-
ਪੰਜਾਬੀਆਂ ਦੀ ਪਿਤਾ ਪੁਰਖੀ ਖੇਡ ਕਬੱਡੀ ਨੂੰ ਯੂਰਪ ਦੀ ਧਰਤੀ ਤੇ ਸਥਾਪਿਤ ਕਰਨ ਵਾਲੇ ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ 25ਵਾਂ ਸਾਲਾਨਾ ਅੰਤਰ-ਰਾਸ਼ਟਰੀ ਦੋ ਰੋਜਾ ਕਬੱਡੀ ਕੱਪ ਟੂਰਨਾਮੈਂਟ ਬੋਬੀਨੀ ਦੀ ਗਰਾਉਂਡ ਵਿੱਚ ਯੂਰਪੀਅਨ ਕਬੱਡੀ ਫੈਡਰੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਪਹਿਲੇ ਦਿਨ ਫੁਟਬਾਲ ਦੇ ਮੈਚ, ਬੀਬੀਆਂ ਵੱਲੋਂ ਨਿਰੋਲ ਸੱਭਿਆਚਾਰਕ ਪ੍ਰੋਗਰਾਮ ਅਤੇ ਬੱਚਿਆਂ ਦੀ ਖੇਡਾਂ ਅਤੇ ਦੌੜਾਂ ਕਰਵਾਈਆਂ ਗਈਆਂ। ਦੂਸਰੇ ਦਿਨ ਖਿਡਾਰੀਆਂ ਦੀ ਤੰਦਰੁਸਤੀ ਅਤੇ ਟੂਰਨਾਮੈਂਟ ਦੀ ਸਫਲਤਾਪੂਰਵਕ ਨੇਪਰੇ ਚੜ੍ਹਨ ਦੀ ਅਰਦਾਸ ਕਰਨ ਉਪਰੰਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗਰਾਉਂਡ ਵਿੱਚ ਹਾਜਰੀਨ ਸਾਰੇ ਸੱਜਣਾਂ ਅਤੇ ਖਿਡਾਰੀਆਂ ਵੱਲੋਂ ਪੀਲੀਆਂ ਦਸਤਾਰਾਂ ਸਜਾ ਕੇ ਮਾਰਚ ਕੀਤਾ ਗਿਆ। ਉਪਰੰਤ ਯੂਰਪ ਦੇ ਵੱਖ ਵੱਖ ਦੇਸ਼ਾਂ ਤੋ ਪਹੁੰਚੀਆਂ ਕਬੱਡੀ ਕਲੱਬਾਂ ਦੇ ਖਿਡਾਰੀਆਂ ਵੱਲੋਂ ਆਪਣੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਭਾਰੀ ਤਦਾਦ ਵਿੱਚ ਪਹੁੰਚੇ ਦਰਸ਼ਕਾਂ ਨੇ ਕਬੱਡੀ ਟੂਰਨਾਮੈਂਟ ਦਾ ਅਨੰਦ ਮਾਣਿਆ।ਪੰਜਾਬ ਦੇ ਮਹੌਲ ਨੂੰ ਦਰਸਾਂਉਦੇ ਖਾਣ-ਪੀਣ ਅਤੇ ਵਿਰਾਸਤੀ ਵਸਤੂਆਂ ਦੇ ਸਟਾਲ ਲੱਗੇ ਹੋਏ ਸਨ ਇਸ ਤੋਂ ਇਲਾਵਾ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਕਲੱਬ ਦੀ ਪ੍ਰਬੰਧਕੀ ਟੀਮ ਵੱਲੋਂ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਅਤੇ ਇਹ ਦੋ ਰੋਜਾ ਸੱਭਿਆਚਾਰਕ ਮੇਲਾ ਅਤੇ ਕਬੱਡੀ ਕੱਪ ਟੂਰਨਾਮੈਂਟ ਬੜੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਸਫਲਤਾ ਲਈ ਰਘਬੀਰ ਸਿੰਘ ਕੋਹਾੜ, ਗੁਰਪ੍ਰੀਤ ਸਿੰਘ ਮੱਲ੍ਹੀ,ਦਲਵਿੰਦਰ ਸਿੰਘ ਘੁੰਮਣ ਵੱਲੋਂ ਜਿੱਥੇ ਕਲੱਬ ਦੀ ਪ੍ਰਬੰਧਕੀ ਟੀਮ ਦੀ ਤਾਰੀਫ ਕੀਤੀ ਉੱਥੇ ਦੂਰ ਦੁਰਾਡੇ ਤੋਂ ਭਾਰੀ ਤਦਾਦ ਵਿੱਚ ਪਹੁੰਚੇ ਦਰਸ਼ਕਾਂ ਅਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸਤਿਕਾਰਤ ਸੱਜਣਾਂ ਦਾ ਧੰਨਵਾਦ ਕੀਤਾ ਗਿਆ।