Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਕੋਰੜਾ ਛੰਦ:- *ਆਪਣੀ ਅਕਲ* - ਕੁਲਵੰਤ ਸੈਦੋਕੇ

August 23, 2021 11:39 PM
ਕੋਰੜਾ ਛੰਦ:- *ਆਪਣੀ ਅਕਲ*
 
ਕਿਸੇ ਨੂੰ ਵੀ ਕਦੇ  ਸਮਝੋ ਨਾ ਘੱਟ ਜੀ।
ਆਪਣੀ ਹੀ ਕਦੇ ਨਾ  ਲਗਾਵੋ ਰੱਟ ਜੀ।
ਹਉਮੇ ਹੁੰਦੀ ਸਦਾ  ਵੀਰੋ ਜੜ੍ਹ ਪਾਪ ਦੀ।
ਆਪਣੀ ਅਕਲ  ਸਦਾ  ਦੂਣੀ ਜਾਪਦੀ।
 
ਨੀਵੇਂ ਰੁੱਖਾਂ ਤਾਈਂ  ਸਦਾ ਫਲ਼ ਲੱਗਦੇ।
ਪਾਣੀ ਦੇਖੋ ਕਿਵੇਂ   ਨੀਵੇਂ ਵੱਲ ਵੱਗਦੇ।
ਕਰੇ ਨਾ ਸਿਆਣਾ ਜੀ ਸਿਫ਼ਤ ਆਪਦੀ।
ਆਪਣੀ ਅਕਲ  ਸਦਾ  ਦੂਣੀ ਜਾਪਦੀ।
 
ਹੋਛਾ ਬੰਦਾ ਭੁੰਜੇ  ਪੈਰ  ਨਹੀਂ ਰੱਖਦਾ।
ਬਹੁਤਾ ਬੋਲ ਰਹੇ ਆਪੇ ਵਿੱਚ ਖੱਪਦਾ।
ਤੰਗ ਕਰੇ ਜੁੱਤੀ ਜੋ ਨਾ ਹੋਵੇ ਨਾਪ ਦੀ।
ਆਪਣੀ ਅਕਲ ਸਦਾ ਦੂਣੀ ਜਾਪਦੀ।
 
ਅੱਜ ਕਿਸੇ ਨੂੰ ਜੇ ਚੰਗੀ ਗੱਲ ਦੱਸ ਦੇ।
ਕਰਨ ਮਜ਼ਾਕ  ਅੱਗੋਂ  ਰਹਿਣ ਹੱਸਦੇ।
ਬੱਚੇ ਅੱਜ-ਕੱਲ੍ਹ  ਮੰਨਦੇ ਨਾ ਬਾਪ ਦੀ।
ਆਪਣੀ ਅਕਲ ਸਦਾ ਦੂਣੀ ਜਾਪਦੀ।
 
ਛੋਟੇ ਵੱਡੇ ਦਾ ਨਾ  ਰੱਖਦੇ ਧਿਆਨ ਜੀ।
ਹਰ ਕੋਈ ਆਖੇ ਮੈਂ  ਹਾਂ ਬੁੱਧੀਮਾਨ ਜੀ।
ਅੱਖ ਇੱਕ ਦੂਜੇ  ਦੇ  ਔਗੁਣ  ਮਾਪਦੀ।
ਆਪਣੀ ਅਕਲ  ਸਦਾ ਦੂਣੀ ਜਾਪਦੀ।
 
ਕਰਦੀ ਗੁਮਾਨ ਮਿੱਟੀ ਦੀ ਮਟੀਲੀ ਜੀ।
ਹਰ ਜਗ੍ਹਾ ਘੋਟੇ  ਆਪਣੀ ਵਕੀਲੀ ਜੀ।
ਮਿਲੇ ਨਾ ਦਵਾਈ  ਹਉਮੇ ਦੇ ਤਾਪ ਦੀ।
ਆਪਣੀ ਅਕਲ  ਸਦਾ ਦੂਣੀ ਜਾਪਦੀ।
 
ਮੈਂ ਹਾਂ ਬੜਾ ਤੇਜ  ਸੋਚੇ ਇਨਸਾਨ ਜੀ।
ਬੀਰਬਲ ਨਾਲੋਂ   ਵੱਧ ਵਿਦਵਾਨ ਜੀ।
ਮੈਂ ਹੀ ਮੈਂ ਦਾ ਰਾਗ ਦੁਨੀਆਂ ਅਲਾਪਦੀ।
ਆਪਣੀ ਅਕਲ ਸਦਾ ਦੂਣੀ ਜਾਪਦੀ।
 
ਜਿੱਥੇ ਵੱਡਿਆਂ ਦਾ ਹੋਵੇ ਸਤਿਕਾਰ ਨਾ।
'ਕੁਲਵੰਤ' ਓਥੇ  ਪੁੱਗਦਾ ਪਿਆਰ ਨਾ।
'ਸੈਦੋਕੇ' ਨੂੰ ਰਹਿੰਦੀ ਚਿੰਤਾ ਵਿਆਪਦੀ।
ਆਪਣੀ ਅਕਲ  ਸਦਾ ਦੂਣੀ ਜਾਪਦੀ।
   
    ~~~~~~~~~~
 ਕੁਲਵੰਤ ਸਿੰਘ ਸੈਦੋਕੇ
      ਪਟਿਆਲਾ,
ਮੋ:  7889172043
 ਕੁੰਡਲੀਆ ਕਬਿੱਤ ਛੰਦ:-
 
ਭਾਵਣਾ ਜੇ ਦਿਲ ਵਿੱਚ, 
    ਅੰਬਰਾਂ ਨੂੰ ਛੂਹਣ ਦੀ ਏ, 
          ਚੀਨੇ ਕਬੂਤਰ ਜਿਉਂ,
               ਉੱਚਾ ਉੱਡ ਜਾਵਣਾ।
 
ਜਾਵਣਾ ਜੇ ਦੂਰ ਨੇੜੇ, 
    ਸਾਇਕਲ ਚਲਾ ਕੇ ਜਾਓ, 
          ਸਿਹਤ ਰਹੇ ਫਿੱਟ ਰੋਗ, 
              ਨੇੜੇ ਨਹੀਂ ਆਵਣਾ।
 
ਆਵਣਾ ਅਨੰਦ ਫਿਰ, 
    ਜ਼ਿੰਦਗੀ ਜਿਉਣ ਦਾ ਜੀ, 
           ਤੰਦਰੁਸਤੀ ਨੇ ਫਿਰ, 
                ਘਰ ਫੇਰਾ ਪਾਵਣਾ।
 
ਪਾਵਣਾ ਜੇ ਮਿੱਠਾ ਫਲ਼,
     ਮਿਹਣਤ ਕਰੀ ਚੱਲ, 
         ਸ਼ਾਂਤ ਚਿੱਤ ਰਹਿ ਸਦਾ, 
               ਪੂਰੀ ਹੋਜੂ ਭਾਵਣਾ।
 
 ~~~~~~~
*ਕੁਲਵੰਤ ਸੈਦੋਕੇ

Have something to say? Post your comment