ਮਾਂ ਬੋਲੀ ਦਾ ਇਸ਼ਕ
ਆਓ ਇਸ਼ਕ ਮਾਂ ਬੋਲੀ ਪੰਜਾਬੀ ਦਾ ਹੱਡੀ ਰਚਾ ਲਈਏ
ਸ਼ਿਕਵੇ ਆਪਣਿਆਂ ਦੇ ਛੱਡ ਵੈਰੀ ਤੋਂ ਹੋਂਦ ਬਚਾ ਲਈਏ।
ਆਓ ਰਲ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਦਮ ਭਰੀਏ
ਛੱਡ ਲੱਚਰਤਾ, ਸੱਭਿਆਚਾਰ ਦੇ ਵਸੇਵੇ ਲਈ ਕੰਮ ਕਰੀਏ।।
ਜਿਉਣਾਂ ਝੂਠ ਤੇ ਮਰਨਾ ਸੱਚ ਨੂੰ ਦਿੱਲੀਂ ਪੱਕੇ ਤੌਰ ਤੇ ਵਸਾਈਏ
ਦੁਨੀਆਂ ਤੋਂ ਰੁਖ਼ਸਤੀ ਤੋਂ ਪਹਿਲਾਂ ਮਾਂ ਬੋਲੀ ਦੀ ਸੇਵਾ ਕਮਾਈਏ।
ਆਪਸੀ ਫੁੱਟ ਨੂੰ ਵੇਖ ਨਿਰਭੈ ਹੋ ਚੜ੍ਹ ਕੇ ਆਉਣਗੇ ਵੈਰੀ
ਅਪਣਤ ਦੀ ਪੁੱਠ ਚਾੜ੍ਹ ਪਿੱਠ ਤੇ ਮਾਰਨਗੇ ਖੰਜਰ ਜ਼ਹਿਰੀ
ਆਪਣੇ ਰੋਸੇ,ਗਿਲੇ, ਝਗੜੇ ਤੇ ਝਮੇਲੇ ਕਰ ਦਿਓ ਅਣਡਿੱਠ
ਮਾਂ ਬੋਲੀ ਤੋਂ ਕਮਾ ਜ਼ੋ ਧ੍ਰੋਹ ਕਮਾਉਂਦੇ ਦੋਗਲੇ ਪਹਿਲਾਂ ਲਓ ਉਹ ਨਜਿੱਠ।
ਹੁਣ ਚੁੱਪ ਰਹਿ ਕੇ ਸ਼ਰੀਕਾਂ ਦੀ ਬੁੱਕਲ ਬਹਿ ਕੇ ਨਹੀਂ ਜੇ ਸਰਨਾ
ਇਸ਼ਕ ਮਜਾਜ਼ੀ ਤਿਆਗ ਇਸ਼ਕ ਹਕੀਕੀ ਲਈ ਕੱਚਿਆਂ ਤੇ ਪੈਣਾ ਤਰਨਾ।।
ਬੁੱਲੇ ,ਵਾਰਸ ,ਪੀਲੂ, ਦਮੋਦਰ ਵਾਂਗ ਮਾਂ ਬੋਲੀ ਦੇ ਬਣੋ ਰਾਖੇ
ਕਲਮਾਂ ਤੁਹਾਡੀਆਂ ਦੀ ਰੌਸ਼ਨੀਆਂ ਮੂਹਰੇ ਲੱਗਣ ਸ਼ਮਾਦਾਨ ਧੁਆਂਖੇ।
ਨਿਮਾਣਾ ਸੁਰਿੰਦਰ ਹੋਂਦ ਦੀ ਲੜ੍ਹਾਈ ਦਾ ਨਗਾਰਾ ਵਜਾ ਰਿਹਾ
ਮਾਂ ਬੋਲੀ ਦਾ ਪੁੱਤਰ ਹੋਣ ਦਾ ਸ਼ਬਦਾਂ ਰਾਹੀਂ ਫਰਜ ਨਿਭਾ ਰਿਹਾ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।