Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਗੀਤ:- "ਤੰਗ ਕੀਤਾ ਸਰਕਾਰਾਂ ਨੇ" - ਕੁਲਵੰਤ ਸੈਦੋਕੇ

August 17, 2021 12:08 AM
ਗੀਤ:- "ਤੰਗ ਕੀਤਾ ਸਰਕਾਰਾਂ ਨੇ"
 
ਜਾਵੇ ਪੀੜਿਆ ਕਿਸਾਨ,
ਆਈ ਮੁੱਠੀ ਵਿੱਚ ਜਾਨ,
ਥੱਕ ਹਾਰ ਬੂਹੇ ਸੱਧਰਾਂ ਦੇ ਢੋਵੇ।
ਤੰਗ ਕੀਤਾ ਸਰਕਾਰਾਂ ਨੇ, ਜੱਟ ਹੁਬਕੀਂ ਹੁਬਕੀਂ ਰੋਵੇ।
 
ਹੱਡੀਆਂ ਨੂੰ ਤੋੜਕੇ ਤੇ,  ਖੇਤਾਂ ਵਿੱਚ ਹਲ਼ ਡੂੰਘਾ ਏ ਵਾਹੁੰਦਾ।
ਭੁੱਖਿਆਂ ਦੇ ਮੂੰਹ ਵਿੱਚ ਇਹ, ਰਿਹਾ ਰੋਟੀ ਹਮੇਸ਼ਾਂ ਪਾਉਂਦਾ।
ਓਦੋਂ ਵੀ ਦਿਲ ਥਾਵੇਂ ਰੱਖਿਆ, ਢਾਰਾ ਟੁੱਟਿਆ ਮੀਹਾਂ 'ਚ ਜਦ ਚੋਵੇ।
ਤੰਗ ਕੀਤਾ ਸਰਕਾਰਾਂ ਨੇ, ਜੱਟ ਹੁਬਕੀਂ ਹੁਬਕੀਂ ਰੋਵੇ।
 
ਕਾਲੇ ਜਿਹੇ ਕਨੂੰਨ ਚੰਦਰੇ, ਨਿੱਤ ਰਹਿਣ ਮੰਤਰੀ ਘੜਦੇ।
ਧੁੱਪ ਦੇਖ ਭੱਜ ਜਾਂਦੇ ਨੇ, ਜਾ ਕੇ  ਏ. ਸੀ. ਦੇ ਵਿੱਚ ਵੜਦੇ।
ਅੰਦਰੋਂ ਨੇ ਕਾਲੇ ਦਿਲ ਦੇ, ਚਿੱਟਾ ਬਾਹਰੋਂ ਲਿਬਾਸ ਭਾਵੇਂ ਹੋਵੇ।
ਤੰਗ ਕੀਤਾ ਸਰਕਾਰਾਂ ਨੇ, ਜੱਟ ਹੁਬਕੀਂ ਹੁਬਕੀਂ ਰੋਵੇ।
 
ਭਾਰੀ ਪੰਡ ਕਰਜ਼ੇ ਦੀ, ਹੁਣ ਹੋਰ ਚੁੱਕੀ ਨਾ ਜਾਵੇ।
ਝੋਰਾ ਖੁੱਸ ਰਹੀ ਭੋਇਂ ਦਾ, ਨਿੱਤ ਹੱਡੀਆਂ ਨੂੰ ਪਿਆ ਖਾਵੇ।
ਵਧੀ ਜਾਣ ਤੇਲ਼ ਕੀਮਤਾਂ, ਵਿੱਚ ਚਿੰਤਾ ਦੇ ਰਾਤਾਂ ਨੂੰ ਨਾ ਸੋਂਵੇ।
ਤੰਗ ਕੀਤਾ ਸਰਕਾਰਾਂ ਨੇ, ਜੱਟ ਹੁਬਕੀਂ ਹੁਬਕੀਂ ਰੋਵੇ।
     
ਪਰ੍ਹੇ ਖੜਾ ਸੀਰੀ ਆਖਦਾ, ਤੂੰ ਰੱਖ ਹੌਸਲਾ ਸਰਦਾਰਾ।
ਹੱਕਾਂ  ਲਈ ਪਊ ਲੜਨਾ, ਹੁਣ ਜਿੱਤ ਦਾ ਮਾਰਕੇ ਨਾਹਰਾ।
ਜਿਉਂਦਾ ਰਹਿ ਤੂੰ 'ਸੈਦੋ' ਵਾਲਿਆ, ਸਦਾ ਰੱਬ ਤੇਰੇ ਨਾਲ ਖੜੋਵੇ।
ਤੰਗ ਕੀਤਾ ਸਰਕਾਰਾਂ ਨੇ, ਜੱਟ ਹੁਬਕੀਂ ਹੁਬਕੀਂ ਰੋਵੇ।
  ~~~~~~~~~~
*ਕੁਲਵੰਤ ਸੈਦੋਕੇ
 ਪਟਿਆਲਾ,
ਮੋ:7889172043
ਝੋਕ ਛੰਦ:- ਸ਼ਹੀਦ ਊਧਮ ਸਿੰਘ
 
ਊਧਮ ਸਿੰਘ ਸ਼ੇਰ ਬਹਾਦਰ, ਸੀਣੀਂ ਮਾਂ ਜਾਇਆ ਸੀ।
ਭਾਰਤ ਤੋਂ ਚੱਲਕੇ ਜਦ ਉਹ, ਲੰਡਨ ਵੱਲ ਆਇਆ ਸੀ।
ਖ਼ਲਕਤ ਦੇ ਕਾਤਲ ਨੂੰ ਜੋ, ਸਬਕ ਸਿਖਾਇਆ ਸੀ।
ਪਲ ਦੇ ਵਿੱਚ ਹੋ ਗਿਆ ਸੁਰਖੁਰੂ, ਕਰਜ਼ਾ ਉਤਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ 'ਤਾਰਤਾ..
 
ਵੈਰੀ ਨੂੰ ਸੋਧਣ ਦਾ ਜੋ, ਢੰਗ ਅਪਣਾਇਆ ਸੀ।
ਕਿਸੇ ਦੀ ਸਮਝ ਦੇ ਵਿੱਚ, ਕੁੱਝ ਵੀ ਨਾ ਆਇਆ ਸੀ।
ਪੁਸਤਕ ਨੂੰ ਕੱਟਕੇ ਵਿੱਚੋਂ, ਪਿਸਟਲ ਟਿਕਾਇਆ ਸੀ।
ਕੈਕਸਟਨ ਹਾਲ ਦੇ ਵਿੱਚ, ਆਖਿਆ ਵੰਗਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ 'ਤਾਰਤਾ..
 
ਪੁਸਤਕ ਦੇ ਵਿੱਚੋਂ ਯੋਧੇ, ਪਿਸਟਲ ਜਦ ਕੱਢਿਆ ਸੀ।
ਪਾਪੀ ਨੂੰ ਪਾਰ ਬੁਲਾਤਾ, ਜਿਉਂਦਾ ਨਾ ਛੱਡਿਆ ਸੀ।
ਦੇਖਕੇ ਪੁਲਿਸ ਵਾਲਿਆਂ, ਰਹਿ ਗਿਆ ਮੂੰਹ ਅੱਡਿਆ ਸੀ।
ਕਾਰਜ ਸੀ ਕਰਤਾ ਪੂਰਾ, ਆਇਆ ਸੀ ਜੋ ਧਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ ਉਤਾਰਿਆ...
 
ਛੇ ਦੀਆਂ ਛੇ ਗੋਲੀਆਂ, ਛਾਤੀ ਵਿੱਚ ਜੜੀਆਂ ਸੀ।
ਗੋਰਿਆ ਵਿੱਚ ਭਾਜੜ ਪੈ ਗਈ, ਮੁਸਕਿਲ ਦੀਆਂ ਘੜੀਆਂ ਸੀ।
ਪਾਪੀ ਦਾ ਕੰਮ ਮੁਕਾਤਾ, ਕਰਦਾ ਜੋ ਅੜੀਆਂ ਸੀ।
ਊਧਮ ਸਿੰਘ ਨਾਮ ਹੈ ਮੇਰਾ,ਆਖਿਆ ਪੁਕਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ 'ਤਾਰਤਾ..
 
ਫੜ੍ਹਨਾ ਜੇ ਫੜ ਲਓ ਮੈਨੂੰ, ਸੂਰਾ ਲਲਕਾਰਦਾ।
ਆਇਆ ਪੰਜਾਬੋਂ ਚੱਲਕੇ, ਪੁੱਤਰ ਸਰਦਾਰ ਦਾ।
ਅਣਖੀ ਜੋ ਹੁੰਦਾ ਜ਼ਿੰਦਗੀ, ਧਰਮ ਤੋਂ ਵਾਰਦਾ।
ਛਾਤੀ ਵਿੱਚ ਬਲ਼ਦੀ ਅਗਨੀ, ਖੜ੍ਹਾ ਹਾਂ ਠਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ 'ਤਾਰਤਾ..
 
ਛੇੜਿਆ ਜੋ ਘੋਲ ਅਜ਼ਾਦੀ, ਸੂਰਮਿਆਂ ਲੜਨਾ ਏਂ।
ਬਲ਼ਦੀ ਪਈ ਸਮਾਂ ਦੇਖਕੇ, ਪਰਵਾਨਿਆਂ ਸੜਨਾ ਏਂ।
ਫਾਂਸੀ ਦੇ ਫੱਟਿਆਂ ਉੱਤੇ, ਹਸ ਹਸ ਕੇ ਚੜ੍ਹਨਾ ਏ।
ਕਿੰਨਾਂ ਚਿਰ ਹੋਰ ਜਿਊਣਗੇ, ਜ਼ੁਲਮ ਸਹਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।  
ਦੇਸ਼ ਤੋਂ ਜ਼ਿੰਦ ਵਾਰਤੀ....
 
ਆਸ਼ਕ ਅਜ਼ਾਦੀ ਦਾ ਹਾਂ, ਰੂਹ ਅਜੇ
ਕੁਆਰੀ ਏ।
ਦਿਲ ਦੇ ਵਿੱਚ ਵਤਨ ਪਿਆਰ ਦੀ, ਚੜ੍ਹੀ ਖੁਮਾਰੀ ਏ।
ਸਾਕੇ ਜੋ ਜਲ੍ਹਿਆਂ ਵਾਲੇ ਦੀ, ਭਾਜੀ ਮੈਂ 'ਤਾਰੀ ਏ।
'ਸੈਦੋਕੇ' ਬਾਜੀ ਜਿੱਤ ਲਈ, ਜ਼ਿਦਗੀ ਨੂੰ ਹਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ 'ਤਾਰਤਾ....
  ~~~~~~~~~~
*ਕੁਲਵੰਤ ਸੈਦੋਕੇ
 ਪਟਿਆਲਾ,

Have something to say? Post your comment