Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

"ਆਜ਼ਾਦੀ-ਯੂਨੀਅਨ ਜੈੱਕ ਤੋਂ ਲਾਲ ਕਿਲ੍ਹੇ ਤੱਕ" - ਹਰਕਮਲ ਧਾਲੀਵਾਲ

August 14, 2021 10:55 PM
"ਆਜ਼ਾਦੀ-ਯੂਨੀਅਨ ਜੈੱਕ ਤੋਂ ਲਾਲ ਕਿਲ੍ਹੇ ਤੱਕ"
 
"ਯੂਨੀਅਨ ਜੈੱਕ ਤੋਂ ਝੰਡਾ ਲਾਹਕੇ ਲਾਲ ਕਿਲੇ ਤਿਰੰਗਾ ਚਾੜਿਆ ਏ,
ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਰੰਗ ਕਾਲੇ ਅੰਗਰੇਜ਼ਾਂ ਚਾੜਿਆ ਏ;
ਗੋਰੇ ਜਾਣੇ, ਕਾਲੇ ਆਉਣੇ ਗੱਲ ਭਗਤ ਸਿੰਘ ਨੂੰ ਖਟਕ ਰਹੀ ਏ,
75 ਸਾਲ ਹੋਏ ਮੁਲਖ ਨੂੰ ਵੰਡਿਆ,
ਆਜ਼ਾਦੀ ਰਾਹਾਂ ਵਿੱਚ ਹੀ ਭਟਕ ਰਹੀ ਏ....;
 
ਨਹਿਰੂ ਜਿਨਾਹ ਨੇ ਹਸਤਾਖਰ ਕੀਤੇ,ਹਲਫੀਏ ਉਹ ਮੌਤ ਦੇ ਸੀ,
ਵੰਡ ਲਏ ਵੇਹੜੇ,ਵੰਡ ਲਏ ਪਾਣੀ,ਪੱਲੇ ਬਚਿਆ ਪੰਜਾਬ ਦੇ ਕੀ;
ਵਾਹਗੇ ਦੀ ਸਰਹੱਦ ਹੈ ਰੋਂਦੀ, ਗੱਡੀ ਲੀਹੋਂ ਭਟਕ ਗਈ,
75 ਸਾਲ ਹੋਏ ਮੁਲਖ ਨੂੰ ਵੰਡਿਆ,
ਆਜ਼ਾਦੀ ਰਾਹਾਂ ਵਿੱਚ ਹੀ ਭਟਕ ਰਹੀ ਏ....;
 
ਰੰਗ ਜਾਤ ਪਾਤ 'ਚ ਵੰਡਿਆ,ਵੰਡਿਆ ਨਾਂ ਅਸੀਂ ਦੁੱਖਾਂ ਨੂੰ,
ਵੰਡੀਆਂ ਨਾਂ ਕਦੇ ਮਾਵਾਂ ਛਾਵਾਂ,ਵੰਡਿਆ ਨਾਂ ਕਦੇ ਭੁੱਖਾਂ ਨੂੰ;
ਇਹ ਹਤਿਆਰੀ ਨਜ਼ਰ ਜੋ ਸਾਨੂੰ,ਹੁਕਮਰਾਨਾਂ ਦੀ ਝਟਕ ਰਹੀ ਏ,
75 ਸਾਲ ਹੋਏ ਮੁਲਖ ਨੂੰ ਵੰਡਿਆ,
ਆਜ਼ਾਦੀ ਰਾਹਾਂ ਵਿੱਚ ਹੀ ਭਟਕ ਰਹੀ ਏ....;
 
ਭਗਤ ਸਿਹਾਂ ਤੇ ਸਰਾਭਾ ਕਿੰਨੇ ਪੁੱਤ ਕੁਰਬਾਨ ਹੋਏ,
ਦਿੱਲ੍ਹੀ ਹੋਏ ਫੈਸਲਿਆਂ ਤੋੰ ਬਸ! ਪੰਜਾਬਾ ਦਾ ਹੀ ਨੁਕਸਾਨ ਹੋਏ;
ਕਦੋਂ ਲਾਹੌਰ ਤੋਂ ਚੱਲਕੇ ਗੱਡੀ ਅੰਬਰਸਰ ਨੂੰ ਆਵੇਗੀ,
ਕਦੋਂ ਬਾਪੂ ਦੀ ਨਜ਼ਰ ਜੋ ਝੌਲ਼ੀ ਨਨਕਾਣੇ ਨੂੰ ਗਲ ਲਾਵੇਗੀ;
ਦੁਆ ਦੇ ਬਦਲੇ ਅਰਦਾਸ ਅਸਾਡੀ,ਹੁਕਮਰਾਨਾਂ ਨੂੰ ਖਟਕ ਰਹੀ ਏ,
75 ਸਾਲ ਹੋਏ ਮੁਲਖ ਨੂੰ ਵੰਡਿਆ,
ਆਜ਼ਾਦੀ ਰਾਹਾਂ ਵਿੱਚ ਹੀ ਭਟਕ ਰਹੀ ਏ;
 
ਉਹੀ ਭਾਸ਼ਣ,ਉਹੀ ਲੀਡਰ ਬਦਲਿਆ ਕੁੱਝ ਵੀ ਇਥੇ ਨਾਂ,
ਫੋਕੀਆਂ ਗੱਲਾਂ ਤੋਂ ਬਣ ਜਾਂਦੇ ਮੂਰਖ ਲੋਕ ਨੇ ਇਥੇ ਤਾਂ;
ਮਰੋੜਕੇ ਸੰਘੀ ਨੋਚ ਦਿੱਤੇ,ਨਾਂ ਹੰਸਾਂ ਵਾਂਗੂ ਮੜਕ ਰਹੀ ਏ,
75 ਸਾਲ ਹੋਏ ਮੁਲਖ ਨੂੰ ਵੰਡਿਆ,
ਆਜ਼ਾਦੀ ਰਾਹਾਂ ਵਿੱਚ ਹੀ ਭਟਕ ਰਹੀ ਏ....!!"
 
ਹਰਕਮਲ ਧਾਲੀਵਾਲ

Have something to say? Post your comment