ਰੱਬੀ ਅਵਤਾਰ ਆਇਆ
""""""""""""""""""""""""""""
ਮਿਟਿਆ ਨ੍ਹੇਰਾ ਤੇ ਚਾਨਣ ਸੀ ਫ਼ੈਲ ਉੱਠਿਆ,
ਐਸਾ ਸੂਰਜ ਸੀ ਵਿੱਚ ਸੰਸਾਰ ਆਇਆ।
ਦੁਸ਼ਟ ਪਾਪੀ ਧੁਰ ਅੰਦਰੋਂ ਕੰਬ ਗਏ ਸੀ,
ਭਗਤਾਂ ਆਖਿਆ ਕੋਈ ਦਾਤਾਰ ਆਇਆ।
ਸਦੀ ਪੰਦਰ੍ਹਵੀਂ ਅੱਧੀਓਂ ਵੱਧ ਬੀਤੀ,
ਨਨਕਾਣਾ ਸਾਹਿਬ 'ਚ ਰੱਬੀ ਅਵਤਾਰ ਆਇਆ।
ਪਿਤਾ ਕਾਲੂ ਮਾਂ ਤ੍ਰਿਪਤਾ ਦੀ ਕੁੱਖ ਵਿੱਚੋਂ,
ਕਲਾ ਧਾਰ ਸੀ ਆਪ ਨਿਰੰਕਾਰ ਆਇਆ।
ਭੈਣ ਨਾਨਕੀ ਦਾ ਨਿੱਕਾ ਵੀਰ ਸੋਹਣਾ,
ਸੁੱਤੀ ਕੌਮ ਦੀ ਅਣਖ ਜਗਾਈ ਨਾਨਕ।
ਛੋਟੀ ਉਮਰ ਵਿੱਚ ਕੀਤਾ ਜੋ 'ਸੱਚਾ ਸੌਦਾ',
ਸੱਚੀ-ਸੁੱਚੀ ਸੀ ਘਾਲ ਕਮਾਈ ਨਾਨਕ।
ਪਾਠਸ਼ਾਲਾ ਦਾ ਪਾਂਧਾ ਹੈਰਾਨ ਹੋਇਆ,
ਜਦੋਂ ਓਸ ਨੂੰ 'ਪੱਟੀ' ਪੜ੍ਹਾਈ ਨਾਨਕ।
ਕੌਡਾ ਰਾਖਸ਼ ਵੀ ਢਹਿ ਪਿਆ ਓਸ ਅੱਗੇ,
'ਧੁਰ ਕੀ ਬਾਣੀ' ਸੀ ਜਦ ਫ਼ੁਰਮਾਈ ਨਾਨਕ।
ਕੀਤੀਆਂ ਚਾਰ ਉਦਾਸੀਆਂ ਵਿਸ਼ਵ ਅੰਦਰ,
ਚਾਰੇ ਕੂੰਟਾਂ ਸਨ ਨੂਰੋ-ਨੂਰ ਹੋਈਆਂ।
ਜ਼ਾਲਮ ਬਾਬਰ ਨੂੰ ਬਾਬੇ ਨੇ ਕਿਹਾ 'ਜਾਬਰ',
ਉਹਦੀਆਂ ਹੈਕੜਾਂ ਚੂਰੋ-ਚੂਰ ਹੋਈਆਂ।
ਸਤਿਗੁਰਾਂ 'ਤੇਰਾ ਤੇਰਾ' ਜਦ ਤੋਲਿਆ ਸੀ,
ਸੱਭੇ ਬਰਕਤਾਂ ਪੂਰੋ-ਪੂਰ ਹੋਈਆਂ।
ਸਿਖਾਈ ਕਿਰਤ ਤੇ ਨਾਮ ਜਪ ਵੰਡ ਛਕਣਾ,
ਜ਼ਾਤਾਂ-ਪਾਤਾਂ ਸਨ ਦੂਰੋ-ਦੂਰ ਹੋਈਆਂ।
ਬਾਬੇ ਤਾਰ ਦਿੱਤੇ ਚੱਕ ਚਾਰ ਸਾਰੇ,
ਕੂੜ ਝੂਠ ਦਾ ਆਖ਼ਿਰ ਨੂੰ ਅੰਤ ਹੋਇਆ।
ਕਲਯੁਗ ਅੰਦਰ ਸੀ ਨਵਾਂ ਪ੍ਰਕਾਸ਼ ਦਿਸਦਾ,
ਨਾਨਕ ਗੁਰੂ ਨਿਵੇਕਲਾ ਸੰਤ ਹੋਇਆ।
ਵਾਹਿਗੁਰੂ ਦਾ ਮੰਤਰ ਹੈ ਅਜਬ ਮੰਤਰ,
ਇੱਕ ਓਅੰਕਾਰ ਵਰਗਾ ਨਾ ਕੋਈ ਮੰਤ ਹੋਇਆ।
ਗ੍ਰਹਿਸਥ ਵਿੱਚ ਵੀ ਸਦਾ ਨਿਰਲੇਪ ਰਹਿੰਦਾ,
ਸੁਲੱਖਣੀ ਮਾਤਾ ਦਾ ਐਸਾ ਕੰਤ ਹੋਇਆ।
ਜੋਗੀਆਂ-ਜਤੀਆਂ ਨੂੰ ਰਾਹੇ ਪਾਉਣ ਦੇ ਲਈ,
'ਸਿਧ ਗੋਸ਼ਟਿ' ਸੀ ਆਪ ਰਚਾਈ ਸਤਿਗੁਰ।
'ਜਪੁ', 'ਵਾਰ ਆਸਾ', 'ਬਾਰਾਂਮਾਹ' ਲਿਖ ਕੇ,
ਹੱਥ ਮਰਦਾਨੇ ਰਬਾਬ ਫ਼ੜਾਈ ਸਤਿਗੁਰ।
ਨਾਲ ਇੱਜ਼ਤ ਦੇ ਜੀਣਾ ਹੈ ਸੱਚ ਖ਼ਾਤਿਰ,
ਚੜ੍ਹਦੀ ਕਲਾ ਦੀ ਜਾਚ ਸਿਖਾਈ ਸਤਿਗੁਰ।
ਵਧਣੀ ਫ਼ੁੱਲਣੀ ਤੇ ਸਦਾ ਹੀ ਹਰੀ ਰਹਿਣੀ,
ਸਿੱਖੀ ਬੂਟੇ ਨੂੰ ਜਾਗ ਜੋ ਲਾਈ ਸਤਿਗੁਰ।
~ ਰੂਹੀ ਸਿੰਘ