ਸਿੱਕਮ ਦੇ ਯਾਂਗਥਾਂਗ ਖੇਤਰ ਦੇ ਉੱਪਰੀ ਰਿੰਬੀ ਵਿੱਚ ਸ਼ੁੱਕਰਵਾਰ ਨੂੰ ਵੱਡਾ ਭੂ-ਸਖਲਨ ਹੋਇਆ, ਜਿਸ ‘ਚ ਸੱਤ ਲੋਕ ਮਿੱਟੀ ਹੇਠਾਂ ਦੱਬ ਗਏ। ਇਸ ਦਰਦਨਾਕ ਹਾਦਸੇ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ਤਿੰਨ ਹੋਰ ਹਜੇ ਵੀ ਲਾਪਤਾ ਹਨ। ਬਚਾਅ ਟੀਮਾਂ ਵੱਲੋਂ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਜ਼ਿਲ੍ਹਾ ਐਸਪੀ ਗੇਜਿੰਗ ਸ਼ੇਰਿੰਗ ਸ਼ੇਰਪਾ ਨੇ ਦੱਸਿਆ ਕਿ ਤਿੰਨ ਲੋਕਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ। ਪੁਲਿਸ, ਐਸਐਸਬੀ ਜਵਾਨਾਂ ਅਤੇ ਸਥਾਨਕ ਵਾਸੀਆਂ ਦੀ ਸਹਾਇਤਾ ਨਾਲ ਦੋ ਜ਼ਖਮੀ ਔਰਤਾਂ ਨੂੰ ਮਲਬੇ ਵਿਚੋਂ ਕੱਢਿਆ ਗਿਆ। ਬਚਾਅ ਟੀਮ ਨੇ ਹਿਊਮ ਨਦੀ ‘ਤੇ ਦਰੱਖਤਾਂ ਦੇ ਲੱਕੜਾਂ ਨਾਲ ਇੱਕ ਅਸਥਾਈ ਪੁਲ ਬਣਾਕੇ ਪੀੜਤਾਂ ਤੱਕ ਪਹੁੰਚ ਕੀਤੀ। ਜ਼ਖਮੀ ਔਰਤਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ, ਜਿੱਥੇ ਇੱਕ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਵੇਲੇ ਰਾਹਤ ਅਤੇ ਬਚਾਅ ਕਾਰਜ ਪੂਰੀ ਤੀਵਰਤਾ ਨਾਲ ਜਾਰੀ ਹੈ ਅਤੇ ਪ੍ਰਸ਼ਾਸਨ ਵੱਲੋਂ ਹਾਦਸੇ ਦੀ ਸਥਿਤੀ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ।