ਅਮਰੀਕਾ ਦੇ ਟੈਕਸਾਸ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ 50 ਸਾਲਾ ਭਾਰਤੀ ਮੂਲ ਦੇ ਮੋਟਲ ਮੈਨੇਜਰ ਦੀ ਉਸਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਕੁਹਾੜੀ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਕਰਨਾਟਕ ਦੇ ਨਿਵਾਸੀ ਚੰਦਰ ਮੌਲੀ ਨਾਗਮੱਲਈਆ ਉਰਫ਼ ਬੌਬ ਵਜੋਂ ਹੋਈ ਹੈ। ਇਹ ਹਾਦਸਾ ਬੁੱਧਵਾਰ, 10 ਸਤੰਬਰ ਨੂੰ ਡੱਲਾਸ ਦੇ ਡਾਊਨਟਾਊਨ ਸੂਟਸ ਮੋਟਲ ਵਿੱਚ ਵਾਪਰਿਆ। ਪੁਲਿਸ ਦੇ ਅਨੁਸਾਰ, ਨਾਗਮੱਲਈਆ ਦਾ ਉਸਦੇ ਸਾਥੀ ਕਰਮਚਾਰੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨਾਲ ਇੱਕ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਗੁੱਸੇ ਵਿੱਚ ਆ ਕੇ ਕੋਬੋਸ-ਮਾਰਟੀਨੇਜ਼ ਨੇ ਗੰਡਾਸੇ ਨਾਲ ਨਾਗਮੱਲਈਆ 'ਤੇ ਹਮਲਾ ਕਰ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਨੂੰ ਹਥਿਆਰ ਕੱਢ ਕੇ ਹਮਲਾ ਕਰਦੇ ਵੀ ਦੇਖਿਆ ਗਿਆ। ਬਚਾਵ ਦੀ ਕੋਸ਼ਿਸ਼ਾਂ ਦੇ ਬਾਵਜੂਦ ਨਾਗਮੱਲਈਆ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸਦੀ ਪਤਨੀ ਅਤੇ ਪੁੱਤਰ ਨੇ ਇਹ ਸਾਰੀ ਘਟਨਾ ਆਪਣੀਆਂ ਅੱਖਾਂ ਨਾਲ ਦੇਖੀ। ਭਾਰਤੀ ਕੌਂਸਲੇਟ ਨੇ ਇਸ "ਦੁਖਦਾਈ ਅਤੇ ਬੇਰਹਿਮੀ ਭਰੀ" ਹੱਤਿਆ ‘ਤੇ ਸੋਗ ਪ੍ਰਗਟ ਕੀਤਾ ਹੈ ਅਤੇ ਪਰਿਵਾਰ ਨਾਲ ਸਹਾਨੁਭੂਤੀ ਜਤਾਈ ਹੈ। ਮੁਲਜ਼ਮ ਕੋਬੋਸ-ਮਾਰਟੀਨੇਜ਼ ਦਾ ਪਿਛਲਾ ਅਪਰਾਧਿਕ ਰਿਕਾਰਡ ਵੀ ਸਾਹਮਣੇ ਆਇਆ ਹੈ। ਉਹ ਪਹਿਲਾਂ ਹਿਊਸਟਨ ਵਿੱਚ ਕਾਰਜੈਕਿੰਗ ਅਤੇ ਹਮਲੇ ਦੇ ਮਾਮਲਿਆਂ ‘ਚ ਗ੍ਰਿਫ਼ਤਾਰ ਹੋ ਚੁੱਕਾ ਹੈ। ਇਸ ਵੇਲੇ ਉਸਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਜੇ ਦੋਸ਼ੀ ਸਾਬਤ ਹੋਇਆ, ਤਾਂ ਉਸਨੂੰ ਬਿਨਾਂ ਪੈਰੋਲ ਦੇ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋ ਸਕਦੀ ਹੈ।