ਔਕਲੈਂਡ 27 ਅਗੱਸਤ 2025-ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਨਵਾਂ ਵੀਜ਼ਾ ਲਾਂਚ ਕੀਤਾ ਹੈ, ਜਿਸ ਰਾਹੀਂ ਉਹ ਨਿਊਜ਼ੀਲੈਂਡ ਵਿੱਚ ਚੱਲ ਰਹੀਆਂ ਕੰਪਨੀਆਂ ਵਿੱਚ ਨਿਵੇਸ਼ ਕਰਕੇ ਰਿਹਾਇਸ਼ ਹਾਸਲ ਕਰ ਸਕਣਗੇ। ਹੁਣ ਨਿਵੇਸ਼ਕ ਇਕ ਜਾਂ 2 ਮਿਲੀਅਨ ਡਾਲਰ ਨਿਊਜ਼ੀਲੈਂਡ ਦੇ ਵਿਚ ਨਿਵੇਸ਼ ਕਰਕੇ ਜਾਂ ਕਹਿ ਲਈਏ ਆਪਣੇ ਪੱਲ੍ਹੇ ਬੰਨ੍ਹ ਕੇ ਆ ਜਾਓ ਅਤੇ ਆਪਣੀ ਪੀ. ਆਰ. ਦਾ ਰਾਹ ਖੋਲ੍ਹ ਸਕਦੇ ਹੋ। ਇਹ ਕਾਰੋਬਾਰੀ ਵਰਕ ਵੀਜ਼ਾ ਨਵੰਬਰ 2025 ਦੇ ਵਿਚ ਖੁੱਲ੍ਹਣਗੀਆਂ। ਇਹ ਦੋ ਨਿਵੇਸ਼ ਵਿਕਲਪ ਪੇਸ਼ ਕਰੇਗਾ:
ਸਟੈਂਡਰਡ ਰਾਹ: 1 ਮਿਲੀਅਨ ਡਾਲਰ ਨਿਵੇਸ਼ ਦੇ ਨਾਲ ਕਿਸੇ ਮੌਜੂਦਾ ਕਾਰੋਬਾਰ ਰਾਹੀਂ 3 ਸਾਲ ਦਾ ਵਰਕ-ਟੂ-ਰੇਜ਼ੀਡੈਂਸ ਰਾਹ ਖੋਲ੍ਹਿਆ ਜਾ ਸਕੇਗਾ।
ਫਾਸਟ-ਟਰੈਕ ਰਾਹ: 2 ਮਿਲੀਅਨ ਡਾਲਰ ਨਿਵੇਸ਼ ਦੇ ਨਾਲ ਕਿਸੇ ਮੌਜੂਦਾ ਕਾਰੋਬਾਰ ਵਿਚ ਸਿਰਫ 12 ਮਹੀਨੇ ’ਚ ਤੇਜ ਰਾਹਦਾਰੀ ਰਾਹੀਂ ਰਿਹਾਇਸ਼ ਦਾ ਰਾਹ ਖੋਲ੍ਹਿਆ ਜਾ ਸਕਦਾ ਹੈ। ਅਰਜ਼ੀਕਾਰ ਦੋਵੇਂ ਰਾਹਦਾਰੀਆਂ ’ਚ ਜਾਂ ਤਾਂ ਪੂਰਾ ਕਾਰੋਬਾਰ ਖਰੀਦ ਸਕਦੇ ਹਨ ਜਾਂ ਘੱਟੋ-ਘੱਟ 25% ਹਿੱਸਾ ਹਾਸਲ ਕਰ ਸਕਦੇ ਹਨ, ਜੇਕਰ ਉਹ 1 ਮਿਲੀਅਨ ਡਾਲਰ ਜਾਂ 2 ਮਿਲੀਅਨ ਡਾਲਰ ਦੀ ਘੱਟੋ-ਘੱਟ ਨਿਵੇਸ਼ ਰਾਸ਼ੀ ਪੂਰੀ ਕਰਦੇ ਹਨ। ਇਹ ਦੋਵੇਂ ਵਿਕਲਪ ਕਾਰੋਬਾਰੀ ਨਿਵੇਸ਼ਕ ਰੇਜ਼ੀਡੈਂਟ ਵੀਜ਼ਾ ਲਈ ਅਰਜ਼ੀ ਦੇਣ ਦੀ ਯੋਗਤਾ ਵੱਲ ਲੈ ਜਾਂਦੇ ਹਨ।
ਇਹ ਨਵਾਂ ਵੀਜ਼ਾ ਐਕਟਿਵ ਇਨਵੈਸਟਰ ਪਲੱਸ ਵੀਜ਼ਾ (ਜਿਸਨੂੰ ਅਪ੍ਰੈਲ 2025 ਵਿੱਚ ਨਵਿਆਇਆ ਗਿਆ ਸੀ ) ਦੀ ਪੂਰਕ ਸਕੀਮ ਹੈ ਅਤੇ ਨਿਊਜ਼ੀਲੈਂਡ ਦੀ ਕਾਰੋਬਾਰੀ ਇਮੀਗ੍ਰੇਸ਼ਨ ਨੀਤੀ ਵਿੱਚ ਵਿਸ਼ਾਲ ਬਦਲਾਅ ਦਾ ਹਿੱਸਾ ਹੈ, ਜਿਸਦਾ ਮਕਸਦ ਨਿਵੇਸ਼, ਟੈਲੰਟ ਅਤੇ ਅੰਤਰਰਾਸ਼ਟਰੀ ਸੰਬੰਧਾਂ ਨੂੰ ਆਕਰਸ਼ਿਤ ਕਰਨਾ ਹੈ।
ਅਰਜ਼ੀਕਾਰਾਂ ਲਈ ਲਾਜ਼ਮੀ ਸ਼ਰਤਾਂ:
-ਕੰਪਨੀ ਘੱਟੋ-ਘੱਟ 5 ਸਾਲ ਤੋਂ ਚੱਲ ਰਹੀ ਹੋਵੇ, ਵਿੱਤੀ ਪੱਧਰ ਤੇ ਪੂਰੀ ਉਤਰੀ ਹੋਵੇ, ਘੱਟੋ-ਘੱਟ 5 ਫੁੱਲ-ਟਾਈਮ ਕਰਮਚਾਰੀ ਹੋਣ, ਨਿਊਜ਼ੀਲੈਂਡ ਦੇ ਨਾਗਰਿਕ ਜਾਂ ਰਿਹਾਇਸ਼ੀ ਲਈ ਇੱਕ ਨਵੀਂ ਨੌਕਰੀ ਬਣਾਉਣੀ, 184 ਦਿਨ ਨਿਊਜ਼ੀਲੈਂਡ ਵਿੱਚ ਰਹਿਣਾ, ਸਿਹਤ ਅਤੇ ਚਰਿਤਰ ਦੀ ਜਾਂਚ ਪਾਸ ਕਰਨੀ, ਉਮਰ 55 ਸਾਲ ਤੋਂ ਘੱਟ ਹੋਣੀ, ਅੰਗਰੇਜ਼ੀ ਭਾਸ਼ਾ ਤੇ ਬਿਜ਼ਨਸ ਤਜਰਬੇ ਦੀ ਪੂਰੀ ਸਮਝ ਹੋਣੀ, ਪਰਿਵਾਰ ਦੀ ਸਹਾਇਤਾ ਲਈ 500,000 ਡਾਲਰ ਦੀ ਰਕਮ ਹੋਣੀ
ਕਿਹੜੀਆਂ ਕੰਪਨੀਆਂ ਨੂੰ ਵੀਜ਼ਾ ਨਹੀਂ ਮਿਲੇਗਾ?
-ਅਡਲਟ ਐਂਟਰਟੇਨਮੈਂਟ, ਛੋਟੇ ਰਿਟੇਲ ਸਟੋਰ, ਡਰਾਪ-ਸ਼ਿਪਿੰਗ, ਫਾਸਟ ਫੂਡ, ਫਰੈਂਚਾਈਜ਼, ਜੂਆ, ਘਰ-ਅਧਾਰਤ ਧੰਦੇ, ਇਮੀਗ੍ਰੇਸ਼ਨ ਸਲਾਹਕਾਰ, ਤਮਾਕੂ ਜਾਂ ਨਿਕੋਟੀਨ ਨਾਲ ਜੁੜੇ ਕਾਰੋਬਾਰ।
ਵੀਜ਼ਾ ਦੀ ਲਾਗਤ: ਵਰਕ ਵੀਜ਼ਾ: 12,380 ਡਾਲਰ ਅਤੇ ਫਿਰ ਪੱਕੀ ਰਿਹਾਇਸ਼ ਵੀਜ਼ਾ: 14,890 ਡਾਲਰ
ਸਰਕਾਰ ਦਾ ਮਕਸਦ: ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਨੇ ਕਿਹਾ ਕਿ ਇਹ ਨਵਾਂ ਵੀਜ਼ਾ ਨਿਊਜ਼ੀਲੈਂਡ ਦੀ ਆਰਥਿਕਤਾ ਨੂੰ ਮਜ਼ਬੂਤ ਕਰੇਗਾ, ਨੌਕਰੀਆਂ ਬਣਾਏਗਾ ਅਤੇ ਚੱਲ ਰਹੀਆਂ ਕੰਪਨੀਆਂ ਵਿੱਚ ਨਵੀਂ ਜ਼ਿੰਦਗੀ ਭਰੇਗਾ।
ਪੁਰਾਣਾ ਐਂਟਰਪ੍ਰਿਨਿਊਰ ਵੀਜ਼ਾ (ਉਦਮੀ ਸ਼੍ਰੇਣੀ) ਖਤਮ:
ਸਰਕਾਰ ਨੇ ਐਂਟਰਪ੍ਰਿਨਿਊਰ ਸ਼੍ਰੇਣੀ ਨੂੰ ਖਤਮ ਕਰ ਦਿੱਤਾ ਹੈ, ਕਿਉਂਕਿ ਇਸ ਵਿੱਚ ਅਰਜ਼ੀਆਂ ਘੱਟ ਆ ਰਹੀਆਂ ਸਨ, ਜ਼ਿਆਦਾਤਰ ਰੱਦ ਹੋ ਰਹੀਆਂ ਸਨ ਅਤੇ ਆਰਥਿਕ ਲਾਭ ਵੀ ਘੱਟ ਮਿਲ ਰਹੇ ਸਨ। ਉਦਮੀ ਵਰਕ ਵੀਜ਼ਾ ਲਈ ਨਵੀਆਂ ਅਰਜ਼ੀਆਂ ਹੁਣ ਨਹੀਂ ਲਈਆਂ ਜਾਣਗੀਆਂ। ਇਹ ਸ਼੍ਰੇਣੀ ਹੁਣ ਬੰਦ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਪਹਿਲਾਂ ਹੀ ਅਰਜ਼ੀ ਦਿੱਤੀ ਹੈ ਤਾਂ ਤੁਹਾਡੀ ਅਰਜ਼ੀ ਉਹਨਾਂ ਨਿਯਮਾਂ ਅਨੁਸਾਰ ਪ੍ਰਕਿਰਿਆ ਕੀਤੀ ਜਾਵੇਗੀ ਜੋ ਅਰਜ਼ੀ ਦੇ ਸਮੇਂ ਲਾਗੂ ਸਨ। ਜੇਕਰ ਤੁਸੀਂ ਆਪਣੀ ਅਰਜ਼ੀ ਵਾਪਸ ਲੈਂਦੇ ਹੋ, ਤਾਂ ਕੋਈ ਫੀਸ ਜਾਂ ਲੈਵੀ ਵਾਪਸ ਨਹੀਂ ਮਿਲੇਗੀ, ਭਾਵੇਂ ਕਾਰਨ ਜੋ ਵੀ ਹੋਵੇ। ਜੇਕਰ ਤੁਹਾਡੇ ਕੋਲ ਹੁਣ ਉਦਮੀ ਵਰਕ ਵੀਜ਼ਾ ਹੈ, ਤਾਂ ਤੁਸੀਂ ਉਦਮੀ ਰੇਜ਼ੀਡੈਂਟ ਵੀਜ਼ਾ ਲਈ ਅਜੇ ਵੀ ਅਰਜ਼ੀ ਦੇ ਸਕਦੇ ਹੋ, ਕਿਉਂਕਿ ਇਹ ਵੀਜ਼ਾ ਕੰਮ ਕਰਦਾ ਰਹੇਗਾ। ਜੇਕਰ ਤੁਹਾਨੂੰ ਰੇਜ਼ੀਡੈਂਸ ਦੀ ਯੋਗਤਾ ਪੂਰੀ ਕਰਨ ਲਈ ਹੋਰ ਸਮਾਂ ਚਾਹੀਦਾ ਹੈ, ਤਾਂ ਤੁਸੀਂ ਉਦਮੀ ਵਰਕ ਵੀਜ਼ਾ ਦੀ ਨਵੀਨੀਕਰਨ ਲਈ ਅਰਜ਼ੀ ਦੇ ਸਕਦੇ ਹੋ। ਜੇਕਰ ਤੁਸੀਂ ਕਾਰੋਬਾਰੀ ਨਿਵੇਸ਼ਕ ਵਰਕ ਵੀਜ਼ਾ ਲਈ ਅਰਜ਼ੀ ਦੇਣਾ ਚਾਹੁੰਦੇ ਹੋ। ਤੁਹਾਨੂੰ ਨਵੀਂ ਅਰਜ਼ੀ ਦੇਣੀ ਪਵੇਗੀ ਜਦੋਂ ਵੀਜ਼ਾ ਖੁਲ੍ਹੇਗਾ ਤੇ ਸਾਰੀਆਂ ਲਾਗੂ ਫੀਸਾਂ ਅਤੇ ਲੈਵੀਜ਼ ਭਰਨੀਆਂ ਪੈਣਗੀਆਂ।
ਅਗਲਾ ਕਦਮ:
ਸਰਕਾਰ ਹੁਣ ਐਸੇ ਸਟਾਰਟ-ਅੱਪ ਉੱਦਮੀਆ ਲਈ ਵੀਜ਼ਾ ਰਾਹ ਤਿਆਰ ਕਰ ਰਹੀ ਹੈ, ਜਿਨ੍ਹਾਂ ਕੋਲ ਨਵੇਂ, ਵਧਦੇ ਅਤੇ ਨਵੀਨਤਮ ਆਈਡੀਆ ਹੋਣਗੇ।