ਬਰਨਾਲਾ, 27 ਅਗਸਤ (ਬਘੇਲ ਸਿੰਘ ਧਾਲੀਵਾਲ) ਭਾਰੀ ਮੀਂਹ ਮਗਰੋਂ ਜ਼ਿਲ੍ਹੇ ਵਿੱਚ ਉਪਜੀ ਸਥਿਤੀ ਦੇ ਮੱਦੇਨਜ਼ਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਫੀਲਡ ਵਿੱਚ ਡਟੇ ਹੋਏ ਹਨ। ਇਸ ਤਹਿਤ ਜਿੱਥੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵਲੋਂ ਪਲ ਪਲ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ, ਉੱਥੇ ਉਨ੍ਹਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਬਰਨਾਲਾ ਤੋਂ ਇਲਾਵਾ ਅੱਜ ਨਿੰਮ ਵਾਲਾ ਮੌੜ ਸਮੇਤ ਹੋਰ ਥਾਵਾਂ ਦਾ ਦੌਰਾ ਕਰਕੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਫੀਲਡ ਵਿੱਚ ਡਟੇ ਹੋਏ ਹਨ ਅਤੇ ਮੌਕੇ ਦਾ ਦੌਰਾ ਕਰਕੇ ਮਸਲੇ ਹੱਲ ਕਰਨ ਲਈ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੌਹਲ ਵਲੋਂ ਬਰਨਾਲਾ, ਤਪਾ ਅਤੇ ਹੰਡਿਆਇਆ ਸਮੇਤ ਵੱਖ ਵੱਖ ਥਾਵਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਓਨ੍ਹਾਂ ਪੁਲ ਨੇੜੇ ਜਾਂ ਹੋਰ ਨੀਵੀਆਂ ਪਾਣੀ ਖੜ੍ਹਨ ਵਾਲੀਆਂ ਥਾਵਾਂ 'ਤੇ ਸਬੰਧਤ ਅਧਿਕਾਰੀਆਂ ਨੂੰ ਹੱਲ ਦੇ ਨਿਰਦੇਸ਼ ਦਿੱਤੇ ਅਤੇ ਤਪਾ ਵਿਖੇ ਪੁੱਲ ਹੇਠਾਂ ਪਾਣੀ ਦੀ ਨਿਕਾਸੀ ਕਰਵਾਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ ਵਲੋਂ ਲਸਾੜਾ ਡਰੇਨ ਪੁਲ, ਐਨ ਐਚ- 7 ਬਠਿੰਡਾ ਬਰਨਾਲਾ ਰੋਡ, ਪਿੰਡ ਘੁੰਨਸ, ਥਾਣਾ ਤਪਾ,
ਦਾ ਦੌਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ ਅਤੇ ਉਪ ਮੰਡਲ ਮੈਜਿਸਟਰੇਟ ਬਰਨਾਲਾ ਮੈਡਮ ਸੋਨਮ ਨੇ ਪਿੰਡਾਂ ਵਿੱਚ ਨੀਵੀਆਂ ਥਾਵਾਂ, ਸੜਕਾਂ ਅਤੇ ਹੋਰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਐੱਸ ਡੀ ਐਮ ਬਰਨਾਲਾ ਅਤੇ ਤਪਾ ਮੈਡਮ ਸੋਨਮ ਵਲੋਂ ਸੰਘੇੜਾ, ਧੌਲਾ ਗਰਿੱਡ, ਤਪਾ, ਪੱਖੋ - ਤਾਜੋਕੇ ਰੋਡ ਸਮੇਤ ਹੋਰ ਇਲਾਕਿਆਂ ਦਾ ਅੱਜ ਦੌਰਾ ਕੀਤਾ ਗਿਆ। ਐੱਸ ਡੀ ਐਮ ਮਹਿਲ ਕਲਾਂ ਜੁਗਰਾਜ ਸਿੰਘ ਕਾਹਲੋਂ ਵਲੋਂ ਕੁਰੜ - ਪੰਡੋਰੀ ਰੋਡ, ਹਮੀਦੀ ਪਿੰਡ ਸਮੇਤ ਹੋਰ ਥਾਵਾਂ 'ਤੇ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਯਤਨਸ਼ੀਲ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਜ਼ਿਲ੍ਹਾ ਵਾਸੀ 01679-233031 (ਬਰਨਾਲਾ), 01679-273201 (ਤਪਾ), 82641-93466 (ਮਹਿਲ ਕਲਾਂ) ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।