ਗੁਰਦਾਸਪੁਰ, 28 ਅਗਸਤ 2025 – ਰਾਵੀ ਦਰਿਆ ਦੇ ਬਾਉਪੂਰ ਜੱਟਾਂ ਨੇੜੇ ਧੁੱਸੀ ਬੰਨ ਟੁੱਟਣ ਕਾਰਨ ਗਾਹਲੜੀ, ਸੱਦਾ, ਸੇਖਾਂ, ਗੰਜੀ, ਮਗਰਮੁੱਦਿਆਂ ਆਦਿ ਪਿੰਡ ਹੜ੍ਹ ਦੀ ਚਪੇਟ ਵਿੱਚ ਆ ਗਏ ਹਨ। ਪਾਣੀ ਤੇਜ਼ੀ ਨਾਲ ਵਧਦਿਆਂ ਕਲਾਨੌਰ ਪਾਸੇ ਸੈਂਕੜਿਆਂ ਪਿੰਡਾਂ ਵਿੱਚ ਦਾਖਲ ਹੋਇਆ ਅਤੇ ਆਖਿਰਕਾਰ ਕਿਰਨ ਨਾਲੇ ਵਿੱਚ ਜਾ ਮਿਲਿਆ, ਜੋ ਅੱਗੇ ਜਾ ਕੇ ਮੁੜ ਰਾਵੀ ਦਰਿਆ ਨਾਲ ਜੁੜ ਜਾਂਦਾ ਹੈ।
ਜਾਣਕਾਰੀ ਅਨੁਸਾਰ, ਉੱਚੇ ਇਲਾਕਿਆਂ ਵਿੱਚ ਪਾਣੀ ਵੱਲੋਂ ਸਿਰਫ਼ ਖੇਤੀਬਾੜੀ ਨੂੰ ਨੁਕਸਾਨ ਹੋਇਆ ਹੈ, ਪਰ ਨੀਵੇਂ ਇਲਾਕਿਆਂ ਵਿੱਚ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕ ਆਪਣੇ ਘਰਾਂ ਦੇ ਚੁਬਾਰਿਆਂ ’ਤੇ ਚੜ੍ਹ ਕੇ ਸੁਰੱਖਿਆ ਲੱਭ ਰਹੇ ਹਨ, ਜਦਕਿ ਕਈਆਂ ਨੇ ਆਪਣਾ ਸਮਾਨ ਸਮੇਟ ਕੇ ਪਿੰਡ ਛੱਡਣੇ ਸ਼ੁਰੂ ਕਰ ਦਿੱਤੇ ਹਨ।
ਚੱਗੂਵਾਲ, ਸਿੰਘੋਵਾਲ, ਦਾਖਲਾ, ਬਲੱਗਣ ਸਮੇਤ ਲਗਭਗ 35 ਪਿੰਡ ਹੜ੍ਹ ਦੇ ਪਾਣੀ ਨਾਲ ਘਿਰ ਚੁੱਕੇ ਹਨ। ਬਹੁਤ ਸਾਰੇ ਪਰਿਵਾਰ ਆਪਣੀਆਂ ਝੋਂਪੜੀਆਂ ਤੇ ਮਕਾਨ ਛੱਡ ਕੇ ਉੱਚੇ ਇਲਾਕਿਆਂ ਵਿੱਚ ਜਾਣ ਲਈ ਮਜਬੂਰ ਹਨ।