ਗੁਰਦਾਸਪੁਰ, 28 ਅਗਸਤ 2025 – ਸਰਹੱਦੀ ਕਸਬੇ ਕਲਾਨੌਰ ਨਾਲ ਲੱਗਦੇ ਪਿੰਡ ਹੜ੍ਹ ਦੀ ਭਾਰੀ ਮਾਰ ਹੇਠ ਆਏ ਹੋਏ ਹਨ। ਪ੍ਰਸ਼ਾਸਨ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਹੜੀਆਂ ਲਗਾਤਾਰ ਰੈਸਕਿਊ ਆਪਰੇਸ਼ਨ ਕਰ ਰਹੀਆਂ ਹਨ।
ਇਨ੍ਹਾਂ ਵਿੱਚੋਂ ਇੱਕ ਆਪਰੇਸ਼ਨ ਦੌਰਾਨ ਪਿੰਡ ਕੋਟਲਾ ਮੁਗਲਾਂ ਵਿੱਚ ਪਾਣੀ ਨਾਲ ਘਿਰੇ ਸਾਬਕਾ ਸਰਪੰਚ ਰਣਜੋਧ ਸਿੰਘ ਨੂੰ ਅਚਾਨਕ ਇੱਕ ਜ਼ਹਿਰੀਲੇ ਸੱਪ ਨੇ ਡੱਸ ਲਿਆ। ਮੌਕੇ ਤੇ ਮੌਜੂਦ ਐਨ ਡੀ ਆਰ ਐਫ ਦੀ ਟੀਮ ਅਤੇ ਕਲਾਨੌਰ ਦੇ ਤਹਿਸੀਲਦਾਰ ਰਜਿੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਾਣੀ ਵਿੱਚੋਂ ਬਚਾ ਕੇ ਬਾਹਰ ਕੱਢਿਆ। ਗੰਭੀਰ ਹਾਲਤ ਵਿੱਚ ਰਣਜੋਧ ਸਿੰਘ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਨੇੜਿਓਂ ਲੰਘਦੀ ਡਰੇਨ ਦੀ ਸਫਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਠੀਕ ਤਰ੍ਹਾਂ ਨਹੀਂ ਹੋ ਰਹੀ। ਇਸ ਕਰਕੇ ਪਿੰਡ ਅਜੇ ਵੀ ਰਾਵੀ ਦੇ ਪਾਣੀ ਨਾਲ ਘਿਰਿਆ ਹੋਇਆ ਹੈ, ਜਦਕਿ ਕਈ ਹੋਰ ਇਲਾਕਿਆਂ ਵਿੱਚ ਹੜ੍ਹ ਦਾ ਪਾਣੀ ਹੌਲੀ-ਹੌਲੀ ਉਤਰਣਾ ਸ਼ੁਰੂ ਹੋ ਗਿਆ ਹੈ।