ਚੰਡੀਗੜ੍ਹ, 28 ਅਗਸਤ 2025 – ਮੌਸਮ ਵਿਭਾਗ ਨੇ ਪੰਜਾਬ ਦੇ ਕਪੂਰਥਲਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਅਨੁਸਾਰ ਇਨ੍ਹਾਂ ਇਲਾਕਿਆਂ ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਤੇਜ਼ ਹਵਾਵਾਂ ਵੱਗਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਵੀ 1 ਸਤੰਬਰ ਤੱਕ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਹਿਮਾਚਲ ਦੇ ਪੰਜ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਜੇਕਰ ਇਨ੍ਹਾਂ ਇਲਾਕਿਆਂ ਵਿੱਚ ਆਮ ਤੋਂ ਵੱਧ ਮੀਂਹ ਹੁੰਦਾ ਹੈ ਤਾਂ ਇਸਦਾ ਸਿੱਧਾ ਪ੍ਰਭਾਵ ਬਿਆਸ ਦਰਿਆ ਦੇ ਪਾਣੀ ਦੇ ਪੱਧਰ ’ਤੇ ਪੈ ਸਕਦਾ ਹੈ। ਪੰਜਾਬ ਵਿੱਚ ਇਸ ਸਮੇਂ 7 ਜ਼ਿਲ੍ਹੇ ਹੜ੍ਹਾਂ ਦੀ ਚਪੇਟ ਵਿੱਚ ਹਨ। ਦਰਿਆਵਾਂ ਦੇ ਵਧਦੇ ਪਾਣੀ ਕਾਰਨ ਪਿੰਡ ਲਗਾਤਾਰ ਪ੍ਰਭਾਵਿਤ ਹੋ ਰਹੇ ਹਨ। ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ ਜਿੱਥੇ ਬੁੱਧਵਾਰ ਤੱਕ 15 ਪਿੰਡ ਪ੍ਰਭਾਵਿਤ ਸਨ, ਹੁਣ ਇਹ ਗਿਣਤੀ ਵੱਧ ਕੇ 25 ਦੇ ਨੇੜੇ ਪਹੁੰਚ ਚੁੱਕੀ ਹੈ। ਰਾਵੀ ਦਰਿਆ ਵਿੱਚ ਪਾਣੀ ਦੇ ਪੱਧਰ ਵਿੱਚ ਥੋੜ੍ਹੀ ਰਾਹਤ ਦਰਜ ਕੀਤੀ ਗਈ ਹੈ, ਪਰ ਨਵੀਂ ਪੱਛਮੀ ਗੜਬੜੀ ਭਲਕੇ ਤੋਂ ਸੂਬੇ ਵਿੱਚ ਸਰਗਰਮ ਹੋਣ ਵਾਲੀ ਹੈ। ਇਸ ਕਾਰਨ ਮੌਸਮ ਵਿਭਾਗ ਨੇ ਸ਼ੁੱਕਰਵਾਰ ਤੋਂ ਪੰਜਾਬ ਲਈ ਮੁੜ ਯੈਲੋ ਅਲਰਟ ਜਾਰੀ ਕੀਤਾ ਹੈ। ਇਸਦਾ ਪ੍ਰਭਾਵ ਜ਼ਿਆਦਾਤਰ ਹਿਮਾਚਲ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਹੋਵੇਗਾ, ਜਦਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਆਮ ਮੀਂਹ ਪੈ ਸਕਦਾ ਹੈ।