ਬਰਨਾਲਾ -
ਐੱਸ.ਡੀ. ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਤੇ ਬੀ.ਵਾਕ. (ਜੇਐੱਮਟੀ) ਵਿਭਾਗ ਦੇ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਵਿਖੇ ਸਥਿਤ ‘ਦਿ ਟਿ੍ਰਬਿਊਨ ਗਰੁੱਪ’ ਦੀ ਪਿ੍ਰੰਟਿੰਗ ਪ੍ਰੈੱਸ ਅਤੇ ‘ਡੇਲੀ ਪੋਸਟ’ ਚੈਨਲ ਦਾ ਵਿੱਦਿਅਕ ਦੌਰਾ ਕੀਤਾ ਗਿਆ। ਇਸ ਵਿੱਦਿਅਕ ਦੌਰੇ ਵਿੱਚ ਸ਼ਾਮਿਲ 40 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਟਿ੍ਰਬਿਊਨ ਦੇ ਸਰਕੂਲੇਸ਼ਨ ਵਿਭਾਗ ਦੇ ਇੰਚਾਰਜ ਸ੍ਰੀ ਕਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਨਿਊਜ ਰੂਮ, ਸਟਾਫ਼ ਅਤੇ ਇਸਦੇ ਕੰਮ-ਕਾਰ ਬਾਰੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸ੍ਰੀ ਅਮਨ ਗੁਲਾਟੀ ਕੋਲੋਂ ਵਿਦਿਆਰਥੀਆਂ ਨੇ ਛਪਾਈ ਨਾਲ ਸੰਬਧਿਤ ਤਕਨੀਕੀ ਬਾਰੀਕੀਆਂ ਨੂੰ ਸਮਝਿਆ। ਡੇਲੀ ਪੋਸਟ ਚੈਨਲ ਦੇ ਸਟੂਡੀਓ ਵਿਖੇ ਮੈਨੇਜਿੰਗ ਐਡੀਟਰ ਮੈਡਮ ਨੀਤਿਕਾ ਮਹੇਸ਼ਵਰੀ ਨੇ ਟੀਵੀ ਸਟੂਡੀਓ ਵਿਚਲੇ ਇਨਪੁੱਟ ਡੈਸਕ, ਆਊਟਪੁੱਟ ਡੈਸਕ, ਐਮਸੀਆਰ, ਪੀਸੀਆਰ, ਸਟੂਡੀਓ, ਟੈਲੀਪਰੌਂਪਰਟਰ ਸਮੇਤ ਨਿਊਜ਼ ਰੂਮ ਦੇ ਸਟਾਫ਼ ਅਤੇ ਤਕਨੀਕੀ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡੇਲੀ ਪੋਸਟ ਦੇ ਸੀ.ਈ.ਓ ਜਗਦੀਪ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਉਹਨਾਂ ਨਾਲ ਕੰਮ ਕਰਨ ਦੀ ਤਜ਼ਵੀਜ ਰੱਖੀ। ਪੱਤਰਕਾਰੀ ਵਿਭਾਗ ਦੇ ਮੁਖੀ ਪੋ੍ਰ ਗੁਰਪ੍ਰਵੇਸ਼ ਸਿੰਘ ਦੀ ਅਗਵਾਈ ਵਿੱਚ ਗਏ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ‘ਪੰਜਾਬ ਯੂਨੀਵਰਸਿਟੀ’ ਦਾ ਦੌਰਾ ਵੀ ਕਰਵਾਇਆ ਗਿਆ। ਬੀ.ਵਾਕ. (ਜੇਐੱਮਟੀ) ਦੇ ਪ੍ਰੋ.ਅਮਨਦੀਪ ਕੌਰ ਨੇ ਕਿਹਾ ਕਿ ਥਿਓਰੀ ਦੀ ਪੜ੍ਹਾਈ ਦੇ ਨਾਲ-ਨਾਲ ਚੀਜ਼ਾਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਸਮਝਣਾ ਵੀ ਜ਼ਰੂਰੀ ਹੁੰਦਾ ਹੈ, ਇਸ ਲਈ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਲਈ ਨਵੇਂ ਤਜਰਬੇ ਹਾਸਿਲ ਕਰਨ ਦਾ ਚੰਗਾ ਜ਼ਰੀਆ ਹਨ। ਉਹਨਾਂ ਇਸ ਵਿੱਦਿਅਕ ਟੂਰ ਲਈ ਦੋਵੇਂ ਮੀਡੀਆ ਅਦਾਰਿਆਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਕਾਲਜ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਪਿ੍ਰੰ. ਡਾ. ਰਮਾ ਸ਼ਰਮਾ ਦਾ ਸ਼ੁਕਰੀਆ ਕੀਤਾ। ਇਸ ਮੌਕੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਪ੍ਰੋ. ਲਖਵੀਰ ਸਿੰਘ, ਪ੍ਰੋ. ਕੁਲਦੀਪ ਸਿੰਘ ਅਤੇ ਤਕਨੀਕੀ ਸਹਾਇਕ ਸ੍ਰੀ ਅੰਮ੍ਰਿਤਪਾਲ ਸਿੰਘ ਵੀ ਹਾਜ਼ਰ ਰਹੇ।