ਚੰਡੀਗੜ੍ਹ, 27 ਅਗਸਤ 2025 – ਪੰਜਾਬ ਸਰਕਾਰ ਨੇ ਲਾਇਸੈਂਸ ਘੁਟਾਲੇ ਦੇ ਮਾਮਲੇ ’ਚ ਸਸਪੈਂਡ ਕੀਤੇ ਗਏ ਸਾਬਕਾ ਚੀਫ਼ ਵਿਜੀਲੈਂਸ ਐਸਪੀਐਸ ਪਰਮਾਰ ਨੂੰ ਮੁੜ ਬਹਾਲ ਕਰ ਦਿੱਤਾ ਹੈ। ਪਰਮਾਰ ਨੂੰ 25 ਅਪ੍ਰੈਲ 2025 ਨੂੰ ਮੁਅੱਤਲ ਕੀਤਾ ਗਿਆ ਸੀ। ਉਨ੍ਹਾਂ ਦੇ ਨਾਲ ਵਿਜੀਲੈਂਸ ਬਿਊਰੋ ਦੇ ਐਸਐਸਪੀ ਸਵਰਨਜੀਤ ਸਿੰਘ ਅਤੇ ਏਆਈਜੀ ਹਰਪ੍ਰੀਤ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ ਸੀ।
ਪਰਮਾਰ ਨੇ 26 ਮਾਰਚ 2025 ਨੂੰ ਨਾਗੇਸ਼ਵਰ ਰਾਓ ਦੀ ਥਾਂ ਵਿਜੀਲੈਂਸ ਬਿਊਰੋ ਦੀ ਕਮਾਨ ਸੰਭਾਲੀ ਸੀ। ਇਹ ਪਹਿਲੀ ਵਾਰ ਸੀ ਕਿ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਅਤੇ ਏਡੀਜੀਪੀ ਦਰਜੇ ਦੇ ਅਧਿਕਾਰੀ ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕੀਤਾ ਸੀ।
ਵਿਜੀਲੈਂਸ ਦੀ ਕਮਾਨ ਤੋਂ ਪਹਿਲਾਂ ਪਰਮਾਰ ਏਡੀਜੀਪੀ (ਕਾਨੂੰਨ-ਵਿਵਸਥਾ) ਵਜੋਂ ਸੇਵਾ ਨਿਭਾ ਰਹੇ ਸਨ। ਹਾਲ ਹੀ ਵਿੱਚ ਉਹ ਪਟਿਆਲਾ ਵਿੱਚ ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ’ਤੇ ਪੁਲਿਸ ਕਰਮਚਾਰੀਆਂ ਦੁਆਰਾ ਕਥਿਤ ਹਮਲੇ ਦੀ ਜਾਂਚ ਲਈ ਬਣੀ ਐਸਆਈਟੀ ਦੀ ਅਗਵਾਈ ਵੀ ਕਰ ਰਹੇ ਸਨ।
ਐਸਪੀਐਸ ਪਰਮਾਰ ਨੇ ਕਰੀਅਰ ਦੀ ਸ਼ੁਰੂਆਤ ਰਾਜ ਪੁਲਿਸ ਸੇਵਾ ਤੋਂ ਕੀਤੀ ਸੀ। 2012 ਵਿੱਚ ਆਈਪੀਐਸ ਵਿੱਚ ਤਰੱਕੀ ਮਿਲੀ ਅਤੇ ਉਨ੍ਹਾਂ ਨੂੰ ਸੀਨਿਆਰਟੀ 1997 ਬੈਚ ਅਨੁਸਾਰ ਮੰਨੀ ਗਈ।