ਮੋਹਾਲੀ, 28 ਅਗਸਤ 2025 – ਅੱਜਕੱਲ੍ਹ ਔਨਲਾਈਨ ਬਾਈਕ ਜਾਂ ਕੈਬ ਬੁੱਕ ਕਰਨਾ ਆਸਾਨ ਤਾਂ ਹੈ ਪਰ ਕਈ ਵਾਰ ਇਹ ਸੁਵਿਧਾ ਖਤਰਨਾਕ ਸਾਬਤ ਹੋ ਸਕਦੀ ਹੈ। ਮੋਹਾਲੀ ਦੇ ਸੈਕਟਰ-67 ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਇਕ ਲੜਕੀ ਨਾਲ ਰਾਈਡ ਦੇ ਬਹਾਨੇ ਛੇੜਖਾਨੀ ਦੀ ਕੋਸ਼ਿਸ਼ ਕੀਤੀ ਗਈ।
ਜਾਣਕਾਰੀ ਅਨੁਸਾਰ, ਲੜਕੀ ਨੇ ਔਨਲਾਈਨ ਬਾਈਕ ਬੁੱਕ ਕੀਤੀ ਸੀ, ਪਰ ਡਰਾਈਵਰ ਬਾਈਕ ਦੀ ਬਜਾਏ ਕਾਰ ਲੈ ਕੇ ਆ ਗਿਆ। ਉਸਨੇ ਲੜਕੀ ਨੂੰ ਕਿਹਾ ਕਿ ਕਾਰ ਵਿੱਚ ਚੱਲੋ ਅਤੇ ਪੈਸੇ ਬਾਈਕ ਦੇ ਕਿਰਾਏ ਅਨੁਸਾਰ ਹੀ ਦੇ ਦਿਓ। ਲੜਕੀ ਰਾਜ਼ੀ ਹੋ ਗਈ ਅਤੇ ਕਾਰ ਵਿੱਚ ਬੈਠ ਗਈ।
ਡਰਾਈਵਰ ਕਾਰ ਨੂੰ ਗਲਤ ਰਸਤੇ ਸੁੰਨਸਾਨ ਇਲਾਕੇ ਵਿੱਚ ਲੈ ਗਿਆ ਅਤੇ ਲੜਕੀ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਵੱਲੋਂ ਸ਼ੋਰ ਮਚਾਉਣ ਤੇ ਵਿਰੋਧ ਕਰਨ ਕਾਰਨ ਉਸਨੂੰ ਮਾਮੂਲੀ ਸੱਟਾਂ ਵੀ ਆਈਆਂ। ਫੌਰੀ ਤੌਰ ‘ਤੇ ਲੜਕੀ ਨੇ ਪੁਲਿਸ ਕੰਟਰੋਲ ਰੂਮ ‘ਤੇ ਸੂਚਨਾ ਦਿੱਤੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਥਾਣਾ ਸੋਹਾਣਾ ਵਿਖੇ ਕੇਸ ਦਰਜ ਕਰਕੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਉਦੈਪੁਰ ਵਿੱਚ ਵੀ ਅਜਿਹਾ ਹੀ ਮਾਮਲਾ ਵਾਪਰ ਚੁੱਕਾ ਹੈ। ਉੱਥੇ ਇਕ ਵਿਅਕਤੀ ਨੂੰ ਰੈਪਿਡੋ ਰਾਈਡ ਦੇ ਬਹਾਨੇ ਲੁੱਟਿਆ ਗਿਆ ਸੀ। ਉਸ ਮਾਮਲੇ ਵਿੱਚ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।