Wednesday, July 09, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਪੁਰਾਤਨ ਵਿਰਸੇ ਦੀ ਦਿਲਚਸਪ ਕਹਾਣੀ ਹੈ ‘ਮੁਕੈਸ਼ ਵਾਲੀ ਚੁੰਨੀ’ -ਵਿਰਾਟ ਮਾਹਲ

January 09, 2022 11:35 PM

ਪੁਰਾਤਨ ਵਿਰਸੇ ਦੀ ਦਿਲਚਸਪ ਕਹਾਣੀ ਹੈ ‘ਮੁਕੈਸ਼ ਵਾਲੀ ਚੁੰਨੀ’ -ਵਿਰਾਟ ਮਾਹਲ
ਬਠਿੰਡਾ ਸ਼ਹਿਰ ਦਾ ਵਿਰਾਟ ਮਾਹਲ ਪੰਜਾਬੀ ਰੰਗਮੰਚ ਦਾ ਪੁਰਾਣਾ ਤੇ ਹੰਢਿਆ ਹੋਇਆ ਅਦਾਕਾਰ ਹੈ। ਥੀਏਟਰ ਤੋਂ ਇਲਾਵਾ ਉਸਨੇ ਪੰਜਾਬੀ ਫ਼ੀਚਰ ਫ਼ਿਲਮਾਂ, ਦੂਰਦਰਸ਼ਨ ਜਲੰਧਰ ਦੇ ਲੜੀਵਾਰਾਂ ਅਤੇ ਦਰਜ਼ਨਾਂ ਟੈਲੀਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਅਦਾਕਾਰੀ ਤੋਂ ਫ਼ਿਲਮ ਨਿਰਮਾਣ ਵੱਲ ਆਇਆ ਵਿਰਾਟ ਮਾਹਲ ਇੱਕ ਸੁਲਝਿਆ ਹੋਇਆ ਲੇਖਕ,ਨਿਰਦੇਸ਼ਕ ਤੇ ਅਦਾਕਾਰ ਹੈ ਜਿਸਨੇ ਪੇਂਡੂ ਧਰਾਤਲ ਨਾਲ ਜੁੜੀਆਂ ਵਿਰਾਸਤੀ ਮੋਹ ’ਚ ਗੂੰਦੀਆਂ ਫ਼ਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਹਨ। ‘ਅਮਰੋ, ਨਾਨਕ ਛੱਕ, ਰਾਣੀਹਾਰ, ਪਿੱਪਲ ਪੱਤੀਆਂ, ਮੁਕਲਾਵਾ, ਮੱੱਘਰ ਵਿਚੋਲਾ, ਬੰਜਰ ਜ਼ਮੀਨ, ਭੇਤ ਵਾਲੀ ਗੱਲ, ਤੰਦੂਰ’ ਆਦਿ ਫ਼ਿਲਮਾਂ ਕਰ ਚੁੱਕੇ ਵਿਰਾਟ ਮਾਹਲ ਇੰਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ‘ਮੁਕੈਸ਼ ਵਾਲੀ ਚੁੰਨੀ ’ਨਾਲ  ਚਰਚਾ ਵਿੱਚ ਹਨ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਪੇਂਡੂ ਵਿਰਾਸਤ ਨਾਲ ਜੁੜੀ ਚਾਲੀ ਸਾਲ ਪਹਿਲਾਂ ਦੇ ਪੰਜਾਬ ਦੀ ਕਹਾਣੀ ਹੈ ਜਦੋਂ ਪਿੰਡਾਂ ਵਿਚ ਮੁਕੈਸ਼ ਵਾਲੀਆਂ ਚੁੰਨੀਆਂ ਦਾ ਦੌਰ ਨਵਾਂ-ਨਵਾਂ ਆਇਆ ਸੀ ਤੇ  ਅਕਸਰ ਹੀ ਇਹ ਜਿਮੀਂਦਾਰ ਜਾਂ ਵੱਡੇ ਘਰਾਣਿਆਂ ਦੀਆਂ ਕੁੜੀਆਂ ਦੇ ਸਿਰਾਂ ਦਾ ਸ਼ਿੰਗਾਰ ਹੁੰਦੀਆਂ ਸੀ ਜਦਕਿ ਮੱਧ ਵਰਗੀ ਜਾਂ ਕਿਰਤੀ -ਕਾਮਿਆਂ ਦੀਆਂ ਕੁੜੀਆਂ ਲਈ ਇਹ ਇਕ ਸੁਪਨਾ ਹੀ ਸੀ। ਇਸ ਫ਼ਿਲਮ ਦੀ ਕਹਾਣੀ ਸਕਰੀਨ ਪਲੇਅ ਅਤੇ ਡਾਇਲਾਗ ਵਿਰਾਟ ਮਾਹਲ ਨੇ ਲਿਖਿਆ ਹੈ। ਫ਼ਿਲਮ ’ਚ ਵਿਰਾਟ ਮਾਹਲ, ਕੁਲਵਿੰਦਰ ਕੌਰ, ਹਰਪ੍ਰੀਤ ਮਾਨ, ਪ੍ਰੀਤ ਕੌਰ, ਹਰਦੀਪ ਬੱਬੂ, ਮਾਨ ਬਠਿੰਡੇ ਵਾਲਾ, ਸੁਖਦੀਪ ਦਿਉਣ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਡੀ ਓ ਪੀ ਜੱਸ ਗੋਰਾ ਹੈ। ਨਿਰਦੇਸ਼ਕ ਵਿਰਾਟ ਮਾਹਲ ਨੇ ਦੱਸਿਆ ਕਿ ਇਹ ਫਿਲਮ ਇਕ ਪੁਰਾਣੀ ਸੱਚੀ ਕਹਾਣੀ ਅਧਾਰਤ ਹੈ ਜਿਸ ਵਿੱਚ ਪੰਜਾਬੀ ਰੰਗਮੰਚ ਦੇ ਪਰਪੱਕ ਕਲਾਕਾਰਾਂ ਨੇ ਕੰਮ ਕੀਤਾ ਹੈ। ਲੋਹੜੀ ਦੇ ਦਿਨਾਂ ਤੇ ਰਿਲੀਜ਼ ਹੋ ਰਹੀ ਇਹ ਫ਼ਿਲਮ ਵੀ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ।      

      -ਸੁਰਜੀਤ ਜੱਸਲ

Have something to say? Post your comment