ਸਰਦੀਆਂ ਦਾ ਮੌਸਮ ਜਿੱਥੇ ਤਾਜ਼ਗੀ ਤੇ ਉਤਸ਼ਾਹ ਦਾ ਸੰਦੇਸ਼ ਲਿਆਉਂਦਾ ਹੈ ਉੱਥੇ ਹੀ ਇਹ ਦਿਲ ਨਾਲ ਜੁੜੀਆਂ ਬਿਮਾਰੀਆਂ ਲਈ ਇੱਕ ਗੰਭੀਰ ਚੁਣੌਤੀ ਵੀ ਬਣ ਜਾਂਦਾ ਹੈ। ਸੰਸਾਰ ਭਰ ਦੇ ਵਿਗਿਆਨਕ ਅਧਿਐਨਾਂ ਅਨੁਸਾਰ ਸਰਦ ਮੌਸਮ ਦੌਰਾਨ ਦਿਲ ਦੇ ਦੌਰਿਆਂ (Heart Attacks) ਦੇ ਕੇਸ ਗਰਮ ਮੌਸਮ ਦੇ ਮੁਕਾਬਲੇ ਕਾਫੀ ਵੱਧ ਜਾਂਦੇ ਹਨ।
ਸਰਦੀ ਅਤੇ ਦਿਲ ਦਾ ਵਿਗਿਆਨਕ ਸੰਬੰਧ
ਜਦੋਂ ਤਾਪਮਾਨ ਘੱਟਦਾ ਹੈ ਸਰੀਰ ਆਪਣੀ ਅੰਦਰੂਨੀ ਗਰਮੀ ਨੂੰ ਕਾਇਮ ਰੱਖਣ ਲਈ ਖੂਨ ਦੀ ਆਵਾਜਾਈ ਵਾਲੀਆਂ ਨਾੜੀਆਂ (Blood Vessels) ਨੂੰ ਸੁੰਗੋੜ ਲੈਂਦਾ ਹੈ। ਇਸ ਪ੍ਰਕਿਰਿਆ ਨੂੰ ਵੈਸੋਕੰਸਟਿਰਕਸ਼ਨ (Vasoconstriction) ਕਿਹਾ ਜਾਂਦਾ ਹੈ। ਇਸ ਨਾਲ ਨਾੜੀਆਂ ਦਾ ਵਿਆਸ ਘੱਟ ਹੋਣ ਕਰਕੇ ਰਕਤ ਦਬਾਅ (Blood Pressure) ਵੱਧ ਜਾਂਦਾ ਹੈ। ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਹੀ ਉੱਚ ਖੂਨ ਦਬਾਅ (ਹਾਈ ਬਲੱਡ ਪ੍ਰੈਸ਼ਰ) ਜਾਂ ਕੋਲੇਸਟਰੋਲ ਦੀ ਸਮੱਸਿਆ ਹੁੰਦੀ ਹੈ ਉਹਨਾਂ ਲਈ ਇਹ ਹਾਲਤ ਦਿਲ ‘ਤੇ ਵੱਧ ਤਣਾਅ ਪਾਂਦੀ ਹੈ।
ਠੰਢੇ ਮੌਸਮ ‘ਚ ਖੂਨ ਦਾ ਸੰਘਣਾਪਨ (Viscosity) ਵੀ ਵੱਧ ਜਾਂਦਾ ਹੈ ਜਿਸ ਨਾਲ ਖੂਨ ਗਾੜ੍ਹਾ ਹੋ ਕੇ ਆਕਸੀਜ਼ਨ ਦੀ ਪਹੁੰਚ ਘੱਟਾਉਂਦਾ ਹੈ। ਇਹ ਹਾਲਤ ਖੂਨ ਦੇ ਥੱਕੇ (Clots) ਬਣਾਉਣ ਦਾ ਖ਼ਤਰਾ ਵਧਾਉਂਦੀ ਹੈ ਜੋ ਦਿਲ ਦੀਆਂ ਧਮਨੀਆਂ ਨੂੰ ਬੰਦ ਕਰ ਸਕਦੇ ਹਨ ਤੇ ਨਤੀਜ਼ੇ ਵਜੋਂ ਦਿਲ ਦਾ ਦੌਰਾ (Myocardial Infarction) ਪੈ ਸਕਦਾ ਹੈ।
ਸਰਦੀਆਂ ਦੌਰਾਨ ਹਾਰਮੋਨਲ ਤੇ ਮੈਟਾਬੋਲਿਕ ਤਬਦੀਲੀਆਂ
ਠੰਢੇ ਮੌਸਮ ਵਿੱਚ ਸਰੀਰ ਵਿੱਚ ਐਡਰੇਨਲਿਨ ਤੇ ਨੋਰਐਡਰੇਨਲਿਨ ਵਰਗੇ ਹਾਰਮੋਨਜ਼ ਵੱਧ ਮਾਤਰਾ ਵਿੱਚ ਨਿਕਲਦੇ ਹਨ। ਇਹ ਹਾਰਮੋਨਜ਼ ਦਿਲ ਦੀ ਧੜਕਣ ਤੇ ਖੂਨ ਦੇ ਦਬਾਅ ਨੂੰ ਵੱਧਾਉਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਪਹਿਲਾਂ ਤੋਂ ਹੀ ਅਥੈਰੋਸਕਲੇਰੋਸਿਸ (Atherosclerosis) ਜਾਂ ਦਿਲ ਦੀ ਧਮਣੀਆਂ ਦੇ ਸੁੰਗੜਨ ਵਾਲੇ ਮਰੀਜ਼ਾਂ ਵਿੱਚ ਦਿਲ ਦੇ ਦੌਰੇ (ਹਾਰਟ ਅਟੈਕ )ਦਾ ਜ਼ੋਖਿਮ ਕਈ ਗੁਣਾ ਵੱਧ ਜਾਂਦਾ ਹੈ।
ਇਸ ਤੋਂ ਇਲਾਵਾ ਠੰਢੇ ਮੌਸਮ ਵਿੱਚ ਸਰੀਰ ਦੀ ਮੈਟਾਬੋਲਿਕ ਦਰ (Metabolic Rate) ਵੀ ਵੱਧ ਜਾਂਦੀ ਹੈ ਜਿਸ ਨਾਲ ਆਕਸੀਜ਼ਨ ਦੀ ਮੰਗ ਵੱਧਦੀ ਹੈ। ਜੇ ਦਿਲ ਦੀਆਂ ਧਮਨੀਆਂ ਪਹਿਲਾਂ ਹੀ ਸੁੰਗੜ ਗਈਆਂ ਹਨ ਤਾਂ ਇਹ ਵਾਧੂ ਮੰਗ ਪੂਰੀ ਨਹੀਂ ਹੋ ਸਕਦੀ ਅਤੇ ਨਤੀਜ਼ੇ ਵਜੋਂ ਦਿਲ ਦੀ ਮਾਸਪੇਸ਼ੀ ਨੂੰ ਆਕਸੀਜ਼ਨ ਦੀ ਘਾਟ ਹੋ ਜਾਂਦੀ ਹੈ।
ਦਿਲ ਦੇ ਦੌਰੇ ਵੱਧਣ ਦੇ ਹੋਰ ਕਾਰਕ
1. ਸਵੇਰੇ ਦੀ ਠੰਢ ਤੇ ਉੱਠਣ ਵੇਲੇ ਤਣਾਅ:
ਸਵੇਰੇ 4 ਤੋਂ 10 ਵਜੇ ਤੱਕ ਦਿਲ ਦੇ ਦੌਰਿਆਂ (ਹਾਰਟ ਅਟੈਕ) ਦੇ ਕੇਸ ਵੱਧ ਮਿਲਦੇ ਹਨ ਕਿਉਂਕਿ ਇਸ ਸਮੇਂ ਹਾਰਮੋਨਲ ਤਬਦੀਲੀਆਂ ਸਭ ਤੋਂ ਜ਼ਿਆਦਾ ਹੁੰਦੀਆਂ ਹਨ।
2. ਘੱਟ ਸਰਗਰਮ ਜੀਵਨ ਸ਼ੈਲੀ:
ਸਰਦੀਆਂ ਵਿੱਚ ਲੋਕ ਘੱਟ ਬਾਹਰ ਨਿਕਲਦੇ ਹਨ ਜਿਸ ਨਾਲ ਕਸਰਤ ਘੱਟ ਜਾਂਦੀ ਹੈ ਤੇ ਮੋਟਾਪਾ ਤੇ ਕੋਲੇਸਟਰੋਲ ਵੱਧਦੇ ਹਨ।
3. ਸਿਗਰਟਨੋਸ਼ੀ ਤੇ ਸ਼ਰਾਬ:
ਇਹ ਦੋਵੇਂ ਆਦਤਾਂ ਸਰਦੀਆਂ ਵਿੱਚ ਵੱਧ ਜਾਂਦੀਆਂ ਹਨ ਅਤੇ ਦਿਲ ਦੀਆਂ ਧਮਨੀਆਂ ਨੂੰ ਹੋਰ ਤੰਗ ਕਰਦੀਆਂ ਹਨ।
ਸਰਦੀਆਂ ਦੌਰਾਨ ਦਿਲ ਦੀ ਸੁਰੱਖਿਆ ਲਈ ਸਾਵਧਾਨੀਆਂ
1. ਗਰਮ ਕੱਪੜੇ :
ਸਰੀਰ ਦਾ ਤਾਪਮਾਨ ਕਾਇਮ ਰੱਖੋ ਤਾਂ ਜੋ ਲਹੂ ਵਾਲੀਆਂ ਨਾੜੀਆਂ ਦਾ ਸੁੱਗੜਨਾ ਘੱਟ ਹੋਵੇ।
2. ਸਵੇਰੇ ਦੀ ਕਸਰਤ ਤੋਂ ਪਹਿਲਾਂ ਤਿਆਰੀ:
ਠੰਢੇ ਮੌਸਮ ਵਿੱਚ ਕਸਰਤ ਕਰਨ ਤੋਂ ਪਹਿਲਾਂ ਹਲਕਾ ਵਾਰਮ-ਅੱਪ ਕਰੋ ਅਤੇ ਬਹੁਤ ਠੰਢ ਵਿੱਚ ਕਸਰਤ ਤੋਂ ਬਚੋ।
3. ਬਲੱਡ ਪ੍ਰੈਸ਼ਰ ਤੇ ਮਧੁਮੇਹ ਦੀ ਨਿਯਮਿਤ ਜਾਂਚ:
ਖਾਸ ਕਰਕੇ ਬਜ਼ੁਰਗਾਂ ਤੇ ਉੱਚ ਖੂਨ ਦਬਾਅ (ਹਾਈਪਰਟੈਂਸ਼ਨ) ਦੇ ਮਰੀਜ਼ਾਂ ਲਈ ਇਹ ਲਾਜ਼ਮੀ ਹੈ।
4. ਸੰਤੁਲਿਤ ਖੁਰਾਕ:
ਘੱਟ ਚਰਬੀ ਵਾਲੇ ਖਾਣੇ, ਤਾਜ਼ੇ ਫਲ, ਸਬਜ਼ੀਆਂ ਅਤੇ ਓਮੇਗਾ-3 ਫੈਟੀ ਐਸਿਡ ਵਾਲੇ ਭੋਜਨ ਖਾਓ।
5. ਸਿਗਰਟਨੋਸ਼ੀ ਤੇ ਸ਼ਰਾਬ ਤੋਂ ਬਚੋ:
ਇਹ ਦੋਵੇਂ ਪਦਾਰਥ ਠੰਢੇ ਮੌਸਮ ਵਿੱਚ ਦਿਲ ਲਈ ਖਾਸ ਤੌਰ ‘ਤੇ ਹਾਨੀਕਾਰਕ ਹਨ।
6. ਦਿਲ ਦੀ ਦਵਾਈਆਂ ਨਿਯਮਿਤ ਲਵੋ:
ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਦਿਲ ਦੀ ਸਮੱਸਿਆ ਹੈ ਉਹਨਾਂ ਨੂੰ ਆਪਣੀ ਦਵਾਈ ਲਗਾਤਾਰ ਲੈਂਦੇ ਰਹਿਣਾ ਚਾਹੀਦਾ ਹੈ।
ਸਮਾਜਕ ਜਾਗਰੂਕਤਾ ਦੀ ਲੋੜ
ਸਰਦੀਆਂ ਵਿੱਚ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਲੋੜ ਹੈ। ਸਿਹਤ ਕੇਂਦਰਾਂ, ਸਕੂਲਾਂ ਤੇ ਕਾਲਜਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨਾਲ ਸਬੰਧਤ ਕੈਂਪ ਆਯੋਜਿਤ ਕੀਤੇ ਜਾਣ ਚਾਹੀਦੇ ਹਨ। ਮੈਡੀਕਲ ਵਿਭਾਗਾਂ ਨੂੰ ਵੀ ਠੰਢੇ ਮੌਸਮ ਲਈ ਖ਼ਾਸ ਐਮਰਜੈਂਸੀ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ।
ਠੰਢਾ ਮੌਸਮ ਦਿਲ ਲਈ ਇਕ ਸਖ਼ਤ ਪ੍ਰੀਖਿਆ ਹੁੰਦਾ ਹੈ। ਤਾਪਮਾਨ ਵਿੱਚ ਕਮੀ ਸਰੀਰ ਦੇ ਰਕਤ ਪ੍ਰਵਾਹ, ਹਾਰਮੋਨਲ ਸੰਤੁਲਨ ਤੇ ਦਿਲ ਦੀ ਕਾਰਗੁਜ਼ਾਰੀ ‘ਤੇ ਸਿੱਧਾ ਪ੍ਰਭਾਵ ਪਾਂਦੀ ਹੈ। ਪਰ ਸਹੀ ਜੀਵਨ ਸ਼ੈਲੀ, ਖੁਰਾਕ, ਨਿਯਮਿਤ ਚੈਕਅੱਪ ਤੇ ਸਾਵਧਾਨੀਆਂ ਨਾਲ ਸਰਦੀ ਦੇ ਦੌਰਾਨ ਦਿਲ ਨੂੰ ਸੁਰੱਖਿਅਤ ਰੱਖਣਾ ਸੰਭਵ ਹੈ। ਵਿਗਿਆਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਰਦੀ ਦਾ ਸਮਾਂ ਸਿਰਫ਼ ਠੰਢ ਦਾ ਨਹੀਂ ਸਾਵਧਾਨੀ ਦਾ ਵੀ ਸਮਾਂ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।