"ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ।।
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥”
ਪੰਜਾਬ ਦੀ ਧਰਤੀ ਮੁੱਢ ਤੋਂ ਹੀ ਸੰਤਾਂ, ਦਰਵੇਸ਼ਾਂ ਅਤੇ ਮਹਾਂਪੁਰਖਾਂ ਦੀ ਧਰਤੀ ਰਹੀ ਹੈ। ਇਨ੍ਹਾਂ ਮਹਾਂਪੁਰਖਾਂ ਵਿੱਚੋਂ ਬਾਬਾ ਸ਼ੇਖ ਫਰੀਦੁੱਦੀਂ ਗੰਜੇ ਸ਼ਕਰ ਜੀ ਦਾ ਨਾਮ ਬਹੁਤ ਅਦਬ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਸਿਰਫ਼ ਇਕ ਧਾਰਮਿਕ ਸੰਤ ਹੀ ਨਹੀਂ ਸਗੋਂ ਪੰਜਾਬੀ ਸਾਹਿਤ ਦੇ ਆਦਿ ਕਵੀਆਂ ਵਿੱਚੋਂ ਵੀ ਇਕ ਮੰਨੇ ਜਾਂਦੇ ਹਨ। ਉਨ੍ਹਾਂ ਦੀ ਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜਿਸ ਕਾਰਨ ਉਹ ਸਿੱਖ ਧਰਮ ਵਿੱਚ ਵੀ ਬਹੁਤ ਉੱਚਾ ਸਥਾਨ ਰੱਖਦੇ ਹਨ।
ਜਨਮ ਤੇ ਬਚਪਨ
ਬਾਬਾ ਫ਼ਰੀਦ ਜੀ ਦਾ ਜਨਮ 1173 ਈਸਵੀ ਵਿੱਚ ਮੌਜੂਦਾ ਪੰਜਾਬ ਦੇ ਮੁਲਤਾਨ ਨੇੜੇ ਕੋਠੇਵਾਲ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ਼ੈਖ ਜਮਾਲੁੱਦੀਂ ਸੀ ਅਤੇ ਮਾਤਾ ਦਾ ਨਾਮ ਮਰੀਅਮ ਬੀਬੀ ਸੀ। ਬਚਪਨ ਤੋਂ ਹੀ ਉਨ੍ਹਾਂ ਵਿੱਚ ਧਾਰਮਿਕ ਰੁਝਾਨ ਸੀ। ਮਾਤਾ ਉਨ੍ਹਾਂ ਨੂੰ ਨਮਾਜ਼ ਤੇ ਰੋਜ਼ੇ ਵੱਲ ਪ੍ਰੇਰਿਤ ਕਰਦੀ ਸੀ।
ਇੱਕ ਪ੍ਰਸਿੱਧ ਕਹਾਣੀ ਹੈ ਕਿ ਬਚਪਨ ਵਿੱਚ ਮਾਤਾ ਉਨ੍ਹਾਂ ਨੂੰ ਰੋਜ਼ੇ ਰੱਖਣ ਲਈ ਮਿੱਠੇ ਦੀਆਂ ਗੋਲੀਆਂ ਤਕੀਆ ਹੇਠ ਰੱਖਣ ਦਾ ਵਾਅਦਾ ਕਰਦੀ ਸੀ। ਜਦੋਂ ਬਾਬਾ ਜੀ ਨਮਾਜ਼ ਤੇ ਰੋਜ਼ਾ ਰੱਖਦੇ, ਮਾਤਾ ਮਿੱਠਾ ਤਕੀਆ ਹੇਠ ਰੱਖ ਦਿੰਦੀ। ਇਸ ਤਰ੍ਹਾਂ ਉਹ "ਗੰਜੇ ਸ਼ਕਰ" (ਮਿੱਠਿਆਂ ਦਾ ਖਜ਼ਾਨਾ) ਦੇ ਨਾਂ ਨਾਲ ਪ੍ਰਸਿੱਧ ਹੋਏ ਸਨ।
ਸਿੱਖਿਆ ਅਤੇ ਸੂਫ਼ੀ ਪ੍ਰਭਾਵ
‘‘ਫਰੀਦਾ ਜੋ ਤੈ ਮਾਰਨਿ ਮੁਕੀਆਂ,
ਤਿਨ੍ਰਾ ਨਾ ਮਾਰੇ ਘੁੰਮਿ
ਆਪਨੜੈ ਘਰਿ ਜਾਈਐ ਪੈਰ ਤਿਨ੍ਰਾ ਦੇ ਚੁੰਮਿ॥”
ਬਾਬਾ ਫ਼ਰੀਦ ਜੀ ਨੇ ਆਪਣੀ ਮੁੱਢਲੀ ਸਿੱਖਿਆ ਮੁਲਤਾਨ ਵਿੱਚ ਪ੍ਰਾਪਤ ਕੀਤੀ। ਉਨ੍ਹਾਂ ਨੇ ਅਰਬੀ, ਫ਼ਾਰਸੀ ਅਤੇ ਇਸਲਾਮੀ ਭਾਸ਼ਾ ਅਤੇ ਬਾਣੀਆਂ ਦਾ ਡੂੰਘਾ ਅਧਿਐਨ ਕੀਤਾ। ਬਾਅਦ ਵਿੱਚ ਉਹ ਸੁਫ਼ੀ ਸੰਤ ਕ਼ੁਤਬੁੱਦੀਂ ਬਖ਼ਤਿਆਰ ਕਾਕੀ ਦੇ ਚੇਲੇ ਬਣੇ। ਸੂਫ਼ੀ ਸਿੱਖਿਆ ਦਾ ਕੇਂਦਰ ਪ੍ਰੇਮ, ਇਨਸਾਨੀਅਤ, ਨਿਮਰਤਾ ਅਤੇ ਸਬਰ ਸੀ, ਜੋ ਬਾਬਾ ਫਰੀਦ ਜੀ ਦੀ ਜ਼ਿੰਦਗੀ ਅਤੇ ਬਾਣੀ ਵਿੱਚ ਸਾਫ਼ ਦਿੱਸਦਾ ਹੈ।
‘‘ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ।
ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ॥’’
ਬਾਬਾ ਫ਼ਰੀਦ ਜੀ ਨੇ ਅਪਣੀ ਬਾਣੀ ਵਿਚ ਹਮੇਸ਼ਾ ਨਿਮਰਤਾ ਨਾਲ ਰਹਿਣ ਦਾ ਢੰਗ ਦਸਿਆ ਹੈ ਅਤੇ ਉਹਨਾਂ ਬਹੁਤ ਵਿਸਤਾਰ ਨਾਲ ਲੋਕਾਈ ਨੂੰ ਸੇਧ ਦਿੱਤੀ ਹੈ ਕਿ ਰੱਬ ਨੂੰ ਪ੍ਰਾਪਤ ਕਰਨ ਲਈ ਕੋਈ ਹੁਸ਼ਿਆਰੀ, ਝੂਠ ਫਰੇਬ ਨਹੀਂ ਚਲਦਾ ਇਥੇ ਤਾਂ ਅਪਣੀ ਸ਼ਾਨ, ਝੂਠੀ ਹਉਮੇ ,ਆਕੜ ਅਤੇ ਮੈਂ ਮੇਰੀ ਨੂੰ ਮਿੱਟੀ ਵਿਚ ਮਿਲਾਉਣਾ ਪੈਂਦਾ ਹੈ।
ਬਾਬਾ ਫ਼ਰੀਦ ਦੀ ਬਾਣੀ
ਬਾਬਾ ਫ਼ਰੀਦ ਜੀ ਦੀ ਬਾਣੀ ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪੁਰਾਣੀ ਲਿਖਤੀ ਰਚਨਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਦੀ ਬਾਣੀ ਵਿੱਚ ਮਨੁੱਖੀ ਜੀਵਨ ਦੇ ਦੁੱਖ, ਸੰਸਾਰ ਦੀ ਅਸਥਿਰਤਾ ਅਤੇ ਰੱਬ ਨਾਲ ਮਿਲਾਪ ਦੀ ਲਗਨ ਪ੍ਰਗਟ ਹੁੰਦੀ ਹੈ। ਉਨ੍ਹਾਂ ਦੀਆਂ ਸ਼ਬਦਾਵਲੀਆਂ ਸਧਾਰਨ ਜਨਤਾ ਲਈ ਆਸਾਨ ਅਤੇ ਪ੍ਰਭਾਵਸ਼ਾਲੀ ਹਨ।
ਉਨ੍ਹਾਂ ਦੁਆਰਾ ਰਚਿਤ ੧੧੨ ਸਲੋਕ ਅਤੇ ੪ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ।
‘ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ॥
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ॥’’
ਇਹ ਸਲੋਕ ਸੱਚਾਈ, ਨਿਮਰਤਾ ਅਤੇ ਰੱਬ ਨਾਲ ਇਕ ਰੂਪ ਹੋਣ ਦੀ ਪ੍ਰੇਰਣਾ ਦਿੰਦੇ ਹਨ। ਬਾਬਾ ਫ਼ਰੀਦ ਜੀ ਆਪਣੇ ਦੁਆਰਾ ਰਚਿਤ ਸਲੋਕਾਂ ਰਾਹੀਂ ਲੋਕਾਂ ਨੂੰ ਸਮਝਾਉਂਦੇ ਹਨ ਕਿ ਪ੍ਰਭੂ ਪ੍ਰਮਾਤਮਾ ਦੀ ਭਗਤੀ ਸਭ ਦੁਨਿਆਵੀ ਰਸਾਂ ਤੋਂ ਉਪਰਲੇ ਰਸਾਂ ਵਿਚੋਂ ਇੱਕ ਹੈ ਅਤੇ ਇਹ ਸ਼ਹਿਦ, ਸ਼ੱਕਰ, ਖੰਡ ਨਾਲੋਂ ਬਹੁਤ ਜ਼ਿਆਦਾ ਮਿੱਠੀ ਹੁੰਦੀ ਹੈ।
ਉਪਦੇਸ਼
ਬਾਬਾ ਫ਼ਰੀਦ ਜੀ ਨੇ ਆਪਣੇ ਜੀਵਨ ਭਰ ਮਨੁੱਖਤਾ, ਪਿਆਰ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ। ਉਹ ਕਹਿੰਦੇ ਸਨ ਕਿ ਜ਼ਿੰਦਗੀ ਅਸਥਿਰ ਹੈ, ਇਸ ਲਈ ਇਨਸਾਨ ਨੂੰ ਅਹੰਕਾਰ, ਲਾਲਚ ਅਤੇ ਵੈਰ-ਵਿਰੋਧ ਤੋਂ ਬਚ ਕੇ ਨਿਮਰਤਾ ਨਾਲ ਜੀਉਣਾ ਚਾਹੀਦਾ ਹੈ।
ਉਨ੍ਹਾਂ ਦੀ ਬਾਣੀ ਹਮੇਸ਼ਾ ਹੀ ਮਨੁੱਖ ਨੂੰ ਕਰਮ-ਕਾਂਡਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੀ ਹੈ। ਉਹ ਭਗਤਾਂ ਨੂੰ ਉਪਦੇਸ਼ ਕਰਦਿਆਂ ਕਹਿੰਦੇ ਸਨ ਕਿ ਪ੍ਰਮਾਤਮਾ ਨੂੰ ਭਾਲਣ ਲਈ ਘਰ ਬਾਰ ਛੱਡ ਕੇ ਜੰਗਲਾਂ, ਪਹਾੜਾਂ, ਉਜਾੜਾਂ ਵਿਚ ਭਟਕਣ ਦੀ ਲੋੜ ਨਹੀਂ ਬਲਕਿ ਪ੍ਰਮਾਤਮਾ ਤਾਂ ਤੁਹਾਡੇ ਹਿਰਦੇ ’ਚ ਵੱਸਦਾ ਹੈ, ਬਸ ਲੋੜ ਹੈ ਉਸ ਨੂੰ ਸਾਧਣ ਦੀ।
‘‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ
ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥”
ਬਾਬਾ ਫ਼ਰੀਦ ਦੀ ਧਰਤੀ
ਬਾਬਾ ਫ਼ਰੀਦ ਜੀ ਨੇ ਆਪਣੀ ਧਾਰਮਿਕ ਕੇਂਦਰੀ ਜਗ੍ਹਾ ਪਾਕ ਪਟਨ (ਮੌਜੂਦਾ ਪਾਕਿਸਤਾਨ) ਵਿੱਚ ਬਣਾਈ। ਇਹ ਧਰਤੀ ਅੱਜ ਵੀ "ਦਰਗਾਹ ਬਾਬਾ ਫਰੀਦ" ਦੇ ਨਾਮ ਨਾਲ ਜਾਣੀ ਜਾਂਦੀ ਹੈ, ਜਿੱਥੇ ਹਰ ਧਰਮ ਅਤੇ ਮਤ ਦੇ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਜਾਂਦੇ ਹਨ।
ਮੌਤ ਅਤੇ ਵਿਰਾਸਤ
ਬਾਬਾ ਫ਼ਰੀਦ ਜੀ ਦਾ ਦੇਹਾਂਤ 1266 ਈਸਵੀ ਵਿੱਚ ਹੋਇਆ। ਬਾਬਾ ਫ਼ਰੀਦ ਜੀ ਦੇ ਪੰਜ ਪੁੱਤਰ ਤੇ ਤਿੰਨ ਪੁੱਤਰੀਆਂ ਸਨ। ਵੱਡੇ ਪੁੱਤਰ ਦਾ ਨਾਮ ਬਦਰੁੱਦੀਨ ਸੁਲੇਮਾਨ ਸੀ ਜੋ ਆਪ ਜੀ ਤੋਂ ਬਾਅਦ ਗੱਦੀ ’ਤੇ ਵਿਰਾਜਮਾਨ ਹੋਇਆ। ਉਨ੍ਹਾਂ ਦੇ ਚੇਲਿਆਂ ਅਤੇ ਅਨੁਯਾਇਆਂ ਨੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਅੱਗੇ ਵਧਾਇਆ। ਬਾਬਾ ਫਰੀਦ ਜੀ ਦੀ ਵਿਰਾਸਤ ਸਿਰਫ਼ ਸੂਫ਼ੀ ਧਰਮ ਤੱਕ ਸੀਮਿਤ ਨਹੀਂ ਰਹੀ, ਸਗੋਂ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਨੂੰ ਵੀ ਉਹਨਾਂ ਤੋਂ ਪ੍ਰੇਰਨਾ ਮਿਲੀ।
ਬਾਬਾ ਫ਼ਰੀਦ ਜੀ ਪੰਜਾਬ ਦੀ ਰੂਹਾਨੀ ਤੇ ਸਾਹਿਤਕ ਧਰੋਹਰ ਦੇ ਆਦਿ ਸੰਤ ਹਨ। ਉਨ੍ਹਾਂ ਦਾ ਸੁਨੇਹਾ ਸਦੀਆਂ ਪੁਰਾਣਾ ਹੋਣ ਦੇ ਬਾਵਜੂਦ ਅੱਜ ਵੀ ਇਨਸਾਨੀ ਜ਼ਿੰਦਗੀ ਲਈ ਪ੍ਰਸੰਗਿਕ ਅਤੇ ਪ੍ਰੇਰਣਾਦਾਇਕ ਹੈ। ਉਹ ਸਾਨੂੰ ਸਿਖਾਉਂਦੇ ਹਨ ਕਿ ਰੱਬ ਦਾ ਦਰਸ ਪਿਆਰ, ਨਿਮਰਤਾ ਅਤੇ ਸੇਵਾ ਦੇ ਰਾਹੀਂ ਹੀ ਮਿਲਦਾ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।