Thursday, July 03, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਲੇਖ-ਸਾਲਾ ਸਾਲੀ ਦਾ ਰਿਸ਼ਤਾ ਗਾਲਾਂ ਦੀ ਵਰਤੋਂ ਲਈ ਨਹੀਂ।

January 08, 2022 12:24 AM

ਲੇਖ-ਸਾਲਾ ਸਾਲੀ ਦਾ ਰਿਸ਼ਤਾ ਗਾਲਾਂ ਦੀ ਵਰਤੋਂ ਲਈ ਨਹੀਂ।

ਮਨੁੱਖੀ ਜੀਵਨ ਵਿੱਚ ਰਿਸ਼ਤਿਆਂ ਦਾ ਮਹੱਤਵ ਸਭ ਤੋਂ ਅਹਿਮ ਹੁੰਦਾ ਹੈ। ਹਰ ਰਿਸ਼ਤੇ ਦੀ ਆਪਣੀ ਮਰਿਆਦਾ ਤੇ ਆਪਣੀ ਵਿਸ਼ੇਸ਼ਤਾ ਹੁੰਦੀ ਹੈ। ਭਾਰਤੀ ਜੀਵਨ ਦੀ ਗੱਲ ਕਰੀਏ ਤਾਂ ਖੁੱਲ੍ਹਾ ਖਾਣ- ਪੀਣ ਦੇ ਸ਼ੌਕੀਨ ਜਿਆਦਾਤਰ ਬੋਲਣ ਨੂੰ ਵੀ ਖੁੱਲ੍ਹੇ ਹੁੰਦੇ ਹਨ। ਸਾਡੇ  ਸਭਿਆਚਾਰ ਅਤੇ ਸੰਸਕ੍ਰਿਤੀ ਵਿੱਚ ਹਰ ਚੀਜ ਨੂੰ ਅਹਿਮੀਅਤ ਦਿੱਤੀ ਗਈ ਹੈ ਭਾਵੇਂ ਉਹ ਰਹਿਣ ਸਹਿਣ, ਦਿਲ ਪਰਚਾਵੇ ਦੇ ਸਾਧਨ ਹੋਣ ਜਾਂ ਫਿਰ ਬੋਲੀ ਹੋਵੇ। ਹਰ ਇੱਕ ਦੀ ਆਪਣੀ ਅਲੱਗ ਵਿਸ਼ੇਸ਼ਤਾ ਹੈ।
ਪਰ ਅੱਜ ਜੇ ਗੱਲ ਕਰੀਏ ਰਿਸ਼ਤੇ ਸਾਲੇ ਤੇ ਸਾਲੀ ਦੀ ਭਾਵ ਕਿਸੇ ਵਿਅਕਤੀ ਦੀ ਪਤਨੀ ਦੀ ਭੈਣ ਜਾਂ ਭਰਾ ਦੀ। ਜਿੰਨ੍ਹਾਂ ਦਾ ਰਿਸ਼ਤੇ ਰੂਪ ਤੋਂ ਵੱਧ ਜਿਕਰ ਗਾਲਾਂ ਵਿੱਚ ਕੀਤਾ ਜਾਂਦਾ ਹੈ। ਛੋਟੇ, ਵੱਡੇ ,ਮੁੰਡੇ,ਕੁੜੀਆਂ ਸਭ ਵੱਲੋਂ ਗੱਲ ਗੱਲ 'ਚ ਸਾਲਾ-ਸਾਲੀ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜੋ ਕਿ ਪੰਜਾਬ ਦੀ ਮਿੱਠੀ ਬੋਲੀ ਪੰਜਾਬੀ ਸਹਿਤ ਦੂਜੀਆਂ ਬੋਲੀਆਂ ਉੱਤੇ ਵੀ ਇੱਕ ਦਾਗ ਦਾ ਕੰਮ ਕਰਦਾ ਹੈ। ਸਾਡੇ ਲੋਕਾਂ ਦੀ ਮਾਨਸਿਕਤਾ ਇਸ ਕਦਰ ਡਿੱਗ ਗਈ ਹੈ ਕਿ ਅਣਖ ਆਬਰੂ ਦੀ ਖਾਤਰ ਕਤਲ ਕਰ ਦੇਣ ਵਾਲੇ, ਦੂਜੇ ਦੀਆਂ ਮਾਂਵਾਂ-ਭੈਣਾਂ ਨੂੰ ਸਭ ਦੀਆਂ ਸਾਂਝੀਆਂ ਮੰਨਣ ਵਾਲੇ ਹੀ ਸਭ ਤੋਂ ਵੱਧ ਅਗਲੇ ਦੇ ਸਾਹਮਣੇ ਵੀ ਬੜੀ ਸ਼ਾਨ ਨਾਲ ਗਾਲਾਂ ਕੱਢਦੇ ਹਨ। ਦੋਸਤੀ ਵਿੱਚ ਬੜੀ ਅਸਾਨੀ ਨਾਲ ਗਾਲਾਂ ਸੁਣ ਲੈਣ ਅਤੇ ਦੂਜੇ ਨੂੰ ਗਾਲ ਕੱਢਣ ਤੋਂ ਨਾ ਰੋਕਣ ਵਾਲੇ ਵੀ ਅਜਿਹੀਆਂ ਚੀਜ਼ਾਂ ਚਲਦੇ ਰਹਿਣ ਦੇ ਅਤੇ ਇਹਨਾਂ ਗਾਲਾਂ ਨੂੰ ਭਾਸ਼ਾਵਾਂ ਦਾ ਹਿੱਸਾ ਬਣਾਉਣ ਦੇ ਜਿੰਮੇਵਾਰ ਹਨ। ਅੱਜ ਦੇ ਗੀਤ ਅਤੇ ਫਿਲਮ ਇੰਡਸਟਰੀ ਵੀ ਗਾਲੀ-ਗਲੋਚ ਖ਼ਾਸ ਕਰ ਸਾਲਾ-ਸਾਲੀ ਸ਼ਬਦਾਂ ਦੀ ਦੁਰਵਰਤੋਂ ਲਈ ਵੱਡੇ ਪੱਧਰ 'ਤੇ ਆਪਣਾ ਯੋਗਦਾਨ ਦੇ ਰਹੀ ਹੈ।
ਕੁਦਰਤੀ ਗੱਲ ਹੈ ਜਿਆਦਾਤਰ ਹਰ ਗਾਲ ਬਣੀ ਵੀ ਔਰਤ 'ਤੇ ਹੀ ਹੈ। ਸਾਲਾ- ਸਾਲੀ ਦਾ ਰਿਸ਼ਤਾ ਇੱਕ ਅਹਿਮ ਰਿਸ਼ਤਾ ਹੈ। ਇਹ ਉਹ ਲੋਕ ਹੁੰਦੇ ਹਨ ਜਿੰਨ੍ਹਾਂ ਨੇ ਆਪਣੀ ਫੁੱਲਾਂ ਵਰਗੀ ਭੈਣ ਬੜੇ ਚਾਵਾਂ ਨਾਲ ਕਿਸੇ ਦੇ ਨਾਮ ਕੀਤੀ ਹੁੰਦੀ ਹੈ। ਗਾਲਾਂ ਕੱਢਣ ਵਾਲੇ ਖ਼ੁਦ ਵੀ ਕਿਸੇ ਨਾ ਕਿਸੇ ਦੇ ਸਾਲਾ-ਸਾਲੀ ਹੁੰਦੇ ਹਨ। ਸਾਲਾ- ਸਾਲੀ ਰਿਸ਼ਤੇ ਨੂੰ ਛੋਟੇ ਥਾਂ ਦਾ ਰਿਸ਼ਤਾ ਸਮਝਣ ਵਾਲੇ ਸ਼ਾਇਦ ਇਹ ਨਹੀਂ ਜਾਣਦੇ ਕਿ ਮੰਗਣ ਵਾਲੇ ਤੋਂ ਦੇਣ ਵਾਲਾ ਵੱਡਾ ਹੁੰਦਾ ਹੈ।
ਹਰ ਇੱਕ ਨੂੰ ਸਾਲਾ-ਸਾਲੀ ਕਹਿ ਦੇਣਾ ਆਪਣੇ ਹੀ ਰਿਸ਼ਤੇਦਾਰਾਂ ਦੀ ਬੇਕਦਰੀ ਕਰਨ ਬਰਾਬਰ ਹੈ। ਇਸ ਗਾਲੀ-ਗਲੋਚ ਨੂੰ ਆਪਣੇ ਜੀਵਨ ਦਾ ਅੰਗ ਬਣਨ ਤੋਂ ਰੋਕਣਾ ਹੋਵੇਗਾ। ਗਲਤ ਆਦਤਾਂ ਅਪਣਾਉਣ ਵਿੱਚ ਜਰਾ ਦੇਰ ਨਹੀਂ ਲੱਗਦੀ ਪਰ ਸੁਧਰਨ ਲਈ ਲੰਮਾ ਸਮਾਂ ਚਾਹੀਦਾ ਹੈ। ਸੋ ਕੋਈ ਅਜਿਹੀ ਆਦਤ ਨਾ ਪਾਈ ਜਾਵੇ ਜਿਸ ਨਾਲ ਸਮਾਜ ਦੀ ਨਜ਼ਰ ਵਿੱਚ ਤੁਹਾਡਾ ਕੱਦ ਛੋਟਾ  ਹੋਵੇ। ਆਪਣੇ ਵਿਅਕਤੀਤਵ ਨੂੰ ਐਨਾ ਹੌਲਾ ਨਾ ਕਰੋ ਕਿ ਤੁਹਾਨੂੰ ਹਮੇਸ਼ਾ ਆਮ ਲੋਕਾਂ ਵਾਂਗੂ ਲਿਆ ਜਾਵੇ। ਹਮੇਸ਼ਾ ਬੋਲਚਾਲ ਸਾਫ਼-ਸੁਥਰੀ ਰੱਖੋ ਜੋ ਸਭ ਨੂੰ ਭਾਵੇ। ਨਹੀਂ ਤਾਂ ਉਹ ਦਿਨ ਦੂਰ ਨਹੀਂ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਵੀ ਮਾਤਾ-ਪਿਤਾ ਜਾਂ ਤਾਏ ਚਾਚਿਆਂ ਜਿਹੇ ਸ਼ਬਦਾਂ ਦੀ ਬਜਾਇ ਅਜਿਹੇ ਸ਼ਬਦਾਂ ਦੀ ਵਰਤੋਂ ਕਰੇਗੀ।
ਹਰਪ੍ਰੀਤ ਕੌਰ ਘੁੰਨਸ

Have something to say? Post your comment