Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Article

ਭਖਦਾ ਮਸਲਾ---- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਫੇਰੀ ਤੇ ਇੱਕ ਝਾਤ

January 08, 2022 12:23 AM
ਭਖਦਾ ਮਸਲਾ---- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਫੇਰੀ ਤੇ ਇੱਕ ਝਾਤ
 
ਪੰਜ ਜਨਵਰੀ ਦੋ ਹਜ਼ਾਰ ਬਾਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਫੇਰੀ ਤੇ ਫਿਰੋਜ਼ਪੁਰ ਵਿਖੇ ਆਏ,ਜਿਸ ਦੀ ਕਾਫ਼ੀ ਸਮਾਂ ਪਹਿਲਾਂ ਹੀ ਬਹੁਤ ਚਰਚਾ ਹੋ ਰਹੀ ਸੀ।ਭਾਰਤੀ ਜਨਤਾ ਪਾਰਟੀ ਵੱਲੋਂ ਇਸ ਦੀ ਜੰਗੀ ਪੱਧਰ ਤੇ ਤਿਆਰੀ ਕੀਤੀ ਗਈ। ਬਹੁਤ ਵੱਡਾ ਪੰਡਾਲ, ਲੋਕਾਂ ਦੀ ਆਮਦ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ, ਬਿਲਕੁਲ ਹੋਣਾ ਵੀ ਚਾਹੀਦਾ ਸੀ, ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਇੱਕ ਪਾਰਟੀ ਦਾ ਨਹੀਂ ਬਲਕਿ ਸਮੁੱਚੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ,ਚਾਹੇ ਕਿਸੇ ਵੀ ਸੂਬੇ ਵਿਚ ਕੋਈ ਵੀ ਭਾਵ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ।ਇਹ ਵੀ ਸਾਰੇ ਭਲੀ-ਭਾਂਤ ਆਪਾਂ ਜਾਣਦੇ ਹਾਂ ਕਿ ਜਦੋਂ ਸਿਰਮੌਰ ਕੋਈ ਸ਼ਖ਼ਸੀਅਤ ਐਹੋ ਜਿਹਾ ਭਾਵ ਕਿਸੇ ਸੂਬੇ ਦਾ ਅਤੇ ਓਹ ਵੀ ਜਦੋਂ ਇਲੈਕਸ਼ਨ ਨੇੜੇ ਹੋਣ,ਦੌਰਾ ਕਰਦੀ ਹੈ ਤਾਂ ਖੁਫੀਆ ਏਜੰਸੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ,ਓਸ ਸੂਬੇ ਦੀ ਸਰਕਾਰ ਨੇ ਵੀ ਇਸ ਲਈ ਪੂਰਾ ਤਾਣ ਲਾਇਆ ਹੁੰਦਾ ਹੈ ਕਿ ਮਤੇ ਕਿਤੇ ਕੋਈ ਗ਼ਲਤੀ ਨਾ ਹੋ ਜਾਵੇ। ਕਿਉਂਕਿ ਇਹ ਬਹੁਤ ਹੀ ਭਖਦਾ ਮਸਲਾ ਕਰਕੇ ਦੇਸ਼ ਦੀਆਂ ਸਾਰੀਆਂ ਹੀ ਏਜੰਸੀਆਂ ਅਤੇ ਸਾਰੇ ਚੈਨਲਾਂ ਨੇ ਆਪੋ ਆਪਣੀ ਭੂਮਿਕਾ ਨਿਭਾਈ ਹੈ ਤੇ ਓਨਾਂ ਦੀ ਕਾਂ ਅੱਖ ਇਧਰ ਈ ਹੁੰਦੀ ਹੈ,ਅਤੇ ਓਨਾਂ ਰਾਹੀਂ ਇਕੱਲੀ ਇਕੱਲੀ ਗੱਲ ਘਰ ਬੈਠਿਆਂ ਆਵਾਮ ਕੋਲ ਪਹੁੰਚਾਈ ਜਾਂਦੀ ਹੈ। ਕਿਥੇ ਕੋਈ ਖ਼ਾਮੀ ਰਹੀ, ਕਿਉਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਮਨ ਦੀਆਂ ਭਾਵਨਾਵਾਂ ਕਹੇ ਬਿਨਾਂ ਹੀ ਵਾਪਿਸ ਮੁੜਨਾ ਪਿਆ,ਇਸ ਦੀ ਘੋਖ ਪੜਤਾਲ ਜਾਰੀ ਹੈ,ਇੱਕ ਦੂਸਰੀ ਪਾਰਟੀ ਤੇ ਦੂਸ਼ਣਬਾਜ਼ੀ ਦਾ ਦੌਰ ਵੀ ਸਿਖਰਾਂ ਤੇ ਚੱਲ ਰਿਹਾ ਹੈ, ਇਥੋਂ ਤੱਕ ਵੀ ਕਹਿ ਦਿੱਤਾ ਗਿਆ ਹੈ ਮਾਨਯੋਗ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਵੱਲੋਂ ਕਿ ਸੂਬੇ ਪੰਜਾਬ ਵਿੱਚ ਇਸ ਸਮੇਂ ਰਾਸ਼ਟਰਪਤੀ ਰਾਜ ਦੀ ਅਤਿਅੰਤ ਲੋੜ ਹੈ, 
ਖੈਰ ਕੁੱਝ ਵੀ ਹੋਵੇ ਆਪਾਂ ਇਸ ਝੰਜਟ ਵਿਚ ਨਾ ਪਈਏ ਇਹ ਰਾਜ ਸਰਕਾਰ ਤੇ ਸੈਂਟਰ ਸਰਕਾਰ ਜਾਣੇ ਜਾਂ ਓਹਨਾਂ ਦਾ ਕੰਮ ਜਾਣੇ ਪਰ----
            ਇੱਕ ਗੱਲ ਜੋ ਉਭਰ ਕੇ ਸਾਹਮਣੇ ਆਉਂਦੀ ਹੈ ਓਹ ਇਹੀ ਆ ਕਿ ਕਿਸਾਨ ਜਥੇਬੰਦੀਆਂ ਨੇ ਬਹੁਤ ਦੇਰ ਪਹਿਲਾਂ ਤੋਂ ਹੀ ਇਹ ਤਹਿ ਕੀਤਾ ਹੋਇਆ ਸੀ ਕਿ ਮੋਦੀ ਸਾਹਿਬ ਦੀ ਰੈਲੀ ਦਾ ਵਿਰੋਧ ਕੀਤਾ ਜਾਵੇਗਾ ‌ਓਹੀ ਹੋਇਆ। ਜਿਹੜੇ ਕਿਸਾਨ ਜਥੇਬੰਦੀਆਂ, ਬੁੱਧੀਜੀਵੀ ਵਰਗ, ਦੁਕਾਨਦਾਰ, ਗੀਤਕਾਰ, ਗਾਇਕ, ਕਾਮੇ, ਸਾਡੀਆਂ ਮਾਵਾਂ ਭੈਣਾਂ ਗੱਲ ਕੀ ਹਰ ਵਰਗ ਨੇ ਹੀ ਇੱਕ ਸਾਲ ਇੱਕ ਮਹੀਨਾ ਦਿਲੀ ਦੀਆਂ ਬਰੂਹਾਂ ਤੇ ਮੋਦੀ ਸਰਕਾਰ ਨੂੰ ਮਿਲਣ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਇੰਤਜ਼ਾਰ ਕੀਤਾ,ਪਰ ਇਸ ਦੇ ਉਲਟ ਮੋਦੀ ਸਾਹਿਬ ਨੂੰ ਵੀਹ ਮਿੰਟ ਦਾ ਇੰਤਜ਼ਾਰ ਵੀ ਪਹਾੜ ਵਾਂਗ ਲੱਗਿਆ,ਜਿਸ ਨਾਲ ਸਾਰੀ ਦਿੱਲੀ ਸਰਕਾਰ ਹੀ ਹਿੱਲ ਗੲੀ? ਸਤਿਕਾਰ ਯੋਗ ਮੋਦੀ ਸਾਹਿਬ ਜੀ ਇਹੀ ਓਹ ਵਰਗ ਹੈ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ, ਵੱਖਵਾਦੀ,ਗੁੰਡੇ,ਅਲਗਾਓਵਾਦੀ ਅਤੇ ਹੋਰ ਪਤਾ ਨਹੀਂ ਕੀ ਕੀ ਕਿਹਾ, ਇਨਾਂ ਸਭਨਾਂ ਨੇ ਹੀ ਰਲਮਿਲ ਕੇ ਤੁਹਾਨੂੰ ਤੁਹਾਡੇ ਏਸ ਅਹੁਦੇ ਤੇ ਪਚਾਇਆ ਹੈ। ਤੁਸੀਂ ਇਨ੍ਹਾਂ ਸ਼ਾਂਤਮਈ ਸੰਘਰਸ਼ ਕਰਦਿਆਂ ਨੂੰ ਕਿਹੜੇ ਕਿਹੜੇ ਹੱਥਕੰਡੇ ਨਹੀਂ ਵਰਤੇ ਰੋਕਣ ਲਈ?ਪੱਥਰ ਰੱਖੇ, ਬੈਰੀਕੇਟ ਲਾਏ,ਪਾਣੀ ਦੀਆਂ ਬੁਛਾੜਾਂ ਛੱਡੀਆਂ, ਸੜਕਾਂ ਪੱਟੀਆਂ ਅਤੇ ਕਿੱਲ ਗੱਡੇ,ਪਰ ਅਣਖੀ ਯੋਧਿਆਂ ਨੇ ਸ਼ਾਂਤਮਈ ਸੰਘਰਸ਼ ਕਰਕੇ ਦੁਨੀਆ ਵਿੱਚ ਮਿਸਾਲ ਕਾਇਮ ਕੀਤੀ। ਤੁਹਾਨੂੰ ਤਾਂ ਪੰਜਾਬ ਸਰਕਾਰ ਵੱਲੋਂ ਆਪਣਾ ਫਰਜ਼ ਸਮਝਦੇ ਹੋਏ ਜੀ ਆਇਆਂ ਵੀ ਕਿਹਾ ਅਤੇ ਆਪਣੇ ਵਾਅਦੇ ਮੁਤਾਬਕ ਕਿਸਾਨਾਂ ਨੇ ਸਿਰਫ਼ ਤੇ ਸਿਰਫ਼ ਸ਼ਾਂਤਮਈ ਸੰਘਰਸ਼ ਹੀ ਵਿਢਿਆ ਸੀ,ਪਰ ਆਪ ਜੀ ਨੂੰ ਵੀਹ ਮਿੰਟ ਦੀ ਉਡੀਕ ਹੀ ਇੱਕ ਪਹਾੜ ਵਾਂਗ ਲੱਗੀ, ਜਦੋਂ ਕਿ ਆਪ ਜੀ ਵੱਲੋਂ ਪਹਿਲਾਂ ਹੈਲੀਕਾਪਟਰ ਰਾਹੀਂ ਹੀ ਜਾਣ ਦਾ ਪ੍ਰੋਗਰਾਮ ਤਹਿ ਸੀ, ਫਿਰ ਮੌਸਮ ਖਰਾਬ ਦੇ ਚਲਦਿਆਂ ਆਪ ਜੀ ਵੱਲੋਂ ਸੜਕੀ ਆਵਾਜਾਈ ਰਾਹੀਂ ਜਾਣ ਦੇ ਪ੍ਰੋਗਰਾਮ ਤੋਂ ਪਹਿਲਾਂ ਆਪ ਜੀ ਵੱਲੋਂ ਅਤੇ ਖ਼ੁਫ਼ੀਆ ਏਜੰਸੀਆਂ ਕੀ ਇਹ ਭੁੱਲ ਗੲੀਆਂ ਸਨ,ਕਿ ਬਹੁਤ ਦੇਰ ਪਹਿਲਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਦਾ ਬਿਗੁਲ ਵੱਜ ਚੁਕਾ ਹੈ, ਅਤੇ ਕਿਤੇ ਵੀ ਰੁਕਾਵਟ ਪੈ ਸਕਦੀ ਹੈ।ਕੀ ਜੇਕਰ ਤੁਸੀਂ ਇੰਤਜ਼ਾਰ ਕਰਦੇ ਤਾਂ ਸੂਬਾ ਸਰਕਾਰ ਤੁਹਾਡਾ ਰਸਤਾ ਕਲੀਅਰ ਕਰਨ ਲਈ ਕੋਈ ਬਦਲਵਾਂ ਉਪਰਾਲਾ ਨਾ ਕਰਦੀ? ਬਿਲਕੁਲ ਕਰਨਾ ਸੀ।ਪਰ ਤੁਸੀਂ ਤਾਂ ਹਾਲੇ ਵੀ ਧੌਣ ਵਿੱਚ ਕਿਲਾ ਲੈ ਕੇ ਹੀ ਘੁੰਮ ਰਹੇ ਹੋਂ, ਜਦੋਂ ਕਿ ਪੰਜਾਬ ਦੇ ਅਤੇ ਸਾਰੇ ਦੇਸ਼ ਭਰ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਆਏ ਮਰਜੀਵੜਿਆਂ ਨੇ ਇੱਕ ਮਹੀਨਾ ਪਹਿਲਾਂ ਹੀ ਓਹ ਕਿੱਲਾ ਕੱਢਿਆ ਸੀ।ਤੁਹਾਡੀ ਹੈਂਕੜਬਾਜ਼ੀ ਹੀ ਤੁਹਾਨੂੰ ਵਾਪਸ ਲੈ ਕੇ ਗੲੀ ਹੈ।ਇਸ ਨਾਲ ਸੈਂਟਰ ਸਰਕਾਰ ਤੇ ਪੰਜਾਬ ਨੂੰ ਕਿਨਾ ਘਾਟਾ ਪਿਆ,ਜੋ ਪੰਜਾਬ ਵਾਸੀਆਂ ਨੂੰ ਆਸਾਂ ਉਮੀਦਾਂ ਸਨ ਓਨਾਂ ਤੇ ਵੀ ਪਾਣੀ ਫਿਰਿਆ, ਜੇਕਰ ਆਪ ਸੱਚੇ ਦਿਲੋਂ ਚਾਹੁੰਦੇ ਤਾਂ ਪੰਜਾਬ ਨੂੰ ਮਿਲਣ ਵਾਲਾ ਗਿਫਟ ਤੁਸੀਂ ਦੇ ਕੇ ਜਾ ਸਕਦੇ ਸੀ। ਜਦੋਂ ਤੁਸੀਂ ਜੀਹਦੇ ਵੀ ਮਰਜ਼ੀ ਖਾਤੇ ਚ ਦਿੱਲੀ ਬੈਠੇ ਹੀ ਸਹਾਇਤਾ ਰਾਸ਼ੀ ਪਾ ਦਿੰਦੇ ਹੋਂ, ਤਾਂ ਇਹ ਹੋਣਾ ਵੀ ਕੋਈ ਵੱਡੀ ਗੱਲ ਨਹੀਂ ਸੀ। ਹਾਂ ਇੱਕ ਗੱਲ ਸਾਰੇ ਪੰਜਾਬੀ ਭਾਈਚਾਰੇ ਪੰਜਾਬ ਵਾਸੀਆਂ ਨੂੰ ਦੋਵੇਂ ਹੱਥ ਜੋੜ ਕੇ ਸਨਿਮਰ ਇਹੀ ਬੇਨਤੀ ਹੈ ਕਿ ਆਪਣਾ ਪਿਆਰ ਮੁਹੱਬਤ ਆਪਣਾਪਨ ਜ਼ਰੂਰ ਬਰਕਰਾਰ ਰੱਖੀਏ ਤੈਸ਼ ਦੇ ਵਿੱਚ ਆ ਕੇ ਆਪਣਾ ਹੋਸ਼ ਨਾ ਗਵਾਈਏ, ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿਣੀਆਂ ਨੇ।
              ਮੈਂ ਕੋਈ ਸਿਆਸੀ ਇਨਸਾਨ ਨਹੀਂ ਹਾਂ ਪਰ ਸੱਚ ਇਹੀ ਜਾਪਦਾ ਹੈ, ਚਾਹੀਦਾ ਇਹ ਸੀ ਕਿ ਤੁਸੀਂ ਸ਼ਹੀਦਾਂ ਨੂੰ ਨਮਨ ਕੀਤਾ ਬਹੁਤ ਵਧੀਆ ਸੋਚ ਹੈ ਇਹ ਤੁਹਾਡੀ,ਪਰ ਜਿਹੜੇ ਲੱਖਾਂ ਕਰੋੜਾਂ ਰੁਪਏ ਰੈਲੀ ਦੇ ਸਬੰਧ ਵਿੱਚ ਤੁਹਾਡੇ ਆਪਣਿਆਂ ਦੇ ਨਹੀਂ ਬਲਕਿ ਆਵਾਮ ਦੇ ਲੱਗੇ ਨੇ ਔਰ ਤੁਹਾਡੇ ਆਉਣ ਤੇ ਵੀ ਖਰਚ ਆਇਆ ਹੈ ਓਹ ਕਿਸ ਕੰਮ ਆਇਆ?ਪਰ ਓਹ ਤਾਂ ਤੁਸੀਂ ਕਿਸੇ ਕਿਸਮ ਦਾ ਟੈਕਸ ਲਾ ਕੇ ਲੋਕਾਂ ਤੋਂ ਹੀ ਉਗਰਾਉਣਾ ਹੈ, ਚਾਹੀਦਾ ਸੀ ਕਿ ਤੁਸੀਂ ਓਸ ਥਾਂ ਭਾਵ ਰੈਲੀ ਵਾਲੀ ਥਾਂ ਤੇ ਜਰੂਰ ਜਾਂਦੇ,ਜੋ ਵੀ ਸੀ ਇਕੱਠ ਘੱਟ ਸੀ ਜਾਂ ਵੱਧ ਸੀ ਉਸ ਨੂੰ ਇਛੂ ਨਾ ਬਣਾਉਂਦੇ, ਓਥੇ ਜਾ ਕੇ ਚਾਰ ਸ਼ਬਦ ਬੋਲਦੇ,ਉਸ ਤੋਂ ਪਹਿਲਾਂ ਜੋ ਤੁਹਾਡਾ ਆਪਣਾ ਨਿਸ਼ਾਨਾ ਸੀ, ਉਦਘਾਟਨ ਸਮਾਰੋਹ ਓਹ ਵੀ ਨਿਭਾਉਂਦੇ।ਇਹ ਕੁੱਲ ਆਲਮ ਨੂੰ ਪਤਾ ਲੱਗ ਚੁੱਕਾ ਹੈ ਕਿ ਤਿੰਨੋ ਕਾਲੇ ਕਾਨੂੰਨ ਵਾਪਸ ਹੋ ਚੁੱਕੇ ਨੇ,ਬਾਕੀ ਮੰਗਾਂ ਲਈ ਕਮੇਟੀ ਬਣਾਉਣੀ ਵੀ ਤੁਹਾਡੇ ਵਿਚਾਰ ਅਧੀਨ ਹੈ,ਇਹ ਸੱਭ ਕੁੱਝ ਕਿਵੇਂ ਹੋਇਆ ਹੈ,ਇਸ ਦੀ ਵੀ ਕਿਸੇ ਨੂੰ ਕੋਈ ਭੁੱਲ ਨਹੀਂ ਹੈ। ਜੇਕਰ ਤੁਸੀਂ ਸਟੇਜ ਤੇ ਜਾਕੇ ਵੀ ਇਹੀ ਗੱਲ ਇੱਕ ਵਾਰ ਦੁਹਰਾ ਦਿੰਦੇ ਕਿ ਅੱਜ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਜੋ ਤਿੰਨ ਖੇਤੀਬਾੜੀ ਭਾਵ ਕਿਸਾਨਾਂ ਲਈ ਕਾਨੂੰਨ ਬਣਾਏ ਸਨ ਓਹਨਾਂ ਵਿੱਚ ਮਾਹਿਰਾਂ ਵੱਲੋਂ ਕਿਤੇ ਕੋਈ ਖ਼ਾਮੀ ਰਹਿ ਗਈ ਸੀ,ਇਹ ਅੱਜ ਦਾ ਇਕੱਠ ਵੇਖ ਕੇ ਮੈਨੂੰ ਮਹਿਸੂਸ ਹੋ ਰਿਹਾ ਹੈ, ਤਾਂ ਇਸ ਨਾਲ ਸਤਿਕਾਰ ਯੋਗ ਮੋਦੀ ਸਾਹਿਬ ਜੀ ਤੁਹਾਡਾ ਕੱਦ ਉੱਚਾ ਹੋਣਾ ਸੀ ਨਾ ਕਿ ਨੀਵਾਂ। ਸਾਰੇ ਤੁਹਾਡੇ ਕਾਰਕੁੰਨ ਜਿਨਾਂ ਨੇ ਰਾਤ ਪੁਰ ਦਿਨ ਇੱਕ ਕਰਕੇ,ਰੈਲੀ ਦੀਆਂ ਤਿਆਰੀਆਂ ਕੀਤੀਆਂ ਸਨ, ਓਹਨਾਂ ਨੂੰ ਵੀ ਧਰਵਾਸ ਹੁੰਦਾ ਕਿ ਚਲੋ ਭਾਵੇਂ ਇਕੱਠ ਘੱਟ ਹੀ ਸਹੀ ਪਰ ਪ੍ਰਧਾਨ ਮੰਤਰੀ ਸਾਹਿਬ ਜੀ ਰੈਲੀ ਵਿੱਚ ਤਾਂ ਪਹੁੰਚੇ।ਇਸ ਨਾਲ ਤੁਹਾਡੇ ਵੋਟ ਬੈਂਕ ਚ ਇਜ਼ਾਫਾ ਵੀ ਹੋ ਸਕਦਾ ਸੀ,ਪਰ ਤੁਸੀਂ ਆਪਣੇ ਅੜੀਅਲ ਸੁਭਾਅ ਕਰਕੇ ਪਹਿਲਾਂ ਵੀ ਜਾਣੇ ਜਾਂਦੇ ਹੋਂ ਤੇ ਇਸ ਵਾਰ ਵੀ ਆਵਾਮ ਨੂੰ ਪਤਾ ਲੱਗ ਚੁੱਕਾ ਹੈ ਕਿ ਤੁਹਾਡੀ ਧੌਣ ਚ ਕਿੱਲਾ ਹਾਲੇ ਜਿਉਂ ਦਾ ਤਿਉਂ ਹੀ ਹੈ ਫਸਿਆ ਹੋਇਆ ਹੈ। ਆਪਣੇ ਬਹੁਤ ਹੀ ਸਤਿਕਾਰਤ ਅਹੁਦੇ ਦਾ ਖਿਆਲ ਰੱਖਦਿਆਂ ਤੁਹਾਡੇ ਮੂੰਹੋਂ ਇਹ ਵੀ ਗੱਲ ਨਹੀਂ ਜੱਚਦੀ ਸੀ ਜੋ ਤੁਸੀਂ ਸੂਬੇ ਦੇ ਮੁੱਖ ਮੰਤਰੀ ਦੇ ਧਿਆਨ ਹਿੱਤ ਕਹਿ ਕੇ ਗੲੇ ਹੋਂ,ਜਿਸ ਦੀ ਮੀਡੀਆ ਚ ਆਮ ਚਰਚਾ ਹੋ ਰਹੀ ਹੈ ਕਿ (ਚੰਨੀ ਸਰਕਾਰ ਨੂੰ ਕਹਿ ਦਿਓ ਕਿ ਮੈਂ ਠੀਕ ਠਾਕ ਦਿੱਲੀ ਵਾਪਸ ਜਾ ਰਿਹਾ ਹਾਂ) ਤੁਹਾਡੇ ਅਹੁਦੇ ਅਤੇ ਤੁਹਾਡੇ ਜਿਹੀ ਸ਼ਖ਼ਸੀਅਤ ਦੇ ਮੂੰਹੋਂ ਇਹੋ ਜਿਹੇ ਸ਼ਬਦ ਸ਼ੋਭਾ ਨਹੀਂ ਦਿੰਦੇ ਸਤਿਕਾਰ ਯੋਗ ਮੋਦੀ ਸਾਹਿਬ ਜੀ। ਹਾਲੇ ਵੀ ਸਮਾਂ ਤੁਹਾਡੇ ਹੱਥ ਵਿੱਚ ਸੋ "ਮਨ ਕੀ ਬਾਤ"ਪ੍ਰੋਗਰਾਮ ਤਹਿਤ, ਆਪਣਾ ਸੰਬੋਧਨ ਲੋਕਾਂ ਤੱਕ ਪੁਜਦਾ ਕਰ ਸਕਦੇ ਹੋਂ ਜੋ ਤੁਸੀਂ ਫਿਰੋਜ਼ਪੁਰ (ਪੰਜਾਬ) ਰੈਲੀ ਵਿੱਚ ਕਰਨਾ ਸੀ,ਓਹ ਤੁਹਾਨੂੰ ਜਲਦੀ ਤੋਂ ਜਲਦੀ ਦੇਸ਼ ਵਾਸੀਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
 
 
 
 
 
 

Have something to say? Post your comment