Tuesday, April 16, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸਿੱਖ ਧਰਮ ਵਿੱਚ ਜੋਤਿ ਦਾ ਸੰਕਲਪ

January 08, 2022 12:15 AM
ਸਿੱਖ ਧਰਮ ਵਿੱਚ ਜੋਤਿ ਦਾ ਸੰਕਲਪ 
 
 
ਸਿੱਖ ਧਰਮ ਵਿਚ ‘ਜੋਤਿ’ ਦੇ ਸੰਕਲਪ ਨੂੰ ਸਮਝਣ ਲਈ ਇਸਦੇ ਸ਼ਬਦੀ
ਅਰਥਾਂ ਨੂੰ ਵੇਖ ਲੈਣਾ ਜਰੂਰੀ ਜਾਪਦਾ ਹੈ । ‘ਜੋਤਿ’ ਸ਼ਬਦ ਨੂੰ ਭਾਈ ਕਾਹਨ ਸਿੰਘ ਜੀ ਨੇ ਤਿੰਨ ਅਰਥਾਂ ਵਿਚ ਲੈ ਕੇ ਮਹਾਨ ਕੋਸ਼ ਵਿਚ ਇਸਦੇ ਅਰਥ ਇਸ ਤਰ੍ਹਾਂ ਕੀਤੇ ਹਨ !
ਉ) ਜੋਤ : ਸੰ. ਜਯੋਤਿ - ਸੰਗਯਾ - ਪ੍ਰਕਾਸ਼, ਤੇਜ਼ ........! ਅ) ਜੋਤਿ : ਸੰ. ਜਯਤਿ - ਸੰਗਯਾ - ਚਮਤਕਾਰੀ ਬੁਧਿ, ਅਗਨਿ, ਸੂਰਜ,ਨੇਤ੍ਰਾਂ ਦੀ ਰੋਸ਼ਨੀ ਆਦਿ । ੲ) ਜੋਤੀ : ਦੇਹ ਨੂੰ ਪ੍ਰਕਾਸ ਦੇਣ ਵਾਲਾ (ਜੀਵਆਤਮਾ); ਪਾਰਬ੍ਰਹਮ ਕਰਤਾਰ, ਗਯਾਨ ਪ੍ਰਕਾਸ਼।
ਭਾਈ ਗੁਰਦਾਸ ਜੀ ਨੇ ਵੀ ਉਪਰੋਕਤ ਸ਼ਬਦ ਨੂੰ ਤਿੰਨਾਂ ਰੂਪਾਂ ਵਿਚ ਵਰਤਿਆ ਹੈ। ਉਹਨਾਂ ਨੇ ਇਸਦੇ ਅਰਥ ਪ੍ਰਕਾਸ਼, ਰੌਸ਼ਨੀ, ਚਮਕ, ਤੇਜ਼, ਵਿਸ਼ੇਸ਼ ਅਲੌਕਿਕ ਸ਼ਕਤੀ ਤੋਂ ਲਏ ਹਨ। ਜੋਤਿ ਦਾ ਪ੍ਰਕਾਸ਼ ਸਭ ਜਗ ਵਿਚ ਪਸਰਿਆ ਹੈ । ਇਹ ਅਲਖ, ਨਿਰੰਜਨ ਕਲਪਨਾ ਤੋਂ ਰਹਿਤ, ਅਜੋਨੀ, ਅਕਾਲ ਅਤੇ ਅਪਾਰ ਹੈ......... ਇਹ ਜੋਤਿ ਇਕ ਰਸ ਪ੍ਰਕਾਸ਼ ਕਰ ਰਹੀ ਹੈ ਅਤੇ ਜਗਤ ਦੀ ਜੀਵਨ ਰੌਂ ਹੈ। ਇਸਦੀ ਜਗ ਤੇ ਜੈ ਜੈ ਕਾਰ ਹੁੰਦੀ ਹੈ, ਸੰਸਾਰ ਇਸਨੂੰ ਨਮਸ਼ਕਾਰ ਕਰਦਾ ਹੈ। ਜੋ ਇਸਤ੍ਰੀ ਪੁਰਸ਼ ਇਸਨੂੰ ਨਮਸਕਾਰ ਕਰਦਾ ਹੈ, ਉਸਦਾ ਉਧਾਰ ਹੁੰਦਾ ਹੈ : “ਅਲਖ ਨਿਰੰਜਨੁ ਆਖੀਐ ਅਕਲ ਅਜੋਨਿ ਅਕਾਲ ਅਪਾਰਾ।। ਰਵਿ ਸਸਿ ਜੋਤਿ ਉਦੋਤ ਲੰਘ ਪਰਮ ਜੋਤਿ ਪਰਮੇਸਰੁ ਪਿਆਰਾ ॥ ਜਗ ਮਗੁ ਜੋਤਿ ਨਿਰੰਤਰੀ ਜਗ ਜੀਵਨ ਜਗ ਜੈ ਜੈ ਕਾਰਾ । ਨਮਸਕਾਰ ਸੰਸਾਰ ਵਿਚਿ ਆਦਿ ਪੁਰਖ ਆਦੇਸੁ ਉਧਾਰਾ।” (ਵਾਰ ੨੪ ਵੀਂ, ਪਉੜੀ ੧੮)
 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ‘ਜੋਤਿ’ ਸ਼ਬਦ ਨੂੰ ਅਕਾਲ ਪੁਰਖ ਦੇ ਲਈ ਵਰਤੇ ਜਾਣ ਦੇ ਅਨੇਕਾਂ ਪ੍ਰਮਾਣ ਮਿਲਦੇ ਹਨ । ਜਿਵੇਂ : ‘ਸਰਬ ਜੋਤਿ ਤੇਰੀ ਪਸਰਿ ਰਹੀ ॥
ਜਹ ਜਹ ਦੇਖਾ ਤਹ ਨਰਹਰੀ ॥” “ਜੋਤਿ ਸਰੂਪ ਜਾ ਕੀ ਸਭ ਵਥੁ ॥”
 
(ਮਹਲਾ ੧. ਪੰ.੮੭੬) (ਮਹਲਾ ੫, ਪੰ. ੧੧੫੦)
 
ਇਸੇ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੫੦੯ ਅਤੇ ੧੦੮੩ ਤੇ ਵੀ ਅਜਿਹੇ ਪ੍ਰਮਾਣ ਵੇਖੇ ਜਾ ਸਕਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜੋਤਿ ਨੂੰ ਪਸਰੀ ਹੋਈ ਦਸ ਰਹੇ ਹਨ ਅਤੇ ਇਸ ਜਾਗਤ ਜੋਤਿ ਨੂੰ ਜਪਣ ਦਾ ਉਪਦੇਸ਼ ਦਿੰਦੇ ਹਨ :-
‘ਜਿਮੀ ਜਮਾਨ ਕੇ ਬਿਖੈ ਸਮਸਿਤ ਏਕ ਜੋਤਿ ਹੈ।।ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢ ਹੋਤਿ ਹੈ । (ਦਸਮ ਗ੍ਰੰਥ) ‘ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ॥
(ਦਸਮ ਗ੍ਰੰਥ)
 
ਭਾਈ ਨੰਦ ਲਾਲ ਜੀ ਉਸ ਪਾਕ ਦੀਦਾਰ ਦੀਆਂ ਨੂਰੀ ਕਿਰਨਾਂ ਤੋਂ ਸੈਂਕੜੇ ਹਜ਼ਾਰਾ ਦੀਵੇ ਬਲ ਉਠੇ ਦਸ ਰਹੇ ਹਨ :-
‘ਅਜ਼ੁ ਸ਼ੁਆਇ ਪਰਤਵਿ ਦੀਦਾਰ ਪਾਕ।ਸਦ ਹਜ਼ਾਰਾਂ ਹਰ ਤਰਫ਼ ਰੌਸ਼ਨ ਚਰਾਗ਼ ।”
 
ਕਵੀ ਸੰਤੋਖ ਸਿੰਘ ਜੀ ਉਸ ਜੋਤਿ ਨੂੰ ਪੂਰਨ, ਮਾਇਆ ਤੋਂ ਨਿਰਲੇਪ, ਸ੍ਰਿਸ਼ਟੀ ਦਾ ਜੀਵਨ ਕਹਿੰਦੇ ਹਨ:-
“ਸਤਿ ਸਰੂਪ ਜੋਤਿਨ ਕੀ ਜੋਤਿ, ਜਿਹ ਸਤਾ ਤੇ ਜਗਤ ਉਦੋਤਿ । ਪਰਮਾਤਮਾ ਨਰਹਰਿ ਅਵਿਨਾਸੀ, ਰੂਪ ਨ ਰੰਗ ਨ, ਘਟਿ ਘਟਿ ਬਾਸੀ ।”
(ਗੁਰਪ੍ਰਤਾਪ ਸੂਰਜ ਗ੍ਰੰਥ)
 
ਇਹ ਪਰਮ ਜੋਤਿ ਸਾਰੀ ਸ੍ਰਿਸ਼ਟੀ ਵਿਚ ਇੰਜ ਵਿਆਪ ਰਹੀ ਹੈ ਜਿਵੇਂ ਲੱਕੜੀ ਵਿਚ ਅੱਗ ਜਾਂ ਦੁੱਧ ਵਿਚ ਘਿਉ ਛੁਪੇ ਹੁੰਦੇ ਹਨ । ਇਸ ਹਰ ਥਾਂ ਵਿਆਪ ਰਹੀ ਜੋਤਿ ਦਾ ਹੀ ਸਾਰਾ ਚਾਨਣਾ ਹੈ।
 ਘਟ-ਘਟ ਵਿਆਪ ਰਹੀ ਜੋਤਿ ਹੀ ਮਨੁੱਖ ਦੇ ਅੰਦਰ ਸਭ ਕੁਝ ਕਰ ਰਹੀ ਹੈ। ਇਸ ਜੋਤਿ ਤੋਂ ਬਿਨਾਂ ਮਨੁੱਖ ਦੀ ਕੋਈ ਹੋਂਦ ਨਹੀਂ ਹੈ :-
ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥ (ਮਹਲਾ ੨ ਪੰ. ੧੩੮)
 
ਗੁਰਬਾਣੀ ਵਿਚ ਇਸ ਸਰੀਰ ਨੂੰ ਹਰੀ ਦਾ ਮੰਦਰ ਕਿਹਾ ਹੈ । ਇਸ ਵਿਚ ਪ੍ਰਕਾਸ਼ਮਾਨ ਜੋਤਿ ਦਾ ਪਰਮ ਜੋਤਿ ਨਾਲੋਂ ਰਤੀ ਭਰ ਵੀ ਫਰਕ ਨਹੀਂ ਹੈ । ਇਸ ਅਭੇਦਤਾ ਦਾ ਵਰਣਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਕੀਤਾ ਹੈ:-
ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ, ਨਿਯਾਰੇ ਨਿਯਾਰੇ ਹੋਇਕੈ ਫੇਰਿ ਆਗ ਮੈਂ ਮਿਲਾਹਿਗੇ ॥ 
ਜੈਸੇ ਕੋਟਿ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭੈ ਪਾਨ ਹੀ ਕਹਾਹਿਗੇ ॥ ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ ਤਾਹੀ ਤੇ ਉਪਜ ਸਭ ਤਾਹੀ ਮੇਂ ਸਮਾਹਿਗੇ ॥
(ਦਸਮ ਗ੍ਰੰਥ)
 
ਅਕਾਲ ਪੁਰਖ ਦੀ ਜੋਤਿ ਦਾ ਧੁਨਿ (ਸ਼ਬਦ) ਰੂਪ ਵੀ ਹੈ। ਇਹ ਸ਼ਬਦ ਚੌਹਾਂ ਕੂੰਟਾਂ ਵਿਚ ਫੈਲਿਆ ਹੋਇਆ ਹੈ:-
ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥ (ਮਹਲਾ ੧, ਪੰ. ੯੪੪)
 
ਪ੍ਰਸਿੱਧ ਵਿਦਵਾਨ ਅਤੇ ਅਨੁਭਵੀ ਪੁਰਸ਼ ਗਿਆਨੀ ਨਿਰੰਜਨ ਸਿੰਘ ਜੀ ਅਨੁਸਾਰ, ਇਹ ਆਵਾਜ ਜਿਹੜੀ ਪ੍ਰਕਾਸ਼ ਸਮਝਣ ਸਮਝਾਉਣ ਲਈ ਅਕਾਲ ਪੁਰਖ ਦੀ ਜੋਤਿ ਅਵਾਜ ਜਾਂ ਧੁਨੀ ਨੂੰ ਅੱਖਰ ਦਾ ਰੂਪ ਦਿੱਤਾ ਗਿਆ ਹੈ।
ਇਹ ਧੁਨੀ ਭਾਵੇਂ ਹਰ ਥਾਂ ਹੈ, ਪਰ ਇਸਦਾ ਅਨੁਭਵ ਆਮ ਮਨੁੱਖ ਨੂੰ  ਨਹੀਂ ਹੋ ਸਕਦਾ । ਗੁਰਮਤਿ ਅਨੁਸਾਰ ਇਹ ਅਨੁਭਵ ਗੁਰੂ ਸਹਿਬਾਨ ਨੂੰ ਹੋਇਆ।ਜਦੋਂ ਗੁਰੂ ਸਹਿਬਾਨ ਨੂੰ ਇਸਦਾ ਅਨੁਭਵ ਹੋਇਆ ਤਾਂ ਉਹਨਾਂ ਨੇ ਇਸਨੂੰ ਅਕਾਲ ਪੁਰਖ ਵਲੋਂ ਆਪਣਾ ਭੇਜਿਆ ਹੋਇਆ ਸੰਦੇਸ਼(ਖਸਮ ਕੀ ਬਾਣੀ,ਧੁਰ ਕੀ ਬਾਣੀ) ਕਿਹਾ।
 
ਇਸੇ ‘ਸ਼ਬਦ’ ਨੂੰ ਹੀ ਗੁਰੂ ਜੀ ਨੇ ਆਮ ਲੋਕਾਂ ਦੀ ਆਤਮਿਕ ਉਸਾਰੀ ਲਈ, ਸਾਧਨ ਦੇ ਤੌਰ ਤੇ ਵਰਤਿਆ। ਸ਼ਬਦ ਦੁਆਰਾ ਗੁਰੂ ਜੀ ਨੇ ਲੋਕਾਂ ਨੂੰ ਆਤਮਿਕ ਗਿਆਨ ਦੇ ਕੇ ਪ੍ਰਮਾਤਮਾ ਬਾਰੇ ਉਨ੍ਹਾਂ ਦੀ ਸੂਝ ਵਿਚ ਵਿਸ਼ਾਲਤਾ ਲਿਆਂਦੀ । ਇਸੇ ਸ਼ਬਦ ਰੂਪੀ ਜੋਤੀ ਰਾਹੀਂ ਆਮ ਮਨੁੱਖਾਂ ਨੂੰ ਪਤਾ ਲੱਗਾ ਕਿ ਉਹ ਜੋਤਿ ਰੂਪ ਹਨ :-
ਅੰਤਰਿ ਜੋਤਿ ਪਰਗਟੁ ਪਾਸਾਰਾ ॥ ਗੁਰ ਸਾਖੀ ਮਿਟਿਆ ਅੰਧਿਆਰਾ ॥
(ਮਹਲਾ ੩, ਪੰ. ੧੨੬)
 
ਉਪਰੋਕਤ ਸਾਰੀ ਚਰਚਾ ਨੂੰ ਸਾਰ ਰੂਪ ਵਿਚ ਇਸ ਤਰਾਂ ਬਿਆਨ ਕੀਤਾ ਜਾ ਸਕਦਾ ਹੈ ਕਿ 'ਜੋਤਿ' ਸ਼ਬਦ ਨੂੰ ਸਿੱਖ ਧਰਮ ਵਿਚ ਵਿਸ਼ੇਸ਼ ਅਰਥਾਂ ਵਿਚ ਲਿਆ ਗਿਆ ਹੈ। ਸਭ ਤੋਂ ਪਹਿਲਾਂ ਪ੍ਰਮਾਤਮਾ ਦੇ ਵਾਚਕ ਅਰਥਾਂ ਵਿਚ ਵਰਤੋਂ ਹੋਈ ਹੈ। ਇਹੀ ‘ਜੋਤਿ' ਸ਼ਬਦ ਮਨੁੱਖਾਂ ਅਤੇ ਸ੍ਰਿਸ਼ਟੀ ਵਿਚ ਵਿਆਪਕ ਦੈਵੀ ਤੱਤ (ਆਤਮ) ਦੇ ਅਰਥਾਂ ਵਿਚ ਵਰਤਿਆ ਗਿਆ ਹੈ । ਜਾਗਰਤ ਦੈਵੀ ਗਿਆਨ ਦੇ ਅਰਥਾਂ ਵਿਚ ਵੀ ਇਹੀ ਸ਼ਬਦ ਵਰਤਿਆ ਗਿਆ ਹੈ। ਅਜਿਹੇ ਜਾਗਰਤ ਆਤਮਿਕ ਗਿਆਨ ਵਾਲੇ ਦੈਵੀ ਮਨੁੱਖ ਦਾ ਵਿਸਥਾਰ ਸਹਿਤ ਵਰਣਨ ਗੁਰਬਾਣੀ ਵਿਚ ਮਿਲਦਾ ਹੈ।
 
ਪ੍ਰੋ ਜਸਬੀਰ ਸਿੰਘ 'ਪਟਿਆਲਾ'

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ