ਹੇਟਰਜ਼’ ਨਾਲ ਚਰਚਾ ਵਿੱਚ ਹੈ ਨਿਰਦੇਸ਼ਕ ਮਨਪ੍ਰੀਤ ਬਰਾੜ
ਮਨਪ੍ਰੀਤ ਬਰਾੜ ਪਿਛਲੇ ਲੰਮੇ ਸਮੇਂ ਤੋਂ ਫ਼ਿਲਮੀ ਖੇਤਰ ਨਾਲ ਜੁੜਿਆ ਲੇਖਕ ਨਿਰਦੇਸ਼ਕ ਹੈ ਜਿਸ ਕੋਲ ਪਾਲੀਵੁੱਡ ਤੇ ਬਾਲੀਵੁਡ ਦੇ ਨਾਮੀਂ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਤਜੱਰਬਾ ਹੈ। ਪਿਛਲੇ ਸਾਲ ਬਤੌਰ ਨਿਰਦੇਸ਼ਕ ਆਈ ਉਸਦੀ ਫ਼ਿਲਮ ‘ਪੰਦਰਾਂ ਲੱਖ ਕਦੋਂ ਆਉਗਾ’ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾਂ ਮਿਲਿਆ। ਇੰਨ੍ਹੀਂ ਦਿਨੀਂ ਉਸਦੀ ਇਕ ਹੋਰ ਨਵੀਂ ਫ਼ਿਲਮ ‘ਹੇਟਰਜ਼’ ਰਿਲੀਜ਼ ਹੋਵੇਗੀ, ਜਿਸ ਦੀ ਕਹਾਣੀ ਉਸਨੇ ਖੁਦ ਲਿਖੀ ਹੈ। ਜਿਸ ਬਾਰੇ ਲੇਖਕ ਨਿਰਦੇਸ਼ਕ ਮਨਪ੍ਰੀਤ ਬਰਾੜ ਨੇ ਕਿਹਾ ਕਿ ਚਲੰਤ ਸਿਨਮੇ ਤੋਂ ਹਟਕੇ ਨੌਜਵਾਨਾਂ ਦੇ ਅਜੋਕੇ ਦੌਰ ਨੂੰ ਲੈ ਕੇ ਲਿਖੀ ਇਹ ਫ਼ਿਲਮ ਮਤਲਬ ਦੀਆਂ ਯਾਰੀਆਂ-ਦੋਸਤੀਆਂ ਦੀ ਗੱਲ ਕਰਦੀ ਅੱਜ ਦੇ ਯੂਥ ਨੂੰ ਇੱਕ ਚੰਗਾ ਮੈਸ਼ਜ ਦਿੰਦੀ ਹੈ। ਇਕ ਜ਼ਮਾਨਾ ਸੀ ਜਦ ਲੋਕ ਯਾਰੀ-ਦੋਸਤੀਆਂ ਦੀਆਂ ਕਸਮਾਂ ਖਾਂਦੇ ਸੀ, ਪੱਗ ਵਟਾ ਕੇ ਯਾਰੀਆਂ ਤੋਂ ਉਪਰ ਉੱਠ ਕੇ ਭਰਾਵਾਂ ਵਰਗਾ ਰਿਸ਼ਤਾ ਨਿਭਾੳਂੁਦੇ ਸੀ, ਔਖੇ ਵਕਤ ‘ਚ ਬਰਾਬਰ ਖੜ੍ਹਦੇ ਸੀ ਪਰ ਅੱਜ ਉਹ ਸਮਾਂ ਨਹੀਂ ਰਿਹਾ।
ਫ਼ਿਰੋਜਪੁਰ ਜ਼ਿਲ੍ਹੇ ਦੇ ਪਿੰਡ ਵਜ਼ੀਦਪੁਰ ਨਾਲ ਸਬੰਧਤ ਮਨਪ੍ਰੀਤ ਬਰਾੜ ਨੇ ਦੱਸਿਆ ਕਿ ਉਹ ਸਕੂਲ ਸਮੇਂ ਤੋਂ ਹੀ ਥੀਏਟਰ ਨਾਲ ਜੁੜ ਗਿਆ ਸੀ। ਫ਼ਿਰੋਜਪੁਰ ਕਾਲਜ ਪੜ੍ਹਦਿਆਂ ਉਸਨੇ ਅਨੇਕਾਂ ਨਾਟਕ ਲਿਖੇ ਤੇ ਖੇਡੇ। ਫਿਰ ਉਸਦਾ ਇਹੋ ਸ਼ੌਂਕ ਉਸਨੂੰ ਚੰਡੀਗੜ੍ਹ ਲੈ ਆਇਆ ਤੇ ਹੌਲੀ ਹੌਲੀ ਉਹ ਫ਼ਿਲਮੀ ਖੇਤਰ ਨਾਲ ਜੁੜ ਗਿਆ। ਇਸ ਦੌਰਾਨ ਨਿਰਦੇਸ਼ਕ ਸ਼ਿਤਿਜ ਚੌਧਰੀ ਨਾਲ ਪਹਿਲੀ ਫ਼ਿਲਮ ‘ਜੱਟਸ ਇਨ ਗੋਲ ਮਾਲ’ ਕੀਤੀ। ਫਿਰ ਅਮਿਤੋਜ ਮਾਨ ਨਾਲ ‘ਹਾਣੀ’ ਕੀਤੀ।‘ਮਿਸਟਰ ਐਂਡ ਮਿਸਿਜ਼ 420’ ਕੀਤੀ। ਮਨਜੀਤ ਮਾਨ-ਗੁਰਦਾਸ ਮਾਨ ਨਾਲ ‘ਦਿਲ ਵਿਲ ਪਿਆਰ ਵਿਆਰ’, ਫਿਰ ਸਵ. ਗੁਰਚਰਨ ਵਿਰਕ ਨਾਲ ‘ਤੂਫਾਨ ਸਿੰਘ’ ਕੀਤੀ। ਤਕਰੀਬਨ 18-20 ਫਿਲਮਾਂ ਐਸੋਸੀਏਟ ਕਰ ਚੁੱਕੇ ਮਨਪ੍ਰੀਤ ਬਰਾੜ ਨੇ ਬਤੌਰ ਨਿਰਦੇਸ਼ਕ ‘ਪੰਦਰਾਂ ਲੱਖ ਕਦੋਂ ਆਓਗਾ’ ਵੀ ਕੀਤੀ ਜਿਸਨੂੰ ਦਰਸ਼ਕਾਂ ਪਸੰਦ ਕੀਤਾ। ਇਸ ਤੋਂ ਇਲਾਵਾਂ ‘ਦਾਸਤਾਨ ਏ ਸਰਹੰਦ’ ਧਾਰਮਿਕ ਫਿਲਮ ਵੀ ਰਿਲੀਂਜ਼ ਲਈ ਤਿਆਰ ਹੈ। ਨਵੇਂ ਸਾਲ ਦੇ ਸੁਰੂ ਵਿੱਚ 7 ਦਸੰਬਰ ਨੂੰ ਰਿਲੀਂਜ਼ ਹੋ ਰਹੀ ਫਿਲਮ ਹੇਟਰਜ਼ ਬਾਰੇ ਉਸਦਾ ਕਹਿਣਾ ਹੈ ਕਿ ਇਹ ਫਿਲਮ ਅੱਜ ਦੇ ਸਮੇਂ ਦੀਆਂ ਯਾਰੀਆਂ-ਦੋਸਤੀਆਂ ਦੀ ਕਹਾਣੀ ਹੈ ਜੋ ਮਨੋਰੰਜਨ ਦੇ ਨਾਲ ਨਾਲ ਨੌਜਵਾਨਾਂ ਨੂੰ ਸਮਾਜ ਪ੍ਰਤੀ ਉਨ੍ਹਾਂ ਦੇ ਫ਼ਰਜਾਂ ਤੋਂ ਵੀ ਜਾਣੂ ਕਰਾਉਂਦੀ ਹੈ। ਰੰਜੀਵ ਸਿੰਗਲਾ ਪ੍ਰੋਡਕਸ਼ਨ ਦੀ ਇਸ ਫ਼ਿਲਮ ‘ਚ ਪੁਖਰਾਜ ਭੱਲਾ, ਪ੍ਰਭ ਗਰੇਵਾਲ, ਅੰਮ੍ਰਿਤ ਅੰਬੇ, ਲੱਕੀ ਧਾਲੀਵਾਲ, ਕਰਮ ਕੌਰ, ਮਲਕੀਤ ਰੌਣੀ, ਸ਼ੀਮਾ ਕੌਸ਼ਲ, ਜਗਦੀਪ ਰੰਧਾਵਾ, ਹਰਸਿਮਰਤ ਅੱਤਲੀ, ਲਵ ਗਿੱਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜੱਗੀ ਸਿੰਘ ਨੇ ਦਿੱਤਾ ਹੈ।
ਸੁਰਜੀਤ ਜੱਸਲ