Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Article

ਯਾਦਾਂ ਬੀਤੇ ਵਕਤ ਦੀਆਂ----

January 05, 2022 12:14 AM
ਯਾਦਾਂ ਬੀਤੇ ਵਕਤ ਦੀਆਂ----
 
(ਜਦੋਂ ਅੜੀ ਪੁਗਾ ਕੇ ਨਾਨੇ ਨਾਲ ਨਾਨਕੀਂ ਗਿਆ)
 
 
ਦੋਸਤੋ ਸਮਾਂ ਬੜਾ ਬਲਵਾਨ ਹੈ ਇਹ ਆਪਣੇ ਚਾਲੇ ਚੱਲਦਾ ਰਹਿੰਦਾ ਹੈ,ਜੋ ਇਨਸਾਨ ਇਸ ਦੇ ਨਾਲ ਢਲ ਗਿਆ ਭਾਵ ਸਮੇਂ ਦੇ ਹਾਣ ਦਾ ਹੋ ਕੇ ਵਿਚਰਦਾ ਹੈ ਓਹ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਲੈਂਦਾ ਹੈ।ਪਰ ਕਦੇ ਕਦੇ ਓਹ ਪੁਰਾਤਨ ਯਾਦਾਂ ਬੜੀਆਂ ਦਿਲ ਨੂੰ ਟੁੰਬਦੀਆਂ ਨੇ ਤੇ ਆਪ ਮੁਹਾਰੇ ਯਾਦ ਆ ਜਾਂਦੀਆਂ ਨੇ।ਇਹ ਬਿਲਕੁਲ ਹਕੀਕਤ ਹੈ ਕਿ ਓਹ ਬੀਤੇ ਵਕਤ ਕਦੇ ਵੀ ਵਾਪਸ ਤਾਂ ਨਹੀਂ ਆਉਂਦੇ, ਹਾਂ ਜਦੋਂ ਇਨਸਾਨ ਓਨਾਂ ਸਮਿਆਂ ਨੂੰ ਯਾਦ ਕਰਦਾ ਹੈ ਤਾਂ  ਸਰੀਰ ਦੇ ਵਿੱਚ ਝੁਣਝਣੀ ਜਿਹੀ ਜ਼ਰੂਰ ਛਿੜਦੀ ਹੈ,ਕਿ ਸਾਡੇ ਪੁਰਖੇ ਇਹੋ ਜਿਹੇ ਸਮਿਆਂ ਵਿਚੋਂ ਹੋ ਗੁਜਰੇ ਹਨ,ਜਿਸ ਦੀਆਂ ਯਾਦਾਂ ਵੀ ਸਾਨੂੰ ਅੱਜ ਭੁਲਦੀਆਂ ਜਾਂਦੀਆਂ ਹਨ।
        ਰਾਤੀਂ ਸੁਪਨੇ ਦੇ ਵਿੱਚ ਹੀ ਮੈਨੂੰ ਇਹ ਗੱਲ ਯਾਦ ਆਈ ਸੀ ਤੇ ਓਹੋ ਹੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ।ਕਰੀਬ ਪੰਜਾਹ/ਪਚਵੰਜਾ ਕੁ ਸਾਲ ਪਹਿਲਾਂ ਦੀ ਗੱਲ ਹੈ, ਓਦੋਂ ਮੇਰੀ ਉਮਰ ਕਰੀਬ ਦਸ ਬਾਰਾਂ ਸਾਲ ਦੀ ਹੀ ਹੋਵੇਗੀ। ਯਾਤਾਯਾਤ ਦੇ ਸਾਧਨ ਬਹੁਤ ਹੀ ਸੀਮਤ ਸਨ, ਸਾਈਕਲ, ਬਲਦਾਂ ਵਾਲੇ ਗੱਡੇ ਜਾਂ ਊਠਾਂ ਵਾਲੀ ਉੱਠ ਗੱਡੀ, ਬਹੁਤ ਘੱਟ ਬੱਸਾਂ ਅਤੇ ਰੇਲਵੇ ਦੇ ਟਾਈਮ ਹੁੰਦੇ ਸਨ ਜ਼ਿਆਦਾ ਤਰ ਆਉਣ ਜਾਣ ਨੂੰ। ਬਹੁਤ ਬਹੁਤ ਦੂਰ ਤੱਕ ਤਾਂ ਪੈਦਲ ਹੀ ਤੁਰ ਕੇ ਜਾਂਦੇ ਰਹੇ ਹਨ ਸਾਡੇ ਪੁਰਖੇ।ਕੰਧ ਘੜੀਆਂ ਅਤੇ ਹੱਥ ਘੜੀਆਂ ਦਾ ਵੀ ਜ਼ਿਆਦਾ ਪਸਾਰਾ ਨਹੀਂ ਸੀ,ਧੁੱਪ ਦੇ ਢਲਦੇ ਪਰਛਾਵੇਂ ਵੇਖ ਕੇ ਹੀ ਸਮੇਂ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ ਔਰ ਹੈਰਾਨੀ ਦੀ ਗੱਲ ਹੈ ਕਿ ਬਿਲਕੁਲ ਸਹੀ ਸਮਾਂ ਸਾਰਣੀ ਦੱਸ ਦਿੰਦੇ ਸਨ ਸਾਡੇ ਵੱਡ ਵਡੇਰੇ ਭਾਵ ਸਾਡੇ ਪੁਰਖੇ।
            ਸਾਡੇ ਪਿੰਡ ਦੱਦਾਹੂਰ ਤੋਂ ਚਾਰ ਪੰਜ ਕੋਹ ਸੀ ਸਾਨੂੰ ਲੱਗਦਾ ਰੇਲਵੇ ਸਟੇਸ਼ਨ ਡਗਰੂ।ਜੋ ਲੁਧਿਆਣਾ ਫ਼ਿਰੋਜ਼ਪੁਰ ਰੇਲਵੇ ਟਰੈਕ ਤੇ ਮੋਗਾ ਤੋਂ ਕੋਈ ਦਸ ਬਾਰਾਂ ਕਿਲੋਮੀਟਰ ਫਿਰੋਜ਼ਪੁਰ ਦੀ ਤਰਫ਼ ਹੈ। ਦੱਦਾਹੂਰ ਤੋਂ ਡਰੋਲੀ ਭਾਈ ਹੁੰਦੇ ਹੋਏ ਅਸੀਂ ਸਟੇਸ਼ਨ ਤੇ ਪਹੁੰਚਦੇ ਸਾਂ। ਟਾਵਾਂ ਟੱਲਾ ਟਾਂਗਾ, ਸਾਈਕਲ ਤੇ ਜਾਂ ਫਿਰ ਪੈਦਲ ਹੀ ਜਾਂਦੇ ਸਾਂ। ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਨਾਨਾ ਜੀ ਸੰਤ ਰਾਮ (ਪਿੰਡ ਸੁੱਖਣਵਾਲਾ) ਤੋਂ ਆਪਣੀ ਬੇਟੀ ਭਾਵ ਮੇਰੀ ਮਾਤਾ ਜੀ ਮਿਲਣ ਆਏ ਤੇ ਮੈ ਇਕੱਲਾ ਕਰਕੇ ਕਹਿ ਲਓ ਜਾਂ ਇੱਕੋ ਇੱਕ ਲਾਡਲਾ ਕਰਕੇ ਕਹਿ ਲਓ,ਰਿਹਾੜ ਪੈ ਗਿਆ ਕਿ ਮੈਂ ਤਾਂ ਨਾਨਕੀਂ ਜਾਣਾ ਹੀ ਜਾਣੈਂ।ਅੜੀ ਵੀ ਪੁਗਦੀ ਸੀ ਕਿਉਂ ਕਿ ਇਕੱਲਾ ਕਰਕੇ ਪਿਆਰ ਕਰਦੇ ਸਨ ਸਾਰੇ।ਸੋ ਮੇਰੀ ਅੜੀ ਕਰਕੇ ਸਾਰੇ ਹੀ ਢਿੱਲੇ ਪੈ ਗੲੇ ਭਾਵ ਨਾਨਾ ਜੀ ਮੈਨੂੰ ਪੈਦਲ ਤੋਰ ਕੇ ਲੈ ਤੁਰੇ ਡਗਰੂ ਰੇਲਵੇ ਸਟੇਸ਼ਨ ਵੱਲ, ਤੇ ਅਸੀਂ ਗੱਡੀ ਆਉਣ ਤੋਂ ਪੰਦਰਾ ਮਿੰਟ ਪਹਿਲਾਂ ਹੀ ਸਟੇਸ਼ਨ ਤੇ ਪਹੁੰਚ ਗਏ,ਨਾਨੇ ਨੇ ਆਪਣੀ ਇੱਕ ਟਿਕਟ ਖਰੀਦੀ,ਪੱਕਾ ਤਾਂ ਯਾਦ ਨਹੀਂ ਚੁਆਨੀ ਲੱਗਦੀ ਸੀ ਸ਼ਾਇਦ ਓਦੋਂ ਡਗਰੂ ਤੋਂ ਤਲਵੰਡੀ ਭਾਈ ਦੀ,ਗੱਡੀ ਆਈ ਮੈਂ ਪਹਿਲੀ ਵਾਰ ਗੱਡੀ ਵਿੱਚ ਚੜਿਆ ਸਾਂ,ਇਲਤੀ ਵੀ ਬਹੁਤ ਸਾਂ। ਬੇਸ਼ੱਕ ਅੱਧੇ ਕੁ ਘੰਟੇ ਵਿੱਚ ਹੀ ਅਸੀ ਤਲਵੰਡੀ ਭਾਈ ਪਹੁੰਚ ਗਏ ਤੇ ਮੈਨੂੰ ਗੱਡੀ ਚੋਂ ਨਾਨੇ ਨੇ ਮਸਾਂ ਖਿੱਚ ਧੂਹ ਕੇ ਹੀ ਉਤਿਰਿਆ ਸੀ,ਭਾਵ ਮੈਂ ਹਾਲੇ ਗੱਡੀ ਦੇ ਹੋਰ ਝੂਟੇ ਲੈਣੇ ਚਾਹੁੰਦਾ ਸਾ। ਓਥੋਂ ਨਾਨੇ ਨੇ ਤਲਵੰਡੀ ਭਾਈ ਆਪਣੀ ਭੈਣ ਮਤਲਬ ਮੇਰੀ ਮਾਤਾ ਦੀ ਭੂਆ ਜੀ ਕੋਲ ਇੱਕ ਦੋ ਦਿਨ ਰਹਿਕੇ ਹੀ ਫਰੀਦਕੋਟ ਤੋਂ ਹੁੰਦੇ ਹੋਏ ਸੁੱਖਣਵਾਲਾ ਜਾਣਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਓਨਾਂ ਸਮਿਆਂ ਵਿੱਚ ਫਰੀਦਕੋਟ ਨੂੰ ਜ਼ਿਆਦਾ ਤਰ ਲੋਕ ਸ਼ਹਿਰ ਹੀ ਕਹਿੰਦੇ ਸਨ ਭਾਵ ਫਰੀਦਕੋਟ ਬਹੁਤ ਘੱਟ ਕਿਹਾ ਜਾਂਦਾ ਸੀ। ਮੈਂ ਚਾਈਂ ਚਾਈਂ ਨਾਨਾ ਜੀ ਤੋਂ ਅੱਗੇ ਭੱਜਿਆ ਜਾ ਰਿਹਾ ਸਾਂ। ਮੇਰੇ ਖਿਆਲ ਅਨੁਸਾਰ ਨਾਨਾ ਜੀ ਦੀ ਉਮਰ ਓਦੋਂ ਪੰਜਾਹ ਸਾਲ ਦੇ ਨੇੜ ਤੇੜ ਹੋਵੇਗੀ ਤੇ ਮੇਰੀ ਬਾਰਾਂ ਕੁ ਸਾਲ।ਡਰੋਲੀ ਭਾਈ ਲੰਘ ਕੇ ਇੱਕ ਕੱਸੀ ਭਾਵ (ਸੂਆ ਕਹਿ ਲਈਏ ਜਾਂ ਫਿਰ ਛੋਟੀ ਨਹਿਰ)ਆਉਂਦੀ ਹੈ, ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਓਥੇ ਜਾ ਕੇ ਨਾਨੇ ਨੇ ਕਿਸੇ ਨੂੰ ਪੁੱਛਿਆ ਕਿ ਵੀਰੇ,ਤਲਵੰਡੀ ਭਾਈ ਨੂੰ ਜਾਣ ਵਾਲੀ ਰੇਲ ਡਗਰੂ ਸਟੇਸ਼ਨ ਤੇ ਆਉਣ ਵਿੱਚ ਹਾਲੇ ਕਿੰਨਾ ਕੁ ਸਮਾਂ ਹੈ?ਓਸ ਬਾਈ ਨੇ ਕਿਹਾ ਕਿ ਹਾਲੇ ਬਹੁਤ ਸਮਾਂ ਹੈ ਆਰਾਮ ਨਾਲ ਜਾਓ ਤੁਸੀਂ ਚੜ੍ਹ ਜਾਓਗੇ।ਪਰ ਨਾਨਾ ਜੀ ਨੇ ਮੈਨੂੰ ਕਿਹਾ ਜੀ ਕਿ ਆਜਾ ਆਜਾ ਪੁੱਤ ਆਪਾਂ ਪੈਰ ਛੇਤੀ ਛੇਤੀ ਪੁਟਦੇ ਜਾਈਏ ਕਿਤੇ ਹੌਲੀ ਤੁਰਨ ਨਾਲ ਗੱਡੀ ਨਾ ਲੰਘਾ ਲਈਏ। ਮੈਂ ਛੂਟ ਘੱਤ ਲਈ ਸੀ ਤੇ ਨਾਨਾ ਮੈਥੋਂ ਬਹੁਤ ਪਿੱਛੇ ਰਹਿ ਗਿਆ ਸੀ,ਓਹ ਇਸ ਗੱਲੋਂ ਵੀ ਡਰਦਾ ਸੀ ਕਿ ਬੱਚਾ ਚਾਅ ਚਾਅ ਵਿੱਚ ਡਿੱਗ ਕੇ ਦੰਦ ਹੀ ਨਾ ਤੁੜਵਾ ਲਵੇ,ਇਹ ਸੱਭ ਮੈਨੂੰ ਅੱਜ ਵੀ ਯਾਦ ਹੈ ਤੇ ਓਹ ਸਾਰਾ ਸੀਨ ਜਿਉਂ ਦੀ ਤਿਉਂ ਮੇਰੀ ਅੱਖਾਂ ਸਾਹਮਣੇ ਘੁੰਮ ਰਿਹਾ ਹੈ। ਕਿਸੇ ਕਿਸਮ ਦੇ ਥਕੇਵੇਂ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ, ਥਕੇਵਾਂ ਤਾਂ ਹੁਣ ਅਠਾਹਠ ਸਾਲ ਦੀ ਉਮਰ ਵਿੱਚ ਆ ਕੇ ਪਤਾ ਲੱਗਦਾ ਹੈ ਕਿ ਥਕੇਵਾਂ ਕਿਸ ਨੂੰ ਕਹਿੰਦੇ ਨੇ। ਓਹਨਾਂ ਸਮਿਆਂ ਵਿੱਚ ਸਾਡੇ ਪੁਰਖੇ ਜੋ ਖੁਰਾਕਾਂ ਖਾਂਦੇ ਰਹੇ ਹਨ ਓਹ ਸੀ ਵੀ ਤਾਂ ਖਾਲਸ ਭਾਵ ਔਰਗੈਨਿਕ, ਤੇ ਹੁਣ ਸੱਭ ਕੁੱਝ ਹੀ ਆਪਾਂ ਮਿਲਾਵਟੀ ਖਾ ਰਹੇ ਹਾਂ, ਜੇਕਰ ਕਹਿ ਲਈਏ ਕਿ ਨਿਰਾ ਜ਼ਹਿਰ ਖਾ ਰਹੇ ਹਾਂ ਤਾਂ ਬਿਲਕੁਲ ਕੋਈ ਅਤਿਕਥਨੀ ਨਹੀਂ ਹੋਵੇਗੀ।
              ਸੋ ਦੋਸਤੋ ਗੱਲ ਸਮੇਂ ਸਮੇਂ ਦੀ ਹੁੰਦੀ ਹੈ ਜੇਕਰ ਨਾਲ ਦੇ ਘਰ ਹੀ ਆਪਾਂ ਅੱਜ ਆਪਣੇ ਕਿਸੇ ਬੱਚੇ ਨੂੰ ਕੁਝ ਲੈਣ ਜਾਂ ਕੋਈ ਸੁਨੇਹਾ ਦੇਣ ਭੇਜਦੇ ਹਾਂ ਤਾਂ ਅਜੋਕੀ ਪੀੜ੍ਹੀ ਨੂੰ ਬਾਈਕ ਦੀ ਲੋੜ ਪੈਂਦੀ ਹੈ,ਕਿੰਨੀ ਸੋਹਲ ਹੋ ਚੁੱਕੀ ਹੈ ਸਾਡੀ ਅਜੋਕੀ ਨੌਜਵਾਨ ਪੀੜ੍ਹੀ।ਓਹ ਸਮਿਆਂ ਵਿੱਚ ਤੇ ਅਜੋਕੇ ਸਮਿਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਚੁੱਕਾ ਹੈ। ਅਸੀਂ ਬਾਈਵੀਂ ਸਦੀ ਵਿੱਚ ਪੈਰ ਰੱਖ ਲਿਆ ਹੈ ਬਹੁਤ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਰਹੇ ਹਾਂ। ਬਿਲਕੁਲ ਛੋਹਣਾ ਚਾਹੀਦਾ ਹੈ, ਆਪਾਂ ਸਾਰਿਆਂ ਨੂੰ ਸਮੇਂ ਦੇ ਹਾਣੀ ਬਨਣਾ ਪਵੇਗਾ,ਇਹ ਕੋਈ ਦੋ ਰਾਇ ਨਹੀਂ,ਪਰ ਸਾਡੇ ਵੱਡ ਵਡੇਰੇ ਭਾਵ ਸਾਡੇ ਪੁਰਖੇ ਕਿਵੇਂ ਰਹਿੰਦੇ ਰਹੇ ਹਨ,ਕੀ ਓਹਨਾਂ ਦੇ ਕਾਰ ਵਿਹਾਰ ਰਹਿਣੀ ਬਹਿਣੀ ਖਾਣ ਪੀਣ,ਰਸਮ ਰਿਵਾਜ ਭਰਾਵੀਂ ਪਿਆਰ ਮੁਹੱਬਤ ਭਾਈਚਾਰਾ ਕਿੰਨਾ ਕੁ ਸੀ,ਉਸ ਨੂੰ ਭੁੱਲ ਜਾਣਾ ਵੀ ਸਾਡੀ ਬਹੁਤ ਵੱਡੀ ਭੁੱਲ ਹੋਵੇਗੀ, ਕਾਸ਼ ਕਿਤੇ ਓਹ ਵਕਤ ਵਾਪਸ ਆ ਜਾਣ,ਪਰ ਇਹ ਹੋ ਹੀ ਨਹੀਂ ਸਕਦਾ ਇਹ ਗੱਲਾਂ ਸਿਰਫ ਯਾਦਾਂ ਬਣਕੇ ਜਿਹਨ ਦੇ ਵਿੱਚ ਘੁੰਮਦੀਆਂ ਹਨ ਅਤੇ ਘੁੰਮਦੀਆਂ ਹੀ ਰਹਿਣਗੀਆਂ।ਇਹ ਓਸ ਸਮੇਂ ਦੀ ਗੱਲ ਨੇ ਮੈਨੂੰ ਸੁਪਨੇ ਵਿੱਚ ਝੰਜੋੜਿਆ ਕਰਕੇ ਹੀ ਅੱਜ ਓਸ ਸਮੇਂ ਦੀ ਇਹ ਇੱਕ ਯਾਦ ਆਪ ਸੱਭ ਦੋਸਤਾਂ ਨਾਲ ਸਾਂਝੀ ਕਰਨ ਨੂੰ ਦਿਲ ਕੀਤਾ।ਪਰ ਇਹ ਗੱਲਾਂ ਕੲੀ ਦੋਸਤਾਂ ਮਿੱਤਰਾਂ ਨੂੰ ਹੋ ਸਕਦਾ ਹੈ ਚੰਗੀਆਂ ਨਾ ਵੀ ਲੱਗਦੀਆਂ ਹੋਣ,ਪਰ ਮੈਂ ਦਿਲ ਵਿੱਚ ਰੱਖ ਵੀ ਨਹੀਂ ਸਕਦਾ,ਇਸ ਲਈ ਵਿਰਸੇ ਦੀਆਂ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿੰਦਾ ਹਾਂ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment