ਅੰਮ੍ਰਿਤਸਰ, 7 ਨਵੰਬਰ: ਅੰਮ੍ਰਿਤਸਰ ਦੇ ਮਜੀਠਾ ਹਲਕੇ 'ਚ ਵੀਰਵਾਰ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਖਵਿੰਦਰ ਸਿੰਘ ਉਰਫ ਮੁੱਖਾ 'ਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਆਗੂ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਅਨੁਸਾਰ, ਇਹ ਘਟਨਾ ਸਵੇਰੇ ਲਗਭਗ 7 ਵਜੇ ਅੱਡਾ ਥਰੀਏਵਾਲ ਚੌਂਕ 'ਤੇ ਵਾਪਰੀ, ਜਦੋਂ ਮਖਵਿੰਦਰ ਸਿੰਘ ਆਪਣੀ ਭਤੀਜੀ ਪਵਨਦੀਪ ਕੌਰ ਨੂੰ ਕਾਲਜ ਜਾਣ ਲਈ ਬੱਸ 'ਤੇ ਚੜਾਉਣ ਆਇਆ ਸੀ। ਜਿਵੇਂ ਹੀ ਬੱਸ ਚਲੀ, ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ 'ਤੇ ਲਗਾਤਾਰ 9 ਰੌਂਦ ਫਾਇਰ ਕੀਤੇ। 5 ਗੋਲੀਆਂ ਲੱਗਣ ਕਾਰਨ ਮੁੱਖਾ ਥਾਂ ਤੇ ਹੀ ਡਿੱਗ ਪਿਆ।
ਸਥਾਨਕ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ।
ਮਖਵਿੰਦਰ ਸਿੰਘ, ਪਿੰਡ ਮਰੜੀ ਖੁਰਦ ਦਾ ਰਹਿਣ ਵਾਲਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਕਰੀਬੀ ਮੰਨਿਆ ਜਾਂਦਾ ਹੈ। ਸੂਤਰਾਂ ਅਨੁਸਾਰ, ਹਮਲੇ ਦੇ ਪਿੱਛੇ ਸਿਆਸੀ ਰੰਜਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਦਿਹਾਤੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਡੀ.ਐਸ.ਪੀ. ਇੰਦਰਜੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ। “ਅਸੀਂ ਕੁਝ ਮਹੱਤਵਪੂਰਨ ਸੁਰਾਗ ਪ੍ਰਾਪਤ ਕੀਤੇ ਹਨ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ,” ਉਨ੍ਹਾਂ ਕਿਹਾ।
ਪੁਲਿਸ ਨੇ ਮਾਮਲੇ ਨੂੰ ਰਾਜਨੀਤਿਕ ਅਤੇ ਨਿੱਜੀ ਦੋਹਾਂ ਪੱਖਾਂ ਤੋਂ ਜਾਂਚ ਹੇਠ ਲਿਆ ਹੈ।