Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Article

ਹਿੰਦੀ ਵਿਅੰਗ - ਨਵੇਂ ਸਾਲ ਦੇ ਨਵੇਂ ਸਿਤਾਰੇ...

January 01, 2022 01:42 AM
ਹਿੰਦੀ ਵਿਅੰਗ 
 
ਨਵੇਂ ਸਾਲ ਦੇ ਨਵੇਂ ਸਿਤਾਰੇ... 
""""""""""""""""""""""""""""""
 
 
    ਪਿਛਲੇ ਦਿਨੀਂ ਜਦੋਂ ਮੈਂ ਫੱਕਰ ਬਜ਼ਾਰ ਵਿੱਚ ਸਮਾਂ ਬਿਤਾਉਣ ਲਈ ਫੱਕਰਾਂ ਵਾਂਗ ਘੁੰਮ ਰਿਹਾ ਸਾਂ, ਤਾਂ ਮੈਨੂੰ ਇਕ ਫੁਟਪਾਥ ਤੇ ਇਕ ਕਬਾੜੀਆ ਪੁਰਾਣੀਆਂ ਕਿਤਾਬਾਂ ਦੀ ਦੁਕਾਨ ਲਾਈ ਬੈਠਾ ਨਜ਼ਰ ਆਇਆ। 'ਛਲਕਦੀ ਜਵਾਨੀ' ਅਤੇ 'ਚਾਲ ਮਸਤਾਨੀ' ਵਰਗੇ ਦਿਲ-ਖਿੱਚਵੇਂ ਸਿਰਲੇਖਾਂ ਨੂੰ ਵੇਖ ਕੇ ਮੇਰੇ ਕਦਮ ਜੋ ਉਥੇ ਰੁਕੇ ਤਾਂ ਫਿਰ ਅੰਗਦ ਦੇ ਪੈਰ ਵਾਂਗ ਉੱਥੇ ਹੀ ਜੰਮ ਗਏ। ਕਾਰਨ ਸੀ ਕਿਤਾਬਾਂ ਦੇ ਢੇਰ ਵਿੱਚ ਪਿਆ ਇੱਕ ਵੱਡਾ ਸਾਰਾ ਪੋਥਾ ਜਿਸ ਦਾ ਸਿਰਲੇਖ ਸੀ- 'ਅਗਲੇ ਵੀਹ ਸਾਲਾਂ ਦਾ ਰਾਸ਼ੀਫਲ'। ਪੋਥਾ ਚੁੱਕ ਕੇ ਵੇਖਿਆ ਤਾਂ ਉਸ ਵਿੱਚ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਤੱਕ ਦਾ ਰਾਸ਼ੀਫਲ ਵੀ ਦਿੱਤਾ ਹੋਇਆ ਸੀ। ਚਾਵੜੀ ਬਾਜ਼ਾਰ ਮਾਰਕਾ ਕਿਸੇ ਪ੍ਰਕਾਸ਼ਕ ਦੇ ਛਾਪੇ ਹੋਏ ਇਸ ਪੋਥੇ ਦੀ ਕੀਮਤ ਵੀ ਕਿਉਂਕਿ ਕੋਈ ਜ਼ਿਆਦਾ ਨਹੀਂ ਸੀ ਅਤੇ ਉਸ ਵਿੱਚ  ਦਿੱਤਾ ਗਿਆ ਰਾਸ਼ੀਫਲ ਕਿਉਂਕਿ ਮੇਰੇ ਦਿਲ ਨੂੰ ਜਚ ਗਿਆ ਸੋ ਮੈਂ ਉਹ ਪੋਥਾ ਖ਼ਰੀਦ ਲਿਆ। ਆਪਣੇ ਸ਼ੁਭਚਿੰਤਕਾਂ ਨਾਲ ਮੈਂ ਉਨ੍ਹਾਂ ਭਵਿੱਖਬਾਣੀਆਂ ਨੂੰ ਸਾਂਝਾ ਕਰ ਰਿਹਾ ਹਾਂ, ਤਾਂ ਕਿ ਜੋਤਸ਼ੀ ਚੌਪਟਾ ਨੰਦ ਲਿਖਤ ਇਨ੍ਹਾਂ ਭਵਿੱਖਬਾਣੀਆਂ ਤੋਂ ਉਹ ਵੀ ਘਨਘੋਰ ਲਾਭ ਉਠਾ ਸਕਣ...
 
~ ਮੇਸ਼ : ਗ੍ਰਹਿ ਚਾਲ ਮੁਤਾਬਕ ਸਿਤਾਰਾ ਆਮਦਨ ਵਾਲਾ ਹੈ। ਜੇ ਤੁਸੀਂ ਉੱਚ-ਅਫ਼ਸਰ ਹੋ ਤਾਂ ਮੇਜ਼ ਦੇ ਹੇਠੋਂ ਭਾਰੀ ਰਕਮ ਮਿਲਣ ਦੀ ਸੰਭਾਵਨਾ ਹੈ। ਨੋਟ ਪਾਉਣ ਲਈ ਬੋਰਾ ਸਿਲਾ ਕੇ ਰੱਖੋ। ਵਿਜ਼ੀਲੈਂਸ ਜਾਂ ਇਨਕਮ ਟੈਕਸ ਵਾਲਿਆਂ ਦੀ ਪ੍ਰਵਾਹ ਨਾ ਕਰੋ। ਉਨ੍ਹਾਂ ਦੀ ਜ਼ੁਬਾਨਬੰਦੀ ਲਈ ਨੋਟਾਂ ਦਾ ਇੱਕ ਥੈਲਾ ਹੀ ਕਾਫ਼ੀ ਹੋਵੇਗਾ। ਸਿਤਾਰੇ ਇਸ ਸਾਲ ਸਿਰ ਚੜ੍ਹ ਕੇ ਬੋਲਣਗੇ। ਪਤਨੀ ਦੀਆਂ ਪਿਛਲੇ ਸਾਲਾਂ ਤੋਂ ਲਟਕੀਆਂ ਆ ਰਹੀਆਂ ਫ਼ਰਮਾਇਸ਼ਾਂ ਪੂਰੀਆਂ ਕਰਨ ਦਾ ਚੰਗਾ ਮੌਕਾ ਹੈ। ਇਸ ਸਾਲ ਮਿਲਣ ਵਾਲਾ ਧਨ ਘਰਵਾਲੀ ਦੇ ਗਹਿਣੇ ਬਣਾਉਣ ਵਿੱਚ ਲਗਾ ਦਿਓ। ਸ਼ਰਾਬ ਦੇ ਠੇਕੇਦਾਰਾਂ ਲਈ ਵੀ ਇਹ ਗ੍ਰਹਿ ਉੱਤਮ ਹੈ। ਕੈਪਸੂਲਾਂ ਵਾਲੀ ਮਿਲਾਵਟੀ ਸ਼ਰਾਬ ਵੇਚਣ ਤੇ ਫੜੇ ਜਾਣ ਦਾ ਕੋਈ ਡਰ ਨਹੀਂ। ਪਰ ਧਿਆਨ ਰੱਖੋ ਕਿ ਸ਼ਰਾਬ ਵਿਚ ਵਧੇਰੇ ਕੈਪਸੂਲ ਮਿਲਾਉਣ ਨਾਲ ਕੋਈ ਮੌਤ ਨਾ ਹੋ ਜਾਵੇ।
~ ਵ੍ਰਿਸ਼ : ਵ੍ਰਿਸ਼ ਦਾ ਪਹਿਲਾਂ ਅੱਧ ਨੌਕਰੀਪੇਸ਼ਾ ਔਰਤਾਂ ਲਈ ਖਾਸ ਲਾਭਕਾਰੀ ਹੈ। ਅਧਿਆਪਕਾਵਾਂ ਬੇਖੌਫ਼ ਹੋ ਕੇ ਆਪਣੀ ਡਿਊਟੀ ਦੌਰਾਨ ਬੱਚਿਆਂ ਨੂੰ ਪੜ੍ਹਾਉਣ ਦੀ ਥਾਂ ਤੇ ਧੁੱਪ ਸੇਕਦੇ ਹੋਏ ਮੇਜ਼ ਤੇ ਲੱਤਾਂ ਫੈਲਾ ਕੇ ਸਵੈਟਰ ਬਣ ਸਕਦੀਆਂ ਹਨ, ਘਰ ਦੇ ਦੂਜੇ ਕੰਮ ਕਰ ਸਕਦੀਆਂ ਹਨ। ਰੇਡ ਹੋਣ ਤੇ ਅਫਸਰ ਦੇ ਘਰ ਜਾ ਕੇ ਉਹਦੀ ਘਰਵਾਲੀ ਨੂੰ ਨਵੇਂ ਦੇ ਨਾਮ ਤੇ ਸਵੈਟਰ ਦਾ ਕੋਈ ਉਲਟਾ-ਸਿੱਧਾ ਡਿਜ਼ਾਈਨ ਦੱਸ ਦਿਓ, ਮਾਮਲਾ ਰਫ਼ਾ-ਦਫ਼ਾ ਹੋ ਜਾਵੇਗਾ। ਪ੍ਰੀਖਿਆਵਾਂ ਦੇ ਸੀਜ਼ਨ ਵਿਚ ਟਿਊਸ਼ਨਾਂ ਤੇ ਜ਼ੋਰ ਰੱਖੋ, ਪਰ ਹੈੱਡਮਾਸਟਰ ਜਾਂ ਹੈੱਡਮਾਸਟਰਨੀ ਜੀ ਦੇ ਘਰ ਜਾ ਕੇ ਉਨ੍ਹਾਂ ਦਾ ਹਿੱਸਾ ਦੇਣਾ ਨਾ ਭੁੱਲਣਾ। ਸਾਲ ਦਾ ਪਹਿਲਾ ਹਿੱਸਾ ਵਿਦਿਆਰਥੀ-ਵਰਗ ਲਈ ਸ਼ੁਭ ਹੈ। ਮੇਜ਼ ਤੇ ਛੁਰਾ ਰੱਖ ਕੇ ਬੇਖੌਫ ਨਕਲ ਮਾਰੋ, ਕੋਈ ਮਾਈ ਦਾ ਲਾਲ ਤੁਹਾਨੂੰ ਫੜਨ ਲਈ ਹਾਲ ਦੇ ਅੰਦਰ ਨਹੀਂ ਆ ਸਕੇਗਾ।
~ ਮਿਥੁਨ : ਇਸ ਰਾਸ਼ੀ ਦੇ ਲੇਖਕਾਂ ਦੇ ਜਸ਼ਨ ਮਨਾਉਣ ਵਾਲਾ ਸਾਲ ਹੈ। ਹੁਣ ਤਕ ਜੋ ਸੰਪਾਦਕ ਤੁਹਾਨੂੰ ਘਾਹ ਨਹੀਂ ਪਾਉਂਦੇ ਸਨ, ਉਹੀ ਚਿੱਠੀਆਂ ਲਿਖ-ਲਿਖ ਕੇ ਤੁਹਾਥੋਂ ਰਚਨਾਵਾਂ ਮੰਗਣਗੇ। ਹੁਣੇ ਤੋਂ ਪਿਛਲੇ ਸਾਲ ਦੀਆਂ, ਯਾਨੀ ਪੁਰਾਣੀਆਂ ਪੱਤ੍ਰਿਕਾਵਾਂ ਕੱਢ ਕੇ ਰੱਖ ਲਓ, ਤਾਂ ਕਿ ਮੰਗ ਵਧਣ ਤੇ ਰਚਨਾਵਾਂ ਦੀ ਸਪਲਾਈ ਵਿੱਚ ਕੋਈ ਦਿੱਕਤ ਨਾ ਆਵੇ। ਸਾਲ ਦਾ ਪਿਛਲਾ ਅੱਧ ਕਵੀਆਂ ਲਈ ਸਾਵਧਾਨੀ ਵਾਲ਼ਾ ਹੈ। ਕਵੀ ਸੰਮੇਲਨਾਂ ਵਿੱਚ ਹੂਟਿੰਗ ਹੋ ਸਕਦੀ ਹੈ। ਇਸ ਸਥਿਤੀ ਦਾ ਮੁਕਾਬਲਾ ਕਰਨ ਲਈ ਆਪਣੇ ਸ਼ਾਗਿਰਦਾਂ ਜਾਂ ਕਿਰਾਏ ਦੇ ਸਰੋਤਿਆਂ ਨੂੰ ਨਾਲ ਲੈ ਕੇ ਜਾਓ, ਤਾਂ ਕਿ ਉਹ ਇੱਟ ਦਾ ਜਵਾਬ ਪੱਥਰ ਨਾਲ ਦੇ ਸਕਣ।
~ ਕਰਕ : ਜੇ ਤੁਸੀਂ ਸੇਵਾਮੁਕਤ ਰਾਜਨੀਤਕ ਹੋ ਤਾਂ ਇਸ ਸਾਲ ਆਪਣੀ ਔਕਾਤ ਮੁਤਾਬਕ ਕਿਸੇ ਵੀ ਅਹੁਦੇ ਦਾ ਸੁਪਨਾ ਲੈਣਾ ਭੁੱਲ ਜਾਓ ਅਤੇ ਚੁੱਪਚਾਪ ਨਾਰਾਜ਼ ਲੋਕਾਂ ਦੇ ਖੇਮੇ ਵਿੱਚ ਸ਼ਾਮਲ ਹੋ ਕੇ ਆਪਣੀ ਗੋਟੀ ਫਿੱਟ ਕਰਾਓ। ਜੇ ਪਦਵੀ ਵਾਲੇ ਰਾਜਨੀਤਕ ਹੋ ਤਾਂ ਜੋਤਸ਼ੀ ਝੰਡੂ ਪ੍ਰਸ਼ਾਦ ਤੋਂ 'ਅਹੁਦਾ ਬਚਾਊ' ਪਾਠ-ਪੂਜਾ ਕਰਵਾਓ। ਹਾਈ ਕਮਾਨ ਦੇ ਵੱਡੇ ਅਫਸਰਾਂ ਦੇ ਪੈਰਾਂ ਨੂੰ ਧੋ ਕੇ ਉਸ ਪਾਣੀ ਨੂੰ ਪੀਣ ਨਾਲ ਬੁਰੇ ਗ੍ਰਹਿ ਟਲਣਗੇ ਅਤੇ ਤੁਹਾਡੀ ਸਫਲਤਾ ਦੇਖ ਕੇ ਦੁਸ਼ਮਣ ਵੀ ਸੜਨਗੇ। ਸਰਦੀਆਂ ਦੇ ਮੌਸਮ ਵਿੱਚ ਆਪਣੇ ਇਲਾਕੇ ਵਿਚ ਗਰਮ ਕੱਪਡ਼ੇ ਵੰਡੋ, ਗਰਮੀਆਂ ਵਿੱਚ ਝੌਂਪੜ-ਪੱਟੀਆਂ ਵਿੱਚ ਆਈਸਕ੍ਰੀਮ ਦੇ ਲੰਗਰ ਲਾਓ ਅਤੇ ਆਪਣੀ ਡਿੱਗਦੀ ਸ਼ਾਖ਼ ਬਚਾਉਣ ਲਈ ਆਪਣੇ ਵਿਰੋਧੀਆਂ ਦੇ ਖਿਲਾਫ ਅਸ਼ਲੀਲ ਪੋਸਟਰ ਛਪਵਾਓ।
~ਸਿੰਘ : ਇਸ ਰਾਸ਼ੀ-ਚੱਕਰ ਦੇ ਅੱਠਵੇਂ ਘਰ ਵਿੱਚ ਰਾਹੂ ਅਤੇ ਕੇਤੂ ਬੈਠੇ ਹੋਣ ਨਾਲ ਇਹ ਸਾਲ ਪ੍ਰੇਮਕਾਵਾਂ ਲਈ ਸ਼ੁਭ ਹੈ ਪ੍ਰੰਤੂ ਪ੍ਰੇਮੀਆਂ ਲਈ ਮਿਸ਼ਰਤ ਫ਼ਲਦਾਇਕ ਹੈ। ਇਕਪਾਸੜ ਇਸ਼ਕ 'ਚ ਅੰਨ੍ਹੇ ਹੋ ਕੇ ਪ੍ਰੇਮਕਾਵਾਂ ਦੇ ਗਲੀ-ਮੁਹੱਲੇ ਦੇ ਚੱਕਰ ਮਾਰਨ ਨਾਲ ਜੁੱਤੀਆਂ ਵੱਜਣ ਦਾ ਯੋਗ ਹੈ। ਇਸ ਸਾਲ ਵੀ ਪਿਛਲੇ ਸਾਲ ਵਾਂਗ ਪ੍ਰੇਮ-ਕਥਾਵਾਂ ਤੇ ਆਧਾਰਿਤ ਫ਼ਿਲਮਾਂ ਖ਼ੂਬ ਹਿਟ ਹੋਣਗੀਆਂ। ਫਿਲਮ-ਨਿਰਮਾਤਾ ਆਪਣੀਆਂ ਉਨ੍ਹਾਂ ਫ਼ਿਲਮਾਂ ਨੂੰ ਰਿਲੀਜ਼ ਕਰਾਉਣ ਦੇ ਤੁਰੰਤ ਪ੍ਰਬੰਧ ਕਰ ਲੈਣ ਜੋ ਕਈ ਸਾਲਾਂ ਤੋਂ ਡਿਸਟੀਬਿਊਟਰਾਂ ਦੁਆਰਾ ਨਾ ਚੁੱਕੇ ਜਾਣ ਕਰਕੇ ਡੱਬਿਆਂ ਵਿੱਚ ਬੰਦ ਪਈਆਂ ਹਨ। ਕਿਤਾਬਾਂ ਦੇ ਪ੍ਰਕਾਸ਼ਕ ਵਧੀਆ ਪੁਸਤਕਾਂ ਦੀ ਥਾਂ ਤੇ ਲੱਚਰ ਅਤੇ ਫਾਰਮੂਲਾ-ਟਾਈਪ ਪ੍ਰੇਮ-ਕਹਾਣੀਆਂ ਛਾਪਣ। ਤਿਜੌਰੀਆਂ ਭਰਨ ਵਿੱਚ ਸਹਾਇਤਾ ਮਿਲੇਗੀ। ਈਮਾਨਦਾਰ ਲੋਕਾਂ ਨੂੰ ਸ਼ਰ੍ਹੇਆਮ ਜ਼ਲੀਲ ਹੋਣਾ ਪਵੇਗਾ ਅਤੇ ਹਰ ਭਲਾਈ ਦਾ ਬਦਲਾ ਬੁਰਾਈ ਨਾਲ ਮਿਲੇਗਾ।
~ ਕੰਨਿਆ : ਇਸ ਰਾਸ਼ੀ ਦੇ ਪੁਲੀਸ ਅਧਿਕਾਰੀਆਂ ਅਤੇ ਡਿੱਪੂ ਹੋਲਡਰਾਂ ਲਈ ਮੰਗਲਕਾਰੀ ਹੈ। ਪੁਲਿਸ ਵਾਲ਼ੇ ਜਿਸ ਕੇਸ ਵਿੱਚ ਵੀ ਹੱਥ ਪਾਉਣਗੇ, ਜੇਬ੍ਹਾਂ ਨੋਟਾਂ ਨਾਲ ਭਰ ਜਾਣਗੀਆਂ। ਸ਼ਰੀਫ਼ ਲੋਕ ਇਸ ਸਾਲ ਪੁਲਿਸ-ਥਾਣਿਆਂ ਦੇ ਅੱਗਿਓਂ ਨਾ ਲੰਘਣ। ਰਾਸ਼ਨ ਡਿੱਪੂ ਹੋਲਡਰ ਇਸ ਸਾਲ ਵੀ ਮਿੱਟੀ ਦੇ ਤੇਲ ਦੀ ਬਲੈਕ ਕਰਦੇ ਰਹਿਣਗੇ। ਸੁਆਣੀਆਂ ਪਿਛਲੇ ਸਾਲ ਵਾਂਗ ਹੀ ਗੈਸ ਅਤੇ ਦੂਜੀਆਂ ਜ਼ਰੂਰੀ ਲਾਭਕਾਰੀ ਚੀਜ਼ਾਂ ਲਈ ਖਿੱਝਦੀਆਂ- ਖਪਦੀਆਂ ਰਹਿਣਗੀਆਂ, ਜਿਨ੍ਹਾਂ ਦੀ ਪੂਰਤੀ ਸਰਕਾਰ 'ਤੇ ਨਿਰਭਰ ਹੈ। ਬਾਬੂ ਲੋਕਾਂ ਦੀਆਂ ਜੇਬਾਂ ਪਿਛਲੇ ਸਾਲ ਵਾਂਗ ਇਸ ਸਾਲ ਵੀ ਮਹੀਨੇ ਦੇ ਦੂਜੇ ਹਫ਼ਤੇ ਪਿੱਛੋਂ ਖਾਲੀ ਰਹਿਣਗੀਆ। ਤੁਸੀਂ ਉਧਾਰ ਮੰਗਣ ਲਈ ਇੱਧਰ-ਉੱਧਰ ਮੂੰਹ ਮਾਰੋਗੇ ਪ੍ਰੰਤੂ ਤੁਹਾਡੀ ਫ਼ਿਤਰਤ ਕਰਕੇ ਤੁਹਾਡੇ ਜਾਣਕਾਰ ਉਧਾਰ ਨਹੀਂ ਦੇਣਗੇ।
~ ਤੁਲਾ : ਬਿਲਡਿੰਗਾਂ, ਸੜਕਾਂ, ਪੁਲਾਂ ਆਦਿ ਦੇ ਠੇਕੇਦਾਰਾਂ ਲਈ ਇਹ ਸਾਲ ਬਹੁਤ ਵਧੀਆ ਹੈ। ਅਧਿਕਾਰੀ ਬਿਨਾਂ ਇੰਸਪੈਕਸ਼ਨ ਕੀਤਿਆਂ ਬਿੱਲ ਪਾਸ ਕਰਦੇ ਰਹਿਣਗੇ। ਉੱਚੀਆਂ ਇਮਾਰਤਾਂ ਦੇ ਨਿਰਮਾਣ ਵਿੱਚ ਸਰੀਏ ਦੇ ਨਾਲ ਬਾਂਸ ਫਿਟ ਕਰਵਾਉਣਗੇ। ਰੇਤ-ਸੀਮਿੰਟ ਦਾ ਮਿਸ਼ਰਣ ਨੌੰ-ਇੱਕ ਦਾ ਹੋਵੇਗਾ। ਪਰ ਪੰਜ-ਇੱਕ ਦੱਸਣਗੇ। ਇਸ ਲਈ ਠੇਕੇਦਾਰੋ, ਖ਼ੂਬ ਨਿਰਮਾਣ ਕਰੋ, ਇਸ ਸਾਲ ਜੀਅ ਭਰ ਕੇ ਕਮਾਈ ਕਰੋ... ਤੁਹਾਡੇ ਤੇ ਕੋਈ ਗ੍ਰਹਿ ਅਸ਼ੁਭ ਨਹੀਂ ਹੈ। ਅਫ਼ਸਰਾਂ ਨੂੰ ਖ਼ੁਸ਼ ਰੱਖੋ, ਖ਼ੂਬ ਫ਼ਲੋਗੇ, ਰੁਕੇ ਹੋਏ ਬਿੱਲ ਵੀ ਪਾਸ ਹੋ ਸਕਦੇ ਹਨ। ਕਮਿਸ਼ਨ ਵਧਾ ਦਿਓ, ਵਗਦੀ ਗੰਗਾ ਵਿੱਚ ਹੱਥ ਧੋ ਲਓ ਅਤੇ ਨਿਸ਼ਚਿੰਤ ਹੋ ਕੇ ਦੇਸ਼ ਨੂੰ ਖ਼ੂਬ ਚੂਨਾ ਲਾਓ!
~ ਬ੍ਰਿਸ਼ਚਕ : ਇਸ ਰਾਸ਼ੀ ਵਾਲੇ ਇਸ ਸਾਲ ਖੂਬ ਫਾਇਦੇ ਵਿੱਚ ਰਹਿਣਗੇ। ਵਿਦੇਸ਼ਾਂ ਤੋਂ ਇਸ ਸਾਲ ਭਾਰਤੀ ਸਾਮਾਨ ਦੀ ਵਾਪਸੀ ਦਾ ਸੰਕਟ ਨਹੀਂ ਹੋਵੇਗਾ। ਜੋ ਵੀ ਭੇਜੋਗੇ, ਹੱਥੋਂ-ਹੱਥ ਵਿਕਣ ਦੇ ਯੋਗ ਹੈ। ਇਸ ਲਈ ਪਿਛਲੇ ਸਾਲ ਦਾ ਸਰਦੀ ਨਾ ਪੈਣ ਕਰਕੇ ਰੁਕਿਆ ਹੋਇਆ ਗਰਮ ਮਾਲ ਤੁਰੰਤ ਨਿਰਯਾਤ ਕਰੋ। ਵਾਰੇ- ਨਿਆਰੇ ਹੋ ਜਾਣਗੇ। ਇਸ ਰਾਸ਼ੀ ਦੀਆਂ ਕੰਨਿਆਵਾਂ ਇਸ ਸਾਲ ਫੇਲ੍ਹ ਹੋ ਸਕਦੀਆਂ ਹਨ, ਇਸ ਲਈ ਤੁਰੰਤ ਟਿਊਸ਼ਨ ਦਾ ਪ੍ਰਬੰਧ ਕਰੋ। ਬੁੱਢਿਆਂ ਨੂੰ ਗਰਮੀਆਂ ਵਿੱਚ ਵਧੇਰੇ ਗਰਮੀ ਅਤੇ ਸਰਦੀਆਂ ਵਿੱਚ ਵਧੇਰੇ ਸਰਦੀ ਲੱਗਣ ਦਾ ਯੋਗ ਹੈ। ਇਸ ਲਈ ਗਰਮੀਆਂ ਵਿਚ ਨਿੰਬੂ ਅਤੇ ਸਰਦੀਆਂ ਵਿੱਚ ਚਵਨਪ੍ਰਾਸ਼ ਦੀ ਵਰਤੋਂ ਤੇ ਜ਼ੋਰ ਰੱਖੋ।
~ ਧਨ : ਇਸ ਰਾਸ਼ੀ ਦੇ ਲੋਕਾਂ ਲਈ ਇਹ ਸਾਲ ਮਿਸ਼ਰਤ ਫਲ ਵਾਲਾ ਹੈ। ਦਿਲ ਦੇ ਰੋਗੀ ਧਿਆਨ ਰੱਖਣ ਕਿ ਤੁਹਾਡਾ ਦਿਲ ਚੋਰੀ ਨਾ ਹੋ ਜਾਵੇ। ਵਧੇਰੇ ਸਮਾਂ ਪਤਨੀ ਤੋਂ ਦੂਰ ਰਹੋ। ਟੀਵੀ, ਸਟਾਰ ਪਲੱਸ ਦੇ ਸੈਕਸੀ ਪ੍ਰੋਗਰਾਮ ਵੇਖੋ, ਦਿਲ ਲੱਗਿਆ ਰਹੇਗਾ। ਡਾਕਟਰਾਂ ਲਈ ਇਹ ਸਾਲ ਖਾਸ ਇਹਤਿਆਤ ਵਾਲਾ ਹੈ। ਆਪਰੇਸ਼ਨ ਦੌਰਾਨ ਕੈਂਚੀ ਜਾਂ ਦੂਜੇ ਔਜ਼ਾਰ ਢਿੱਡ ਦੇ ਅੰਦਰ ਰਹਿ ਜਾਣ ਦਾ ਯੋਗ ਹੈ। ਕੁਝ ਮਰੀਜ਼ ਮਰ ਵੀ ਸਕਦੇ ਹਨ। ਪਿਛਲੇ ਸਾਲ ਵਾਂਗ ਇਸ ਸਾਲ ਵੀ ਮੈਡੀਕਲ-ਪ੍ਰਤੀਨਿਧੀਆਂ ਤੋਂ ਮਿਲੀਆਂ ਦਵਾਈਆਂ ਦੇ ਮੁਫ਼ਤ ਨਮੂਨੇ ਵੇਚਦੇ ਰਹੋ।
~ ਮਕਰ : ਚੁਲਬੁਲੇ ਲੋਕਾਂ ਲਈ ਇਹ ਸਾਲ ਮਸਤੀ ਭਰਿਆ ਹੈ।ਖ਼ੂਬਸੂਰਤ ਔਰਤਾਂ ਕਿੱਟੀ ਪਾਰਟੀਆਂ ਵਿੱਚ ਜ਼ਰੂਰ ਜਾਣ, ਖੂਬ ਪ੍ਰਸ਼ੰਸਾ ਹੋਵੇਗੀ। ਰਾਹ-ਚਲਦਿਆਂ ਕੋਈ ਮਨਚਲਾ ਜੇਕਰ ਦੁਪੱਟਾ ਖਿੱਚੇ ਤਾਂ ਮੁਸਕਰਾ ਪਓ! ਇਸ ਰਾਸ਼ੀ ਦੀਆਂ ਕੰਨਿਆਵਾਂ ਦੇ ਦੁਪੱਟੇ ਖਿੱਚਦੇ ਰਹਿਣ ਦਾ ਯੋਗ ਹੈ। ਇਸ ਲਈ ਦੁਪੱਟਾ ਲੈਣਾ ਹੀ ਛੱਡ ਦਿਓ। ਬਿਹਤਰ ਹੈ ਜੀਨਜ਼ ਜਾਂ ਸਕਰਟ ਪਹਿਨੋ। 'ਤੂ ਚੀਜ਼ ਬੜੀ ਹੈ ਮਸਤ ਮਸਤ' ਦੀ ਤਰਜ਼ ਤੇ ਲਿਖਿਆ ਇੱਕ ਹੋਰ ਗੀਤ ਇਸ ਸਾਲ ਵੀ ਹਿਟ ਹੋਵੇਗਾ। ਲਿਪਸਟਿਕ, ਬਿੰਦੀਆਂ ਖੂਬ ਵਿਕਣਗੀਆਂ, ਭਰਪੂਰ ਸਟਾਕ ਜਮ੍ਹਾਂ ਕਰ ਲਓ। ~ ਕੁੰਭ - ਔਰਤਾਂ ਲਈ ਇਹ ਸਾਲ ਬਹੁਤ ਮਾੜਾ ਹੈ। ਸੱਸ-ਬਹੂ ਵਿੱਚ ਨਹੀਂ ਬਣੇਗੀ। ਸਾਰੇ ਸਾਲ ਨੂੰ ਸਾਉਣ ਮਹੀਨਾ ਸਮਝ ਕੇ ਬਹੂ ਸੱਸ ਤੋਂ ਅਲੱਗ ਰਹੇ ਤਾਂ ਬਿਹਤਰ ਹੋਵੇਗਾ, ਨਹੀਂ ਤਾਂ ਗੁਆਂਢੀ ਕੰਧਾਂ ਟੱਪ ਕੇ ਤੁਹਾਡੇ ਘਰ ਦੇ ਮਹਾਂਭਾਰਤ ਦਾ ਆਨੰਦ ਲੈਂਦੇ ਰਹਿਣਗੇ। ਸੱਸ ਬਹੂ ਤੇ ਹਾਵੀ ਰਹਿ ਸਕਦੀ ਹੈ। ਇਸ ਰਾਸ਼ੀ ਤੇ ਮਰਦਾਂ ਲਈ ਵੀ ਇਹ ਸਮਾਂ ਠੀਕ ਨਹੀਂ ਹੈ। ਆਫਿਸ ਸਵੇਰੇ ਜਲਦੀ ਜਾਇਆ ਕਰੋ ਅਤੇ ਸ਼ਾਮ ਨੂੰ ਲੇਟ ਘਰੇ ਪਹੁੰਚੋ। ਛੁੱਟੀ ਦੇ ਦਿਨ ਵੀ ਓਵਰ-ਟਾਇਮ ਦਾ ਬਹਾਨਾ ਬਣਾਓ। ਰਾਜ- ਦਰਬਾਰ ਵਿੱਚ ਧਾਕ ਜਮਾਉਣ ਲਈ ਬੌਸ ਨੂੰ ਪ੍ਰਸੰਨ ਰੱਖੋ। ਠੱਗਾਂ, ਚੋਰ-ਉਚੱਕਿਆਂ, ਜੇਬ-ਕਤਰਿਆਂ, ਫ਼ਿਲਮੀ ਗੀਤਕਾਰਾਂ ਅਤੇ ਸੰਗੀਤਕਾਰਾਂ ਯਾਨੀ ਹਰ ਉਸ ਧੰਦੇ ਨਾਲ ਜੁੜੇ ਲੋਕਾਂ ਦੀ ਸਫ਼ਲਤਾ ਦਾ ਯੋਗ ਹੈ, ਜਿਨ੍ਹਾਂ ਦੇ ਧੰਦੇ ਨਾਲ ਦੂਜੇ ਦਾ ਮਾਲ ਚੁਰਾਉਣ ਦਾ ਧੰਦਾ ਜੁੜਿਆ ਹੋਇਆ ਹੈ।
~ ਮੀਨ : ਇਸ ਰਾਸ਼ੀ ਨਾਲ ਸਬੰਧਤ ਲੋਕ ਇਸ ਸਾਲ ਯਥਾਸੰਭਵ ਪਾਣੀ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ। ਬਾਥਰੂਮ ਵਿਚ ਤਿਲਕ ਕੇ ਡਿੱਗਣ ਅਤੇ ਲੱਤ ਟੁੱਟਣ ਦਾ ਯੋਗ ਹੈ। ਨੌਕਰੀਪੇਸ਼ਾ ਲੋਕ ਬੌਸ ਦੀ ਫਟਕਾਰ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਅਸਤੀਫ਼ਾ ਦੇਣ ਦੀ ਗਲਤੀ ਨਾ ਕਰਨ, ਪ੍ਰਵਾਨ ਕਰ ਲਿਆ ਜਾਵੇਗਾ। ਵਪਾਰੀ ਮਸਾਲੇ ਵਿਚ ਲਿੱਦ ਅਤੇ ਦੋਧੀ ਦੁੱਧ ਵਿਚ ਪਾਣੀ ਮਿਲਾਉਂਦੇ ਰਹਿਣ... ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਲੈਬਾਰਟਰੀਆਂ ਦੇ ਅਧਿਕਾਰੀ ਅਤੇ ਕਰਮਚਾਰੀ ਰਿਸ਼ਵਤ ਖਾ ਕੇ ਤੁਹਾਡੀ ਭਰੇ ਹੋਏ ਨਮੂਨੇ ਪਾਸ ਕਰਦੇ ਰਹਿਣਗੇ 
 
* ਮੂਲ : ਡਾ. ਜਵਾਹਰ ਧੀਰ 
* ਅਨੁ : ਪ੍ਰੋ. ਨਵ ਸੰਗੀਤ ਸਿੰਘ 

Have something to say? Post your comment