Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Article

ਮਨੂੰ ਭੰਡਾਰੀ : ਸਵੈ-ਕਥਨ - ਅਤੇ ਪੇਸ਼ਕਸ਼

December 04, 2021 12:26 AM
                 ਮਨੂੰ ਭੰਡਾਰੀ : ਸਵੈ-ਕਥਨ 
             
   
 
{ ਮਨੂੰ ਭੰਡਾਰੀ (3 ਅਪ੍ਰੈਲ 1931-15 ਨਵੰਬਰ 2021) ਹਿੰਦੀ ਦੀ ਸੁਪ੍ਰਸਿੱਧ ਕਹਾਣੀਕਾਰ ਸੀ। ਮੱਧ ਪ੍ਰਦੇਸ਼ ਵਿਚ ਮੰਦਸੌਰ ਜ਼ਿਲ੍ਹੇ ਦੇ ਭਾਨਪੁਰਾ ਪਿੰਡ ਵਿਚ ਜਨਮੀ ਮਨੂੰ ਦਾ ਬਚਪਨ ਦਾ ਨਾਮ ਮਹੇੰਦਰ ਕੁਮਾਰੀ ਸੀ। ਲੇਖਨ ਲਈ ਉਸਨੇ ਮਨੂੰ ਨਾਂ ਚੁਣਿਆ। ਉਸ ਨੇ ਐਮ ਏ ਤੱਕ ਦੀ ਪੜ੍ਹਾਈ ਕੀਤੀ ਅਤੇ ਕਈ ਸਾਲ ਦਿੱਲੀ ਦੇ ਮਿਰਾਂਡਾ ਹਾਊਸ ਵਿਚ ਪੜ੍ਹਾਇਆ। 'ਧਰਮਯੁਗ' ਵਿੱਚ ਲੜੀਵਾਰ ਪ੍ਰਕਾਸ਼ਿਤ ਨਾਵਲ 'ਆਪਕਾ ਬੰਟੀ' ਨਾਲ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਮਨੂੰ ਭੰਡਾਰੀ ਵਿਕਰਮ ਯੂਨੀਵਰਸਿਟੀ ਉਜੈਨ ਵਿਚ ਪ੍ਰੇਮਚੰਦ ਸਿਰਜਨਾਪੀਠ ਦੀ ਮੁਖੀ ਵੀ ਰਹੀ। ਲੇਖਨ ਦੇ ਸੰਸਕਾਰ ਉਹਨੂੰ ਵਿਰਸੇ ਵਿੱਚ ਹੀ ਪ੍ਰਾਪਤ ਹੋਏ। ਉਹਦੇ ਪਿਤਾ ਸੁਖਸੰਪਤ ਰਾਏ ਵੀ ਇੱਕ ਜਾਣੇ-ਪਛਾਣੇ ਲੇਖਕ ਸਨ। ਉਹਨੇ ਰਾਜੇਂਦਰ ਯਾਦਵ ਨਾਲ ਅੰਤਰਜਾਤੀ ਸ਼ਾਦੀ ਕਰਵਾਈ। ਹਿੰਦੀ ਅਕਾਦਮੀ ਦਿੱਲੀ ਦੇ ਸ਼ਿਖਰ ਸਨਮਾਨ, ਬਿਹਾਰ ਸਰਕਾਰ, ਭਾਰਤੀ ਭਾਸ਼ਾ ਪਰਿਸ਼ਦ ਕੋਲਕਾਤਾ, ਰਾਜਸਥਾਨ ਸੰਗੀਤ ਨਾਟਕ ਅਕਾਦਮੀ ਅਤੇ ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਦੇ ਸਨਮਾਨ ਸਮੇਤ ਉਸ ਨੂੰ 'ਵਿਆਸ ਸਨਮਾਨ' 
(2008) ਵੀ ਪ੍ਰਾਪਤ ਹੋਇਆ। ਮਨੂੰ ਨੇ ਦਸ ਕਹਾਣੀ ਸੰਗ੍ਰਹਿ, ਚਾਰ ਨਾਵਲ, ਦੋ ਨਾਟਕ, ਚਾਰ ਫ਼ਿਲਮਾਂ ਦੀਆਂ ਪਟਕਥਾਵਾਂ ਅਤੇ ਕੁਝ ਬਾਲ ਕਹਾਣੀਆਂ ਸਮੇਤ ਆਪਣੀ ਆਤਮਕਥਾ ਵੀ ਲਿਖੀ। ਇਥੇ ਪੇਸ਼ ਹਨ ਉਹਦੀ ਆਤਮਕਥਾ 'ਚੋਂ ਕੁਝ ਬੇਹੱਦ ਦਿਲਚਸਪ ਅਤੇ ਪ੍ਰੇਰਨਾਦਾਇਕ ਅੰਸ਼...}
  
     ਜਨਮੀ ਤਾਂ ਮੱਧ ਪ੍ਰਦੇਸ਼ ਦੇ ਭਾਨਪੁਰਾ ਪਿੰਡ ਵਿੱਚ ਸਾਂ, ਪਰ ਮੇਰੀਆਂ ਯਾਦਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਅਜਮੇਰ ਦੇ ਬ੍ਰਹਮਪੁਰੀ ਮਹੱਲੇ ਦੇ ਉਸ ਦੋ-ਮੰਜ਼ਿਲਾ ਮਕਾਨ ਤੋਂ ਜੀਹਦੀ ਉਤਲੀ ਮੰਜ਼ਿਲ ਵਿੱਚ ਪਿਤਾ ਜੀ ਦੀ ਹਕੂਮਤ ਸੀ। ਜਿੱਥੇ ਉਹ ਬਿਲਕੁਲ ਬੇਤਰਤੀਬੇ ਢੰਗ ਨਾਲ ਖਿੱਲਰੀਆਂ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਵਿਚਾਲੇ ਜਾਂ ਤਾਂ ਕੁਝ ਪੜ੍ਹਦੇ ਰਹਿੰਦੇ ਸਨ ਜਾਂ ਫਿਰ 'ਡਿਕਟੇਸ਼ਨ' ਦਿੰਦੇ ਰਹਿੰਦੇ ਸਨ। ਹੇਠਾਂ ਸਾਡੇ ਸਾਰੇ ਭੈਣ-ਭਰਾਵਾਂ ਨਾਲ ਰਹਿੰਦੀ ਸੀ ਸਾਡੀ ਅਨਪਡ਼੍ਹ ਅਸਤਿਤਵਹੀਣ ਮਾਂ... ਸਵੇਰੇ ਤੋਂ ਸ਼ਾਮ ਤਕ ਸਾਡੇ ਸਭ ਦੀਆਂ ਇੱਛਾਵਾਂ ਅਤੇ ਪਿਤਾ ਜੀ ਦੇ ਹੁਕਮਾਂ ਦਾ ਪਾਲਣ ਕਰਨ ਲਈ ਹਮੇਸ਼ਾ ਤਿਆਰ। ਅਜਮੇਰ ਤੋਂ ਪਹਿਲਾਂ ਪਿਤਾ ਜੀ ਇੰਦੌਰ ਵਿੱਚ ਸਨ, ਜਿੱਥੇ ਉਨ੍ਹਾਂ ਦਾ ਬੜਾ ਮਾਣ-ਸਨਮਾਨ ਸੀ, ਨਾਮ ਸੀ। ਕਾਂਗਰਸ ਦੇ ਨਾਲ-ਨਾਲ ਉਹ ਸਮਾਜ ਸੁਧਾਰ ਦੇ ਕੰਮਾਂ ਵਿੱਚ ਵੀ ਜੁੜੇ ਹੋਏ ਸਨ। ਸਿੱਖਿਆ ਦੇ ਉਹ ਸਿਰਫ਼ ਉਪਦੇਸ਼ ਹੀ ਨਹੀਂ ਸੀ ਦਿੰਦੇ, ਸਗੋਂ ਉਨ੍ਹੀਂ ਦਿਨੀਂ ਅੱਠ-ਅੱਠ ਦਸ-ਦਸ ਵਿਦਿਆਰਥੀਆਂ ਨੂੰ ਆਪਣੇ ਘਰੇ ਰੱਖ ਕੇ ਪੜ੍ਹਾਇਆ ਹੈ। ਜਿਨ੍ਹਾਂ 'ਚੋਂ ਕਈ ਤਾਂ ਪਿੱਛੋਂ ਉੱਚੇ-ਉੱਚੇ ਅਹੁਦਿਆਂ ਤੇ ਪਹੁੰਚੇ। ਇਹ ਉਨ੍ਹਾਂ ਦੀ ਖ਼ੁਸ਼ਹਾਲੀ ਦੇ ਦਿਨ ਸਨ ਅਤੇ ਉਨ੍ਹੀਂ ਦਿਨੀਂ ਉਨ੍ਹਾਂ ਦੀ ਫਰਾਖ਼ਦਿਲੀ ਦੇ ਚਰਚੇ ਵੀ ਘੱਟ ਨਹੀਂ ਸਨ। ਇਕ ਪਾਸੇ ਉਹ ਬੇਹੱਦ ਕੋਮਲ ਅਤੇ ਸੰਵੇਦਨਸ਼ੀਲ ਆਦਮੀ ਸਨ ਤਾਂ ਦੂਜੇ ਪਾਸੇ ਬੇਹੱਦ ਕ੍ਰੋਧੀ ਅਤੇ ਹਉਮੈਵਾਦੀ।
     ਪਰ ਇਹ ਸਭ ਤਾਂ ਮੈਂ ਸਿਰਫ਼ ਸੁਣਿਆ। ਵੇਖਿਆ, ਉਦੋਂ ਤਾਂ ਇਨ੍ਹਾਂ ਗੁਣਾਂ ਦੇ ਬਚੇ-ਖੁਚੇ ਟੁਕੜਿਆਂ ਨੂੰ ਢੋਂਦੇ ਪਿਤਾ ਸਨ। ਇਕ ਬੜੇ ਵੱਡੇ ਆਰਥਿਕ ਝਟਕੇ ਕਰਕੇ ਉਹ ਇੰਦੌਰ ਤੋਂ ਅਜਮੇਰ ਆ ਗਏ ਸਨ, ਜਿੱਥੇ ਉਨ੍ਹਾਂ ਨੇ ਇਕੱਲਿਆਂ ਬੜੇ ਹੌਸਲੇ ਨਾਲ ਅੰਗਰੇਜ਼ੀ-ਹਿੰਦੀ ਸ਼ਬਦ ਕੋਸ਼ (ਵਿਸ਼ੇਵਾਰ) ਦੇ ਅਧੂਰੇ ਪਏ ਕੰਮ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ, ਜੋ ਆਪਣੀ ਤਰ੍ਹਾਂ ਦਾ ਪਹਿਲਾ ਤੇ ਇਕੱਲਾ ਸ਼ਬਦਕੋਸ਼ ਸੀ। ਇਹਨੇ ਉਨ੍ਹਾਂ ਨੂੰ ਪ੍ਰਸਿੱਧੀ ਅਤੇ ਸਤਿਕਾਰ ਤਾਂ ਬਹੁਤ ਦਿੱਤਾ, ਪਰ ਅਰਥ ਨਹੀਂ ਅਤੇ ਸ਼ਾਇਦ ਡਿੱਗਦੀ ਆਰਥਕ ਸਥਿਤੀ ਨੇ ਹੀ ਉਨ੍ਹਾਂ ਦੀ ਸ਼ਖ਼ਸੀਅਤ ਦੇ ਸਾਰੇ ਸਾਕਾਰਾਤਮਕ ਪਹਿਲੂਆਂ ਨੂੰ ਨਿਚੋੜਨਾ ਸ਼ੁਰੂ ਕਰ ਦਿੱਤਾ। ਸੁੰਗੜਦੀ ਆਰਥਕ ਸਥਿਤੀ ਕਰਕੇ ਅਤੇ ਵਧੇਰੇ ਫੈਲਾਓ ਕਰਕੇ ਉਨ੍ਹਾਂ ਦੀ ਹਉਮੈ ਉਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਸੀ ਕਿ ਉਹ ਘੱਟੋ-ਘੱਟ ਆਪਣੇ ਬੱਚਿਆਂ ਨੂੰ ਤਾਂ ਆਪਣੀਆਂ ਆਰਥਿਕ ਮਜਬੂਰੀਆਂ ਦਾ ਹਿੱਸੇਦਾਰ ਬਣਾਉਣ। ਨਵਾਬੀ ਆਦਤਾਂ, ਅਧੂਰੀਆਂ ਕਾਮਨਾਵਾਂ, ਹਮੇਸ਼ਾ ਸਿਖਰ ਤੇ ਰਹਿਣ ਪਿੱਛੋਂ ਹਾਸ਼ੀਏ ਤੇ ਖਿਸਕਦੇ ਚਲੇ ਜਾਣ ਦੀ ਪੀੜ ਕ੍ਰੋਧ ਬਣ ਕੇ ਹਮੇਸ਼ਾਂ ਮਾਂ ਨੂੰ ਕੰਬਾਉਂਦੀਆਂ-ਡਰਾਉਂਦੀਆ ਰਹਿੰਦੀਆਂ ਸਨ। ਆਪਣਿਆਂ ਦੇ ਹੱਥੋਂ ਵਿਸਵਾਸਘਾਤ ਕੀਤੇ ਜਾਣ ਦੀਆਂ ਕਿਹੋ ਜਿਹੀਆਂ ਡੂੰਘੀਆਂ ਸੱਟਾਂ ਹੋਣਗੀਆਂ ਉਹ, ਜਿਨ੍ਹਾਂ ਨੂੰ ਅੱਖਾਂ ਮੀਚ ਕੇ ਸਭ ਦਾ ਵਿਸ਼ਵਾਸ ਕਰਨ ਵਾਲੇ ਪਿਤਾ ਨੂੰ ਪਿੱਛੋਂ ਦੇ ਦਿਨਾਂ ਵਿੱਚ ਇੰਨਾ ਸ਼ੱਕੀ ਬਣਾ ਦਿੱਤਾ ਸੀ ਕਿ ਕਦੇ-ਕਦੇ ਅਸੀਂ ਵੀ ਉਹਦੀ ਲਪੇਟ ਵਿਚ ਆਉਂਦੇ ਹੀ ਰਹਿੰਦੇ।
     ਪਰ ਇਹ ਪਿਤਾ-ਗਾਥਾ ਮੈਂ ਇਸ ਲਈ ਨਹੀਂ ਗਾ ਰਹੀ ਕਿ ਮੈਂ ਉਨ੍ਹਾਂ ਦਾ ਗੌਰਵ-ਗਾਨ ਕਰਨਾ ਹੈ, ਸਗੋਂ ਮੈਂ ਤਾਂ ਇਹ ਵੇਖਣਾ ਚਾਹੁੰਦੀ ਹਾਂ ਕਿ ਉਨ੍ਹਾਂ ਦੀ ਸ਼ਖ਼ਸੀਅਤ ਦੀ ਕਿਹੜੀ ਖ਼ੂਬੀ ਅਤੇ ਕਮੀ ਮੇਰੀ ਸ਼ਖ਼ਸੀਅਤ ਦੇ ਤਾਣੇ-ਬਾਣੇ ਵਿੱਚ ਬੁਣੀ ਹੋਈ ਹੈ ਜਾਂ ਕਿ ਅਣਜਾਣੇ-ਅਣਚਾਹੇ ਕੀਤੇ ਉਨ੍ਹਾਂ ਦੇ ਵਿਹਾਰ ਨੇ ਮੇਰੇ ਅੰਦਰ ਕਿਨਾ ਗੰਢਾਂ ਨੂੰ ਜਨਮ ਦੇ ਦਿੱਤਾ। ਮੈਂ ਕਾਲ਼ੀ ਹਾਂ। ਬਚਪਨ ਵਿੱਚ ਕਮਜ਼ੋਰ ਅਤੇ ਮਰੀਅਲ ਵੀ ਸਾਂ। ਗੋਰਾ ਰੰਗ ਪਿਤਾ ਜੀ ਦੀ ਕਮਜ਼ੋਰੀ ਸੀ। ਸੋ ਬਚਪਨ ਵਿਚ ਮੈਥੋਂ ਦੋ ਸਾਲ ਵੱਡੀ, ਖੂਬ ਗੋਰੀ, ਸਿਹਤਮੰਦ ਅਤੇ ਹਸਮੁਖ ਭੈਣ ਸੁਸ਼ੀਲਾ ਨਾਲ ਹਰ ਗੱਲ ਵਿੱਚ ਤੁਲਨਾ ਅਤੇ ਫਿਰ ਉਹਦੀ ਪ੍ਰਸੰਸਾ ਨੇ ਹੀ, ਕੀ ਮੇਰੇ ਅੰਦਰ ਅਜਿਹੇ ਡੂੰਘੇ ਹੀਣਭਾਵ ਦੀ ਗੰਢ ਪੈਦਾ ਨਹੀਂ ਕਰ ਦਿੱਤੀ ਕਿ ਨਾਮ, ਸਨਮਾਨ ਅਤੇ ਪ੍ਰਸਿੱਧੀ ਪਾਉਣ ਦੇ ਬਾਵਜੂਦ ਅੱਜ ਤਕ ਮੈਂ ਉਸ ਤੋਂ ਮੁਕਤ ਨਹੀਂ ਹੋ ਸਕੀ। ਅੱਜ ਵੀ ਜਾਣ-ਪਛਾਣ ਕਰਾਉਂਦੇ ਸਮੇਂ ਜਦੋਂ ਕੋਈ ਵਿਸ਼ੇਸ਼ਣ ਲਾ ਕੇ, ਮੇਰੀਆਂ ਲੇਖਨ-ਪ੍ਰਾਪਤੀਆਂ ਦਾ ਜ਼ਿਕਰ ਕਰਨ ਲੱਗਦਾ ਹੈ ਤਾਂ ਮੈਂ ਸੰਕੋਚ ਵਿੱਚ ਸਿਮਟ ਹੀ ਨਹੀਂ ਜਾਂਦੀ, ਸਗੋਂ ਖੁੱਭ-ਖੁੱਭ ਜਾਂਦੀ ਹਾਂ। ਸ਼ਾਇਦ ਅਚੇਤ ਹੀ ਕਿਸੇ ਤਹਿ ਹੇਠਾਂ ਦੱਬੀ ਇਸੇ ਹੀਣ-ਭਾਵਨਾ ਦੇ ਹੁੰਦਿਆਂ ਮੈਂ ਆਪਣੀ ਕਿਸੇ ਵੀ ਪ੍ਰਾਪਤੀ ਤੇ ਭਰੋਸਾ ਨਹੀਂ ਕਰ ਸਕਦੀ... ਸਭ ਕੁਝ ਮੈਨੂੰ ਤੁੱਕਾ ਹੀ ਲੱਗਦਾ ਹੈ। ਪਿਤਾ ਜੀ ਦੇ ਜਿਸ ਸ਼ੱਕੀ ਸੁਭਾਅ ਤੇ ਮੈਂ ਕਦੇ ਖਿਝ-ਖਿਝ ਜਾਂਦੀ ਸਾਂ, ਅੱਜ ਅਚਾਨਕ ਆਪਣੇ ਖੰਡਿਤ ਵਿਸ਼ਵਾਸਾਂ ਦੀ ਪੀੜਾ ਦੇ ਹੇਠਾਂ ਮੈਨੂੰ ਉਨ੍ਹਾਂ ਦੇ ਸ਼ੱਕੀ ਸੁਭਾਅ ਦੀ ਝਲਕ ਵਿਖਾਈ ਦਿੰਦੀ ਹੈ... ਬਹੁਤ 'ਆਪਣਿਆਂ' ਦੇ ਹੱਥੋਂ ਵਿਸ਼ਵਾਸਘਾਤ ਦੀ ਡੂੰਘੀ ਪੀੜਾ ਤੋਂ ਉਪਜਿਆ ਸ਼ੱਕ। ਹੋਸ਼ ਸੰਭਾਲਣ ਪਿੱਛੋਂ ਹੀ ਜਿਹੜੇ ਪਿਤਾ ਜੀ ਨਾਲ ਕਿਸੇ ਨਾ ਕਿਸੇ ਗੱਲ ਤੇ ਹਮੇਸ਼ਾ ਮੇਰੀ ਟੱਕਰ ਚਲਦੀ ਰਹੀ, ਉਹ ਤਾਂ ਪਤਾ ਨਹੀਂ ਕਿੰਨੇ ਰੂਪਾਂ ਵਿਚ ਮੇਰੇ ਵਿੱਚ ਹਨ... ਕਿਤੇ ਅਤ੍ਰਿਪਤੀਆਂ ਦੇ ਰੂਪ ਵਿਚ, ਕਿਤੇ ਪ੍ਰਤੀਕਿਰਿਆ ਦੇ ਰੂਪ ਵਿਚ ਤੇ ਕਿਤੇ ਪਰਛਾਵਿਆਂ ਦੇ ਰੂਪ ਵਿੱਚ। ਸਿਰਫ਼ ਬਾਹਰੀ ਭਿੰਨਤਾ ਦੇ ਅਧਾਰ ਤੇ ਆਪਣੀ ਪਰੰਪਰਾ ਅਤੇ ਪੀੜ੍ਹੀਆਂ ਨੂੰ ਨਕਾਰਨ ਵਾਲਿਆਂ ਨੂੰ ਕੀ ਸੱਚਮੁਚ ਇਸ ਗੱਲ ਦਾ ਬਿਲਕੁਲ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਦਾ ਨਿਕਟ-ਜੁੜਿਆ ਅਤੀਤ ਕਿਸ ਤਰ੍ਹਾਂ ਉਨ੍ਹਾਂ ਦੇ ਅੰਦਰ ਜੜ੍ਹ ਜਮਾਈ ਬੈਠਾ ਰਹਿੰਦਾ ਹੈ। ਸਮੇਂ ਦਾ ਪ੍ਰਭਾਵ ਭਾਵੇਂ ਹੀ ਸਾਨੂੰ ਦੂਜੀਆਂ ਦਿਸ਼ਾਵਾਂ ਵਿੱਚ ਵਹਾ ਕੇ ਲੈ ਜਾਵੇ... ਸਥਿਤੀਆਂ ਦਾ ਦਬਾਅ ਚਾਹੇ ਹੀ ਸਾਡਾ ਰੂਪ ਬਦਲ ਦੇਵੇ, ਸਾਨੂੰ ਪੂਰੀ ਤਰ੍ਹਾਂ ਉਸਤੋਂ ਮੁਕਤ ਤਾਂ ਨਹੀਂ ਹੀ ਕਰ ਸਕਦਾ।  
    ਪਿਤਾ ਦੇ ਬਿਲਕੁਲ ਉਲਟ ਸੀ ਸਾਡੀ ਅਨਪੜ੍ਹ ਮਾਂ। ਧਰਤੀ ਤੋਂ ਕੁਝ ਵਧੇਰੇ ਹੀ ਧੀਰਜ ਅਤੇ ਸਹਿਣਸ਼ਕਤੀ ਸੀ ਸ਼ਾਇਦ ਉਨ੍ਹਾਂ ਵਿੱਚ। ਪਿਤਾ ਜੀ ਦੀ ਹਰ ਵਧੀਕੀ ਨੂੰ ਆਪਣੀ ਪ੍ਰਾਪਤੀ-ਯੋਗ ਅਤੇ ਬੱਚਿਆਂ ਦੀ ਹਰ ਉਚਿਤ-ਅਣਉਚਿਤ ਫ਼ਰਮਾਇਸ਼ ਅਤੇ ਜ਼ਿਦ ਨੂੰ ਆਪਣਾ ਫ਼ਰਜ਼ ਸਮਝ ਕੇ ਬੜੇ ਸਹਿਜ ਭਾਵ ਨਾਲ ਸਵੀਕਾਰ ਕਰਦੀ ਸੀ ਉਹ। ਉਨ੍ਹਾਂ ਨੇ ਜੀਵਨ ਭਰ ਆਪਣੇ ਲਈ ਕੁਝ ਨਹੀਂ ਮੰਗਿਆ, ਨਹੀਂ ਚਾਹਿਆ... ਸਿਰਫ਼ ਦਿੱਤਾ ਹੀ ਦਿੱਤਾ। ਸਾਡਾ ਭੈਣ-ਭਰਾਵਾਂ ਦਾ ਸਾਰਾ ਲਗਾਓ (ਸ਼ਾਇਦ ਹਮਦਰਦੀ ਤੋਂ ਉਪਜਿਆ) ਮਾਂ ਨਾਲ ਸੀ, ਪਰ ਬਿਲਕੁਲ ਬੇਸਹਾਰਾ ਮਜਬੂਰੀ ਵਿਚ ਲਿਪਟਿਆ ਉਨ੍ਹਾਂ ਦਾ ਇਹ ਤਿਆਗ ਕਦੇ ਮੇਰਾ ਆਦਰਸ਼ ਨਹੀਂ ਬਣ ਸਕਿਆ... ਨਾ ਉਨ੍ਹਾਂ ਦਾ ਤਿਆਗ, ਨਾ ਉਨ੍ਹਾਂ ਦੀ ਸਹਿਣਸ਼ਕਤੀ। ਖ਼ੈਰ ਜੋ ਵੀ ਹੋਵੇ, ਹੁਣ ਇਹ ਪੈਤ੍ਰਿਕ-ਪੁਰਾਣ ਇੱਥੇ ਹੀ ਬੰਦ ਕਰ ਕੇ ਆਪਣੇ ਤੇ ਆਉਂਦੀ ਹਾਂ। 
      ਪੰਜ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੀ ਸਾਂ ਮੈਂ। ਸਭ ਤੋਂ ਵੱਡੀ ਭੈਣ ਦੇ ਵਿਆਹ ਵੇਲੇ ਮੈਂ ਸ਼ਾਇਦ ਸੱਤ ਸਾਲਾਂ ਦੀ ਸਾਂ ਅਤੇ ਉਹਦੀ ਇੱਕ ਧੁੰਦਲੀ ਜਿਹੀ ਯਾਦ ਹੀ ਮੇਰੇ ਮਨ ਵਿੱਚ ਹੈ, ਪਰ ਆਪਣੇ ਤੋਂ ਦੋ ਸਾਲ ਵੱਡੀ ਭੈਣ ਸੁਸ਼ੀਲਾ ਨਾਲ ਮੈਂ ਘਰ ਦੇ ਵੱਡੇ ਸਾਰੇ ਵਿਹੜੇ ਵਿਚ ਬਚਪਨ ਦੀਆਂ ਸਾਰੀਆਂ ਖੇਡਾਂ ਖੇਡੀਆਂ- ਸੰਤੁਲਿਤ, ਲੰਗੜੀ ਲੱਤ, ਫੜਨ ਫੜਾਈ, ਕਾਲੀ ਟਿਲੋ... ਕਮਰਿਆਂ ਵਿੱਚ ਗੁੱਡੇ-ਗੁੱਡੀਆਂ ਦੇ ਵਿਆਹ ਵੀ ਰਚਾਏ, ਆਂਢ ਗੁਆਂਢ ਦੀਆਂ ਸਹੇਲੀਆਂ ਨਾਲ। ਉਂਜ ਖੇਡਣ ਨੂੰ ਅਸੀਂ ਭਰਾਵਾਂ ਨਾਲ ਗੁੱਲੀ ਡੰਡਾ ਵੀ ਖੇਡਿਆ, ਪਤੰਗ ਉਡਾਉਣ, ਕੱਚ ਪੀਹ ਕੇ ਡੋਰ ਸੂਤਣ ਦਾ ਕੰਮ ਵੀ ਕੀਤਾ, ਪਰ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਦਾਇਰਾ ਘਰ ਦੇ ਬਾਹਰ ਹੀ ਜ਼ਿਆਦਾ ਰਹਿੰਦਾ ਸੀ ਅਤੇ ਸਾਡੀ ਸੀਮਾ ਸੀ ਘਰ। ਹਾਂ, ਏਨਾ ਜ਼ਰੂਰ ਸੀ ਕਿ ਉਸ ਜ਼ਮਾਨੇ ਵਿੱਚ ਘਰ ਦੀਆਂ ਕੰਧਾਂ ਘਰ ਤੱਕ ਹੀ ਸਮਾਪਤ ਨਹੀਂ ਹੋ ਜਾਂਦੀਆਂ ਸਨ, ਸਗੋਂ ਪੂਰੇ ਮੁਹੱਲੇ ਤੱਕ ਫੈਲੀਆਂ ਰਹਿੰਦੀਆਂ ਸਨ। ਇਸ ਲਈ ਮਹੱਲੇ ਦੇ ਕਿਸੇ ਵੀ ਘਰ ਵਿੱਚ ਜਾਣ ਤੇ ਕੋਈ ਰੋਕ-ਟੋਕ ਨਹੀਂ ਸੀ, ਸਗੋਂ ਕੁਝ ਘਰ ਤਾਂ ਪਰਿਵਾਰ ਦਾ ਹਿੱਸਾ ਹੀ ਸਨ। ਅੱਜ ਤਾਂ ਮੈਨੂੰ ਬੜੀ ਸ਼ਿੱਦਤ ਨਾਲ ਇਹ ਮਹਿਸੂਸ ਹੁੰਦਾ ਹੈ ਕਿ ਆਪਣੀ ਜ਼ਿੰਦਗੀ ਖ਼ੁਦ ਜੀਣ ਦੇ ਇਸ ਆਧੁਨਿਕ ਦਬਾਅ ਨੇ ਮਹਾਂਨਗਰਾਂ ਦੇ ਫਲੈਟ ਵਿੱਚ ਰਹਿਣ ਵਾਲਿਆਂ ਨੂੰ ਸਾਡੇ ਇਸ ਪਰੰਪਰਾਗਤ 'ਗੁਆਂਢ ਕਲਚਰ' ਨਾਲੋਂ ਤੋੜ ਕੇ ਸਾਨੂੰ ਕਿੰਨਾ ਸੀਮਤ, ਬੇਸਹਾਰਾ ਅਤੇ ਅਸੁਰੱਖਿਅਤ ਬਣਾ ਦਿੱਤਾ ਹੈ। ਮੇਰੀਆਂ ਘੱਟੋ-ਘੱਟ ਇੱਕ ਦਰਜਨ ਮੁੱਢਲੀਆਂ ਕਹਾਣੀਆਂ ਦੇ ਪਾਤਰ ਇਸੇ ਮੁਹੱਲੇ ਦੇ ਹਨ, ਜਿੱਥੇ ਮੈਂ ਆਪਣੀ ਬਾਲਗ ਉਮਰ ਬਿਤਾ ਕੇ ਜਵਾਨੀ ਦੀ ਉਮਰ ਦੀ ਸ਼ੁਰੂਆਤ ਕੀਤੀ ਸੀ। ਇੱਕ ਦੋ ਨੂੰ ਛੱਡ ਕੇ ਉਨ੍ਹਾਂ 'ਚੋਂ ਕੋਈ ਵੀ ਪਾਤਰ ਮੇਰੇ ਪਰਿਵਾਰ ਦਾ ਨਹੀਂ ਹੈ। ਬਸ ਇਨ੍ਹਾਂ ਨੂੰ ਵੇਖਦੇ ਸੁਣਦੇ, ਇਨ੍ਹਾਂ ਦੇ ਵਿੱਚ ਹੀ ਮੈਂ ਵੱਡੀ ਹੋਈ ਸੀ। ਪਰ ਇਨ੍ਹਾਂ ਦੀ ਛਾਪ ਮੇਰੇ ਮਨ ਤੇ ਕਿੰਨੀ ਡੂੰਘੀ ਸੀ, ਇਸ ਗੱਲ ਦਾ ਅਹਿਸਾਸ ਤਾਂ ਮੈਨੂੰ ਕਹਾਣੀਆਂ ਲਿਖਦੇ ਸਮੇਂ ਹੋਇਆ। ਇੰਨੇ ਵਰ੍ਹਿਆਂ ਤੋਂ ਪਿੱਛੋਂ ਵੀ ਉਨ੍ਹਾਂ ਦੇ ਹਾਵਭਾਵ, ਭਾਸ਼ਾ ਆਦਿ ਧੁੰਦਲੇ ਨਹੀਂ ਸਨ ਹੋਏ। ਅਤੇ ਬਿਨਾਂ ਕਿਸੇ ਖ਼ਾਸ ਕੋਸ਼ਿਸ਼ ਤੋਂ ਬੜੇ ਸਹਿਜ ਭਾਵ ਨਾਲ ਉਹ ਲਹਿੰਦੇ ਚਲੇ ਗਏ ਸਨ। ਉਸੇ ਸਮੇਂ ਦੇ ਦਾ ਸਾਹਿਬ ਆਪਣੇ ਵਿਅਕਤਿਤਵ ਦੀ ਅਭਿਵਿਅਕਤੀ ਲਈ ਅਨੁਕੂਲ ਪਰਿਸਥਿਤੀਆਂ ਮਿਲਦੇ ਹੀ 'ਮਹਾਂਭੋਜ' ਵਿਚ ਇੰਨੇ ਸਾਲਾਂ ਪਿੱਛੋਂ ਕਿਵੇਂ ਅਚਾਨਕ ਜੀਵੰਤ ਹੋ ਉੱਠੇ, ਇਹ ਮੇਰੇ ਆਪਣੇ ਲਈ ਵੀ ਹੈਰਾਨੀ ਦਾ ਵਿਸ਼ਾ ਸੀ... ਇਕ ਸੁਖਦ ਹੈਰਾਨੀ ਸੀ।
      ਉਦੋਂ ਸਾਡੇ ਪਰਿਵਾਰ ਵਿੱਚ ਲੜਕੀ ਦੇ ਵਿਆਹ ਲਈ ਜ਼ਰੂਰੀ ਯੋਗਤਾ ਸੀ- ਉਮਰ ਵਿੱਚ ਸੋਲ਼ਾਂ ਸਾਲ ਅਤੇ ਸਿੱਖਿਆ ਵਿਚ ਮੈਟ੍ਰਿਕ। ਸੰਨ '44 ਵਿੱਚ ਸੁਸ਼ੀਲਾ ਨੇ ਇਹ ਯੋਗਤਾ  ਪ੍ਰਾਪਤ ਕੀਤੀ ਅਤੇ ਸ਼ਾਦੀ ਕਰਕੇ ਕੋਲਕਾਤਾ ਚਲੀ ਗਈ। ਦੋਵੇਂ ਵੱਡੇ ਭਰਾ ਵੀ ਅਗਲੇਰੀ ਪੜ੍ਹਾਈ ਲਈ ਬਾਹਰ ਚਲੇ ਗਏ। ਇਨ੍ਹਾਂ ਦੀ ਛਤਰਛਾਇਆ ਦੇ ਹਟਦੇ ਹੀ ਪਹਿਲੀ ਵਾਰ ਮੈਨੂੰ ਨਵੇਂ ਸਿਰੇ ਤੋਂ ਆਪਣੀ ਹੋਂਦ ਦਾ ਅਹਿਸਾਸ ਹੋਇਆ। ਪਿਤਾ ਜੀ ਦਾ ਧਿਆਨ ਵੀ ਪਹਿਲੀ ਵਾਰ ਮੇਰੇ ਤੇ ਕੇਂਦਰਿਤ ਹੋਇਆ। ਕੁੜੀਆਂ ਨੂੰ ਜਿਸ ਉਮਰ ਵਿੱਚ ਸਕੂਲੀ ਪੜ੍ਹਾਈ ਦੇ ਨਾਲ-ਨਾਲ ਸੁਘੜ ਸੁਆਣੀ ਅਤੇ ਨਿਪੁੰਨ ਵਿਅੰਜਨ-ਗਿਆਤਾ ਬਣਾਉਣ ਦੇ ਨੁਸਖੇ ਜੁਟਾਏ ਜਾਂਦੇ ਸਨ, ਪਿਤਾ ਜੀ ਦਾ ਜ਼ੋਰ ਹੁੰਦਾ ਕਿ ਮੈਂ ਰਸੋਈ ਤੋਂ ਦੂਰ ਹੀ ਰਹਾਂ। ਰਸੋਈ ਨੂੰ ਉਹ ਭਠਿਆਰਖਾਨਾ ਕਹਿੰਦੇ ਸਨ ਅਤੇ ਉਨ੍ਹਾਂ ਦੇ ਹਿਸਾਬ ਨਾਲ ਉੱਥੇ ਰਹਿਣਾ ਆਪਣੀ ਯੋਗਤਾ ਅਤੇ ਪ੍ਰਤਿਭਾ ਨੂੰ ਭੱਠੀ ਵਿੱਚ ਝੋਕਣਾ ਸੀ। ਘਰ ਵਿੱਚ ਹਰ ਰੋਜ਼ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਮੀਟਿੰਗਾਂ ਹੁੰਦੀਆਂ ਸਨ ਅਤੇ ਖ਼ੂਬ ਬਹਿਸ ਹੁੰਦੀ ਸੀ। ਬਹਿਸ ਕਰਨਾ ਪਿਤਾ ਜੀ ਦਾ ਪਸੰਦੀਦਾ ਸ਼ੁਗਲ ਸੀ। ਚਾਹ-ਪਾਣੀ ਜਾਂ ਨਾਸ਼ਤਾ ਦੇਣ ਜਾਂਦੀ ਤਾਂ ਪਿਤਾ ਜੀ ਮੈਨੂੰ ਉੱਥੇ ਹੀ ਬੈਠਣ ਨੂੰ ਕਹਿੰਦੇ। ਉਹ ਚਾਹੁੰਦੇ ਸਨ ਕਿ ਮੈਂ ਵੀ ਉੱਥੇ ਬੈਠਾਂ, ਸੁਣਾਂ ਅਤੇ ਜਾਣਾਂ ਕਿ ਦੇਸ਼ ਵਿੱਚ ਚਾਰੇ ਪਾਸੇ ਕੀ ਕੁਝ ਹੋ ਰਿਹਾ ਹੈ। ਦੇਸ਼ ਵਿੱਚ ਹੋ ਵੀ ਕਿੰਨਾ ਕੁਝ ਰਿਹਾ ਸੀ। ਸੰਨ '42 ਦੇ ਅੰਦੋਲਨ ਪਿੱਛੋਂ ਤਾਂ ਸਾਰਾ ਦੇਸ਼ ਜਿਵੇਂ ਉੱਬਲ ਰਿਹਾ ਸੀ। ਪਰ ਵਿਭਿੰਨ ਰਾਜਸੀ ਪਾਰਟੀਆਂ ਦੀਆਂ ਨੀਤੀਆਂ, ਉਨ੍ਹਾਂ ਦੇ ਆਪਸੀ ਵਿਰੋਧ ਜਾਂ ਮੱਤਭੇਦਾਂ ਦੀ ਤਾਂ ਮੈਨੂੰ ਦੂਰ-ਦੂਰ ਤਕ ਕੋਈ ਸਮਝ ਨਹੀਂ ਸੀ। ਹਾਂ, ਕ੍ਰਾਂਤੀਕਾਰੀਆਂ ਅਤੇ ਦੇਸ਼ਭਗਤ ਸ਼ਹੀਦਾਂ ਦੇ ਰੋਮਾਨੀ ਆਕਰਸ਼ਣ, ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਮਨ ਜ਼ਰੂਰ ਅਸ਼ਾਂਤ ਰਹਿੰਦਾ ਸੀ।
      ਸੋ ਦਸਵੀਂ ਜਮਾਤ ਤਕ ਸਥਿਤੀ ਇਹ ਸੀ ਕਿ ਬਿਨਾਂ ਕਿਸੇ ਖ਼ਾਸ ਸਮਝ ਦੇ ਘਰ ਵਿੱਚ ਹੋਣ ਵਾਲੀਆਂ ਬਹਿਸਾਂ ਸੁਣਦੀ ਸਾਂ ਅਤੇ ਬਿਨਾਂ ਚੋਣ ਕੀਤੇ, ਬਿਨਾਂ ਲੇਖਕ ਦੇ ਮਹੱਤਵ ਤੋਂ ਜਾਣੂ ਹੋਏ ਕਿਤਾਬਾਂ ਪੜ੍ਹਦੀ ਸਾਂ। ਪਰ ਸੰਨ '45 ਵਿਚ ਜਿਉਂ ਹੀ ਦਸਵੀਂ ਪਾਸ ਕਰਕੇ ਮੈਂ ਫਸਟ ਯੀਅਰ ਵਿਚ ਆਈ, ਹਿੰਦੀ ਦੀ ਪ੍ਰਾਧਿਆਪਕਾ ਸ਼ੀਲਾ ਅਗਰਵਾਲ ਨਾਲ ਜਾਣਕਾਰੀ ਹੋਈ। ਸਵਿੱਤਰੀ ਗਰਲਜ਼ ਹਾਈ ਸਕੂਲ, ਜਿੱਥੇ ਮੈਂ ਵਰਣਮਾਲਾ ਸਿੱਖੀ, ਇਕ ਸਾਲ ਪਹਿਲਾਂ ਹੀ ਕਾਲਜ ਬਣਿਆ ਸੀ ਅਤੇ ਉਹ ਇਸੇ ਸਾਲ ਨਿਯੁਕਤ ਹੋਏ ਸਨ। ਉਨ੍ਹਾਂ ਨੇ ਬਾਕਾਇਦਾ ਸਾਹਿਤ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਵਾਇਆ। ਸਿਰਫ਼ ਪੜ੍ਹਨ ਨੂੰ, ਚੋਣ ਕਰਕੇ ਪੜ੍ਹਨ ਵਿੱਚ ਬਦਲਿਆ, ਖ਼ੁਦ ਚੁਣ-ਚੁਣ ਕੇ ਕਿਤਾਬਾਂ ਦਿੱਤੀਆਂ, ਪੜ੍ਹੀਆਂ ਹੋਈਆਂ ਕਿਤਾਬਾਂ ਤੇ ਬਹਿਸਾਂ ਕੀਤੀਆਂ ਤਾਂ ਦੋ ਸਾਲ ਬੀਤਦੇ-ਬੀਤਦੇ ਸਾਹਿਤ ਦੀ ਦੁਨੀਆਂ ਸ਼ਰਤ-ਪ੍ਰੇਮਚੰਦ ਤੋਂ ਵਧ ਕੇ ਜੈਨੇਂਦਰ, ਅਗੇਯ, ਯਸ਼ਪਾਲ, ਭਗਵਤੀਚਰਨ ਵਰਮਾ ਤਕ ਫੈਲ ਗਈ ਅਤੇ ਫਿਰ ਤਾਂ ਫੈਲਦੀ ਹੀ ਚਲੀ ਗਈ। ਉਸ ਸਮੇਂ ਜੈਨੇਂਦਰ ਜੀ ਦੀ ਛੋਟੇ-ਛੋਟੇ ਸਰਲ ਸਹਿਜ ਵਾਕਾਂ ਵਾਲੀ ਸ਼ੈਲੀ ਨੇ ਬਹੁਤ ਪ੍ਰਭਾਵਿਤ ਕੀਤਾ ਸੀ। 'ਸੁਨੀਤਾ' (ਨਾਵਲ) ਬੜਾ ਚੰਗਾ ਲੱਗਿਆ ਸੀ। ਅਗੇਯ ਜੀ ਦਾ ਨਾਵਲ 'ਸ਼ੇਖਰ: ਏਕ ਜੀਵਨੀ' ਪੜ੍ਹਿਆ ਜ਼ਰੂਰ, ਪਰ ਉਸ ਵੇਲੇ ਉਹ ਮੇਰੀ ਸਮਝ ਦੇ ਸੀਮਤ ਦਾਇਰੇ ਵਿੱਚ ਸਮਾ ਨਹੀਂ ਸਕਿਆ ਸੀ। ਕੁਝ ਸਾਲਾਂ ਪਿੱਛੋਂ 'ਨਦੀ ਕੇ ਦੀਪ' ਪੜ੍ਹਿਆ ਤਾਂ ਉਸ ਨੇ ਮਨ ਨੂੰ ਇਸ ਤਰ੍ਹਾਂ ਬੰਨ੍ਹਿਆ ਕਿ ਉਸੇ ਮਸਤੀ ਵਿੱਚ 'ਸ਼ੇਖਰ' ਨੂੰ ਫਿਰ ਤੋਂ ਪੜ੍ਹ ਲਿਆ, ਇਸ ਵਾਰ ਕੁਝ ਸਮਝ ਨਾਲ਼। ਇਹ ਸ਼ਾਇਦ ਕੀਮਤਾਂ ਦੇ ਵਿਸ਼ਲੇਸ਼ਣ ਦਾ ਯੁੱਗ ਸੀ... ਪਾਪ-ਪੁੰਨ, ਨੈਤਿਕ-ਅਨੈਤਿਕ, ਸਹੀ-ਠੀਕ ਦੀਆਂ ਬਣੀਆਂ-ਬਣਾਈਆਂ ਧਾਰਨਾਵਾਂ ਦੇ ਅੱਗੇ ਪ੍ਰਸ਼ਨਚਿੰਨ੍ਹ ਹੀ ਨਹੀਂ ਲੱਗ ਰਹੇ ਸਨ, ਉਨ੍ਹਾਂ ਨੂੰ ਨਸ਼ਟ ਵੀ ਕੀਤਾ ਜਾ ਰਿਹਾ ਸੀ। ਇਸੇ ਪ੍ਰਸੰਗ ਵਿੱਚ ਜੈਨੇਂਦਰ ਦਾ 'ਤਿਆਗਪੱਤਰ', ਭਗਵਤੀ ਬਾਬੂ ਦਾ 'ਚਿਤਰਲੇਖਾ' ਪਡ਼੍ਹਿਆ ਅਤੇ ਸ਼ੀਲਾ ਅਗਰਵਾਲ ਨਾਲ ਲੰਮੀਆਂ-ਲੰਮੀਆਂ ਬਹਿਸਾਂ ਕਰਦੇ ਹੋਏ ਉਸ ਉਮਰ ਵਿਚ ਜਿੰਨਾ ਸਮਝ ਸਕਦੀ ਸਾਂ, ਸਮਝਿਆ।
           ਸ਼ੀਲਾ ਅਗਰਵਾਲ ਨੇ ਸਾਹਿਤ ਦਾ ਦਾਇਰਾ ਹੀ ਨਹੀਂ ਵਧਾਇਆ ਸੀ, ਸਗੋਂ ਘਰ ਦੀ ਚਾਰਦੀਵਾਰੀ ਵਿੱਚ ਬੈਠ ਕੇ ਦੇਸ਼ ਦੀਆਂ ਸਥਿਤੀਆਂ ਨੂੰ ਜਾਣਨ-ਸਮਝਣ ਦਾ ਜੋ ਸਿਲਸਿਲਾ ਪਿਤਾ ਜੀ ਨੇ ਸ਼ੁਰੂ ਕੀਤਾ ਸੀ, ਉਨ੍ਹਾਂ ਨੇ ਉਥੋਂ ਖਿੱਚ ਕੇ ਉਹਨੂੰ ਵੀ ਸਥਿਤੀਆਂ ਦੀ ਸਕ੍ਰਿਆ ਭਾਗੀਦਾਰੀ ਵਿਚ ਬਦਲ ਦਿੱਤਾ। ਸੰਨ '46-'47 ਦੇ ਦਿਨ... ਉਹ ਸਥਿਤੀਆਂ, ਉਸ ਵਿੱਚ ਉਂਜ ਵੀ ਘਰ ਵਿਚ ਬੈਠੇ ਰਹਿਣਾ ਸੰਭਵ ਸੀ ਭਲਾ? ਪ੍ਰਭਾਤ ਫੇਰੀਆਂ, ਹੜਤਾਲਾਂ, ਜਲੂਸ, ਭਾਸ਼ਣ ਹਰ ਸ਼ਹਿਰ ਦਾ ਚਰਿੱਤਰ ਸੀ ਅਤੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਇਨ੍ਹਾਂ ਸਭ ਨਾਲ ਜੁੜਨਾ ਹਰ ਯੁਵਕ ਦੀ ਸਨਕ। ਮੈਂ ਵੀ ਜਵਾਨ ਸਾਂ ਅਤੇ ਸ਼ੀਲਾ ਅਗਰਵਾਲ ਦੀਆਂ ਜੋਸ਼ੀਲੀਆਂ ਗੱਲਾਂ ਨੇ ਰਗਾਂ ਵਿੱਚ ਵਗਦੇ ਖੂਨ ਨੂੰ ਲਾਵੇ ਵਿੱਚ ਬਦਲ ਦਿੱਤਾ ਸੀ। ਸਥਿਤੀ ਇਹ ਹੋਈ ਕਿ ਇੱਕ ਤੂਫ਼ਾਨ ਸ਼ਹਿਰ ਵਿਚ ਮੱਚਿਆ ਹੋਇਆ ਸੀ ਅਤੇ ਇੱਕ ਘਰ ਵਿੱਚ। ਪਿਤਾ ਜੀ ਦੀ ਆਜ਼ਾਦੀ ਦੀ ਸੀਮਾ ਇੱਥੋਂ ਤੱਕ ਸੀ ਕਿ ਉਨ੍ਹਾਂ ਦੀ ਹਾਜ਼ਰੀ ਵਿੱਚ ਘਰੇ ਆਏ ਲੋਕਾਂ ਵਿੱਚ ਊਠਾਂ-ਬੈਠਾਂ, ਜਾਣਾਂ-ਸਮਝਾਂ। ਹੱਥ ਚੁੱਕ-ਚੁੱਕ ਕੇ ਨਾਅਰੇ ਲਾਉਂਦੀ, ਹਡ਼ਤਾਲਾਂ ਕਰਾਉਂਦੀ, ਮੁੰਡਿਆਂ ਨਾਲ ਸ਼ਹਿਰ ਦੀਆਂ ਸੜਕਾਂ ਨਾਪਦੀ ਲੜਕੀ ਨੂੰ ਆਪਣੀ ਸਾਰੀ ਆਧੁਨਿਕਤਾ ਦੇ ਬਾਵਜੂਦ ਬਰਦਾਸ਼ਤ ਕਰਨਾ ਉਨ੍ਹਾਂ ਲਈ ਮੁਸ਼ਕਿਲ ਹੋ ਰਿਹਾ ਸੀ ਤਾਂ ਕਿਸੇ ਦੀ ਦਿੱਤੀ ਹੋਈ ਆਜ਼ਾਦੀ ਦੇ ਦਾਇਰੇ ਵਿਚ ਚੱਲਣਾ ਮੇਰੇ ਲਈ। ਜਦੋਂ ਰਗਾਂ ਵਿਚ ਲਹੂ ਦੀ ਥਾਂ ਲਾਵਾ ਵਗਦਾ ਹੋਵੇ ਤਾਂ ਸਾਰੀਆਂ ਰੋਕਾਂ, ਸਾਰੀਆਂ ਰੁਕਾਵਟਾਂ ਤੇ ਸਾਰਾ ਡਰ ਕਿਵੇਂ ਨਸ਼ਟ ਹੋ ਜਾਂਦਾ ਹੈ- ਇਹ ਉਦੋਂ ਹੀ ਜਾਣਿਆ। ਅਤੇ ਆਪਣੇ ਗੁੱਸੇ ਨਾਲ ਸਭ ਨੂੰ ਥਰਥਰਾ ਦੇਣ ਵਾਲੇ ਪਿਤਾ ਜੀ ਨਾਲ ਟੱਕਰ ਲੈਣ ਦਾ ਜੋ ਸਿਲਸਿਲਾ ਉਦੋਂ ਸ਼ੁਰੂ ਹੋਇਆ ਸੀ, ਰਾਜੇਂਦਰ ਜੀ ਨਾਲ ਸ਼ਾਦੀ ਕੀਤੀ, ਉਦੋਂ ਤਕ ਉਹ ਚੱਲਦਾ ਹੀ ਰਿਹਾ।
      ਜੱਸ-ਕਾਮਨਾ ਪਿਤਾ ਜੀ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਅਤੇ ਉਨ੍ਹਾਂ ਦੇ ਜੀਵਨ ਦੀ ਧੁਰੀ ਸੀ ਇਹ ਸਿਧਾਂਤ ਕਿ ਵਿਅਕਤੀ ਨੂੰ ਕੁਝ ਖ਼ਾਸ ਬਣ ਕੇ ਜੀਣਾ ਚਾਹੀਦਾ ਹੈ... ਕੁਝ ਅਜਿਹੇ ਕੰਮ ਕਰਨੇ ਚਾਹੀਦੇ ਨੇ ਕਿ ਸਮਾਜ ਵਿੱਚ ਉਹਦਾ ਨਾਂ ਹੋਵੇ, ਸਨਮਾਨ ਹੋਵੇ, ਪ੍ਰਸਿੱਧੀ ਹੋਵੇ, ਸ੍ਰੇਸ਼ਟਤਾ ਹੋਵੇ! ਇਹਦੇ ਚਲਦਿਆਂ ਹੀ ਮੈਂ ਦੋ-ਇੱਕ ਵਾਰ ਉਨ੍ਹਾਂ ਦੇ ਗੁੱਸੇ ਤੋਂ ਬਚ ਗਈ ਸਾਂ। ਇੱਕ ਵਾਰ ਕਾਲਜ ਦੇ ਪ੍ਰਿੰਸੀਪਲ ਦੀ ਚਿੱਠੀ ਆਈ ਕਿ ਪਿਤਾ ਜੀ ਆ ਕੇ ਮਿਲਣ ਅਤੇ ਦੱਸਣ ਕਿ ਮੇਰੀਆਂ ਗਤੀਵਿਧੀਆਂ ਕਰਕੇ ਮੇਰੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ? ਚਿੱਠੀ ਪੜ੍ਹਦੇ ਹੀ ਪਿਤਾ ਜੀ ਅੱਗ- ਬਬੂਲਾ! "ਇਹ ਕੁੜੀ ਮੈਨੂੰ ਕਿਤੇ ਮੂੰਹ ਵਿਖਾਉਣ ਜੋਗਾ ਨਹੀਂ ਛੱਡੇਗੀ... ਪਤਾ ਨਹੀਂ ਕੀ-ਕੀ ਸੁਣਨਾ ਪਵੇਗਾ ਉੱਥੇ ਜਾ ਕੇ। ਚਾਰ ਬੱਚੇ ਪਹਿਲਾਂ ਵੀ ਪੜ੍ਹੇ, ਕਿਸੇ ਨੇ ਇਹ ਦਿਨ ਨਹੀਂ ਵਿਖਾਇਆ।" ਗੁੱਸੇ ਨਾਲ ਭਰੇ-ਪੀਤੇ ਹੀ ਉਹ ਗਏ ਸਨ। ਮੁੜ ਕੇ ਕੀ ਕਹਿਰ ਵਰ੍ਹਿਆ ਹੋਵੇਗਾ, ਇਹਦਾ ਅੰਦਾਜ਼ਾ ਸੀ। ਸੋ ਮੈਂ ਗੁਆਂਢ ਦੀ ਇੱਕ ਸਹੇਲੀ ਕੋਲ ਜਾ ਕੇ ਬਹਿ ਗਈ ਤੇ ਮਾਂ ਨੂੰ ਕਹਿ ਦਿੱਤਾ ਕਿ ਜਦੋਂ ਮੁਡ਼ ਕੇ ਗੁੱਸਾ ਠੰਢਾ ਹੋ ਜਾਵੇ, ਉਦੋਂ ਮੈਨੂੰ ਬੁਲਾ ਲੈਣਾ। ਪਰ ਜਦੋਂ ਮਾਂ ਨੇ ਆ ਕੇ ਕਿਹਾ ਕਿ ਉਹ ਤਾਂ ਖ਼ੁਸ਼ ਹੀ ਹਨ, ਆ ਜਾ, ਤਾਂ ਯਕੀਨ ਨਹੀਂ ਹੋਇਆ। ਗਈ ਤਾਂ ਸਹੀ, ਪਰ ਡਰਦੀ-ਡਰਦੀ। "ਸਾਰੇ ਕਾਲਿਜ ਦੀਆਂ ਕੁੜੀਆਂ ਤੇ ਏਨਾ ਰੋਅਬ ਹੈ ਤੇਰਾ... ਸਾਰਾ ਕਾਲਜ ਤੁਹਾਡੇ ਤਿੰਨ ਕੁੜੀਆਂ ਦੇ ਇਸ਼ਾਰੇ ਤੇ ਚੱਲ ਰਿਹਾ ਹੈ। ਪ੍ਰਿੰਸੀਪਲ ਬੜੀ ਪ੍ਰੇਸ਼ਾਨ ਸੀ ਅਤੇ ਵਾਰ-ਵਾਰ ਜ਼ੋਰ ਦੇ ਰਹੀ ਸੀ ਕਿ ਮੈਂ ਤੈਨੂੰ ਘਰੇ ਬਿਠਾ ਲਵਾਂ, ਕਿਉਂਕਿ ਉਹ ਲੋਕ ਕਿਸੇ ਤਰ੍ਹਾਂ ਡਰਾ-ਧਮਕਾ ਕੇ, ਡਾਂਟ-ਡਪਟ ਕੇ ਕੁੜੀਆਂ ਨੂੰ ਜਮਾਤਾਂ ਵਿਚ ਭੇਜਦੇ ਹਨ ਅਤੇ ਤੁਸੀਂ ਜੇ ਇੱਕ ਇਸ਼ਾਰਾ ਵੀ ਕਰ ਦਿਓ ਕਿ ਕਲਾਸਾਂ ਛੱਡ ਕੇ ਬਾਹਰ ਆ ਜਾਓ ਤਾਂ ਸਾਰੀਆਂ ਕੁੜੀਆਂ ਨਿਕਲ ਕੇ ਗਰਾਊਂਡ ਵਿੱਚ ਇਕੱਠੀਆਂ ਹੋ ਕੇ ਨਾਅਰੇ ਲਾਉਣ ਲੱਗਦੀਆਂ ਹਨ। ਤੁਹਾਡੇ ਕਰਕੇ ਕਾਲਜ ਚਲਾਉਣਾ ਮੁਸ਼ਕਲ ਹੋ ਗਿਆ ਹੈ ਉਨ੍ਹਾਂ ਲਈ।" ਕਿੱਥੇ ਤਾਂ ਜਾਂਦੇ ਸਮੇਂ ਪਿਤਾ ਜੀ ਮੂੰਹ ਵਿਖਾਉਣ ਤੋਂ ਘਬਰਾ ਰਹੇ ਸਨ, ਅਤੇ ਕਿੱਥੇ ਬੜੇ ਮਾਣ ਨਾਲ ਕਹਿ ਕੇ ਆਏ ਕਿ ਇਹ ਤਾਂ ਪੂਰੇ ਦੇਸ਼ ਦੀ ਆਵਾਜ਼ ਹੈ... ਇਸ ਤੇ ਕੋਈ ਕਿਵੇਂ ਰੋਕ ਲਾ ਸਕਦਾ ਹੈ ਭਲਾ! ਬਹੁਤ ਗਦਗਦ ਹੋ ਕੇ ਪਿਤਾ ਜੀ ਦੱਸਦੇ ਰਹੇ ਅਤੇ ਮੈਂ ਮੂਕ! ਮੈਨੂੰ ਨਾ ਆਪਣੀਆਂ ਅੱਖਾਂ ਤੇ ਯਕੀਨ ਹੋ ਰਿਹਾ ਸੀ, ਨਾ ਕੰਨਾਂ ਤੇ। ਪਰ ਇਹ ਹਕੀਕਤ ਸੀ। 
     ਇੱਕ ਘਟਨਾ ਹੋਰ। ਆਜ਼ਾਦ ਹਿੰਦ ਫ਼ੌਜ ਦੇ ਮੁਕੱਦਮੇ ਦਾ ਸਿਲਸਿਲਾ ਸੀ। ਸਾਰੇ ਸਕੂਲਾਂ, ਕਾਲਜਾਂ, ਦੁਕਾਨਾਂ ਲਈ ਹੜਤਾਲ ਦਾ ਸੱਦਾ ਸੀ। ਜੋ-ਜੋ ਨਹੀਂ ਕਰ ਰਹੇ ਸਨ, ਵਿਦਿਆਰਥੀਆਂ ਦਾ ਇਕ ਬਹੁਤ ਵੱਡਾ ਗਰੁੱਪ, ਉੱਥੇ-ਉੱਥੇ ਜਾ ਕੇ ਹੜਤਾਲ ਕਰਵਾ ਰਿਹਾ ਸੀ। ਸ਼ਾਮ ਨੂੰ ਅਜਮੇਰ ਦਾ ਪੂਰਾ ਵਿਦਿਆਰਥੀ-ਵਰਗ ਚੌਪੜ (ਮੁੱਖ ਬਾਜ਼ਾਰ ਦਾ ਚੌਰਾਹਾ) ਤੇ ਇਕੱਠਾ ਹੋਇਆ ਅਤੇ ਫਿਰ ਹੋਈ ਭਾਸ਼ਣਬਾਜ਼ੀ। ਇਸ ਦੌਰਾਨ ਪਿਤਾ ਜੀ ਦੇ ਇੱਕ ਬੇਹੱਦ ਪੁਰਾਤਨਪੰਥੀ ਦੋਸਤ ਨੇ ਘਰੇ ਆ ਕੇ ਚੰਗੀ ਤਰ੍ਹਾਂ ਪਿਤਾ ਜੀ ਦੇ ਕੰਨ ਭਰੇ, "ਬਈ, ਉਸ ਮਨੂੰ ਦੀ ਤਾਂ ਮੱਤ ਹੀ ਮਾਰੀ ਗਈ ਹੈ। ਪਰ ਭੰਡਾਰੀ ਜੀ! ਤੁਹਾਨੂੰ ਕੀ ਹੋਇਐ? ਠੀਕ ਹੈ, ਤੁਸੀਂ ਕੁੜੀਆਂ ਨੂੰ ਆਜ਼ਾਦੀ ਦਿੱਤੀ ਹੈ, ਪਰ ਪਤਾ ਹੈ ਤੁਹਾਨੂੰ! ਪਤਾ ਨਹੀਂ ਕਿਹੋ ਜਿਹੇ ਪੁੱਠੇ-ਸਿੱਧੇ ਮੁੰਡਿਆਂ ਨਾਲ ਹਡ਼ਤਾਲਾਂ ਕਰਵਾਉਂਦੀ, ਰੌਲਾ ਪਾਉਂਦੀ ਫਿਰ ਰਹੀ ਹੈ ਉਹ! ਸਾਡੇ-ਤੁਹਾਡੇ ਘਰਾਂ ਦੀਆਂ ਕੁੜੀਆਂ ਨੂੰ ਸ਼ੋਭਾ ਦਿੰਦਾ ਹੈ ਇਹ ਸਭ ਕੁਝ? ਕੋਈ ਮਾਣ-ਮਰਯਾਦਾ, ਇਜ਼ਤ-ਆਬਰੂ ਦਾ ਖਿਆਲ ਵੀ ਹੈ ਤੁਹਾਨੂੰ ਕਿ ਨਹੀਂ?" ਉਹ ਤਾਂ ਅੱਗ ਲਾ ਕੇ ਚਲੇ ਗਏ ਅਤੇ ਪਿਤਾ ਜੀ ਸਾਰਾ ਦਿਨ ਉਬਲ਼ਦੇ ਰਹੇ- "ਬਸ, ਹੁਣ ਇਹੋ ਰਹਿ ਗਿਆ ਹੈ ਕਿ ਲੋਕੀਂ ਘਰੇ ਆ ਕੇ ਥੂ-ਥੂ ਕਰਕੇ ਚਲੇ ਜਾਣ। ਬੰਦ ਕਰੋ ਹੁਣ ਇਸ ਮਨੂੰ ਦਾ ਘਰੋਂ ਬਾਹਰ ਨਿਕਲਣਾ।"
     ਇਸ ਸਭ ਕਾਸੇ ਤੋਂ ਬੇਖ਼ਬਰ ਮੈਂ ਰਾਤ ਪੈਣ ਤੇ ਘਰੇ ਆਈ ਤਾਂ ਪਿਤਾ ਜੀ ਦਾ ਇੱਕ ਬਹੁਤ ਨਿਕਟ ਅਤੇ ਗੂੜ੍ਹਾ ਦੋਸਤ ਹੀ ਨਹੀਂ, ਅਜਮੇਰ ਦੇ ਸਭ ਤੋਂ ਸਤਿਕਾਰਤ ਅਤੇ ਸਨਮਾਨਿਤ ਡਾ. ਅੰਬਾਲਾਲ ਜੀ ਬੈਠੇ ਸਨ। ਮੈਨੂੰ ਵੇਖਦਿਆਂ ਹੀ ਉਨ੍ਹਾਂ ਨੇ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ- "ਆਓ ਆਓ, ਮਨੂੰ! ਮੈਂ ਤਾਂ ਚੌਪੜ ਤੇ ਤੇਰਾ ਭਾਸ਼ਨ ਸੁਣਦੇ ਹੀ ਸਿੱਧਾ ਭੰਡਾਰੀ ਜੀ ਨੂੰ ਵਧਾਈ ਦੇਣ ਆ ਗਿਆ। 'ਆਈ ਐਮ ਰੀਅਲੀ ਪਰਾਊਡ ਆਫ ਯੂ...' ਕੀ ਤੂੰ ਘਰੇ ਵੜਿਆ ਰਹਿੰਦਾ ਹੈਂ ਭੰਡਾਰੀ! ਘਰੋਂ ਵੀ ਨਿਕਲਿਆ ਕਰ... 'ਯੂ ਹੈਵ ਮਿਸਡ ਸਮਥਿੰਗ' ਅਤੇ ਉਹ ਧੂੰਆਂਧਾਰ ਤਾਰੀਫ਼ ਕਰਨ ਲੱਗੇ। ਉਹ ਬੋਲੀ ਜਾ ਰਹੇ ਸਨ ਅਤੇ ਪਿਤਾ ਜੀ ਦੇ ਚਿਹਰੇ ਦਾ ਰੰਗ ਹੌਲੀ-ਹੌਲੀ ਮਾਣ ਵਿੱਚ ਬਦਲਦਾ ਜਾ ਰਿਹਾ ਸੀ। ਅੰਦਰ ਜਾਣ ਤੇ ਮਾਂ ਨੇ ਦੁਪਹਿਰ ਦੇ ਗੁੱਸੇ ਵਾਲੀ ਗੱਲ ਦੱਸੀ ਤਾਂ ਮੈਂ ਚੈਨ ਦਾ ਸਾਹ ਲਿਆ। 
     ਅੱਜ ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਇੰਨਾ ਤਾਂ ਸਮਝ ਵਿੱਚ ਆਉਂਦਾ ਹੀ ਹੈ, ਕੀ ਤਾਂ ਉਸ ਵੇਲੇ ਮੇਰੀ ਉਮਰ ਸੀ ਅਤੇ ਕੀ ਮੇਰਾ ਭਾਸ਼ਣ ਹੋਵੇਗਾ! ਇਹ ਤਾਂ ਡਾਕਟਰ ਸਾਹਿਬ ਦਾ ਪਿਆਰ ਸੀ, ਜੋ ਉਨ੍ਹਾਂ ਦੇ ਮੂੰਹੋਂ ਪ੍ਰਸੰਸਾ ਬਣ ਕੇ ਵਹਿ ਰਿਹਾ ਸੀ ਜਾਂ ਇਹ ਵੀ ਹੋ ਸਕਦਾ ਹੈ ਕਿ ਅੱਜ ਤੋਂ ਪੰਜਾਹ ਵਰ੍ਹੇ ਪਹਿਲਾਂ ਅਜਮੇਰ ਵਰਗੇ ਸ਼ਹਿਰ ਵਿਚ ਚਾਰੇ ਪਾਸੇ ਉਮੜਦੀ ਭੀੜ ਵਿੱਚ ਇੱਕ ਕੁੜੀ ਦਾ ਨਿਰਸੰਕੋਚ ਅਤੇ ਬੇਝਿਜਕ ਇਉਂ ਧੂੰਆਂਧਾਰ ਬੋਲਦੇ ਰਹਿਣਾ ਹੀ ਇਹਦੇ ਮੂਲ ਵਿੱਚ ਰਿਹਾ ਹੋਵੇ। ਪਰ ਪਿਤਾ ਜੀ! ਕਿੰਨੀ ਤਰ੍ਹਾਂ ਦੇ ਅੰਤਰ-ਵਿਰੋਧਾਂ ਵਿਚ ਜਿਊਂਦੇ ਸਨ ਉਹ! ਇਕ ਪਾਸੇ 'ਵਿਸ਼ਿਸ਼ਟ' ਬਣਨ ਅਤੇ ਬਣਾਉਣ ਦੀ ਪ੍ਰਬਲ ਇੱਛਾ, ਤਾਂ ਦੂਜੇ ਪਾਸੇ ਆਪਣੇ ਸਮਾਜਿਕ ਬਿੰਬ ਪ੍ਰਤੀ ਵੀ ਉਤਨੀ ਹੀ ਸੁਚੇਤਤਾ! ਪਰ ਕੀ ਇਹ ਸੰਭਵ ਹੈ? ਕੀ ਪਿਤਾ ਜੀ ਨੂੰ ਇਸ ਗੱਲ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਇਨ੍ਹਾਂ ਦੋਹਾਂ ਦਾ ਤਾਂ ਰਸਤਾ ਹੀ ਟਕਰਾਓ ਦਾ ਹੈ! 
     ਸੰਨ '47 ਦੇ ਮਈ ਮਹੀਨੇ ਵਿਚ ਸ਼ੀਲਾ ਅਗਰਵਾਲ ਨੂੰ ਕਾਲਜ ਵਾਲਿਆਂ ਨੇ ਨੋਟਿਸ ਦੇ ਦਿੱਤਾ- ਕੁੜੀਆਂ ਨੂੰ ਭੜਕਾਉਣ ਅਤੇ ਕਾਲਜ ਦਾ ਅਨੁਸ਼ਾਸਨ ਵਿਗਾੜਨ ਦੇ ਦੋਸ਼ ਵਿਚ। ਇਸ ਗੱਲ ਨੂੰ ਲੈ ਕੇ ਸ਼ੋਰ-ਸ਼ਰਾਬਾ ਨਾ ਹੋਵੇ, ਇਸ ਲਈ ਜੁਲਾਈ ਵਿੱਚ ਥਰਡ ਯੀਅਰ ਦੀਆਂ ਕਲਾਸਾਂ ਬੰਦ ਕਰ ਕੇ ਸਾਡਾ ਦੋ-ਤਿੰਨ ਵਿਦਿਆਰਥਣਾਂ ਦਾ ਦਾਖਲਾ ਬੰਦ ਕਰ ਦਿੱਤਾ।
     ਰੌਲਾ ਤੋਂ ਬਾਹਰ ਰਹਿ ਕੇ ਵੀ ਇੰਨਾ ਪਾਇਆ ਕਿ ਕਾਲਜ ਵਾਲਿਆਂ ਨੂੰ ਅਗਸਤ ਵਿੱਚ ਆਖ਼ਰ ਥਰਡ ਯੀਅਰ ਨੂੰ ਖੋਲ੍ਹਣਾ ਪਿਆ। ਜਿੱਤ ਦੀ ਖੁਸ਼ੀ! ਪਰ ਸਾਹਮਣੇ ਖੜ੍ਹੀ ਬਹੁਤ-ਬਹੁਤ ਵੱਡੀ ਚਿਰ-ਪਰਿਚਿਤ ਖ਼ੁਸ਼ੀ ਦੇ ਸਾਹਮਣੇ ਇਹ ਖ਼ੁਸ਼ੀ ਮੱਧਮ ਪੈ ਗਈ! 
     ਸ਼ਤਾਬਦੀ ਦੀ ਸਭ ਤੋਂ ਵੱਡੀ ਪ੍ਰਾਪਤੀ- 15 ਅਗਸਤ 1947. 
 
    ੦ ਅਨੁ. ਅਤੇ ਪੇਸ਼ਕਸ਼ : ਪ੍ਰੋ ਨਵ ਸੰਗੀਤ ਸਿੰਘ ੦ 

Have something to say? Post your comment