Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬ ਦੇ ਕਾਂਗਰਸੀ ਆਪਣਾ ਆਲ੍ਹਣਾ ਬਣਾਉਣ ਅਤੇ ਢਾਹੁਣ ਵਿੱਚ ਮੋਹਰੀ

November 14, 2021 10:35 PM

ਪੰਜਾਬ ਦੇ ਕਾਂਗਰਸੀ ਆਪਣਾ ਆਲ੍ਹਣਾ ਬਣਾਉਣ ਅਤੇ ਢਾਹੁਣ ਵਿੱਚ ਮੋਹਰੀ

ਪੰਜਾਬ ਕਾਂਗਰਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ
ਇਕਸੁਰਤਾ ਨਾਲ ਨਿਭਣਾ ਸ਼ੁਭ ਸੰਕੇਤ ਦੇ ਰਿਹਾ ਹੈ। ਪ੍ਰੰਤੂ ਪਿਛਲੇ ਸਮਝੌਤਿਆਂ ਦੇ ਮੱਦੇ ਨਜ਼ਰ ਇਸ ਇਕਸੁਰਤਾ ਦਾ ਲੰਬੇ ਸਮੇਂ ਲਈ
ਚਲਣਾ ਅਸੰਭਵ ਲਗਦਾ ਹੈ। ਕਿਉਂਕਿ ਪੰਜਾਬ ਕਾਂਗਰਸ ਵਿੱਚ ਕੁਰਸੀ ਯੁਧ ਦਾ ਘਮਾਸਾਨ ਜ਼ੋਰ ਸ਼ੋਰ ਨਾਲ ਚਲਦਾ ਰਿਹਾ ਹੈ। ਮੁੱਖ ਮੰਤਰੀ
ਬਦਲਣ ਤੋਂ ਬਾਅਦ ਵੀ ਉਹੀ ਖਿਚੋਤਾਣ ਬਰਕਰਾਰ ਰਹੀ ਹੈ। ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ
ਹਥਿਆਉਣ ਤੋਂ ਬਾਅਦ ਖੁਦ ਵੀ ਸਾਰੇ ਉਸੇ ਕੁਰਸੀ ‘ਤੇ ਟਪੂਸੀ ਮਾਰਕੇ ਚੜ੍ਹਨ ਲਈ ਜਦੋਜਹਿਦ ਕਰ ਰਹੇ ਹਨ। ਹੈਰਾਨੀ ਇਸ ਗੱਲ ਦੀ
ਹੈ ਕਿ ਕੁਰਸੀ ਖਾਲੀ ਨਹੀਂ ਪ੍ਰੰਤੂ ਨੇਤਾ ਮੁੱਦਿਆਂ ਦੀ ਆੜ ਵਿੱਚ ਕੁਰਸੀ ਦੀ ਲੜਾਈ ਵਿੱਚ ਉਲਝੇ ਪਏ ਹਨ। ਮੁੱਖ ਮੰਤਰੀ ਨੂੰ ਬਦਲਣ ਦੀ
ਮੰਗ ਸਮੇਂ, ਉਨ੍ਹਾਂ ਵੱਲੋਂ ਉਠਾਏ ਗਏ ਮੁੱਦੇ ਖੂਹ ਖਾਤੇ ਪੈ ਗਏ ਲਗਦੇ ਹਨ। ਉਨ੍ਹਾਂ ਨੂੰ ਉਦੋਂ ਵੀ ਪਤਾ ਸੀ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਸਾਰੇ ਵਾਅਦੇ
ਪੂਰੇ ਨਹੀਂ ਕੀਤੇ ਜਾ ਸਕਣਗੇ? ਮੁੱਖ ਮੰਤਰੀ ਦੀ ਕੁਰਸੀ ਖੋਹਣ ਵਿੱਚ ਤਾਂ ਸਾਰੇ ਇਕਜੁੱਟ ਸਨ ਪ੍ਰੰਤੂ ਕੁਰਸੀ ‘ਤੇ ਕਾਬਜ਼ ਹੋਣ ਲਈ ਅੱਡੋ
ਫਾਟੀ ਹੋ ਕੇ ਤਰਲੋਮੱਛੀ ਹੋ ਰਹੇ ਹਨ। ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸਰਕਾਰ ਨੂੰ ਵਿਰੋਧੀਆਂ ਵੱਲੋਂ ਨਿੰਦਣਾ ਤਾਂ ਕੁਦਰਤੀ ਹੈ
ਪ੍ਰੰਤੂ ਆਪਣਿਆਂ ਵੱਲੋਂ ਲੱਤਾਂ ਖਿਚਣ ਤੋਂ ਲੋਕਾਂ ਵਿੱਚ ਪ੍ਰਭਾਵ ਚਲਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ
ਕਰਕੇ ਨਹੀਂ ਹਟਾਇਆ ਗਿਆ ਸਗੋਂ ਕੁਰਸੀ ਪ੍ਰਾਪਤ ਕਰਨਾ ਮੁੱਖ ਮੰਤਵ ਸੀ। ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਦਾ ਮੁੱਖ ਮੰਤਰੀ
ਬਣਕੇ ਆਮ ਆਦਮੀ ਪਾਰਟੀ ਦਾ ਏਜੰਡਾ ਖੋਹ ਲਿਆ ਹੈ। ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਲੋਕ ਹਿੱਤ ਦੇ ਫ਼ੈਸਲਿਆਂ ਦੀ ਫੂਕ ਕੱਢ
ਦਿੱਤੀ ਹੈ। ਪੰਜਾਬ ਦੇ ਕਾਂਗਰਸੀ ਹਮੇਸ਼ਾ ਕਈ ਖੇਤਰਾਂ ਵਿੱਚ ਮਾਹਰਕੇ ਮਾਰਕੇ ਮੋਹਰੀ ਦੀ ਭੂਮਿਕਾ ਨਿਭਾਉਂਦੇ ਰਹੇ ਹਨ। ਸਿਆਸੀ ਤਾਕਤ
ਲੈਣ ਅਤੇ ਵਿਰੋਧੀ ਨੂੰ ਢਾਹੁਣ ਲਈ ਸਮਾਜਿਕ ਕਦਰਾਂ ਕੀਮਤਾਂ ਨੂੰ ਵੀ ਦਾਅ ‘ਤੇ ਲਾ ਦਿੰਦੇ ਹਨ। ਸਿਆਸੀ ਤਾਕਤ ਹਥਿਆਉਣ ਲਈ
ਸੀਨੀਅਰ ਨੇਤਾਵਾਂ ਨੂੰ ਮਾਈ ਬਾਪ ਤੱਕ ਕਹਿ ਦਿੰਦੇ ਹਨ। ਬਦਲਣ ਲੱਗੇ ਵੀ ਗਿਰਗਟ ਦੀ ਤਰ੍ਹਾਂ ਰੰਗ ਬਦਲ ਲੈਂਦੇ ਹਨ। ਪੰਜਾਬ
ਕਾਂਗਰਸ ਦੀ ਖਿਚੋਤਾਣ ਇਸਦਾ ਜਿਉਂਦਾ ਜਾਗਦਾ ਸਬੂਤ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਸਿੱਖਾਂ ਦੇ ਸਭ ਤੋਂ ਪਵਿਤਰ ਧਾਰਮਿਕ
ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਾਂਗਰਸ ਪਾਰਟੀ ਦੀ ਕੇਂਦਰੀ ਸਰਕਾਰ ਵੱਲੋਂ ਬਲਿਊ ਸਟਾਰ ਅਪ੍ਰੇਸ਼ਨ ਕਰਕੇ ਬੇਹੁਰਮਤੀ ਕਰਨ
ਤੋਂ ਬਾਅਦ ਵੀ 1992, 2002 ਅਤੇ 2017 ਵਿੱਚ ਤਿੰਨ ਵਾਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਗਈ। ਜਦੋਂ 2017
ਵਿੱਚ ਸਮੁੱਚੇ ਦੇਸ਼ ਵਿੱਚ ਕਾਂਗਰਸ ਪਾਰਟੀ ਦੇ ਮਾੜੇ ਦਿਨ ਸਨ, ਕਾਂਗਰਸ ਪਾਰਟੀ ਦੇ ਅਕਸ ਨੂੰ ਖ਼ੋਰਾ ਲੱਗ ਰਿਹਾ ਸੀ ਤਾਂ ਉਸ ਸਮੇਂ ਵੀ
ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਸੀ। ਪੰਜਾਬ ਦੇ ਕਾਂਗਰਸੀਆਂ ਨੇ ਆਮ
ਆਦਮੀ ਪਾਰਟੀ ਦੇ ਭੁਚਾਲ ਵਰਗੇ ਉਭਾਰ ਨੂੰ ਵੀ ਰੋਕ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾ ਦਿੱਤੀ ਸੀ।
ਪੰਜਾਬ ਕਾਂਗਰਸ ਨੇ ਇਹ ਚੋਣਾ ਜਿਤੱਣ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਰਣਨੀਤੀਕਾਰ ਬਣਾਕੇ ਮੋਹਰੀ ਦੀ ਭੂਮਿਕਾ ਨਿਭਾਈ ਸੀ। ਭਾਵ ਪੰਜਾਬ
ਦੇ ਸਿਆਸਤਦਾਨਾਂ ਨੂੰ ਆਪਣੀ ਕਾਬਲੀਅਤ ‘ਤੇ ਸ਼ੱਕ ਹੋਇਆ ਸੀ, ਜਿਸ ਕਰਕੇ ਰਣਨੀਤੀਕਾਰ ਦੀ ਮਦਦ ਲਈ ਗਈ ਸੀ। ਇਸ ਤੋਂ ਵੀ
ਵੱਡੀ ਗੱਲ ਇਹ ਪੰਜਾਬ ਵਿੱਚ ਹੀ ਹੋਈ ਕਿ ਲੋਕਾਂ ਨੇ ਵੋਟਾਂ ਇਕ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨੂੰ ਪਾਈਆਂ ਸਨ। ਜਾਣੀ
ਕਿ ਪਾਰਟੀ ਨਾਲੋਂ ਵਿਅਕਤੀ ਸਰਵੋਤਮ ਸਮਝਿਆ ਗਿਆ ਸੀ। ਵੋਟਰ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀਆਂ ਦੇ ਸਿੱਖ ਨੇਤਾਵਾਂ ਨਾਲੋਂ

ਚੰਗਾ ਸਿੱਖ ਸਮਝਦੇ ਸਨ। ਮਈ 2019 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਮੁੱਚੇ ਦੇਸ਼ ਵਿੱਚ ਕਾਂਗਰਸ ਪਾਰਟੀ ਸਿਰਫ਼ 44 ਲੋਕ
ਸਭਾ ਦੀਆਂ ਸੀਟਾਂ ਜਿੱਤ ਸਕੀ, ਜਿਨ੍ਹਾਂ ਵਿੱਚ 8 ਇਕੱਲੇ ਪੰਜਾਬ ਵਿੱਚੋਂ ਜਿੱਤੀਆਂ ਸਨ। ਫਿਰ ਕਾਂਗਰਸ ਨੇ ਇਕ ਹੋਰ ਨਵੀਂ ਵਾਅਦਿਆਂ ਦੀ
ਝੜੀ ਲਾਉਣ ਵਿੱਚ ਵੀ ਪਹਿਲ ਕਦਮੀ ਕੀਤੀ ਸੀ। ਭਾਵ ਵਾਅਦਿਆਂ ਅਤੇ ਮੁਦਿਆਂ ਦੀ ਇਕੱਠੀ ਸਿਆਸਤ ਦੀ ਸ਼ੁਰੂਆਤ ਕੀਤੀ। ਇਕ ਹੋਰ
ਪਹਿਲ ਧਾਰਮਿਕ ਪਵਿਤਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ
ਨਸ਼ੇ ਖ਼ਤਮ ਕਰਨ/ਨਸ਼ਿਆਂ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ। ਜਦੋਂ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ, ਇਥੇ ਧਰਮ ਦੀ ਆੜ
ਵਿੱਚ ਵੋਟਾਂ ਨਹੀਂ ਮੰਗੀਆਂ ਜਾ ਸਕਦੀਆਂ। ਚੋਣ ਜਿੱਤਣ ਲਈ ਟਕਰਾਓ ਦੀ ਹਮਲਾਵਰ ਨੀਤੀ ਅਪਣਾਈ ਗਈ। ਟਕਰਾਓ ਵਿੱਚੋਂ ਕਾਂਗਰਸ
ਸਰਕਾਰ ਪ੍ਰਗਟ ਹੋਈ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਕਰਾਓ ਦੀ ਨੀਤੀ ਨੂੰ ਤਿਲਾਂਜ਼ਲੀ ਦੇ ਕੇ ਨਵੀਂ
ਸਿਆਸੀ ਚਾਲ ਚਲੀ। ਜਿਹੜੀ ਉਨ੍ਹਾਂ ਨੂੰ ਪੁੱਠੀ ਪੈ ਗਈ ਕਿਉਂਕਿ ਪੰਜਾਬ ਦੇ ਲੋਕ ਉਨ੍ਹਾਂ ‘ਤੇ ਬਾਦਲ ਪਰਿਵਾਰ ਨਾਲ ਰਲੇ ਹੋਏ ਦਾ
ਇਲਜ਼ਾਮ ਲਾਉਣ ਲੱਗ ਪਏ। ਸਿਆਸਤ ਵਿੱਚ ਕਿਸੇ ਪਾਰਟੀ ਦੇ ਨੇਤਾਵਾਂ ਵਿੱਚ ਵਿਚਾਰਾਂ ਦਾ ਵਖਰੇਵਾਂ ਹੋਣਾ ਆਮ ਜਿਹੀ ਗੱਲ ਹੁੰਦੀ ਹੈ
ਪ੍ਰੰਤੂ ਇਸ ਵਖਰੇਵੇਂ ਨੂੰ ਸਿਆਸੀ ਪਲੇਟਫਾਰਮ ਦੀ ਥਾਂ ਆਮ ਇਕੱਠਾਂ ਵਿੱਚ ਪ੍ਰਗਟਾਉਣਾ ਜ਼ਾਇਜ਼ ਨਹੀਂ ਸਮਝਿਆ ਜਾਂਦਾ। ਪ੍ਰੰਤੂ ਪੰਜਾਬ
ਕਾਂਗਰਸ ਦੇ ਨੇਤਾਵਾਂ ਨੇ ਪਹਿਲੀ ਵਾਰ ਬਠਿੰਡਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੋਕ ਸਭਾ ਦੀ ਚੋਣ ਵਿੱਚ ਕੀਤੀ ਰੈਲੀ ਵਿੱਚ
ਪਿ੍ਰਅੰਕਾ ਗਾਂਧੀ ਦੀ ਹਾਜ਼ਰੀ ਵਿੱਚ ਅਸਿਧੇ ਢੰਗ ਨਾਲ ਸ਼ਰੇਆਮ ਆਪਣੀ ਹੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਫ਼ਰੈਂਡਲੀ ਮੈਚ ਕਹਿਕੇ ਵੀ
ਮੋਹਰੀ ਦੀ ਭੂਮਿਕਾ ਨਿਭਾਈ। ਜਿਸਦੇ ਨਤੀਜੇ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਦੀ ਚੋਣ ਹਾਰ ਗਏ। ਇਸ ਤੋਂ ਬਾਅਦ ਤਾਂ
ਗਾਹੇ ਵਗਾਹੇ ਅਜਿਹੇ ਕਿੰਤੂ ਪ੍ਰੰਤੂ ਕਰਨਾ ਆਮ ਜਹੀ ਗੱਲ ਹੋ ਗਈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 4 ਸਾਲ ਤੋਂ ਬਾਅਦ ਕੁੱਝ
ਕਾਂਗਰਸੀਆਂ ਜਿਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ ਮੁੱਖ ਨੇਤਾ ਸਨ, ਸਰਕਾਰ ਦੀ ਕਾਰਗੁਜ਼ਾਰੀ ਨੂੰ ਆੜੇ ਹੱਥੀਂ ਟਵੀਟ ਕਰਕੇ ਲੈਣਾ ਸ਼ੁਰੂ ਕਰ
ਦਿੱਤਾ। ਸਭ ਤੋਂ ਪਹਿਲਾਂ ਉਨ੍ਹਾ ਪਹਿਲਕਦਮੀ ਕੀਤੀ ਕਿ ਉਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਨਹੀਂ ਸਗੋਂ ਰਾਹੁਲ ਗਾਂਧੀ ਹਨ। ਫੇਰ ਤਾਂ
ਸਰਕਾਰੀ ਸ਼ਹਿ ‘ਤੇ ਮੰਤਰੀਆਂ, ਹੋਰ ਨੇਤਾਵਾਂ ਅਤੇ ਵਿਧਾਨਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਕੈਪਟਨ ਕਹਿਣਾ ਸ਼ੁਰੂ ਕਰ
ਦਿੱਤਾ। ਇਕ ਕਿਸਮ ਨਾਲ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਸਿੱਧੀ ਵੰਗਾਰ ਦਿੱਤੀ ਗਈ। ਇਕ ਦੂਜੇ ਦੀਆਂ
ਲੱਤਾਂ ਪਬਲੀਕਲੀ ਖਿਚਣ ਦੀ ਕਸ਼ਮਕਸ਼ ਵੀ ਪੰਜਾਬ ਦੇ ਕਾਂਗਰਸੀਆਂ ਨੇ ਕੀਤੀ। ਇਥੇ ਹੀ ਬਸ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ
ਵਿਰੋਧ ਕਰਨ ਦੇ ਬਾਵਜੂਦ ਰਾਜ ਵਿੱਚ ਸਿਆਸੀ ਤਾਕਤ ਦਾ ਦੂਜਾ ਧੁਰਾ ਬਣਾਉਣ ਲਈ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨਗੀ ਤੋਂ ਹਟਾਕੇ
ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਢਿਲੀ
ਕਾਰਗੁਜ਼ਾਰੀ ਦੇ ਪਰਦੇ ਫਾਸ਼ ਕਰਨੇ ਸ਼ੁਰੂ ਕਰ ਦਿੱਤੇ। ਇਕ ਕਿਸਮ ਨਾਲ ਸਰਕਾਰ ਅਤੇ ਪਾਰਟੀ ਵਿੱਚ ਟਕਰਾਓ ਪੈਦਾ ਹੋ ਗਿਆ।
ਪਾਰਟੀ ਦਾ ਅਕਸ ਡਿਗਣ ਲੱਗ ਪਿਆ। ਏਸੇ ਤਰ੍ਹਾਂ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਦੀ ਲੀਡਰਸ਼ਿਪ ਨੂੰ ਵੰਗਾਰਨ ਤੋਂ
ਬਾਅਦ ਵਿਧਾਨਕਾਰਾਂ ਨੂੰ ਦਿੱਲੀ ਤਲਬ ਕਰਕੇ ਉਨ੍ਹਾਂ ਤੋਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਰਾਏ ਮੰਗੀ ਗਈ। ਫਿਰ ਇਹ ਵੀ ਪਹਿਲੀ
ਵਾਰ ਹੋਇਆ ਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਵਿਧਾਨਕਾਰਾਂ ਨੂੰ ਸਿੱਧੇ ਫੋਨ ਕਰਕੇ ਪੁਛਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀ ਕੈਪਟਨ
ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕੀ ਰਾਏ ਹੈ? ਫਿਰ ਮੁੱਖ ਮੰਤਰੀ ਨੂੰ ਬੁਲਾਕੇ ਕੇਂਦਰੀ ਨੇਤਾਵਾਂ ਦੀ ਤਿੰਨ ਮੈਂਬਰੀ
ਕਮੇਟੀ ਨੇ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਰਿਪੋਰਟ ਲਈ ਅਤੇ ਆਪਣੇ ਵੱਲੋਂ 18 ਨੁਕਾਤੀ ਪ੍ਰੋਗਰਾਮ ਲਾਗੂ ਕਰਨ ਲਈ ਦਿੱਤਾ
ਗਿਆ। ਇਸ 18 ਨੁਕਾਤੀ ਪ੍ਰੋਗਰਾਮ ਨੂੰ ਨਾ ਲਾਗੂ ਕਰਨ ਕਰਕੇ ਵਿਧਾਨਕਾਰਾਂ ਨੂੰ ਦੁਬਾਰਾ ਦਿੱਲੀ ਬੁਲਾਇਆ ਗਿਆ। ਇਹ ਸਾਰਾ ਕੁਝ

ਕਰਨ ਨੂੰ ਕਾਂਗਰਸ ਹਾਈ ਕਮਾਂਡ ਉਤਸ਼ਾਹਤ ਕਰ ਰਹੀ ਸੀ। ਫਿਰ ਇਹ ਵੀ ਪਹਿਲੀ ਵਾਰ ਹੋਇਆ ਕਿ ਪੰਜਾਬ ਕਾਂਗਰਸ ਦੀ
ਲੈਜਿਸਲੇਚਰ ਪਾਰਟੀ ਦੀ ਮੀਟਿੰਗ ਕਾਂਗਰਸ ਹਾਈ ਕਮਾਂਡ ਨੇ ਸਿੱਧੀ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸ਼ਾਮ 4-00 ਵਜੇ ਬੁਲਾ
ਲਈ ਜਦੋਂ ਕਿ ਇਹ ਅਧਿਕਾਰ ਲੈਜਿਸਲੇਚਰ ਪਾਰਟੀ ਦੇ ਨੇਤਾ ਅਰਥਾਤ ਮੁੱਖ ਮੰਤਰੀ ਨੂੰ ਹੁੰਦਾ ਹੈ। ਅਖ਼ੀਰ ਸੋਨੀਆਂ ਗਾਂਧੀ ਨੇ ਕੈਪਟਨ
ਅਮਰਿੰਦਰ ਸਿੰਘ ਨੂੰ ਸਵੇਰੇ ਮੀਟਿੰਗ ਤੋਂ ਪਹਿਲਾਂ ਹੀ ਅਸਤੀਫਾ ਦੇਣ ਲਈ ਆਖ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਲੈਜਿਸਲੇਚਰ
ਪਾਰਟੀ ਦੀ ਮੀਟਿੰਗ ਆਪਣੀ ਰਿਹਾਇਸ਼ ਮਹਿੰਦਰ ਬਾਗ ਸ਼ੀਸ਼ਵਾਂ ਵਿਖੇ ਦੁਪਹਿਰ 2-00 ਵਜੇ ਹਾਈ ਕਮਾਂਡ ਵਾਲੀ ਮੀਟਿੰਗ ਤੋਂ ਪਹਿਲਾਂ ਹੀ
ਬੁਲਾ ਲਈ। ਕਾਂਗਰਸ ਹਾਈ ਕਮਾਂਡ ਨੇ ਵਿਧਾਨਕਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਾਲੀ ਮੀਟਿੰਗ ਵਿੱਚ ਜਾਣ ਤੋਂ ਰੋਕ ਦਿੱਤਾ। ਜਿਸ ਤੋਂ
ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬਗਾਬਤ
ਕਰਨ ਲਈ ਤਾਂ ਉਹ ਇਕਮੁੱਠ ਸਨ ਪ੍ਰੰਤੂ ਜਦੋਂ ਉਨ੍ਹਾਂ ਦੀ ਥਾ ਮੁੱਖ ਮੰਤਰੀ ਬਣਾਉਣ ਦੀ ਗੱਲ ਆਈ ਤਾਂ ਸਾਰੇ ਹੀ ਉਮੀਦਵਾਰ ਬਣ ਬੈਠੇ।
ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਪ੍ਰੰਤੂ ਮੰਤਰੀ ਮੰਡਲ ਦੇ ਗਠਨ ਮੌਕੇ ਫਿਰ ਤਲਵਾਰਾਂ ਕੱਢ ਲਈਆਂ। ਇਥੇ ਹੀ
ਬਸ ਨਹੀਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਕੈਪਟਨ ਵਿਰੁਧ ਬਗਾਬਤ ਦੀ ਅਗਵਾਈ ਕੀਤੀ ਸੀ, ਉਹ ਹੀ ਨਵੇਂ ਮੁੱਖ ਮੰਤਰੀ ਦੇ ਫੈਸਲਿਆਂ ਦੇ
ਵਿਰੋਧ ਵਿੱਚ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਗਏ। ਆਪੇ ਬਣਾਏ ਮੁੱਖ ਮੰਤਰੀ ਨੂੰ ਠੂਠਾ ਵਿਖਾ ਦਿੱਤਾ। ਫਿਰ ਹਾਈ ਕਮਾਂਡ ਨੇ
ਸਮਝੌਤਾ ਇਕ ਧਾਰਮਿਕ ਸਥਾਨ ‘ਤੇ ਲਿਜਾ ਕੇ ਕੀਤਾ ਪ੍ਰੰਤੂ ਤੀਜੇ ਦਿਨ ਸਮਝੌਤਾ ਤੋੜ ਕੇ ਫਿਰ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ
ਖੜ੍ਹਾ ਕਰ ਦਿੱਤਾ। ਇਸ ਸਮੇਂ ਮੁੱਖ ਮੰਤਰੀ ਅਤੇ ਪ੍ਰਧਾਨ ਦੋਹਾਂ ਦੇ ਰਸਤੇ ਵੱਖਰੇ ਹਨ। ਇਸ ਪ੍ਰਕਾਰ ਪੰਜਾਬ ਕਾਂਗਰਸ ਦੇ ਨੇਤਾ ਆਪਣੀ
ਪਾਰਟੀ ਦੀ ਸਰਕਾਰ ਬਣਾਉਣ ਅਤੇ ਢਾਹੁਣ ਵਿੱਚ ਆਪ ਹੀ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਭਾਵ ਵਿਰੋਧੀ ਪਾਰਟੀ ਦਾ ਰੋਲ ਵੀ
ਉਨ੍ਹਾਂ ਨੂੰ ਆਪ ਹੀ ਨਿਭਾਉਣਾ ਪੈ ਰਿਹਾ ਹੈ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਵਿੱਚ ਵਿਰੋਧੀਆਂ ਦੇ ਜਿੱਤਣ ਦਾ ਰਾਹ
ਪੱਧਰਾ ਕਰ ਰਹੇ ਹਨ। ਹਾਈ ਕਮਾਂਡ ਆਪਣੇ ਕੀਤੇ ਫ਼ੈਸਲੇ ‘ਤੇ ਪਛਤਾ ਰਹੀ ਹੋਵੇਗੀ ਕਿਉਂਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ
ਰਹਿੰਦੀ ਖੂੰਹਦੀ ਪਛਾਣ ਵੀ ਖ਼ਤਮ ਹੋਣ ਕਿਨਾਰੇ ਕਰ ਦਿੱਤੀ। ਕਾਂਗਰਸੀ ਭਰਾਵੋ ਤੇਲ ਦੇਖੋ ਤੇਲ ਦੀ ਧਾਰ ਵੇਖੋ ਤੁਹਾਡੀ ਕਿਸਮਤ ਕਿਸ
ਕਰਵਟ ਬੈਠਦੀ ਹੈ। ਵੈਸੇ ਜ਼ਮੀਨ ਪੈਰਾਂ ਹੇਠੋਂ ਨਿਕਲ ਚੁੱਕੀ ਹੈ।

 

ਉਜਾਗਰ ਸਿੰਘ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ