ਹਿੰਦੀ ਮਿੰਨੀ ਕਹਾਣੀ
ਪਾਠ-ਪੂਜਾ
ਅਸਲ ਵਿੱਚ ਪੂਰੀ ਪੰਡਿਤਾਣੀ ਹੈ ਉਹ। ਬਈ ਗਜ਼ਬ ਦੀ ਪੂਜਾ-ਪਾਠੀ। ਕੋਈ ਵਰਤ-ਤਿਉਹਾਰ ਨਹੀਂ ਛੱਡਦੀ। ਕਰਵਾ ਚੌਥ, ਹਰਿਤਾਲਿਕਾ ਆਦਿ ਸਾਰੇ ਵਰਤ ਰੱਖਦੀ ਹੈ। ਅੱਜ ਦੇ ਸਮੇਂ ਵਿੱਚ ਵੀ ਪਿਆਜ਼-ਲਸਣ ਤੋਂ ਪ੍ਰਹੇਜ਼ ਰੱਖਦੀ ਹੈ। ਅੰਨਪੂਰਣਾ ਦੇਵੀ ਦਾ ਵਰਤ ਰੱਖਦੀ ਹੈ। ਇਸ ਵਾਰ ਅਨੁਸ਼ਠਾਨ ਕਰਨਾ ਸੀ। ਧੂਮਧਾਮ ਨਾਲ ਤਿਆਰੀ ਚੱਲ ਰਹੀ ਸੀ।
ਇੱਕੀ ਬ੍ਰਾਹਮਣਾਂ ਨੂੰ ਭੋਜਨ ਛਕਾਉਣਾ ਸੀ। ਦਾਨ-ਦੱਖਣਾ ਆਪਣੀ ਸਮਰੱਥਾ ਅਤੇ ਸ਼ਰਧਾ ਮੁਤਾਬਕ। ਪੂਜਾ-ਸਮੱਗਰੀ ਵਿਚ ਇਕਵੰਜਾ ਮਿੱਟੀ ਦੇ ਦੀਵੇ ਲਿਆਉਣੇ ਸਨ। ਘੁਮਿਆਰਾਂ ਦੇ ਘਰ ਬੜੀ ਦੂਰ ਸਨ। ਨੇੜੇ ਹੀ ਬਾਜ਼ਾਰ ਵਿੱਚ ਇੱਕ ਬੁੱਢੀ ਮਾਈ ਦੀਵੇ ਲਈ ਬੈਠੀ ਦਿੱਸ ਗਈ। ਪੱਚੀ ਰੁਪਏ ਦੇ ਇਕਵੰਜਾ ਦੀਵੇ ਖ਼ਰੀਦੇ। ਪੰਡਿਤਾਣੀ ਨੇ ਪੰਜਾਹ ਦਾ ਨੋਟ ਬੁੱਢੀ ਮਾਈ ਨੂੰ ਦਿੱਤਾ ਅਤੇ ਦੀਵੇ ਝੋਲੇ ਵਿਚ ਰੱਖਣ ਲੱਗੀ। "ਪੰਡਿਤ ਜੀ ਨੇ ਕਿਹਾ ਹੈ ਕਿ ਦੀਵੇ ਸਾਫ ਹੋਣੇ ਚਾਹੀਦੇ ਨੇ, ਕਿਸੇ ਦੀਵੇ ਦਾ ਮੂੰਹ ਟੁੱਟਿਆ ਹੋਇਆ ਨਾ ਹੋਵੇ।" ਸਾਵਧਾਨੀ ਤੇ ਧਿਆਨ ਨਾਲ ਦੀਵੇ ਝੋਲੇ ਵਿੱਚ ਪਾਉਣ ਪਿੱਛੋਂ ਪੱਚੀ ਰੁਪਏ ਵਾਪਸ ਲੈਣ ਲਈ ਬੁੱਢੀ ਔਰਤ ਅੱਗੇ ਹੱਥ ਕੀਤੇ। ਬੁੱਢੀ ਔਰਤ ਨੇ ਧੁੰਦਲੀਆਂ ਅੱਖਾਂ ਕਰਕੇ ਪੰਜਾਹ ਦੇ ਨੋਟ ਨੂੰ ਸੌ ਦਾ ਸਮਝ ਕੇ ਪੰਝੱਤਰ ਰੁਪਏ ਪੰਡਿਤਾਣੀ ਨੂੰ ਵਾਪਸ ਕਰ ਦਿੱਤੇ। ਪੰਡਿਤਾਣੀ ਦੀਆਂ ਅੱਖਾਂ ਚਮਕ ਉੱਠੀਆਂ। ਉਹ ਬੜੀ ਤੇਜ਼ੀ ਨਾਲ ਲਗਪਗ ਦੌੜਦੀ ਹੋਈ ਉੱਥੋਂ ਚੱਲ ਪਈ। ਆਪਣੀ ਗਲਤੀ ਤੋਂ ਅਣਜਾਣ ਬੁੱਢੀ ਮਾਈ ਬਚੇ ਹੋਏ ਦੀਵਿਆਂ ਨੂੰ ਸੰਭਾਲ ਰਹੀ ਸੀ। ਅੰਨਪੂਰਣਾ ਦੇਵੀ ਦੇ ਅਨੁਸ਼ਠਾਨ ਦੀ ਤਿਆਰੀ ਅਜੇ ਬਾਕੀ ਸੀ।
""""""""""""
ਮੂਲ : ਡਾ. ਰਿਚਾ ਸ਼ਰਮਾ
ਅਨੁ : ਪ੍ਰੋ. ਨਵ ਸੰਗੀਤ ਸਿੰਘ